ਜਿੱਥੇ ਤੇਜ਼ੀ ਨਾਲ਼ ਬਦਲਦੇ ਯੁੱਗ ਦੀ ਦੌੜ -ਭੱਜ ਨੇ ਮਨੁੱਖੀ ਅਹਿਸਾਸਾਂ ਨੂੰ ਕਿਤੇ ਪਿੱਛੇ ਛੱਡ ਦਿੱਤਾ ਹੈ, ਉੱਥੇ ਹੀ ਸਾਡੇ ਸਮਾਜ ਵਿੱਚ ਕੁਝ ਸ਼ਖ਼ਸ ਅਜਿਹੇ ਨੇ ਜੋ ਸ਼ਬਦਾਂ ਰਾਹੀਂ ਮਨੁੱਖੀ ਭਾਵਨਾਵਾਂ ਨੂੰ ਜਿਉਂਦਾ ਰੱਖ ਰਹੇ ਹਨ। ਆਪਣੇ ਇਹ ਲੇਖ ਰਾਹੀਂ ਮੈਂ ਜਿਸ ਸ਼ਖ਼ਸ ਦਾ ਜ਼ਿਕਰ ਕਰ ਰਿਹਾ ਹਾਂ ,ਉਹ ਹੈ ਚੰਡੀਗੜ੍ਹ ਵਿਖੇ ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਨਾਲ਼ ਸਬੰਧਿਤ ਡੈਪੂਟੇਸ਼ਨ ਤੇ ਚੰਡੀਗੜ੍ਹ ਸਿੱਖਿਆ ਵਿਭਾਗ ਵਿੱਚ ਬਤੌਰ ਅੰਗਰੇਜ਼ੀ ਅਧਿਆਪਕ ਵਜੋਂ ਕੰਮ ਕਰਨ ਵਾਲੇ ਸ਼ਮਸ਼ੀਲ ਸਿੰਘ ਸੋਢੀ ਜੋ ਕਿ ਆਪਣੇ ਕਿੱਤੇ ਦੇ ਨਾਲ਼- ਨਾਲ਼ ਸਕੂਲੀ ਬੱਚਿਆਂ ਨੂੰ ਮਾਂ -ਬੋਲੀ ਪੰਜਾਬੀ ਨਾਲ਼ ਜੋੜਨ ਦੀ ਅਣਥੱਕ ਕੋਸ਼ਿਸ਼ ਕਰਨ ਦਾ ਫਰਜ਼ ਵੀ ਨਿਭਾ ਰਿਹਾ ਹੈ।
ਮੇਰੀ ਸ਼ਮਸ਼ੀਲ ਸੋਢੀ ਨਾਲ਼ ਜਾਣ-ਪਛਾਣ ਉਸ ਦੀ ਲਿਖੀ ਪਲੇਠੀ ਕਿਤਾਬ ‘ਮਨ ਦੀਆਂ ਲਿਖਤਾਂ’ ਕਰਕੇ ਹੋਈ। ਕੋਵਿਡ ਦੇ ਦੌਰਾਨ ਜਦੋਂ ਦੁਨੀਆਂ ਠਹਿਰ ਗਈ ਸੀ ਤਾਂ ਮੇਰੇ ਇੱਕ ਖ਼ਾਸ ਮਿੱਤਰ ਨੇ ਮੈਨੂੰ ਇੱਕ ਕਿਤਾਬ ਦਿੱਤੀ ਜਿਸ ਦਾ ਸਿਰਲੇਖ ਸੀ “ਮਨ ਦੀਆਂ ਲਿਖਤਾਂ”।
ਮੇਰੇ ਉਸ ਖ਼ਾਸ ਮਿੱਤਰ ਨੇ ਮੈਨੂੰ ਇਹ ਕਿਤਾਬ ਫੜਾਉਣ ਲੱਗਿਆ ਕਿਹਾ, “ਮੰਗਤ ਜੀ,ਇਹ ਨੌਜਵਾਨ ਸ਼ਾਇਰ ਸ਼ਮਸੀਲ ਸੋਢੀ ਦੁਆਰਾ ਮਾਂ ਬੋਲੀ ਪੰਜਾਬੀ ਵਿੱਚ ਲਿਖੀ 183 ਵੱਖ -ਵੱਖ ਸਮਾਜਿਕ ਮੁੱਦਿਆਂ ਨਾਲ਼ ਸਬੰਧਿਤ ਕਵਿਤਾਵਾਂ ਦੀ ਕਿਤਾਬ ਤੁਹਾਡੇ ਮਨ ਨੂੰ ਛੂਹ ਜਾਵੇਗੀ।”ਇਸ ਤੋਂ ਬਾਅਦ ਇੱਕ ਦਿਨ ਜਦੋਂ ਮੈਂ ਇਹ ਕਿਤਾਬ ਪੜ੍ਹਨੀ ਸ਼ੁਰੂ ਕੀਤੀ ਤਾਂ ਕਿਤਾਬ ਦੇ ਪਹਿਲੇ ਹੀ ਪੰਨੇ ਤੋਂ ਲੈ ਕੇ ਤੋਂ ਅੰਤ ਤਾਈਂ ਸਾਰੀਆਂ ਕਵਿਤਾਵਾਂ ਦੇ ਸ਼ਬਦ ਮੇਰੇ ਦਿਲ ਵਿੱਚ ਉਤਰਦੇ ਗਏ। ਮੇਰੇ ਅਨੁਸਾਰ ਸ਼ਮਸ਼ੀਲ ਸੋਢੀ ਦੀ ਇਹ ਪੁਸਤਕ ਉਸ ਦੀ ਸੋਚ ਦਰਸਾਉਂਦੀ ਅਵਾਜ਼ ਹੈ।
ਜਦੋਂ ਇਸ ਪਲੇਠੇ ਕਾਵਿ -ਸੰਗ੍ਰਹਿ ਨੂੰ ਪੜ੍ਹਨ ਤੋਂ ਬਾਅਦ ਸ਼ਮਸ਼ੀਲ ਸੋਢੀ ਨਾਲ਼ ਮੇਰੀ ਗੱਲਬਾਤ ਹੋਈ ਤਾਂ ਨਿਮਰਤਾ ਪੂਰਵਕ ਕਰਦਿਆਂ ਉਸ ਨੇ ਕਿਹਾ, “ਬਾਈ ਜੀ, ਮੈਂ ਤੁਹਾਡੇ ਲਿਖੇ ਲੇਖ ਅਖਬਾਰਾਂ ਵਿੱਚ ਪੜ੍ਹਦਾ ਹਾਂ ਅਤੇ ਇਹਨਾਂ ਲੇਖਾਂ ਤੋਂ ਮੈਨੂੰ ਬਹੁਤ ਸਿੱਖਣ ਨੂੰ ਮਿਲਦਾ ਹੈ।”ਇਹ ਗੱਲ ਸੁਣ ਕੇ ਮੈਨੂੰ ਉਸ ਸਮੇਂ ਮਹਿਸੂਸ ਹੋਇਆ ਕਿ ਇਹ ਵਿਅਕਤੀ ਮਨੁੱਖੀ ਸਲੀਕੇ ਦੇ ਅਰਥ ਵੀ ਜਾਣਦਾ ਹੈ।
ਸ਼ਮਸ਼ੀਲ ਸੋਢੀ ਮੰਨਦਾ ਹੈ ਕਿ “ਸਿੱਖਿਆ ਸਿਰਫ਼ ਕਿਤਾਬਾਂ ਤੱਕ ਸੀਮਿਤ ਨਹੀਂ ਹੋਣੀ ਚਾਹੀਦੀ। ਸੱਚੀ ਸਿੱਖਿਆ ਉਹ ਹੈ ਜੋ ਵਿਦਿਆਰਥੀ ਦੇ ਮਨ ਤੱਕ ਪਹੁੰਚੇ।”ਉਹ ਆਪਣੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਦਾ ਖ਼ਿਆਲ ਰੱਖਦਿਆਂ ਹਰ ਬੱਚੇ ਦਾ ਹੁਨਰ ਪਛਾਣ ਉਸ ਬੱਚੇ ਦੀ ਅੰਦਰ ਛੁਪੀ ਪ੍ਰਤਿਭਾ ਨੂੰ ਉਭਾਰਨ ਦੀ ਕੋਸ਼ਿਸ਼ ਕਰਦਾ ਹੈ।
