ਏਸੇ ਤਰ੍ਹਾਂ ਹੀ ਮਿਲ ਜਾਇਆ ਕਰ ।
ਜਿਉਂਦੇ ਹੋਣ ਦਾ,
ਭਰਮ ਬਣਿਆ ਰਹਿੰਦਾ ਹੈ ।
ਫ਼ਿਕਰਾਂ ਦਾ ਚੱਕਰਵਿਊ ਟੁੱਟ ਜਾਂਦਾ ਹੈ ।
ਕੁਝ ਦਿਨ ਚੰਗੇ ਲੰਘ ਜਾਂਦੇ ਨੇ,
ਰਾਤਾਂ ਨੂੰ ਨੀਂਦ ਨਹੀਂ ਉਟਕਦੀ ।
ਮਿਲ ਜਾਇਆ ਕਰ ।
ਸ਼ਾਮਾਂ ਸਵੇਰਾਂ ਦਾ ਗਿੜਦਾ ਹੈ ਖ਼ੂਹ ।
ਚੰਗੀ ਲੱਗਦੀ ਹੈ,
ਭਰੀਆਂ ਟਿੰਡਾਂ ਦੀ ਝਲਾਰ
ਸਵੇਰ ਸਾਰ ।
ਵਿੱਚੋਂ ਦੀ ਬਚਪਨ ਵੇਲੇ ਸੂਰਜ ਵੇਖਣਾ,
ਯਾਦ ਆਉਂਦਾ ਹੈ ।
ਤੈਨੂੰ ਚੇਤੇ ਕਰਕੇ ਇਸ ਰੁੱਤੇ,
ਬਹੁਤ ਕੁਝ ਜਾਗਦਾ ਹੈ ਧੁਰ ਅੰਦਰ ।
ਸੋਂਧੀ ਮਿੱਟੀ ਦੀ ਮਹਿਕ ਜਾਗਦੀ ਹੈ ।
ਚਾਰ ਚੁਫ਼ੇਰ ਬੀਂਡੇ ਬੋਲਦੇ ।
ਡੱਡੂਆਂ ਦੇ ਫੁੱਲੇ ਹੋਏ ਚਿਹਰੇ ।
ਪਿੱਪਲ ਪੱਤਿਆਂ ’ਤੇ
ਲਮਕਦੇ ਜਲ ਕਣ ।
ਬੋਹੜ ਦੇ ਪੱਤਿਆਂ ਸਹਾਰੇ ਪੱਕਦੇ ਪੂੜੇ ।
ਰਿੱਝਦੀਆਂ ਖੀਰਾਂ ’ਵਾਜਾਂ ਮਾਰਦੀਆਂ,
ਨਿਰਵਸਤਰੀ ਰੂਹ ਲੈ ਕੇ ।
ਮੀਂਹ ਵਿੱਚ ਭਿੱਜਣਾ ਚਾਹੁੰਦਾ ਹਾਂ,
ਤੈਨੂੰ ਮਿਲਿਆਂ ਸੁਪਨੇ ਵੀ,
ਦਸਤਕ ਦੇਣ ਆ ਜਾਂਦੇ ਨੇ ।
ਇਹੀ ਸੁਪਨੇ ਤਾਂ ਮੈਨੂੰ ਤੋਰੀ ਫਿਰਦੇ ਨੇ ।
ਰੰਗਾਂ ਦੀਆਂ ਡੱਬੀਆਂ, ਲੱਭਣ ਤੁਰ ਪੈਂਦਾ ਹਾਂ ਜਾਗਣ ਸਾਰ ।
ਸੁਪਨਿਆਂ ’ਚ ਰੰਗ ਭਰਨ ਲਈ ।
ਨੱਕੋ ਨੱਕ ਭਰੇ ਆਫ਼ਰੇ ਬਾਜ਼ਾਰ ’ਚੋਂ,
ਖ਼ਾਲੀ ਹੱਥ ਪਰਤਦਾਂ ਹਰ ਵਾਰ ।
ਆਪਣੀ ਹੀ ਰੱਤ ਕੰਮ ਆਉਂਦੀ ਹੈ,
ਤੇਰੇ ਸੁਪਨਿਆਂ ’ਚ ਰੰਗ ਭਰਨ ਲਈ ।
ਉਂਗਲਾਂ ਬੁਰਸ਼ ਬਣ ਜਾਂਦੀਆਂ ਨੇ ।
ਨਕਸ਼ ਉੱਘੜਦੇ ਨੇ ਦੋ ਚਾਰ ਲੀਕਾਂ ਨਾਲ ।
ਚੌਗਿਰਦੇ ਮਸ਼ੀਨੀ ਜਹੇ ਰਿਸ਼ਤੇ,
ਸੇਵੀਆਂ ਵੱਟਣ ਵਾਲੀ ਜੰਦਰੀ ਜਹੇ ।
ਮੈਦਾ ਤੁੰਨੀ ