ਤਪੱਸਿਆ ਦੇ ਘਰ ਦਾ ਬਾਹਰਲਾ ਦਰਵਾਜਾ ਕੋਈ ਲਗਾਤਾਰ ਖੜਕਾ ਰਿਹਾ ਸੀ। ਤਪੱਸਿਆ ਆਪਣੇ ਕਮਰੇ ਵਿਚ ਆਪਣੇ ਨੇਤਰ ਬੰਦ ਕਰੀ ਇੱਕ ਝੂਲਦੀ ਹੋਈ ਕੁਰਸੀ ਤੇ ਬੈਠੀ ਸੀ। ਉਹ ਆਪਣੀ ਮੌਜ ਵਿਚ ਮਸਤ ਬੇਪਰਵਾਹ ਸੀ। ਦਰਵਾਜੇ ਦੇ ਲਗਾਤਾਰ ਖੜਕਣ ਦੀ ਆਵਾਜ਼ ਸੁਣ ਕੇ ਉਸਦਾ ਧਿਆਨ ਭੰਗ ਹੋ ਗਿਆ। ਉਹ ਆਪਣੇ ਕਮਰੇ ਵਿਚੋਂ ਬਾਹਰ ਆਈ। ਉਸਨੇ ਘਰ ਦਾ ਬਾਹਰਲਾ ਦਰਵਾਜਾ ਖੋਲਿਆ ਤਾਂ ਸਾਹਮਣੇ ਇਕ ਬਾਰਾਂ ਕੁ ਸਾਲਾਂ ਦਾ ਲੜਕਾ ਖੜ੍ਹਾ ਸੀ। ਉਹ ਬਿਨਾਂ ਕੁਝ ਬੋਲੇ ਉਸਨੂੰ ਇਕ ਸਿਰਨਾਵਾਂ ਫੜਾ ਕੇ ਚਲਾ ਗਿਆ। ਤਪੱਸਿਆ ਨੇ ਦੇਖਿਆ ਕਿ ਕਿਸੇ ਸਖ਼ਸ਼ ਵੱਲੋਂ ਭੇਜੇ ਹੋਏ ਇਕ ਸਿਰਨਾਵੇਂ ਦੇ ਨਾਲ ਇਕ ਤਸਵੀਰ ਵੀ ਭੇਜੀ ਗਈ ਸੀ। ਦਿੱਤੇ ਹੋਏ ਸਿਰਨਾਵੇਂ ਉੱਪਰ ਉਸਨੇ ਤਪੱਸਿਆ ਨੂੰ ਅਗਲੇ ਦਿਨ ਖਾਣੇ ਦੀ ਦਾਵਤ ਤੇ ਬੁਲਾਇਆ ਸੀ। ਤਪੱਸਿਆ ਨੂੰ ਉਸ ਸਖ਼ਸ਼ ਵੱਲੋਂ ਦਾਵਤ ਉੱਪਰ ਬੁਲਾਉਣ ਦੀ ਬੇਹੱਦ ਹੈਰਾਨੀ ਹੋਈ। ਉਹ ਦੁਬਾਰਾ ਆਪਣੀ ਕੁਰਸੀ ਤੇ ਆ ਕੇ ਬੈਠ ਗਈ। ਤਪੱਸਿਆ ਉਸ ਸਖ਼ਸ਼ ਬਾਰੇ ਲੰਮਾ ਸਮਾਂ ਸੋਚਦੀ ਰਹੀ ਕਿਉਂਕਿ ਉਹ ਸ਼ਹਿਰ ਦੀ ਭੀੜ ਤੋਂ ਦੂਰ ਆਪਣੀ ਹੀ ਦੁਨੀਆਂ ਵਿਚ ਮਸਤ ਰਹਿੰਦੀ ਸੀ। ਆਪਣੀ ਰਹੱਸਮਈ ਦੁਨੀਆਂ ਵਿਚ ਮਸਤ ਰਹਿਣਾ ਉਸਨੂੰ ਬਹੁਤ ਚੰਗਾ ਲਗਦਾ ਸੀ। ਅਕਸਰ ਉਹ ਆਪਣੀ ਜ਼ਿੰਦਗੀ ਵਿਚ ਬਹੁਤ ਖੁਸ਼ ਇਨਸਾਨ ਸੀ। ਤਪੱਸਿਆ ਦੇ ਆਪਣੇ ਘਰ ਤੋਂ ਬਾਹਰ ਫੁੱਲਾਂ, ਫਲਾਂ ਨਾਲ ਲੱਗਿਆ ਹੋਇਆ ਸੁੰਦਰ ਬਾਗ ਹੀ ਉਸਦੀ ਜ਼ਿੰਦਗੀ ਅਤੇ ਦੁਨੀਆਂ ਸੀ। ਉਹ ਘੰਟਿਆ ਬੱਧੀ ਉਸ ਬਾਗ ਵਿਚ ਸੈਰ ਕਰਦੀ। ਕੁਦਰਤ ਨੂੰ ਬਹੁਤ ਨੇੜਿਓ ਤੱਕਦੀ ਹੱਸਦੀ-ਖੇਡਦੀ ਅਤੇ ਪਿਆਰ ਕਰਦੀ ਨਾ ਥੱਕਦੀ। ਬਾਗ ਤੋਂ ਅੱਗੇ ਉਹ ਕਦੇ ਨਹੀਂ ਸੀ ਜਾਂਦੀ। ਆਪਣੇ ਘਰ ਤੋਂ ਉਸ ਸੁੰਦਰ ਬਾਗ ਤੱਕ ਹੀ ਉਸਦੀ ਜ਼ਿੰਦਗੀ ਦਾ ਪੈਂਡਾ ਸੀ। ਤਪੱਸਿਆ ਇਕ ਚੰਗੀ ਵਿਦਵਾਨ ਵੀ ਸੀ। ਆਪਣਾ ਕੀਮਤੀ ਸਮਾਂ ਉਹ ਕਦੇ ਵੀ ਅਜਾਈਂ ਨਹੀਂ ਸੀ ਗਵਾਉਂਦੀ।
