ਹੁਣ ਲੱਭਿਆ ਨੀ ਲੱਭਦਾ ਕਦੇ ਉਹ ਵਕਤ ਗਵਾਚਿਆ,
ਮੈਂ ਜਿਉਦਿਆਂ ‘ਚ ਹੋਇਆ ਜਦ ਮਾਂ ਨੇ ਮਰਜਾਣਾ ਆਖਿਆ।
1.
ਰਹਾਂ ਨਜਰਾਂ ਦੇ ਸਾਹਵੇਂ ਮਾਂ ਇਹੋ ਸਦਾ ਚਾਹੁੰਦੀ ਰਹੀ,
ਨਜ਼ਰ ਨਾ ਲੱਗੇ ਮੇਰੇ ਕਾਲ਼ਾ ਟਿੱਕਾ ਲਾਉਂਦੀ ਰਹੀ।
ਬੁਰੀਆਂ ਬਲਾਵਾਂ ਨੂੰ ਮਾਂ ਨੇ ਇੰਝ ਸੜ ਜਾਣਾ ਆਖਿਆ,
ਮੈਂ ਜਿਉਦਿਆਂ ‘ਚ ਹੋਇਆ ਜਦ ਮਾਂ ਨੇ ਮਰਜਾਣਾ ਆਖਿਆ।
2.
ਕਰਨੀ ਸ਼ਰਾਰਤ ਜੇ ਮੈਂ ਬਾਪੂ ਨੇ ਜਦੋ ਘੂਰਨਾ,
ਝਿੜਕ ਵੀ ਦੇਕੇ ਮਾਂ ਨੇ ਪੱਖ ਮੇਰਾ ਪੂਰਨਾ।
ਆਉਦੀਆਂ ਮੁਸੀਬਤਾਂ ਨੂੰ ਮਾਂ ਨੇ ਇੰਝ ਝੜਜਾਣਾ ਆਖਿਆ,
ਮੈਂ ਜਿਉਦਿਆਂ ‘ਚ ਹੋਇਆ ਜਦ ਮਾਂ ਨੇ ਮਰਜਾਣਾ ਆਖਿਆ।
3.
ਚਾਅ ਮੇਰੇ ਪੂਰਨੇ ਲਈ ਰਹੀ ਪਾਥੀਆਂ ‘ਚ ਧੁਖਦੀ,
ਸਾਰਾ ਦਿਨ ਚੁੱਲ੍ਹੇ ਮੂਹਰੋ ਮੈਂ ਦੇਖੀਂ ਨਹੀਉਂ ਉੱਠਦੀ।
ਧੂੰਏ ‘ਚ ਵੀ ਭੋਲੀ ਮਾਂ ਨੂੰ ਮੇਰਾ ਭਵਿੱਖ ਸੋਹਣਾ ਜਾਪਿਆ,
ਮੈਂ ਜਿਉਦਿਆਂ ਚ ਹੋਇਆ ਜਦ ਮਾਂ ਨੇ ਮਰਜਾਣਾ ਆਖਿਆ।
4.
ਕੁਰੜ ਵਾਲੇ ਸੁਖਚੈਨ ਨੂੰ ਜੋ ਬਖ਼ਸ਼ੀਆਂ ਮਸ਼ਹੂਰੀਆਂ ਨੇ,
ਮਾਂ ਦੀਆਂ ਦੁਆਵਾਂ ਤੇ ਬਾਪੂ ਦੀਆਂ ਉਹ ਘੂਰੀਆਂ ਨੇ।
ਕਲਮ ਤੇ ਇਲਮੋਂ ਮੇਰੇ ਨਾ ਉਹ ਪਿਆਰ ਜਾਣਾ ਨਾਪਿਆ,
ਮੈਂ ਜਿਉਦਿਆਂ ਚ ਹੋਇਆ ਜਦ ਮਾਂ ਨੇ ਮਰਜਾਣਾ ਆਖਿਆ।

ਗੀਤਕਾਰ – ਸ. ਸੁਖਚੈਨ ਸਿੰਘ ਕੁਰੜ
9463551814