ਪੁਸਤਕ:- ਮਾਹੌਲ ( ਵਿਅੰਗ-ਕਾਵਿ )
ਲੇਖਕ:- ਨਵਰਾਹੀ ਘੁਗਿਆਣਵੀ
ਮੋਬਾਈਲ:- 98150-02302
ਕੀਮਤ:- 150/- ਰੁਪਏ
ਸਫੇ :- 104
ਪ੍ਰਕਾਸ਼ਨ:- ਤਰਕਭਾਰਤੀ ਪ੍ਰਕਾਸ਼ਨ ਬਰਨਾਲਾ (ਪੰਜਾਬ)
‘ਮਾਹੌਲ’ ਵਿਅੰਗ- ਕਾਵਿ ਤੋ ਪਹਿਲਾ ਨਵਰਾਹੀ ਘੁਗਿਆਣਵੀ ਜੀ ਦੇ ਤਕਰੀਬਨ 16 ਦੇ ਕਰੀਬ ਬਾਲ ਕਾਵਿ-ਸੰਗ੍ਰਿਹ ਤੇ ਵਿਅੰਗ-ਕਾਵਿ ਸੰਗ੍ਰਹਿ ਆ ਚੁੱਕੇ ਹਨ। ਨਵਰਾਹੀ ਘੁਗਿਆਣਵੀ ਜੀ ਪੰਜਾਬੀ ਮਾਂ ਬੋਲੀ ਦੇ ਹਸਤਾਖਰ ਹਨ। ਪੰਜਾਬੀ ਸਾਹਿਤ ਸਭਾ ਫ਼ਰੀਦਕੋਟ ਦੇ ਸਾਹਿਤਕਾਰਾ ਵੱਲੋ, ਏਨਾਂ ਨੂੰ ਬਾਬਾ ਬੋਹੜ ਕਹਿ ਮਾਣ ਸਨਮਾਨ ਦਿੱਤਾ ਜਾ ਰਿਹਾ ਹੈ। ਏਨਾਂ ਦਾ ਮਿੱਠ ਬੋਲੜਾ ਸੁਭਾਅ ਹਰ ਇੱਕ ਦੇ ਮਨ ਨੂੰ ਭਾਉਦਾ ਹੈ। ਇਹ ਫ਼ਰੀਦਕੋਟ ਦੇ ਰਤਨਾ ਵਿੱਚੋ ਇੱਕ ਰਤਨ ਹਨ । ਹਰ ਐਤਵਾਰ ਰੋਜਾਨਾ ਅਜੀਤ ਅਖਬਾਰ ਰਾਹੀ ਨਵੇ ਵਿਅੰਗ ਨਾਲ ਦਸਤਕ ਦਿੰਦੇ ਹਨ।
“ਮਾਹੌਲ” ਵਿਅੰਗ-ਕਾਵਿ ਸਮਾਜ ਵਿਰੋਧੀ ਤਾਕਤਾਂ ਲਈ ਇੱਕ ਲਲਕਾਰ ਹੈ। ਇਸ ਕਾਵਿ ਸੰਗ੍ਰਿਹ ਦੇ ਸੁਰੂ ਵਿੱਚ ਨਵਰਾਹੀ ਜੀ ਇਕ ਰੁਬਾਈ ਰਾਹੀ ਲੇਖਕਾਂ ਨੂੰ ਕਹਿੰਦੇ ਹਨ:-
ਜੇਕਰ ਤੁਸੀ ਲਿਖਾਰੀ ਹੋ , ਤਾਂ ਕਹੋ ਚੋਰ ਨੂੰ ਚੋਰ !
ਜਿਸ ਦੇ ਘਰ ਨੂੰ ਸੰਨ੍ਹ ਲੱਗ ਜਾਵੇ, ਕਿਉ ਨਾ ਪਾਵੇ ਸ਼ੋਰ ?
ਵੱਡੀ ਸਿਤਮ-ਜ਼ਰੀਫੀ ਹੈ ਕਿ ਨਿਆਂ-ਤਰਾਜ਼ੂ ਟੁੱਟੇ ;
‘ਨਵਰਾਹੀ’ ਦੰਦ ਬਾਹਰ ਹੋਰ ਨੇ, ਖਾਣ ਲਈ ਦੰਦ ਹੋਰ!