ਆਪਣੀ ਗੱਲਬਾਤ ਕਰਦਿਆਂ ਸ਼ਮਸ਼ੀਲ ਸੋਢੀ ਦਾ ਕਹਿਣਾ ਹੈ
ਉਹ ਪੰਜਾਬੀ ਸਿਨੇਮਾ ਦੇ ਨਾਮਵਰ ਹਸਤਾਖ਼ਰ ਸ਼ਾਇਰ, ਕਹਾਣੀਕਾਰ ,ਲੇਖਕ ਅਤੇ ਕਲਾਕਾਰ ਰਾਣਾ ਰਣਬੀਰ ਜੀ ਨੂੰ ਆਪਣਾ ਆਦਰਸ਼ ਮੰਨਦਾ ਹੈ। ਸ਼ਮਸ਼ੀਲ ਸੋਢੀ ਨੇ ਵਿਸਥਾਰ ਨਾਲ਼ ਦੱਸਿਆ ਕਿ ਸਾਲ ਦੋ ਹਜ਼ਾਰ ਉੱਨੀਂ ਵਿੱਚ ਦੁਨੀਆਂ ਭਰ ਦੇ ਸਿਨੇਮਾਘਰਾਂ ਵਿੱਚ ਪ੍ਰਦਰਸ਼ਿਤ ਹੋਈ ਪੰਜਾਬੀ ਫ਼ਿਲਮ “ਅਰਦਾਸ ਕਰਾਂ ” ਵਿੱਚ’ ਅਮਰ ਸਿੰਘ’ ਨਾਂਅ ਦਾ ਕਿਰਦਾਰ ਨਿਭਾਉਣ ਵਾਲੀ ਹਰਮਨਪਿਆਰੀ ਸ਼ਖ਼ਸੀਅਤ ਭਾਵ ਪੰਜਾਬੀ ਸਿਨੇਮਾ ਅਤੇ ਰੰਗਮੰਚ ਦੇ ਵੱਡੇ ਅਤੇ ਮਕਬੂਲ ਕਲਾਕਾਰ ਮਲਕੀਤ ਰੌਣੀ ਜੀ ਕਿਰਦਾਰ ਨੇ ਉਨ੍ਹਾਂ ਦੇ ਜੀਵਨ ਦੀ ਨੁਹਾਰ ਹੀ ਬਦਲ ਦਿੱਤੀ ਅਤੇ ਇਸੇ ਫ਼ਿਲਮ ਦੇ ਹਰ ਸ਼ਬਦ ਨੇ ਮੈਨੂੰ ਸੋਚਣ ‘ਤੇ ਮਜਬੂਰ ਕੀਤਾ ਕਿ ਜੀਵਨ ਵਿੱਚ ਪੰਜਾਬੀ ਸਾਹਿਤ ਕਿਵੇਂ ਮਨੁੱਖ ਨੂੰ ਸੋਹਣਾ ਜੀਵਨ ਜਿਉਣ ਲਈ ਪ੍ਰੇਰਿਤ ਕਰਦਾ ਹੈ।ਇਸੇ ਪ੍ਰੇਰਣਾ ਤੋਂ ਹੀ ਪ੍ਰੇਰਿਤ ਹੋ ਕੇ ਉਨ੍ਹਾਂ ਨੇ ਆਪਣਾ ਪਹਿਲਾ ਕਾਵਿ -ਸੰਗ੍ਰਹਿ “ਮਨ ਦੀਆਂ ਲਿਖਤਾਂ” ਲਿਖਿਆ ਜਿਸ ਨੂੰ ‘ਇੰਡੀਆ ਬੁੱਕ ਆਫ਼ ਰਿਕਾਰਡਜ਼’ ਵੱਲੋਂ 2020-2021 ਦੌਰਾਨ ਸਨਮਾਨ ਵੀ ਮਿਲਿਆ ਸੀ।ਉਸ ਅੱਗੇ ਦੱਸਿਆ ਕਿ ਉਸ ਦੀ ਇਸ ਪਲੇਠੇ ਕਾਵਿ ਸੰਗ੍ਰਹਿ ਨੂੰ ਪੰਜਾਬੀ ਸਿਨੇਮਾ ਦੇ ਹਸਤਾਖਰ ਸ੍ਰੀ ਭਾਰਤ ਭੂਸ਼ਣ ਵਰਮਾ ਅਤੇ ਸਰਦਾਰ ਸ਼ਵਿੰਦਰ ਸਿੰਘ ਮਾਹਲ ਸਾਹਿਬ ਨੇ ਭਰਵੇਂ ਇਕੱਠ ਵਿੱਚ ਸ਼ਮੂਲੀਅਤ ਕਰਦਿਆਂ ਇਸ ਕਿਤਾਬ ਨੂੰ ਲੋਕ ਅਰਪਣ ਕੀਤਾ ਸੀ।
ਸ਼ਮਸ਼ੀਲ ਸੋਢੀ ਅਨੁਸਾਰ ਉਸ ਦੀ ਜ਼ਿੰਦਗੀ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਉਸ ਦੇ ਪਿਤਾ ਜੀ ਦੇ ਨਾਲ਼- ਨਾਲ਼ ਮਨਭਾਉਂਦੇ ਅਧਿਆਪਕ ਅਤੇ ਸ਼ਾਇਰ ਸਤੀਸ਼ ਬੇਦਾਗ਼ ਅਤੇ ਉਸਤਾਦ ਬਲਕਾਰ ਸਿੰਘ ਸਿੱਧੂ ਨੇ ਉਸ ਦੇ ਪਹਿਲੇ ਕਾਵਿ ਸੰਗ੍ਰਹਿ ਤੋਂ ਬਾਅਦ ਉਸ ਦੀ ਇਸ ਰਚਨਾਤਮਕ ਯਾਤਰਾ ਵਿੱਚ ਇਹਨਾਂ ਦੋਵਾਂ ਸਖਸ਼ੀਅਤਾਂ ਅਹਿਮ ਭੂਮਿਕਾ ਨਿਭਾਉਂਦੇ ਹੋਏ ਕੋਈ ਕਸਰ ਨਾ ਛੱਡੀ। ਸ਼ਮਸ਼ੀਲ ਅਨੁਸਾਰ “ਜੇ ਗੁਰੂ ਜਾਂ ਉਸਤਾਦ ਵਿਦਿਆਰਥੀ ਨੂੰ ਸਹੀ ਦਿਸ਼ਾ ਦਿਖਾਏ, ਤਾਂ ਉਸ ਵਿਦਿਆਰਥੀ ਦੀ ਕਲਮ ਖ਼ੁਦ ਹੀ ਆਪਣਾ ਰਸਤਾ ਬਣਾ ਲੈਂਦੀ ਹੈ।”ਇਹੀ ਕਾਰਨ ਹੈ ਕਿ ਉਨ੍ਹਾਂ ਦੀ ਹਰ ਰਚਨਾ ਵਿੱਚ ਜੀਵਨ ਦੇ ਤਜ਼ਰਬਿਆਂ ਦੀ ਖ਼ੁਸ਼ਬੂ ਹੈ।
ਉਸ ਨੇ ਅੱਗੇ ਦੱਸਿਆ ਕਿ ਉਸ ਨੇ ਅਧਿਆਪਕ ਵਜੋਂ ਚੰਡੀਗੜ੍ਹ ਵਿਖੇ ਕੰਮ ਕਰਦਿਆਂ ਪ੍ਰਾਈਵੇਟ ਅਦਾਰਿਆਂ ਵੱਲੋਂ ਸਮੇਂ- ਸਮੇਂ ਤੇ ਅਯੋਜਿਤ ਕੀਤੇ ਮੁਕਾਬਲਿਆਂ ਵਿੱਚ ਭਾਗ ਲੈਂਦਿਆਂ ਇਨਾਮ ਦੇ ਰੂਪ ਵਿੱਚ ਸਰਟੀਫ਼ਿਕੇਟ ਅਤੇ ਸਨਮਾਨ -ਚਿੰਨ੍ਹ ਵੀ ਹਾਸਿਲ ਕੀਤੇ ਨੇ।ਉਹ ਦੱਸਦਾ ਹੈ ਕਿ ਹੁਣ ਉਸ ਦੀ ਅਗਲੀ ਕਿਤਾਬ ਵਾਰਤਕ ਵਿੱਚ ਹੋਵੇਗੀ।
