ਆਪਣੀ ਪਤਨੀ ਦੀ ‘ ਮਾਨ ਡਾਇਗਨੋਸਟਿਕ ਐਂਡ ਰਿਸਰਚ ਸੈਂਟਰ ਜਲੰਧਰ ‘ ਤੋਂ ਬਰੇਨ ਦੀ ਐੱਮ. ਆਰ. ਆਈ. ਕਰਵਾ ਕੇ ਜਦੋਂ ਅਸੀਂ ਬਹਿਰਾਮ ਦੇ ਲਾਗੇ ਪੁੱਜੇ, ਤਾਂ ਮੇਰੀ ਪਤਨੀ ਆਖਣ ਲੱਗੀ,” ਜਾਂਦੇ, ਜਾਂਦੇ ਭੈਣ ਨੂੰ ਮਿਲ ਜਾਂਦੇ ਆਂ। ਫੇਰ ਕਿੱਥੇ ਆਂਦੇ ਫਿਰਨਾਂ। ਹੁਣ ਓਸੇ ਪਟਰੋਲ ਨਾਲ ਸਰ ਜਾਣਾਂ। ਨਾਲੇ ਰਾਜੀ, ਖੁਸ਼ੀ ਦਾ ਪਤਾ ਲੱਗ ਜਊ।”
” ਜਿਵੇਂ ਤੇਰੀ ਮਰਜ਼ੀ।” ਮੈਂ ਆਖਿਆ।
ਬਹਿਰਾਮ ਪਹੁੰਚ ਕੇ ਮੈਂ ਕਾਰ ਆਪਣੀ ਪਤਨੀ ਦੀ ਭੈਣ ਦੇ ਘਰ ਵੱਲ ਨੂੰ ਮੋੜ ਲਈ। ਉਸ ਦੇ ਘਰ ਪਹੁੰਚ ਕੇ ਪਤਾ ਲੱਗਾ ਕਿ ਉਸ ਦੇ ਪਿੱਤੇ ਵਿੱਚ ਪੱਥਰੀਆਂ ਸਨ। ਤਿੰਨ ਦਿਨ ਪਹਿਲਾਂ ਡਾਕਟਰਾਂ ਨੇ ਅਪਰੇਸ਼ਨ ਨਾਲ ਉਸ ਦਾ ਪਿੱਤਾ ਕੱਢ ਦਿੱਤਾ ਸੀ। ਹੁਣ ਉਹ ਬੈੱਡ ਤੇ ਪਈ ਆਰਾਮ ਕਰ ਰਹੀ ਸੀ। ਅਸੀਂ ਦੋਵੇਂ ਉਸ ਕੋਲ ਕੁਰਸੀਆਂ ਤੇ ਬੈਠ ਗਏ। ਮੇਰੇ ਸਾਂਢੂ ਨੇ ਸਾਨੂੰ ਪੂਰੀ ਜਾਣਕਾਰੀ ਦਿੰਦਿਆਂ ਦੱਸਿਆ,” ਸੇਮੋ ਦੇ ਪੇਟ ‘ਚ ਤਿੰਨ ਦਿਨ ਪਹਿਲਾਂ ਬਹੁਤ ਤੇਜ਼ ਦਰਦ ਹੋਇਆ ਸੀ। ਦਰਦ ਤਾਂ ਪਹਿਲਾਂ ਵੀ ਹੁੰਦਾ ਰਹਿੰਦਾ ਸੀ, ਪਰ ਐਤਕੀਂ ਦਾ ਦਰਦ ਬਹੁਤ ਤੇਜ਼ ਸੀ। ਰੁਕਣ ਦਾ ਨਾਂ ਹੀ ਨਹੀਂ ਸੀ ਲੈਂਦਾ। ਇਸ ਲਈ ਇਸ ਨੂੰ ਫਗਵਾੜਾ ਦੇ ਇਕ ਪ੍ਰਾਈਵੇਟ ਹਸਪਤਾਲ ‘ਚ ਦਾਖਲ ਕਰਵਾਣਾ ਪਿਆ। ਪੇਟ ਦੀ ਸਕੈਨ ਕਰਨ ਤੇ ਪਤਾ ਲੱਗਾ ਕਿ ਇਸ ਦੇ ਪਿੱਤੇ ‘ਚ ਪੱਥਰੀਆਂ ਆਂ। ਡਾਕਟਰਾਂ ਨੇ ਫੁਰਤੀ ਵਰਤ ਕੇ ਇਸ ਦਾ ਪਿੱਤਾ ਕੱਢ ‘ਤਾ। ਮਾਹਰਾਜ ਨੇ ਇਸ ਨੂੰ ਠੀਕ ਕਰ ‘ਤਾ। ਉਸ ਨੇ ਸਾਡੀ ਨੇੜੇ ਹੋ ਕੇ ਸੁਣ ਲਈ। ਹੋਰ ਸਾਨੂੰ ਕੀ ਚਾਹੀਦਾ। ਪੈਸੇ ਲੱਗਿਓ ਭੁੱਲ ਜਾਣਗੇ।” ਆਪਣੇ ਸਾਂਢੂ ਦੀਆਂ ਗੱਲਾਂ ਸੁਣ ਕੇ ਮੈਂ ਡਾਕਟਰਾਂ ਵੱਲੋਂ ਕੀਤੇ ਇਲਾਜ ਵਿੱਚ ਦੂਰ ਬੈਠੇ ‘ਉਸ ਮਾਹਰਾਜ’ ਵੱਲੋਂ ਪਾਏ ਯੋਗਦਾਨ ਬਾਰੇ ਸੋਚਣ ਲੱਗ ਪਿਆ, ਜੋ ਆਪਣਾ ਇਲਾਜ ਅਮਰੀਕਾ ਜਾ ਕੇ ਕਰਵਾਉਂਦਾ ਹੈ।
ਮਹਿੰਦਰ ਸਿੰਘ ਮਾਨ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਕੇਨਾਲ ਰੋਡ
ਨਵਾਂ ਸ਼ਹਿਰ-144514
ਫੋਨ -9915803554