ਇੱਕ ਵਾਰ ਇੱਕ ਰਾਜਾ ਸੰਤਾਂ ਅਤੇ ਰਿਸ਼ੀ-ਮੁਨੀਆਂ ਦਾ ਬਹੁਤ ਸਤਿਕਾਰ ਕਰਦਾ ਸੀ। ਕਿਸੇ ਸਮੇਂ ਇੱਕ ਵਿਦਵਾਨ ਸੰਤ ਉਸਦੇ ਰਾਜ ਵਿੱਚ ਆਇਆ। ਰਾਜੇ ਨੇ ਆਪਣੇ ਸੈਨਾਪਤੀ ਨੂੰ ਉਸਦਾ ਸਤਿਕਾਰ ਕਰਨ ਦਾ ਹੁਕਮ ਦਿੱਤਾ।
ਸੈਨਾਪਤੀ ਇੱਕ ਸਜਿਆ ਹੋਇਆ ਰੱਥ ਲੈ ਕੇ ਸੰਤ ਕੋਲ ਪਹੁੰਚਿਆ।
ਉਸਨੇ ਰਾਜੇ ਦੇ ਸੱਦੇ ਬਾਰੇ ਸਿੱਧੇ ਤੌਰ ‘ਤੇ ਦੱਸਣ ਦੀ ਬਜਾਏ ਨਿਮਰਤਾ ਨਾਲ ਆਪਣਾ ਸਿਰ ਝੁਕਾਇਆ ਅਤੇ ਕਿਹਾ, “ਸਾਡੇ ਰਾਜੇ ਨੇ ਤੁਹਾਨੂੰ ਸਤਿਕਾਰ ਭੇਜਿਆ ਹੈ। ਇਹ ਤੁਹਾਡੀ ਬਹੁਤ ਵੱਡੀ ਕਿਰਪਾ ਹੋਵੇਗੀ, ਜੇਕਰ ਤੁਸੀਂ ਰਾਜੇ ਦੇ ਨਿਵਾਸ ਨੂੰ ਆਪਣੀ ਚਰਨ-ਧੂੜ ਨਾਲ ਪਵਿੱਤਰ ਕਰ ਸਕੋ।”
ਸੰਤ ਮਹਿਲ ਜਾਣ ਲਈ ਸਹਿਮਤ ਹੋ ਗਿਆ। ਉਹ ਬਹੁਤ ਛੋਟੇ ਕੱਦ ਵਾਲਾ ਸੀ। ਸੈਨਾਪਤੀ ਉਸਦੇ ਕੱਦ ਨੂੰ ਵੇਖ ਕੇ ਹੱਸ ਪਿਆ। ਉਹਨੇ ਸੋਚਿਆ ਕਿ ਉਸਦਾ ਲੰਬਾ, ਤਾਕਤਵਰ ਰਾਜਾ ਇਸ ਛੋਟੇ ਆਦਮੀ ਨਾਲ ਕਿਸ ਤਰ੍ਹਾਂ ਗੱਲਬਾਤ ਕਰੇਗਾ? ਸੰਤ ਸੈਨਾਪਤੀ ਦੇ ਹਾਸੇ ਦਾ ਕਾਰਨ ਸਮਝ ਗਿਆ।
ਜਦੋਂ ਸੰਤ ਨੇ ਸੈਨਾਪਤੀ ਨੂੰ ਹੱਸਣ ਦਾ ਕਾਰਨ ਪੁੱਛਿਆ ਤਾਂ ਉਸਨੇ ਕਿਹਾ, “ਕਿਰਪਾ ਕਰਕੇ ਮੈਨੂੰ ਮਾਫ਼ ਕਰ ਦਿਓ। ਦਰਅਸਲ ਮੈਨੂੰ ਤੁਹਾਡੇ ਛੋਟੇ ਕੱਦ ‘ਤੇ ਹਾਸਾ ਆ ਗਿਆ ਹੈ। ਕਿਉਂਕਿ ਸਾਡਾ ਰਾਜਾ ਬਹੁਤ ਲੰਬਾ ਹੈ, ਤੁਹਾਨੂੰ ਉਸ ਨਾਲ ਗੱਲ ਕਰਨ ਲਈ ਸਿੰਘਾਸਣ ‘ਤੇ ਚੜ੍ਹਨਾ ਪਵੇਗਾ।”
ਇਹ ਸੁਣ ਕੇ ਸੰਤ ਮੁਸਕਰਾਇਆ ਅਤੇ ਕਿਹਾ, “ਮੈਂ ਤੁਹਾਡੇ ਰਾਜੇ ਨਾਲ ਜ਼ਮੀਨ ‘ਤੇ ਖੜ੍ਹ ਕੇ ਹੀ ਗੱਲ ਕਰਾਂਗਾ। ਮੇਰੇ ਛੋਟੇ ਕੱਦ ਦਾ ਫਾਇਦਾ ਇਹ ਹੈ ਕਿ ਮੈਂ ਜਦੋਂ ਵੀ ਬੋਲਾਂਗਾ, ਮੈਂ ਆਪਣਾ ਸਿਰ ਉੱਚਾ ਕਰਕੇ ਬੋਲਾਂਗਾ। ਪਰ ਕਿਉਂਕਿ ਤੁਹਾਡਾ ਰਾਜਾ ਲੰਬਾ ਹੈ, ਇਸ ਲਈ ਉਹ ਜਦੋਂ ਵੀ ਬੋਲੇਗਾ, ਉਹਨੂੰ ਆਪਣਾ ਸਿਰ ਝੁਕਾ ਕੇ ਗੱਲ ਕਰਨੀ ਪਵੇਗੀ।”
ਸੈਨਾਪਤੀ ਨੂੰ ਸੰਤ ਦੀ ਮਹਾਨਤਾ ਦਾ ਅਹਿਸਾਸ ਹੋਇਆ ਅਤੇ ਉਹਨੂੰ ਸਮਝ ਆ ਗਈ ਕਿ ਮਹਾਨਤਾ ਕੱਦ-ਕਾਠ ਨਾਲ ਨਹੀਂ, ਸਗੋਂ ਚੰਗੇ ਵਿਚਾਰਾਂ ਨਾਲ ਆਉਂਦੀ ਹੈ।
~ ਪ੍ਰੋ. ਨਵ ਸੰਗੀਤ ਸਿੰਘ
# 1, ਲਤਾ ਗਰੀਨ ਐਨਕਲੇਵ, ਪਟਿਆਲਾ-147002
(9417692015)
