ਮਾਂ ਤਾਂ ਜੰਨਤ ਦਾ ਪਰਛਾਵਾਂ ਹੈ, ਠੰਢੀ-ਮਿੱਠੀ ਛਾਂ ਹੈ। ਇਸਦੇ ਬਾਰੇ ਜਿੰਨਾ ਲਿਖੋ ਉਨਾ ਹੀ ਘੱਟ ਹੈ। ਮਾਵਾਂ ਠੰਡੀਆਂ ਛਾਵਾਂ ਸਿਰਫ਼ ਕਹਿਣ ਦੀ ਗੱਲ ਹੀ ਨਹੀਂ ਬਲਕਿ ਅਸਲ ਦੇ ਵਿਚ ਹੀ ਮਾਵਾਂ ਠੰਡੀਆਂ ਛਾਵਾਂ ਹੁੰਦੀਆਂ ਹਨ। ਕਿਸੇ ਨੇ ਸੱਚ ਹੀ ਕਿਹਾ ਹੈ ਕਿ ਮਾਂ ਰੱਬ ਦਾ ਦੂਜਾ ਰੂਪ ਹੁੰਦਾ ਹੈ। ਪਹਿਲਾ ਪਰਮਾਤਮਾ ਹੈ ਤੇ ਦੂਜੀ ਮਾਂ। ਜੋ ਸਾਡੇ ਦੁੱਖ ਸਮਝਦੇ ਹਨ ਤਾਂ ਅਸੀਂ ਇਹਨਾਂ ਨਾਲ ਆਪਣੇ ਦਿਲ ਦੀਆਂ ਗੱਲਾਂ ਕਰ ਸਕਦੇ ਹਾਂ। ਮਾਂ ਬਿਨਾਂ ਜਗ ਤੇ ਦੂਜਾ ਕੋਈ ਨਹੀਂ ਹੈ। ਮਾਂ ਹੀ ਬੱਚੇ ਦਾ ਪਹਿਲਾ ਅਧਿਆਪਕ ਬਣਦੀ ਹੈ।
ਹਰ ਇਨਸਾਨ ਦਾ ਜਨਮਦਾਤਾ ਇਸ ਦੁਨੀਆਂ ਤੇ ਉਸ ਦੀ ਮਾਂ ਹੈ। ਮਾਂ ਆਪਣੇ ਬੱਚੇ ਨੂੰ ਕਦੇ ਵੀ ਦੁੱਖ ਵਿਚ ਨਹੀਂ ਦੇਖ ਸਕਦੀ, ਬਲਕਿ ਆਪ ਬੱਚੇ ਦੇ ਹਿੱਸੇ ਦਾ ਦੁੱਖ ਲੈ ਲੈਂਦੀ ਹੈ। ਆਪ ਕੱਚੀ ਲੱਸੀ ਪੀ ਕੇ ਵੀ ਮਾਂ ਆਪਣੇ ਬੱਚੇ ਨੂੰ ਦੁੱਧ ਪਿਲਾਉਂਦੀ ਹੈ, ਮਾਂ ਆਪਣੇ ਬੱਚੇ ਨੂੰ ਬਹੁਤ ਪਿਆਰ ਕਰਦੀ ਹੈ ਬੱਚੇ ਨੂੰ ਜਨਮ ਤੋਂ ਲੈ ਕੇ ਜਵਾਨ ਹੋਣ ਤੱਕ ਬਹੁਤ ਸੰਸਕਾਰ ਦਿੰਦੀ ਹੈ, ਕਿਸੇ ਚੀਜ਼ ਦੀ ਘਾਟ ਨਹੀਂ ਆਉਣ ਦਿੰਦੀ। ਪਰ ਜਦੋਂ ਆਪਾਂ ਵੱਡੇ ਹੋ ਜਾਂਦੇ ਹਾਂ ਤਾਂ ਮਾਂ ਦੇ ਸਾਰੇ ਅਹਿਸਾਨ ਭੁੱਲ ਜਾਂਦੇ ਹਾਂ ਜਿਹੜੀ ਮਾਂ ਨੇ ਸਾਨੂੰ ਬੋਲਣਾ, ਤੁਰਨਾ ਹੋਰ ਬਹੁਤ ਕੁਝ ਸਿਖਾਇਆ ਉਸ ਮਾਂ ਨੂੰ ਅਸੀਂ ਜਦੋਂ ਆਪ ਕਮਾਉਣ ਲੱਗ ਜਾਂਦੇ ਹਾਂ ਤਾਂ ਦੁਰਕਾਰ ਦਿੰਦੇ ਹਾਂ। ਮਾਂ ਦਾ ਸਹਾਰਾ ਬਣਨ ਦੀ ਬਜਾਏ ਉਸ ਨੂੰ ਦੁੱਖ ਦਿੰਦੇ ਹਾਂ, ਤਕਲੀਫ਼ ਨਹੀਂ ਸਮਝਦੇ। ਜਦੋਂ ਸਾਨੂੰ ਬਾਪੂ ਤੋਂ ਝਿੜਕਾਂ ਪੈਂਦੀਆਂ ਤਾਂ ਮਾਂ ਹੀ ਅੱਗੇ ਹੋ ਕੇ ਸਹਾਰਦੀ ਹੈ। ਮਾਂ ਜੰਨਤ ਦਾ ਪਰਛਾਵਾਂ ਹੁੰਦੀ ਹੈ। ਮਾਂ ਬਿਨਾਂ ਜ਼ਿੰਦਗੀ ਅਧੂਰੀ ਹੈ। ਮਾਂ ਹੈ ਤਾਂ ਜਹਾਨ ਹੈ। ਸਾਨੂੰ ਜ਼ਿੰਦਗੀ ਵਿਚ ਕਦੇ ਵੀ ਦੁੱਖ ਨਹੀਂ ਦੇਣਾ ਚਾਹੀਦਾ, ਸਗੋਂ ਮਾਂ ਦਾ ਧਿਆਨ ਰੱਖਣਾ, ਖਾਸ ਤੌਰ ਤੇ ਮਾਂ ਦੇ ਬੁਢਾਪੇ ਵਿਚ ਹਰ ਧੀ ਪੁੱਤ ਨੂੰ ਸਹਾਰਾ ਬਣ ਕੇ ਨਾਲ ਹੋਣਾ ਚਾਹੀਦਾ ਹੈ।
ਮਾਂ ਵੱਖਰੇ-ਵੱਖਰੇ ਕਿਰਦਾਰ ਨਿਭਾਉਦੀ ਕਰਦੀ ਹੈ। ਰਿਸ਼ਤੇ ਬਣਾਉਂਦੀ ਹੈ, ਨਿਭਾਉਂਦੀ ਹੈ ਅਤੇ ਹੰਢਾਉਂਦੀ ਹੈ। ਕਿਤੇ ਬੇਟੀ ਦਾ, ਕਿਤੇ ਭੈਣ ਦਾ, ਕਿਤੇ ਪਤਨੀ ਦਾ, ਕਿਤੇ ਮਾਂ ਦਾ।
ਮੇਰੀ ਮਾਂ ਅਰਦਾਸ ‘ਚ ਇਹੀ ਆਖਦੀ ਹੈ ਕਿ ”ਹੇ ਪਰਮਾਤਮਾ! ਮੇਰੇ ਬੱਚਿਆਂ, ਮੇਰੇ ਪਰਿਵਾਰ ਨੂੰ ਸੁੱਖ ਸ਼ਾਂਤੀ ਬਖ਼ਸ਼ੀਂ। ਉਨ੍ਹਾਂ ਉੱਤੇ ਕੋਈ ਮੁਸੀਬਤ ਨਾ ਪਵੇ। ਉਨ੍ਹਾਂ ਨੂੰ ਸਾਰੀ ਜ਼ਿੰਦਗੀ ਖ਼ੁਸ਼ ਰੱਖੀਂ, ਤਰੱਕੀਆਂ ਬਖ਼ਸ਼ੀਂ, ਸਿੱਧੇ ਰਾਹ ਪਾਈ ਰੱਖੀਂ।” ਆਪਣੀ ਇਸ ਅਰਦਾਸ ਵਿੱਚ ਵੀ ਉਹ ਆਪਣੇ ਲਈ ਕੁਝ ਨਹੀਂ ਮੰਗਦੀ।

ਲੈਕਚਰਾਰ ਸੁਖਪਾਲ ਸਿੰਘ ਜਖੇਪਲ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ
ਗੰਢੂਆਂ ਜ਼ਿਲ੍ਹਾ ਸੰਗਰੂਰ