ਪਰੰਤੂ ਅੱਜ ਕੁਦਰਤ ਦੇ ਸੁਨੇਹੇ ਦੀ ਉਸਨੂੰ ਸਮਝ ਨਹੀਂ ਸੀ ਲਗ ਰਹੀ। ਕਾਫੀ ਦੇਰ ਸੋਚਣ ਤੋਂ ਬਾਅਦ ਉਸਨੇ ਆਪਣੇ ਨੇਤਰ ਖੋਲੇ ਅਤੇ ਆਪਣੇ ਕਮਰੇ ਦੀ ਬੱਤੀ ਜਗਾਈ। ਉਸਦਾ ਕਮਰਾ ਰੋਸ਼ਨੀ ਨਾਲ ਪੂਰੀ ਤਰ੍ਹਾਂ ਜਗਮਗਾ ਉੱਠਿਆ। ਮੁਸਕਰਾਉਂਦੀ ਹੋਈ ਉਹ ਸਾਹਮਣੇ ਸ਼ੀਸ਼ੇ ਅੱਗੇ ਜਾ ਖੜ੍ਹੀ ਹੋਈ। ਉਸਨੇ ਆਪਣੇ ਆਪ ਨੂੰ ਦੇਖਿਆ, ਉਸਨੂੰ ਜਾਪਿਆ ਜਿਵੇਂ ਉਹ ਬਾਗ ਵਿਚਲੇ ਫੁੱਲਾਂ-ਫ਼ਲਾਂ ‘ਚ ਰਹਿਣ ਕਰਕੇ ਉਹ ਵੀ ਕੋਈ ਫੁੱਲ ਬਣ ਗਈ ਹੋਵੇ। ਉਹ ਫਿਰ ਮੁਸਕਰਾਈ। ਮੁਸਕਰਾਉਂਦਿਆਂ ਹੋਇਆ ਉਸਨੇ ਕੁੱਝ ਬੇਸ਼ੁਮਾਰ ਕੀਮਤੀ ਸੌਗਾਤਾਂ ਦੀ ਪੋਟਲੀ ਇਕ ਕੀਮਤੀ ਸੰਦੂਕ ਵਿਚੋਂ ਬਾਹਰ ਕੱਢਿਆ। ਉਸਨੇ ਉਸਨੂੰ ਦੇਖਿਆ ਅਤੇ ਫਿਰ ਉਸਨੂੰ ਵਾਪਸ ਉਸੇ ਸੰਦੂਕ ਵਿਚ ਰੱਖ ਦਿੱਤਾ। ਉਸ ਮਹਿੰਗੀਆਂ ਸੁਗਾਤਾਂ ਦੀ ਪੋਟਲੀ ਦੇ ਨਾਲ ਉਸਨੇ ਉਸ ਸਖ਼ਸ਼ ਵੱਲੋਂ ਭੇਜੀ ਹੋਈ ਤਸਵੀਰ ਵੀ ਰੱਖ ਦਿੱਤੀ। ਦਰਅਸਲ ਤਪੱਸਿਆ ਉਹਨਾਂ ਮਹਿੰਗੀਆਂ ਸੌਗਾਤਾਂ ਦੀ ਪੋਟਲੀ ਕਿਸੇ ਉੱਚ ਕੋਟੀ ਦੇ ਗੁਣਵਾਨ ਇਨਸਾਨ ਨੂੰ ਭੇਂਟ ਕਰਨਾ ਚਾਹੁੰਦੀ ਸੀ। ਪਰੰਤੂ ਅੱਜ ਤੱਕ ਉਸਦੀ ਉਮੀਦ ਤੇ ਕੋਈ ਸਖ਼ਸ਼ ਖਰਾ ਨਹੀਂ ਸੀ ਉਤਰਿਆ। ਉਹ ਸੋਚ ਰਹੀ ਸੀ ਕਿ ਹੋ ਸਕਦਾ ਕੱਲ ਉਸਦੀ ਤਲਾਸ਼ ਪੂਰੀ ਹੋ ਜਾਵੇ….। ਨਹੀਂ ਤਾਂ ਉਸਦੇ ਬਾਗ ਦੇ ਨੇੜਿਓ ਲੰਘਣ ਦੀ ਲੰਘਣ ਦੀ ਕਿਸੇ ਦੇ ਜੁਰਤ ਨਹੀਂ ਪੈਂਦੀ। ਵਾਸ਼ਨਾਵਾਂ ਵਿਚ ਗ੍ਰਸਤ ਲੋਕਾਂ ਦੇ ਉਹ ਪਰਛਾਵੇਂ ਤੋਂ ਵੀ ਡਰਦੀ ਸੀ। ਲੇਕਿਨ ਇਸ ਸਖ਼ਸ਼ ਦੀ ਦਾਵਤ ਉਸਨੇ ਉਸਨੂੰ ਬਿਨਾਂ ਦੇਖੇ ਹੀ ਕਬੂਲ ਕਰ ਲਈ ਸੀ। ਖੈਰ ਅਗਲੇ ਦਿਨ ਦੁਪਹਿਰ ਢਲਣ ਤੋਂ ਬਾਅਦ ਤਪੱਸਿਆ ਤਿਆਰ ਹੋ ਕੇ, ਆਪਣੇ ਬਾਗ ਵਿਚੋਂ ਕੁੱਝ ਤੋੜੇ ਹੋਏ ਤਾਜੇ ਫਲਾਂ ਨੂੰ ਲੈ ਕੇ ਉਸ ਸਖ਼ਸ਼ ਨੂੰ ਮਿਲਣ ਚਲ ਪਈ। ਉਸਦਾ ਗੁੰਦਵਾਂ ਨਰਮ ਸਰੀਰ, ਗਰਮ ਅਤੇ ਤੇਜ਼ ਹਵਾਵਾਂ ਉੱਡਦੀ ਧੂੜ ਵਿਚ ਇਸ ਤਰ੍ਹਾਂ ਪ੍ਰਤੀਤ ਹੋ ਰਿਹਾ ਸੀ ਜਿਵੇਂ ਚੰਦਰਮਾ ਨੂੰ ਕਦੇ ਕਦੇ ਹਲਕੀ ਬਦਲੀ ਆਪਣੇ ‘ਚ ਲਕੋ ਲੈਂਦੀ ਹੈ। ਉਸਨੇ ਸੁੰਦਰ ਲਿਬਾਸ ਨਾਲ ਪਹਿਨਿਆ ਹੋਇਆ ਦੁਪੱਟਾ ਧਰਤੀ ਨੂੰ ਛੂਹ ਰਿਹਾ ਸੀ। ਉਸਦੀ ਚਾਂਦੀ ਦੀਆਂ ਤਾਰਾਂ ਵਾਲੀ ਮਖਮਲੀ ਜੁੱਤੀ ਟਿੱਬਿਆਂ ਦੇ ਰੇਤ ਵਿਚ ਧਸਦੀ ਜਾ ਰਹੀ ਸੀ। ਕਾਹਲੀ ਨਾਲ ਕਦਮ ਪੁੱਟਦੀ ਨੂੰ ਇੰਝ ਮਹਿਸੂਸ ਹੋ ਰਿਹਾ ਸੀ ਜਿਵੇਂ ਉਹ ਕਿਸੇ ਬਾਦਸ਼ਾਹ ਦੀ ਬੇਟੀ ਹੋਵੇ। ਕੁਝ ਸਮੇਂ ਬਾਅਦ ਦਿੱਤੇ ਹੋਏ ਪਤੇ ਤੇ ਪਹੁੰਚ ਗਈ। ਉਸਨੇ ਦੇਖਿਆ ਕਿ ਉਹ ਸਖ਼ਸ਼ ਸਾਹਮਣੇ ਦਰਵਾਜੇ ਵਿਚ ਉਸਦਾ ਇੰਤਜਾਰ ਕਰ ਰਿਹਾ ਹੈ। ਤਪੱਸਿਆ ਨੇ ਆਪਣੀ ਮਖਮਲੀ ਜੁੱਤੀ ਦਾ ਸੱਜਾ ਪੈਰ ਅੰਦਰ ਰੱਖਦਿਆ ਹੋਇਆ ਕਿਹਾ, “ਰਾਜਬੀਰ”। ਜੀ, ਹਾਂ, ਰਾਜਬੀਰ ਨੇ ਆਪਣਾ ਸੱਜਾ ਹੱਥ ਤਪੱਸਿਆ ਵੱਲ ਵਧਾਉਂਦੇ ਹੋਏ ਉਸਨੂੰ ਜੀ ਆਇਆ ਆਖਿਆ ਅਤੇ ਸਿਰ ਤੇ ਪੈਰਾਂ ਤੱਕ ਉਸਨੂੰ ਰੀਝ ਨਾਲ ਤੱਕਿਆ। ਰਾਜਬੀਰ, ਤਪੱਸਿਆ ਦੇ ਇਕ ਕਦਮ ਅੱਗੇ ਹੋ ਕੇ ਚਲ ਰਿਹਾ ਸੀ। ਤਪੱਸਿਆ ਉਸਦੇ ਪਿੱਛੇ ਇਧਰ ਉਧਰ ਤੱਕਦੀ ਹੋਈ ਜਾ ਰਹੀ ਸੀ। ਕਮਰੇ ਵਿਚ ਪਹੁੰਚ ਕੇ ਰਾਜਬੀਰ ਨੇ ਖਾਲੀ ਪਈਆਂ ਕੁਰਸੀਆਂ ਵੱਲ ਇਸ਼ਾਰਾ ਕਰਦੇ ਹੋਏ ਕਿਹਾ, ਬੈਠੋ ਜੀ ਪਲੀਜ। ਤਪੱਸਿਆ ਨੇ ਚੁੱਪਚਾਪ ਉਹ ਤਾਜੇ ਫਲ ਰਾਜਬੀਰ ਵੱਲ ਵਧਾ ਦਿੱਤੇ।
‘ਸ਼ੁਕਰੀਆ’ ਰਾਜਬੀਰ ਨੇ ਮੁਸਕਰਾਉਂਦੇ ਹੋਏ ਕਿਹਾ। ਇੰਨੇ ਨੂੰ ਉਹੀ 12 ਕੁ ਸਾਲ ਦਾ ਲ਼ੜਕਾ ਤਪੱਸਿਆ ਲਈ ਪਾਣੀ ਦਾ ਗਿਲਾਸ ਲੈ ਕੇ ਆ ਗਿਆ। ਤਪੱਸਿਆ ਨੇ ਪਾਣੀ ਪੀ ਕੇ ਗਿਲਾਸ ਟੇਬਲ ਉੱਪਰ ਰੱਖਦਿਆਂ ਹੋਇਆ ਰਾਜਬੀਰ ਨੂੰ ਸਵਾਲ ਕੀਤਾ, “ਤੁਸੀਂ ਮੈਨੂੰ ਕਦੋਂ ਤੋਂ ਜਾਣਦੇ ਹੋ”। ਬਸ ਕਦੇ –ਕਦਾਈ ਤੇਰੇ ਬਾਗ ਕੋਲੋਂ ਲੰਘਣ ਦਾ ਮੌਕਾ ਮਿਲਿਆ ਹੈ। ਉਦੋਂ ਹੀ ਇਕ ਦੋ ਵਾਰ ਦੇਖਿਆ ਸੀ। ਰਾਜਬੀਰ ਨੇ ਹਲਕਾ ਜਿਹਾ ਹੱਸਦੇ ਹੋਏ ਕਿਹਾ। “ਅੱਛਾ” ਫਿਰ ਤੁਸੀਂ ਲੰਘਦੇ ਹੋਏ ਰੁਕੇ ਕਿਉਂ ਨਹੀਂ? ਤਪੱਸਿਆ ਨੇ ਫਿਰ ਸਵਾਲ ਕਰ ਦਿੱਤਾ। ਮੈਂ ਸੋਚਿਆ, ਕਿਤੇ ਰੁਕਣ ਦੀ ਇਜ਼ਾਜਤ ਹੀ ਨਾ ਹੋਵੇ, ਰਾਜਬੀਰ ਬੋਲਿਆ ਫਿਰ ਇੰਨੇ ਸਮੇਂ ਬਾਅਦ ਕਿਵੇਂ ਯਾਦ ਕੀਤਾ? ਹੋ ਸਕਦਾ ਹੁਣ ਸਮੇਂ ਵੱਲੋਂ ਇਜ਼ਾਜਤ ਹੋਵੇ…. ਜੀ। “ਬਹੁਤ ਖੂਬ” ਰਾਜਬੀਰ ਦੇ ਮੂੰਹੋ ਇਹ ਸੁਣ ਕੇ ਤਪੱਸਿਆ ਨੇ ਖੁਸ਼ ਹੁੰਦੇ ਕਿਹਾ।
ਮੈਂ ਸਮਝਦੀ ਸੀ ਕਿ ਇਥੇ ਸੰਘਣੇ ਦਰੱਖਤਾਂ ਦੇ ਝੁੰਡ ਵਿਚ ਕੋਈ ਖੰਡਰ ਹੈ। ਇੱਕ ਸੋਹਣਾ ਜਿਹਾ ਘਰ ਵੀ ਹੈ ਇਹ ਨਹੀਂ ਸੀ ਪਤਾ, ਤਪੱਸਿਆ ਨੇ ਆਪਣੀ ਗੱਲ ਜਾਰੀ ਰੱਖਦਿਆ ਹੋਇਆ ਕਿਹਾ।
“ਤਪੱਸਿਆ ਜੀ ਇਸੇ ਕਰਕੇ ਹੀ ਅੱਜ ਤੁਹਾਨੂੰ ਬੁਲਾਇਆ ਹੈ” ਇੰਨਾ ਕਹਿ ਰਾਜਬੀਰ ਫਿਰ ਹੱਸ ਪੈਂਦਾ ਹੈ।
ਅਸਲ ‘ਚ ਤਪੱਸਿਆ ਜੀ ਇਹ ਮੇਰਾ ਪੁਰਾਣਾ ਘਰ ਹੈ, ਜਦ ਮਨ ਕਰਦਾ ਹੈ। ਇਥੇ ਆ ਕੇ ਰਹਿ ਲਈਦਾ ਹੈ। ਮੈਨੂੰ ਇਥੇ ਬਹੁਤ ਸਕੂਨ ਮਿਲਦਾ ਹੈ।
ਜੀ,ਜੀ, ਤਪੱਸਿਆ ਨੇ ਰਾਜਬੀਰ ਦੀ ਗੱਲ ਦੀ ਹਾਮੀ ਭਰਦੇ ਹੋਏ ਕਿਹਾ। ਚੱਲੋ ਤੁਹਾਨੂੰ ਘਰ ਦਿਖਾ ਦੇਵਾਂ, ਤੇ ਰਾਜਬੀਰ ਤਪੱਸਿਆ ਨੂੰ ਆਪਣਾ ਘਰ ਦਿਖਾਉਣ ਲਈ ਉੱਠ ਖੜਾ ਹੋਇਆ। ਘਰ ਦੇਖਣ ਤੋਂ ਬਾਅਦ ਉਹ ਦੋਵੇਂ ਦੁਬਾਰਾ ਕਮਰੇ ਵਿਚ ਆ ਕੇ ਬੈਠ ਗਏ।
ਤਪੱਸਿਆ ਨੇ ਦੇਖਿਆ ਕਿ ਕਮਰੇ ਵਿਚ ਟੇਬਲ ਉੱਤੇ ਇਕ ਫੁੱਲਾਂ ਦੀ ਟੋਕਰੀ ਕੋਲ ਠੰਡੇ ਸ਼ਰਬਤ ਦੇ ਗਿਲਾਸ ਵੀ ਪਏ ਸਨ। ਰਾਜਬੀਰ ਨੇ ਗਿਲਾਸ ਚੁੱਕ ਕੇ ਤਪੱਸਿਆ ਨੂੰ ਫੜਾਉਂਦੇ ਹੋਏ ਕਿਹਾ, “ਵਾਕਿਆ ਹੀ ਬਹੁਤ ਖੂਬਸੂਰਤ ਹੋ ਤੁਸੀਂ”।
ਸ਼ੁਕਰੀਆ, ਤਪੱਸਿਆ ਨੇ ਥੋੜਾ ਸ਼ਰਮਾਉਂਦੇ ਹੋਏ ਉੱਤਰ ਦਿੱਤਾ। ਥੋੜੀ ਦੇਰ ਹੋਰ ਗੱਲਬਾਤ ਕਰਨ ਤੋਂ ਬਾਅਦ ਉਸ ਲੜਕੇ ਨੇ ਆ ਕੇ ਕਿਹਾ ਕਿ ਖਾਣਾ ਤਿਆਰ ਹੈ।
ਚੱਲੋ ਖਾਣਾ ਖਾਂਦੇ ਹਾਂ, ਰਾਜਬੀਰ ਨੇ ਤਪੱਸਿਆ ਨੂੰ ਪ੍ਰੇਮ ਭਰੀਆ ਨਜ਼ਰਾਂ ਨਾਲ ਤੱਕਦੇ ਹੋਏ ਉੱਠਣ ਦਾ ਇਸ਼ਾਰਾ ਕੀਤਾ।
