ਪੁਸਤਕ ਮਹਾਰਾਣੀ ਜਿੰਦਾਂ ਲੋਕ ਅਰਪਣ
“ਮਹਾਰਾਣੀ ਜਿੰਦਾਂ ਦਾ ਪੰਜਾਬ ਦੇ ਇਤਿਹਾਸ ਵਿੱਚ ਬਹੁਤ ਹੀ ਗੌਰਵਮਈ ਸਥਾਨ ਹੈ। ਉਹ ਇੱਕ ਮਹਾਨ ਨਾਇਕਾ ਵਜੋਂ ਉਭਰਦੀ ਹੈ। ਪੰਜਾਬ ਨਾਲ ਪਿਆਰ ਕਰਨ ਵਾਲੀ ਮਹਾਰਾਣੀ ਨੇ ਪੰਜਾਬ ਨੂੰ ਅੰਗਰੇਜ਼ਾਂ ਦੀ ਗੁਲਾਮੀ ਤੋਂ ਮੁਕਤ ਕਰਵਾਉਣ ਅਤੇ ਪੰਜਾਬੀ ਦੀ ਆਨ—ਬਾਨ—ਸ਼ਾਨ ਬਹਾਲ ਕਰਨ ਲਈ ਆਖਰੀ ਸਾਹ ਤੱਕ ਸੰਘਰਸ਼ ਕੀਤਾ। ਮਹਾਰਾਣੀ ਜਿੰਦਾਂ, ਮਾਈ ਭਾਗੋ, ਸਦਾ ਕੌਰ ਅਤੇ ਸਾਹਿਬ ਕੌਰ ਦੀ ਉਹ ਵਾਰਸ ਸੀ, ਜਿੰਨੀ ਦੇਰ ਜਿੰਨਾ ਤਾਣ ਉਸ ਵਿੱਚ ਰਿਹਾ ਉਹ ਪੰਜਾਬ ਲਈ ਜੂਝਦੀ ਰਹੀ। ਜੇਤੂ ਅਤੇ ਗੱਦਾਰ ਉਸ ਤੋਂ ਭੈਅ ਖਾਂਦੇ ਸਨ। ਪੁਸਤਕ ਬਾਰੇ ਸਰਦਾਰ ਗੁਰਤੇਜ ਸਿੰਘ ਆਈ.ਏ.ਐਸ. ਦੇ ਇਹ ਕਥਨ, “ਸਾਨੂੰ ਪਰੋਪਕਾਰੀ ਡੌਕਟਰ ਭਗਵੰਤ ਸਿੰਘ ਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਕਿ ਉਹਨ੍ਹਾਂ ਵਧੀਆ ਮੋਤੀ ਚੁਣ ਕੇ ਪੰਜਾਬ ਮਾਤਾ ਦੀ ਯਾਦ ਨੂੰ ਤਾਜ਼ਾ ਕੀਤਾ ਹੈ। ਰੱਬ ਕਰੇ ਕਿ ਇਹਨਾਂ ਦਾ ਇਹ ਯਤਨ ਏਨਾ ਸਫ਼ਲ ਹੋਵੇ ਕਿ ਪੰਜਾਬ ਦੀ ਹਰ ਧੀ ਮਾਈ ਜਿੰਦਾਂ ਦੀ ਵਿਸਰੀ ਵਿਰਾਸਤ ਨੂੰ ਅਪਣਾ ਕੇ ਪੰਜਾਬੀ ਲਈ ਜੂਝਣ ਨੂੰ ਆਪਣੇ ਜੀਵਨ ਦਾ ਵੱਡਾ ਮਕਸਦ ਸਮਝਣ ਲੱਗ ਜਾਵੇ।” ਇੱਕ ਬਾਹਰਮੁਖੀ ਬਿਰਤਾਂਤ ਸਿਰਜਦੇ ਹਨ। ਇਹ ਭਾਵ ਮਾਲਵਾ ਰਿਸਰਚ ਸੈਂਟਰ ਪਟਿਆਲਾ ਵੱਲੋਂ ਡਾ. ਭਗਵੰਤ ਸਿੰਘ ਤੇ ਸੰਦੀਪ ਸਿੰਘ ਦੀ ਪੁਸਤਕ ਮਹਾਰਾਣੀ ਜਿੰਦਾਂ ਦੇ ਲੋਕ ਅਰਪਣ ਸਮੇਂ ਵਿਦਵਾਨਾਂ ਚਿੰਤਕਾਂ ਅਤੇ ਦਾਰਸ਼ਨਿਕਾਂ ਦੁਆਰਾ ਰਚਾਏ ਗਏ ਸੰਵਾਦ ਦੌਰਾਨ ਉਭਰਕੇ ਸਾਹਮਣੇ ਆਏ। ਸਮਾਗਮ ਦੇ ਮੁੱਖ ਮਹਿਮਾਨ ਸੰਤ ਬਾਬਾ ਸੁਖਜੀਤ ਸਿੰਘ ਸੀਚੇਵਾਲ ਸਨ ਅਤੇ ਡਾ. ਤੇਜਵੰਤ ਮਾਨ, ਡਾ. ਸਵਰਾਜ ਸਿੰਘ, ਭੁਪਿੰਦਰ ਸਿੰਘ ਮੱਲ੍ਹੀ ਵਿਰਾਸਤ ਫਾਊਂਡੇਸ਼ਨ ਕਨੇਡਾ, ਡਾ. ਹਰਕੇਸ਼ ਸਿੰਘ ਸਿੱਧੂ ਆਈ.ਏ. ਐਸ., ਡਾ. ਈਸ਼ਵਰਦਾਸ ਸਿੰਘ ਨਿਰਮਲਾ ਮਹਾਂਮੰਡਲੇਸ਼ਵਰ, ਪਵਨ ਹਰਚੰਦਪੁਰੀ, ਪਦਮਸ਼੍ਰੀ ਪ੍ਰਾਣ ਸੱਭਰਵਾਲ, ਸ. ਜਗਦੀਪ ਸਿੰਘ ਗੰਧਾਰਾ, ਡਾ. ਸ਼ਬਨਮ ਆਰੀਆ ਮੱਲੀ ਕੈਨੇਡਾ ਤੇ ਅਨੋਖ ਸਿੰਘ ਵਿਰਕ ਨੇ ਪੰਜਾਬ ਅਤੇ ਪੰਜਾਬ ਤੋਂ ਬਾਹਰੋਂ ਆਏ ਹੋਏ ਅਨੇਕਾਂ ਵਿਦਵਾਨਾਂ, ਸਾਹਿਤਕਾਰਾਂ ਦੀ ਹਾਜਰੀ ਵਿੱਚ ਲੋਕ ਅਰਪਣ ਕੀਤੀ। ਪੁਸਤਕ ਮਹਾਰਾਣੀ ਜਿੰਦਾਂ ਵਿੱਚ ਖੋਜ ਭਰਪੂਰ ਲੇਖ ਦਰਜ ਕੀਤੇ ਗਏ ਹਨ, ਇਨ੍ਹਾਂ ਰਾਹੀਂ ਮਹਾਰਾਣੀ ਜਿੰਦਾਂ ਬਾਰੇ ਅੰਗਰੇਜਾਂ ਦੁਆਰਾ ਸਿਰਜੇ ਝੂਠੇ ਬਿਰਤਾਂਤ ਨੂੰ ਤਰਕ ਦੀ ਦ੍ਰਿਸ਼ਟੀ ਨਾਲ ਰੱਦ ਕੀਤਾ ਗਿਆ ਹੈ। ਮਹਾਰਾਣੀ ਦੇ ਜੀਵਨ ਅਤੇ ਸੰਘਰਸ਼ ਦਾ ਮਾਰਮਿਕ ਚਿੱਤਰ ਪ੍ਰਸਤੁਤ ਕਰਕੇ ਅਨੇਕਾਂ ਭਰਮਾਂ ਭੁਲੇਖਿਆਂ ਦਾ ਖੰਡਨ ਕੀਤਾ ਹੈ ਅਤੇ ਗੱਦਾਰਾਂ ਦੇ ਕਿਰਦਾਰ ਨੰਗੇ ਕੀਤੇ ਗਏ ਹਨ। ਇਹ ਪੁਸਤਕ ਮਹਾਰਾਣੀ ਜਿੰਦਾਂ ਦਾ ਅਕਸ ਇੱਕ ਵੀਰਾਂਗਣਾ ਦੇ ਰੂਪ ਵਿੱਚ ਉਭਾਰਦੀ ਹੈ ਜੋ ਪੰਜਾਬ ਦੇ ਇਤਿਹਾਸ, ਸਮਾਜ, ਸੱਭਿਆਚਾਰ ਵਿੱਚ ਇੱਕ ਗੰਭੀਰ ਚਰਚਾ ਨੂੰ ਜਨਮ ਦਿੰਦੀ ਹੈ। ਯੂਨੀਸਟਾਰ ਪਬਲੀਕੇਸ਼ਨ ਮੋਹਾਲੀ ਵੱਲੋਂ ਛਾਪੀ ਗਈ ਪੁਸਤਕ ਸੂਰਤ ਅਤੇ ਸੀਰਤ ਦੇ ਪੱਖ ਤੋਂ ਵਿਲੱਖਣਤਾ ਰੱਖਦੀ ਹੈ।
ਜਗਦੀਪ ਸਿੰਘ ਗੰਧਾਰਾ ਐਡਵੋਕੇਟ। ਫੋਨ: 9814851500
