ਪੰਜਾਬ ਦੀ ਧਰਤੀ ਮੇਲਿਆਂ ਅਤੇ ਤਿਓਹਾਰਾਂ ਦੀ ਧਰਤੀ ਹੈ।ਜੋ ਬੜੇ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਉਂਦੇ ਹਨ।ਇਸ ਲਈ ਕਿਸੇ ਨੇ ਕਵੀ ਕਿਹਾ ਕਿ,
ਫੁੱਲਾਂ ਵਿੱਚੋਂ ਫੁੱਲ ਸ਼ੋਭਦੇ ਗੁਲਾਬ ਦੇ,
ਮੇਲਿਆਂ ਚੋਂ ਮੇਲੇ ਰੰਗਲੇ ਪੰਜਾਬ ਦੇ।
ਮੇਲੇ ਦਾ ਨਾਂ ਸੁਣਦਿਆਂ ਹੀ ਪੰਜਾਬੀ ਗੱਭਰੂ ਤੇ ਮੁਟਿਆਰਾਂ ਆਪ ਮੁਹਾਰੇ ਹੀ ਹਾਣੀ ਨਾਲ਼ ਮੇਲਾ ਵੇਖਣ ਲਈ ਕਾਹਲੇ ਪੈਣ ਲੱਗਦੇ ਹਨ। ਭਾਵੇਂ ਕਿ ਪੰਜਾਬ ਵਿੱਚ ਬਹੁਤ ਸਾਰੇ ਮੇਲਿਆਂ ਦਾ ਆਪੋ ਆਪਣਾ ਰੰਗ, ਤਮਾਸ਼ੇ ਰੀਤ ਰਿਵਾਜ਼ ਜੁੜੇ ਹੋਏ । ਪਰ ਪੰਜਾਬੀ ਦੇ ਸ੍ਰਿਰੋਮਣੀ ਕਵੀ ਧੰਨੀ ਰਾਮ ਚਾਤ੍ਰਿਕ ਦੀਆਂ ਸਤਰਾਂ ਅਨੁਸਾਰ
ਸਾਂਈ ਦੀ ਨਿਗਾਹ ਜੱਗ ਤੇ ਸਵੱਲੀ,
ਚੱਲ ਨੀ ਪ੍ਰੇਮੀਏ ਵਿਸਾਖੀ ਚੱਲੀਏ।
ਵਿਸਾਖੀ ਦੇ ਮੇਲੇ ਦਾ ਆਪਣਾ ਵਿਸ਼ੇਸ਼ ਸਥਾਨ ਹੈ ਇੱਕ ਤਾਂ ਘਰ ਦੇ ਵਿੱਚ ਨਵੀਂ ਫ਼ਸਲ ਖਾਣ ਲਈ ਦਾਣਿਆਂ ਦਾ ਆਉਣਾ ਤੇ ਦੂਸਰਾ ਸਿੱਖ ਇਤਿਹਾਸ ਵਿੱਚ ਸਾਹਿਬ ਏ ਕਮਾਲ ਸ੍ਰੀ ਗੁਰੂ ਗੋਬਿੰਦ ਜੀ ਦੁਆਰਾ ਖਾਲਸਾ ਪੰਥ ਦੀ ਸਾਜਨਾ ਕਰਕੇ ਵਿਸ਼ੇਸ਼ ਸਥਾਨ ਰੱਖਦਾ ਹੈ। ਵਿਸਾਖੀ ਦਾ ਮੇਲਾ ਲੋਕਾਂ ਲਈ ਭਾਰੀ ਉਤਸ਼ਾਹ ਪਾਇਆ ਜਾਂਦਾ ਹੈ। ਫ਼ਸਲਾਂ ਦੇ ਪੱਕਣ ਦੀ ਖੁਸ਼ੀ, ਵਿੱਚ ਗਿੱਧਾ ਭੰਗੜਾ ਪਾਉਂਦੇ ਛੈਲ ਛਬੀਲੇ ਬਾਂਕੇ ਗੱਭਰੂ, ਮੁਟਿਆਰਾਂ, ਬਜ਼ੁਰਗ, ਬੱਚੇ ਸੋਹਣੇ ਸੋਹਣੇ ਕੱਪੜੇ ਪਾ ਕੇ ਮੇਲੇ ਦੀ ਰੌਣਕਾਂ ਵਧਾਉਂਦੇ । ਇੱਕ ਦੂਜੇ ਨਾਲ ਗੱਲਾਂ ਕਰਦੇ ਮੇਲਿਆਂ ਆਨੰਦ ਮਾਣਦੇ ਖੁਸ਼ੀ ਚ ਖੀਵੇ ਹੋਏ ਖੜੂੰਦ ਮਚਾਉਂਦੇ, ਕੁਦਰਤੀ ਖੁੱਲ੍ਹ ਦਾ ਪ੍ਰਗਟਾਵਾ ਕਰਦਿਆਂ ਲੱਡੂਆਂ ਜਲੇਬੀਆਂ , ਖਿਡੌਣਿਆਂ ਝੂਲਿਆਂ,ਪੰਘੂੜਿਆਂ ਸਪੀਕਰਾਂ ਸ਼ੋਰ,ਧੂੜ, ਧੁੱਪ, ਧੱਕੇ ਜ਼ਰਦੇ ਹੋਏ ਮੇਲੇ ਦਾ ਆਨੰਦ ਮਾਣਦੇ ਹਨ।
ਧੂੜ, ਧੱਕੇ, ਧੁੱਪ ਜਿਹੜੇ ਜ਼ਰ ਸਕਦੇ,
ਮੇਲਿਆਂ ਦੀ ਸੈਰ ਸੋਈ ਕਰ ਸਕਦੇ।
ਜਾਂ
ਤੂੜੀ ਤੰਦ ਸਾਂਭ ਹਾੜ੍ਹੀ ਵੇਚ ਵੱਟ ਕੇ,
ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ ,
ਕੱਛੇ ਮਾਰ ਵੰਝਲੀ ਅਨੰਦ ਛਾ ਗਿਆ,
ਮਾਰਦਾ ਦਮਾਮੇ ਜੱਟ ਮੇਲੇ ਆ ਗਿਆ
ਪਰ ਅੱਜ ਕੱਲ੍ਹ ਇਨ੍ਹਾਂ ਮੇਲਿਆਂ ਦਾ ਉਤਸ਼ਾਹ ਘੱਟ ਹੁੰਦਾ ਜਾ ਰਿਹਾ ਹੈ। ਲੋਕਾਂ ਰੁਝਾਨ ਆਨ ਲਾਈਨ ਸ਼ਾਪਿੰਗ, ਮੋਬਾਇਲ ਉਪਰ ਬਹੁਤ ਜ਼ਿਆਦਾ ਧਿਆਨ, ਆਪਸੀ ਸਾਂਝ ਤੇ ਪਿਆਰ ਦੀ ਘਾਟ, ਟੁੱਟ ਰਹੇ ਮਾਨਵੀ ਰਿਸ਼ਤਿਆਂ ਦੀ ਤ੍ਰਾਸਦੀ, ਦਿਨੋਂ ਦਿਨ ਵਧ ਰਹੀ ਮਹਿੰਗਾਈ ਦੀ ਮਾਰ, ਨੌਜਵਾਨਾਂ ਦਾ ਵਿਦੇਸ਼ੀ ਧਰਤੀ ਵੱਲ ਪਰਵਾਸ ਬਹੁਤ ਪ੍ਰਭਾਵਿਤ ਕੀਤਾ ਹੈ।
ਪਰ ਹੱਥੀਂ ਕੰਮ ਕਰਨ ਦੀ ਆਦਤ ਘੱਟ ਹੋ ਗਈ। ਮਸ਼ੀਨੀ ਯੁੱਗ ਵਿੱਚ ਹਰ ਪਾਸੇ ਮਸ਼ੀਨੀਕਰਨ ਕਰਕੇ ਮਨੁੱਖ ਵੀ ਮਸ਼ੀਨਾਂ ਵਾਂਗ ਹੋ ਗਿਆ।ਹੁਣ ਕਿਸੇ ਕੋਲ ਕੰਮ ਵੀ ਕੋਈ ਨਹੀਂ ਤੇ ਵਿਹਲ ਵੀ ਨਹੀਂ। ਨਾ ਹੀ ਹੁਣ ਘਰ ਦੀ ਸੁਆਣੀ ਭੱਤਾ ਲੈ ਕੇ ਜਾਣ ਨੂੰ ਤਿਆਰ ਹੈ ਤੇ ਨਾ ਦਾਤੀ ਨੂੰ ਘੁੰਗਰੂ ਲਵਾਉਣ ਦੀ ਗੱਲ ਆਖਦੀ ਹੈ।
ਰਣਬੀਰ ਸਿੰਘ ਪ੍ਰਿੰਸ
#37/2, ਬਲਾਕ ਡੀ-1
ਆਫ਼ਿਸਰ ਕਾਲੋਨੀ ਸੰਗਰੂਰ 148001
9872299613