“ਨਹੀ, ਕਦੇ ਫਿਰ ਸਹੀ ਜੀ”, ਤਪੱਸਿਆ ਨੇ ਦਰਵਾਜੇ ਤੋਂ ਬਾਹਰ ਢਲਦੀ ਹੋਏ ਸ਼ਾਮ ਨੂੰ ਦੇਖਕੇ ਕਿਹਾ। ਹਨੇਰਾ ਹੋਣ ਵਾਲਾ ਹੈ, ਮੈਨੂੰ ਚਲਣਾ ਚਾਹੀਦਾ ਹੈ।
ਕਿਉਂ? ਤੁਸੀਂ ਅੱਜ ਰੁਕੋਗੇ ਨਹੀਂ। ਰਾਜਬੀਰ ਨੇ ਘਬਰਾਉਂਦੇ ਹੋਏ ਪੁੱਛਿਆ।
ਨਹੀ, ਇੰਨਾ ਕਹਿ ਤਪੱਸਿਆ ਖੜ੍ਹੀ ਹੋ ਗਈ।
ਠੀਕ ਹੈ, ਰਾਜਬੀਰ ਨੇ ਅਲਮਾਰੀ ਖੋਲੀ ਅਤੇ ਉਸ ਵਿਚੋਂ ਇਕ ਸੁੰਦਰ ਦੁਪੱਟਾ ਕੱਢ ਕੇ ਤਪੱਸਿਆ ਦੇ ਹਵਾਲੇ ਕਰ ਦਿੱਤਾ। “ਆਹ ਮੇਰੇ ਵੱਲੋਂ ਛੋਟੀ ਜਿਹੀ ਭੇਂਟ”।
ਧੰਨਵਾਦ ਬੋਲ ਤਪੱਸਿਆ ਦਰਵਾਜੇ ਵੱਲ ਵਧਣ ਲੱਗੀ। ਰਾਜਬੀਰ ਉਸਨੂੰ ਦਰਵਾਜੇ ਤੱਕ ਛੱਡਣ ਲਈ ਆਇਆ। ਤਪੱਸਿਆ ਜੀ, ਮੁਲਾਕਾਤ ਹੁੰਦੀ ਰਹੇਗੀ ਨਾ? ਉਸਨੇ ਤਪੱਸਿਆ ਨੂੰ ਦੁਬਾਰਾ ਮਿਲਣ ਦੀ ਚਾਹਤ ਨਾਲ ਪੁੱਛਿਆ। ਤਪੱਸਿਆ ਨੇ ਮੁੜ ਕੇ ਰਾਜਬੀਰ ਵੱਲ ਦੇਖਿਆ, ਉਹ ਹੱਸੀ ਅਤੇ ਚੁੱਪਚਾਪ ਆਪਣੇ ਘਰ ਵੱਲ ਚਲ ਪਈ। ਉਸਨੂੰ ਜਾਪਿਆ ਜਿਵੇਂ ਉਸਦੀ ਰੂਹ ਰਾਜਬੀਰ ਕੋਲ ਰਹਿ ਗਈ ਹੋਵੇ। ਉਸਨੂੰ ਰਾਜਬੀਰ ਦਾ ਨਿੱਘਾ ਸੁਭਾਅ ਬਹੁਤ ਚੰਗਾ ਲੱਗਿਆ। ਕਦੀ ਦਿਨ ਬੀਤ ਗਏ। ਉਹ ਹੁਣ ਰਾਜਬੀਰ ਬਾਰੇ ਸੋਚਣ ਲੱਗੀ। ਉਸਦਾ ਮਨ ਉਸਦੇ ਖਿਆਲਾਂ ਵਿਚ ਗੁਆਚਿਆ ਰਹਿੰਦਾ। ਹੁਣ ਆਪਣੇ ਬਾਗ ਵਿਚ ਵੀ ਉਸਦਾ ਮਨ ਨਾ ਲੱਗਦਾ। ਲੱਖ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਉਹ ਰਾਜਬੀਰ ਬਾਰੇ ਸੋਚਣ ਤੋਂ ਨਾ ਰਹਿ ਸਕਦੀ। ਪਰੰਤੂ ਕੁੱਝ ਗੱਲਾਂ ਉਸਨੂੰ ਹਜ਼ਮ ਨਹੀਂ ਸੀ ਹੋ ਰਹੀਆਂ। ਉਹ ਤਾਜੇ ਫੁੱਲਾਂ ਦੀ ਟੋਕਰੀ, ਰਾਜਬੀਰ ਵੱਲੋਂ ਦੁਪੱਟਾ ਪਹਿਨਾਉਣਾ ਆਦਿ।
ਖੈਰ, ਤਪੱਸਿਆ ਨੇ ਹੁਣ ਬਾਗ ਤੋਂ ਅੱਗੇ ਰਾਜਬੀਰ ਦੇ ਘਰ ਵੱਲ ਜਾਂਦੇ ਹੋਏ ਰਸਤੇ ਦੇ ਵਿਚਕਾਰ ਪੈਂਦੇ ਇਕ ਖੂਹ ਤੱਕ ਸੈਰ ਕਰਨੀ ਅਰੰਭ ਕਰ ਦਿੱਤੀ। ਉਹ ਸੋਚਦੀ ਕਿ ਆਨੇ-ਬਹਾਨੇ ਮੁਲਾਕਾਤ ਹੁੰਦੀ ਰਹੇਗੀ। ਉੱਪਰ ਰਾਜਬੀਰ ਵੀ ਤਪੱਸਿਆ ਦੇ ਖੂਹ ਤੱਕ ਪਹੁੰਚਣ ਤੋਂ ਪਹਿਲਾਂ ਹੀ ਉਸ ਖੂਹ ਦੀ ਮਣ ਤੇ ਆ ਕੇ ਬੈਠ ਜਾਂਦਾ। ਉਹਨਾਂ ਦੋਹਾਂ ਦੀ ਮੁਲਾਕਾਤ ਨਿੱਘੀ ਦੋਸਤੀ ਵਿਚ ਬਦਲਣ ਲੱਗੀ।