ਨਵਰਾਹੀ ਦੇ ਕਾਵਿ ਵਿਅੰਗ ਅਕਸਰ ਹੀ ਗੰਦੀ ਰਾਜਨੀਤੀ ਤੇ ਓਨਾਂ ਦੀ ਗੰਦੀ ਸੋਚ ਤੇ ਕਰਾਰੀ ਚੋਟ ਵਾਲਾ ਕੰਮ ਕਰਦੇ ਹਨ। ਓਹ ਲੋਕਾਈ ਨੂੰ ਏਨਾ ਤੋ ਸਤਰਕ ਰਹਿਣ ਲਈ ਸੰਬੋਧਨ ਕਰਦੇ ਤੇ ਇਸ ਕਾਵਿ ਵਿਅੰਗ ਰਾਹੀ ਕੀ ਕਹਿੰਦੇ ਨੇ :-
ਕੰਮ ਦੀ ਗੱਲ ਨਾ ਕਰਨ ਇਹ ਰਾਜ ਨੇਤਾ,
ਵਾਧੂ ਕੰਮਾਂ ਦੇ ਵਿੱਚ ਉਲਝਾਈ ਰੱਖਣ ।
ਐਵੇ ਉਰਲੀਆਂ-ਪਰਲੀਆਂ ਮਾਰਦੇ ਨੇ,
ਬੁੱਧੂ , ਲੋਕਾਂ ਨੂੰ ਖੂਬ ਬਣਾਈ ਰੱਖਣ ।
ਕਰਨ ਅਮਨ ਦਾ ਬੜਾ ਪ੍ਰਚਾਰ ਉੱਤੇ ,
ਭਾਈ ਭਾਈ ਦੇ ਨਾਲ ਲੜਾਈ ਰੱਖਣ ।
ਕੋਈ ਤਰਸ ਨਾ ਇੰਨਾਂ ਨੂੰ ਅੱਲੜ੍ਹਾਂ ਤੇ ,
ਪੈਰ- ਪੈਰ ਤੇ ਅੱਗ ਮਚਾਈ ਰੱਖਣ । (ਉਰਲੀਆਂ-ਪਰਲੀਆਂ)
ਆਪਣੇ ਇਕ ਕਾਵਿ ਵਿਅੰਗ ਵਿੱਚ ਨਵਰਾਹੀ ਜੀ ਕਹਿੰਦੇ , ਇੰਨਾ ਤੋ ਇਨਸਾਨੀਅਤ ਕੋਹਾਂ ਦੂਰ ਹੋ ਗਈ। ਓਹ ਏਨਾਂ ਨੂੰ ਘਟੀਆਂ ਕਹਿੰਦੇ ਹਨ :-
ਘਟੀਆ ਲੋਕ ਸਿਆਸਤਾਂ ਖੇਡਦੇ ਨੇ,
ਇੰਨ੍ਹਾਂ ਵਿੱਚੋ ਇਨਸਾਨੀਅਤ ਦੂਰ ਹੋਈ।
ਕੀ ਪਤਾ ਹੈ ਇੰਨ੍ਹਾਂ ਨਿਕੰਮਿਆਂ ਨੂੰ ,
ਕਿਸ ਤਰਾਂ ਮਨੁੱਖਤਾ ਚੂਰ ਹੋਈ।
ਮੁਫ਼ਤੀ ਵਿੱਚ ਹੀ ਇਨ੍ਹਾਂ ਨੂੰ ਰਾਜ ਮਿਲਿਆ।
ਜਨਤਾ ਭਟਕਦੀ ਫਿਰੇ ਮਜਬੂਰ ਹੋਈ। (ਤੰਦੂਰ)
ਲੇਖਕ ਓਨਾਂ ਜਿਹੜੇ ਐਵੇ ਆਪਣੀ ਫੈੰ ਫੈੰ ਵਿੱਚ ਹੰਕਾਰੀ ਵਿਦਵਾਨ ਬਣੇ ਫਿਰਦੇ ਹਨ, ਓਨਾਂ ਲਈ ਲਿਖਦੇ ਹਨ:-
ਸੱਖਣੇ, ਚੱਜ, ਸ਼ਾਊਰ,ਇਖਲਾਕ ਦੇ ਜੋ,
ਬਣੇ ਬੈਠੇ ਨੇ ਅੱਜ ਵਿਦਵਾਨ ਵੱਡੇ ।
ਠੱਗ,ਚੋਰ, ਮੱਕਾਰ ਤੇ ਜੇਬ- ਕਤਰੇ,
ਹਾਵੀ ਹੋ ਰਹੇ ਕਿਵੇ ਸ਼ੈਤਾਨ ਵੱਡੇ ।
ਵਿੱਚੋ ਖੋਖਲੇ, ਖੋਖਲੇ ਚਣੇ ਵਾਂਗੂ ,
ਮੱਲੋ- ਮੱਲੀ ਦੇ ਬਣੇ ਪ੍ਰਧਾਨ ਵੱਡੇ ( ਲੁਕੇ ਤੂਫਾਨ)
ਲੇਖਕ ਕਿਸੇ ਦੀ ਪ੍ਰਵਾਹ ਨਾ ਕਰਦੇ ਹੋਏ, ਲਿਖਦੇ ਹਨ ਕਿ ਸਾਨੂੰ ਕਲਗੀਧਰ ਦੀ ਥਾਪਨਾ ਹੈ , ਓਹ ਇਸ ਸੇਅਰ ਚ ਲਿਖਦੇ ਹਨ।