ਆਪਣੀ ਗੱਲ ਨੂੰ ਅੱਗੇ ਤੋਰਦਿਆਂ ਉਹ ਆਖਦਾ ਹੈ ਕਿ ਰੱਬ ਕਰੇ,ਉਹ ਸਮਾਂ ਜਲਦੀ ਆਵੇ ਜਦੋਂ ਮੰਗਤ ਰਾਏ ਗਰਗ ਬਾਈ ਜੀ,ਉਸ ਸਮੇਂ ਦੌਰਾਨ ਮੈਨੂੰ ਅਸ਼ੀਰਵਾਦ ਦੇਣ ਵਾਲੀਆਂ ਸ਼ਖ਼ਸੀਅਤਾਂ ਦੀ ਮੂਹਰਲੀ ਕਤਾਰ ਵਿੱਚ ਸ਼ਮੂਲੀਅਤ ਕਰਦਿਆਂ ਆਪਣਾ ਹੱਥ ਮੇਰੇ ਸਿਰ ਤੇ ਰੱਖੋ।
ਸ਼ਮਸ਼ੀਲ ਸੋਢੀ ਸਿਰਫ਼ ਸ਼ਾਇਰ ਜਾਂ ਅਧਿਆਪਕ ਨਹੀਂ, ਸਗੋਂ ਕਦੇ- ਕਦਾਈਂ ਆਪਣੀ ਦਸਾਂ ਨਹੁੰਆਂ ਦੀ ਕਿਰਤ ਵਿੱਚੋਂ ਕੁਝ ਹਿੱਸਾ ਹਰ ਸਾਲ ਕੁਝ ਆਰਥਿਕ ਤੌਰ ‘ਤੇ ਕੰਮਜ਼ੋਰ ਵਿਦਿਆਰਥੀਆਂ ਦੀ ਸਹਾਇਤਾ ਵੀ ਕਰਦਾ ਹੈ।
ਅੰਗਰੇਜ਼ੀ ਸਾਹਿਤ ਨਾਲ ਪਿਆਰ-
ਅਧਿਆਪਕ ਹੋਣ ਦੇ ਨਾਲ਼ ਨਾਲ਼ ਉਹ ਅੰਗਰੇਜ਼ੀ ਸਾਹਿਤ ਨੂੰ ਪੜ੍ਹਨ ਵਿੱਚ ਵੀ ਡੂੰਘੀ ਦਿਲਚਸਪੀ ਰੱਖਦੇ ਹੈ। ਉਹ ਵਿਲੀਅਮ ਏਅਰਜ਼ ਦੀ ਪੁਸਤਕ “To Teach – The Journey of a Teacher” ਦਾ ਜ਼ਿਕਰ ਕਰਦੇ ਹੋਏ ਕਹਿੰਦਾ ਹੈਕਿ
“ਇਕ ਚੰਗਾ ਅਧਿਆਪਕ ਉਹ ਨਹੀਂ ਜੋ ਸਿਰਫ਼ ਵਿਦਿਆਰਥੀ ਨੂੰ ਪੜ੍ਹਾਏ, ਸਗੋਂ ਉਸ ਦੇ ਦਿਲ ਨੂੰ ਛੂਹ ਲਵੇ।”
ਵਾਰਤਾਲਾਪ ਦੇ ਅੰਤਿਮ ਪੜਾਅ ਵੱਲ ਵਧਦਿਆਂ ਸ਼ਮਸ਼ੀਲ ਸੋਢੀ ਬੋਲਦਾ ਹੈ “ਮੈਂ ਸ਼ਬਦ ਨਹੀਂ ਲਿਖਦਾ, ਮੈਂ ਮਨੁੱਖੀ ਜਜ਼ਬਾਤ ਲਿਖਦਾ ਹਾਂ।”
ਦਿਲੋਂ ਕਾਮਨਾ ਹੈ ਕਿ ਇਹ ਨੌਜਵਾਨ ਸ਼ਾਇਰ ਤੇ ਅਧਿਆਪਕ ਹੋਰ ਵੀ ਉੱਚਾਈਆਂ ਛੂਹੇ ਅਤੇ ਆਪਣੀ ਕਲਮ ਨਾਲ਼ ਪੰਜਾਬੀ ਸਾਹਿਤ ਨੂੰ ਹੋਰ ਰੌਸ਼ਨ ਕਰੇ।
✍️ ਮੰਗਤ ਗਰਗ
ਫ਼ਿਲਮੀ ਪੱਤਰਕਾਰ ਬਾਲੀਵੁੱਡ ਅਤੇ ਪਾਲੀਵੁੱਡ!
📞 98201-61670