ਤਪੱਸਿਆ ਰਾਜਬੀਰ ਨੂੰ ਉਹ ਮਹਿੰਗੀਆਂ ਸੌਗਾਤਾਂ ਭੇਂਟ ਕਰਨ ਬਾਰੇ ਵਿਚਾਰ ਕਰਨ ਲੱਗੀ। ਜੋ ਰਾਜਬੀਰ ਦੀ ਕਲਪਨਾ ਤੋਂ ਵੀ ਕਿਤੇ ਪਰੇ ਸੀ। ਪਰੰਤੂ ਭੇਂਟ ਕਰਨ ਤੋਂ ਪਹਿਲਾਂ ਉਹ ਰਾਜਬੀਰ ਨੂੰ ਉਸਦੇ ਯੋਗ ਹੋਣ ਬਾਰੇ ਵਿਚਾਰ ਜਰੂਰ ਕਰ ਰਹੀ ਸੀ। ਇਸ ਲਈ ਉਹ ਆਨੇ-ਬਹਾਨੇ ਉਸਨੂੰ ਸਵਾਲ ਕਰਦੀ ਰਹਿੰਦੀ।
ਇਕ ਦਿਨ ਤਪੱਸਿਆ ਕਾਫੀ ਸਮਾਂ ਰਾਜਬੀਰ ਦਾ ਉਸ ਖੂਹ ਤੇ ਇੰਤਜਾਰ ਕਰਦੀ ਰਹੀ। ਪਰ ਰਾਜਬੀਰ ਨਹੀਂ ਆਇਆ। ਉਸਨੇ ਸੋਚਿਆ ਕਿ ਰਾਜਬੀਰ ਕਿਸੇ ਕੰਮ ਵਿਚ ਰੁੱਝਿਆ ਹੋਣਾ ਹੈ। ਜਦ ਚਾਰ-ਪੰਜ ਦਿਨ ਉਡੀਕਣ ਤੋਂ ਬਾਅਦ ਵੀ ਰਾਜਬੀਰ ਨਹੀਂ ਆਇਆ ਤਾਂ ਉਸਨੂੰ ਚਿੰਤਾ ਹੋਈ। ਉਹ ਰਾਜਬੀਰ ਦੇ ਘਰ ਪਹੁੰਚੀ। ਉਸਨੇ ਦਰਵਾਜਾ ਖੜਕਾਇਆ ਤਾਂ ਉਹੀ ਬਾਰਾਂ ਕੁ ਸਾਲ ਦਾ ਲੜਕਾ ਬਾਹਰ ਆਇਆ। ਉਸਨੇ ਤਪੱਸਿਆ ਨੂੰ ਕਿਹਾ ਕਿ ਮੈਂ ਸਾਹਬ ਨੂੰ ਪੁੱਛ ਕੇ ਆਉਂਦਾ ਹਾਂ। ਉਹ ਲੜਕਾ ਵਾਪਸ ਆ ਕੇ ਕਹਿਣ ਲੱਗਾ ਕਿ ਸਾਹਬ ਕਹਿੰਦੇ ਕਿ ਕੱਲ ਮਿਲਦੇ ਹਾਂ, ਅੱਜ ਮੈਂ ਕਿਸੇ ਜਰੂਰੀ ਕੰਮ ਵਿਚ ਹਾਂ।
ਤਪੱਸਿਆ ਚੁੱਪ ਚਾਪ ਵਾਪਸ ਆ ਗਈ। ਉਹ ਰਾਜਬੀਰ ਦੇ ਸੁਨੇਹੇ ਦਾ ਇੰਤਜਾਰ ਕਰਨ ਲੱਗੀ। ਪੂਰਾ ਹਫਤਾ ਬੀਤ ਗਿਆ। ਤਪੱਸਿਆ ਨੂੰ ਬਹੁਤ ਹੈਰਾਨੀ ਹੋ ਰਹੀ ਸੀ। ਜਦ ਹਫਤੇ ਬਾਅਦ ਤਪੱਸਿਆ ਨੇ ਦੁਬਾਰਾ ਰਾਜਬੀਰ ਬਾਰੇ ਪਤਾ ਕੀਤਾ ਤਾਂ ਉਹ ਲੜਕੇ ਨੇ ਆ ਕੇ ਕਿਹਾ ਕਿ ਸਾਹਬ ਸੌਣ ਦੀ ਤਿਆਰੀ ਕਰ ਰਹੇ ਹਨ। ਉਹਨਾਂ ਕਿਹਾ ਕਿ ਕਲ ਮਿਲਦੇ ਹਾਂ।