ਸਾਨੂੰ ਥਾਪਨਾ ਕਲਗੀਆਂ ਵਾਲੜੇ ਦੀ,
ਕੱਚੇ ਪਿਲਿੱਆਂ ਦੀ ਨਹੀਂ ਪ੍ਰਵਾਹ ਸਾਨੂੰ ।
ਅਸੀ ਮੁਕਤ ਹਾਂ ਵਹਿਮ – ਪ੍ਰਸਤੀਆਂ ਤੋ,
ਬਾਣੀ ਸਦਾ ਵਿਖਾਂਵਦੀ ਰਾਹ ਸਾਨੂੰ । (ਥਾਪਨਾ)
ਲੇਖਕ ਪੁਸਤਕ ਦੇ ਟਾਈਟਲ ‘ ਮਾਹੌਲ’ ਦੇ ਕਾਵਿ ਵਿਅੰਗ ਵਿੱਚ ਕੀ ਲਿਖਦੇ ਹਨ :-
ਇਹੋ ਜਿਹਾ ਮਾਹੌਲ ਹੁਣ ਬਣ ਗਿਆ ਏ,
ਨਿਰਧਨ ਨਹੀ ਇਲਾਜ ਕਰਵਾਅ ਸਕਦਾ ।
ਦੇਸ਼ ਵਿੱਚ ਨਾ ਮਿਲੇ ਰੁਜ਼ਗਾਰ ਉਸ ਨੂੰ ,
ਨਾ ਹੀ ਉਹ ਵਿਦੇਸ਼ਾਂ ਨੂੰ ਜਾ ਸਕਦਾ ।
ਉਸ ਦੀ ਯੋਗਤਾ ਕਿਸੇ ਨਾ ਕੰਮ ਆਵੇ ,
ਬੱਚੇ ਆਪਣੇ ਨਹੀ ਪੜ੍ਹਾਅ ਸਕਦਾ। (ਮਾਹੌਲ)
ਲੇਖਕ ਦੱਸਦਾ, ਅੱਜ ਕੀ ਹੋ ਰਿਹਾ। ਸਮਾਜ ਅੰਦਰ ਨਿਰਧਨ ਦਾ ਜਿਊਣਾ ਮੁਸ਼ਕਿਲ ਬਣਿਆ ਹੋਇਆ ਹੈ। ਇਥੇ ਚੰਗੇ ਇਨਸਾਨਾਂ ਦੀ ਕਦਰ ਬਹੁਤ ਘੱਟ ਪੈਦੀ ਹੈ ਤੇ ਲਿਖਦਾ ਹੈ :-
ਭਲੇ ਲੋਕਾਂ ਨੂੰ ਕੋਈ ਨਾ ਜੀਣ ਦੇੰਦਾ,
ਬੋਲ਼- ਬਾਲਾ ਹੈ ਏਥੇ ਮੁਸ਼ਟੰਡਿਆਂ ਦਾ ।
ਮੀਣੇ ਢੱਗਿਆਂ ਦੇ ਵੱਡੇ ਵੱਗ ਅੰਦਰ,
ਆਦਰ ਮਾਣ ਹੋਵੇ ਸਾਨ੍ਹਾਂ ਲੰਡਿਆਂ ਦਾ। (ਪਰਛੰਡੇ)
ਲੇਖਕ ਨਵਰਾਹੀ ਘੁਗਿਆਣਵੀ ਜੀ ਪੁਸਤਕ “ਮਾਹੌਲ” ਦੀ ਆਮਦ ਲਈ ਮੁਬਾਰਕਬਾਦ। ਨਵਰਾਹੀ ਘੁਗਿਆਣਵੀ ਜੀ ਦੀਆ ਕਾਵਿ ਵਿਅੰਗ ਪਾਠਕਾਂ ਨੂੰ ਸੁਰਖਰੂ ਕਰਦੇ ਹਨ , ਕਿਤੇ ਨਾ ਕਿਤੇ ਇਕ ਪਾਠਕਾਂ ਲਈ ਵਰਦਾਨ ਵਾਂਗ ਜਾਪਦੇ ਨੇ । ਲੇਖਕ ਨਵਰਾਹੀ ਜੀ ਸੰਜੀਦਾ ਸੋਚ ਚੋ ਉਪਜਦੀਆਂ ਰਚਨਾਵਾਂ ਪਾਠਕਾਂ ਨੂੰ ਰਾਜਨੀਤਕ ਲੀਡਰਸ਼ਿਪ ਵੱਲੋ ਸਿਰਜੇ ਮਾਹੌਲ ਤੋ ਅਗਾਂਹ ਕਰਦੀਆਂ ਹਨ ਤੇ ਸੰਵੇਦਨਸ਼ੀਲ ਹੋ ਜਿੰਦਗੀ ਨੂੰ ਖੂਬਸੂਰਤ ਬਣਾਉਣ ਦੀ ਹਾਮੀ ਭਰਦੀਆਂ ਹਨ। ਸੋ ਨਵਰਾਹੀ ਜੀ ਨੂੰ ਪੁਸਤਕ ਲਈ ਸੁਭਕਾਮਨਾਵਾਂ। ਆਮੀਨ
ਸ਼ਿਵਨਾਥ ਦਰਦੀ ਫ਼ਰੀਦਕੋਟ
ਫਿਲਮ ਜਰਨਲਿਸਟ
ਸੰਪਰਕ:- 9855155392