ਤਪੱਸਿਆ ਸਮਝ ਗਈ ਕਿ ਕੁਝ ਤਾਂ ਗੜਬੜ ਹੈ। ਰਾਜਬੀਰ ਨੇ ਉਸਨੂੰ ਅੰਦਰ ਆਉਣ ਲਈ ਜਾਂ ਮਿਲਣ ਲਈ ਕਿਉਂ ਨਹੀਂ ਕਿਹਾ। ਕਈ ਦਿਨ ਬੀਤ ਜਾਣ ਤੋਂ ਬਾਅਦ ਇਕ ਦਿਨ ਸ਼ਾਮ ਦੇ ਸਮੇਂ ਤਪੱਸਿਆ ਨੂੰ ਅਚਾਨਕ ਰਾਜਬੀਰ ਦਾ ਧਿਆਨ ਆਇਆ। ਉਹ ਤੇਜੀ ਨਾਲ ਰਾਜਬੀਰ ਦੇ ਘਰ ਵੱਲ ਵਧਣ ਲੱਗੀ। ਉਹ ਸੋਚ ਰਹੀ ਸੀ ਕਿ ਮੌਸਮ ਬਹੁਤ ਖਰਾਬ ਹੈ। ਕਿਸੇ ਵੀ ਸਮੇਂ ਬਰਸਾਤ ਹੋਣ ਵਾਲੀ ਹੈ। ਪਰ ਸਭ ਕੁਝ ਸੋਚਣ ਤੋਂ ਬਾਅਦ ਵੀ ਉਸਦੇ ਕਦਮ ਤੇਜੀ ਨਾਲ ਰਾਜਬੀਰ ਵੱਲ ਵਧ ਰਹੇ ਸਨ। ਜਦ ਉਹ ਉਸਦੇ ਘਰ ਦੇ ਦਰਵਾਜੇ ਤੱਕ ਪਹੁੰਚੀ ਤਾਂ ਉਸਨੇ ਕਈ ਵਾਰ ਦਰਵਾਜਾ ਖੜਕਾਇਆ। ਪਰ ਕੋਈ ਵੀ ਬਾਹਰ ਨਹੀਂ ਆਇਆ। ਉਹ ਸੋਚ ਰਹੀ ਸੀ ਕਿ ਹਨੇਰਾ ਗੂੜਾ ਹੋਣ ਵਾਲਾ ਹੈ ਉਸ ਨੂੰ ਵਾਪਸ ਮੁੜ ਜਾਣਾ ਚਾਹੀਦਾ। ਪਰ ਉਸਦੇ ਮਨ ਨੇ ਉਥੋਂ ਜਾਣ ਦੀ ਇਜਾਜਤ ਨਾ ਦਿੱਤੀ। ਉਹ ਖੜੀ ਰਹੀ। 20-25 ਮਿੰਟਾਂ ਬਾਅਦ ਰਾਜਬੀਰ ਦੇ ਅੰਦਰੋਂ ਹੱਸਣ ਦੀ ਆਵਾਜ਼ ਆਈ। ਜਿਸ ਕਮਰੇ ਦੇ ਬਾਹਰ ਤਪੱਸਿਆ ਖੜ੍ਹੀ ਸੀ। ਇਹ ਉਹੀ ਕਮਰਾ ਸੀ ਜਿਸਦਾ ਇਕ ਦਰਵਾਜਾ ਪਿਛਲੇ ਪਾਸੇ ਖੁੱਲਦਾ ਸੀ। ਇਸ ਦਰਵਾਜੇ ਦੇ ਬਾਹਰ ਹੀ ਤਪੱਸਿਆ ਖੜ੍ਹੀ ਸੀ। ਦਰਵਾਜਾ ਪੁਰਾਣਾ ਹੋਣ ਕਾਰਨ ਉਸਦੀ ਸੱਜੀ ਨੁੱਕਰ ਵਿਚ ਇਕ ਵਿਰਲ ਵੀ ਸੀ। ਤਪੱਸਿਆ ਨੇ ਇਕ ਦਰਖਤ ਦਾ ਉਹਲਾ ਲੈ ਕੇ ਆਪਣੀ ਨਜ਼ਰ ਉਸ ਵਿਰਲ ਤੇ ਟਿਕ ਲਈ। ਉਸਨੇ ਦੇਖਿਆ ਕਿ ਰਾਜਬੀਰ ਦੇ ਕੋਲ ਛੋਟੇ-ਛੋਟੇ ਕੱਪੜਿਆਂ ਵਿਚ ਇਕ ਲੜਕੀ ਬੈਠੀ ਹੋਈ ਹੈ। ਰਾਜਬੀਰ ਖੁਸ਼ ਹੋ ਕੇ ਉਸ ਉੱਪਰ ਮਿੱਧੇ ਜਿਹੇ ਫੁੱਲ ਬਰਸਾ ਰਿਹਾ ਸੀ। ਉਸ ਲੜਕੀ ਨੂੰ ਪੁੱਛਿਆ, “ਕਿੰਨੇ ਸਮੇਂ ਤੋਂ ਤੁਸੀਂ ਉਸ ਬਾਰ ਵਿਚ ਨੌਕਰੀ ਕਰ ਰਹੇ ਹੋ”? ਇਸ ਤੋਂ ਪਹਿਲਾਂ ਉਹ ਕੋਈ ਜਵਾਬ ਦਿੰਦੀ ਰਾਜਬੀਰ ਨੇ ਸ਼ਰਾਬ ਦਾ ਇਕ ਪੈਗ ਉਸ ਲੜਕੀ ਨੂੰ ਫੜਾ ਕੇ ਮਿਊਜਕ ਲਗਾ ਦਿੱਤਾ। ਰਾਜਬੀਰ ਦੀ ਅਸਲੀਅਤ ਦੇਖ ਕੇ ਤਪੱਸਿਆ ਹੱਕੀ ਬੱਕੀ ਰਹਿ ਗਈ। ਉਸਨੂੰ ਜਾਪਿਆ ਜਿਵੇਂ ਕਿਸੇ ਆਪਣੇ ਨੇ ਉਸਦੇ ਡੰਗ ਮਾਰਿਆ ਹੋਵੇ। ਪਰੰਤੂ ਇਸ ਡੰਗ ਨੇ ਤਪੱਸਿਆ ਦੇ ਦਿਲ-ਦਿਮਾਗ ਨੂੰ ਸੁਰਤ ਵਿਚ ਲਿਆ ਖੜ੍ਹਾ ਕੀਤਾ। ਉਹ ਸਮਝ ਗਈ ਸੀ ਕਿ ਰਾਜਬੀਰ ਚਾਹੁੰਦਾ ਤਾਂ ਅਸਲ ਵਿਚ ਅਥਾਹ ਮੁਹੱਬਤ, ਖੁਸ਼ੀ, ਸ਼ਾਂਤੀ ਅਤੇ ਸਕੂਨ ਹੈ। ਲੇਕਿਨ ਉਸਨੇ ਜੋ ਰਸਤਾ ਆਪਣਿਆ ਹੋਇਆ ਉਸ ਰਸਤਾ ਉਸਦਾ ਸਰਵਨਾਸ਼ ਕਰਨ ਲਈ ਕਾਫੀ ਹੈ। ਤਪੱਸਿਆ ਨੂੰ ਉਸ ਦੀ ਮਾਨਸਿਕਤਾ ਤੇ ਫਿਰ ਵੀ ਰਹਿਮ ਆਇਆ। ਉਸਨੇ ਕੁਦਰਤ ਅੱਗੇ ਰਾਜਬੀਰ ਲਈ ਪ੍ਰਾਰਥਨਾ ਕੀਤੀ। ਉਹ ਆਪਣੇ ਘਰ ਵੱਲ ਮੁੜਨ ਹੀ ਲੱਗੀ ਸੀ ਕਿ ਉਹ ਛੋਟਾ ਲੜਕਾ ਉਥੇ ਆ ਗਿਆ। ਉਸਨੇ ਤਪੱਸਿਆ ਨੂੰ ਪੁੱਛਿਆ,”ਤੁਸੀਂ ਇਥੇ ਕੀ ਕਰ ਰਹੇ ਹੋ”? ਸਾਹਬ ਮੈਨੂੰ ਝਿੜਕਾ ਦੇਣਗੇ, ਕਿਉਂ? ਤਪੱਸਿਆ ਨੇ ਉਸ ਲੜਕੇ ਨੂੰ ਪੁੱਛਿਆ। ਸਾਹਬ ਨੂੰ ਦੱਸੋਗੇ ਤਾਂ ਨਹੀਂ, ਬਿਲਕੁਲ ਨਹੀਂ, ਸਾਹਬ ਨੇ ਕਿਹਾ ਸੀ ਕਿ ਜੇਕਰ ਉਹ ਮੈਡਮ ਆਏ ਤਾਂ ਕਹਿਣਾ ਕਿ ਉਹ ਘਰ ਨਹੀਂ ਹੈਗੇ। ਅੱਗੇ ਵੀ ਜਦੋਂ ਤੁਸੀਂ ਪੁੱਛਣ ਆਏ ਸੀ ਤਾਂ ਸਾਹਬ ਕੋਲ ਕੋਈ ਨਾ ਕੋਈ ਲੜਕੀ ਬੈਠੀ ਹੁੰਦੀ ਸੀ ਤਾਂ ਉਹ ਮਨਾ ਕਰ ਦਿੰਦੇ ਸੀ। ਇਸ ਤੋਂ ਪਹਿਲਾਂ ਕਿ ਉਹ ਕੋਈ ਹੋਰ ਗੱਲ ਕਰਦੇ। ਉਸੇ ਪਲ ਅਚਾਨਕ ਬਿਜਲੀ ਚਮਕੀ, ਤੇਜ਼ ਬਾਰਸ਼ ਹੋਣ ਲੱਗੀ। ਤਪੱਸਿਆ ਚੁਪਚਾਪ ਆਪਣੇ ਘਰ ਵੱਲ ਚਲ ਪਈ। ਜਦ ਉਹ ਬਾਗ ਵਿਚ ਦੀ ਲੰਘਣ ਲੱਗੀ ਤਾਂ ਬੂਟੇ ਦੀ ਇਕ ਟਾਹਣੀ ਨਾਲ ਉਸ ਦਾ ਦੁਪੱਟਾ ਟੰਗਿਆ ਗਿਆ। ਉਸਨੇ ਪਿੱਛੇ ਮੁੜ ਕੇ ਦੇਖਿਆ ਤਾਂ ਉਸ ਬੂਟੇ ਤੋਂ ਕਈ ਸਾਰੇ ਫੁੱਲ ਬਿਖਰ ਕੇ ਉਸ ਉੱਪਰ ਡਿੱਗ ਪਏ। ਤਪੱਸਿਆ ਮੁਸਕਰਾਈ। ਉਸਨੇ ਟਾਹਣੀ ਨੂੰ ਚੁੰਮਦੇ ਹੋਏ ਕਿਹਾ ਅੱਜ ਮੈਂ ਰਾਜਬੀਰ ਦੇ ਘਰੋਂ ਪੂਰੀ ਤਰ੍ਹਾਂ ਵਾਪਸ ਆ ਗਈ ਹਾਂ। ਮੈਂ ਜਾਣਦੀ ਹਾਂ ਤੁਹਾਨੂੰ ਸਭ ਨੂੰ ਮੇਰੀ ਕਿੰਨੀ ਫਿਕਰ ਸੀ। ਪਰ ਹੁਣ ਫਿਕਰ ਕਰਨ ਦੀ ਕੋਈ ਲੋੜ ਨਹੀਂ। ਇੰਨਾ ਕਹਿ ਤਪੱਸਿਆ ਚੁਪਚਾਪ ਪਹੁੰਚ ਕੇ ਉਹਨਾਂ ਮਹਿੰਗੀਆਂ ਸੌਗਾਤਾਂ ਨੂੰ ਦੇਖਕੇ ਦੁਬਾਰਾ ਉਹਨਾਂ ਦੇ ਟਿਕਾਣੇ ਤੇ ਵਾਪਸ ਰੱਖ ਦਿੰਦੀ ਹੈ।

ਕਰਮਜੀਤ ਕੌਰ ਮੁਕਤਸਰ
ਮੋ: 89685-94379

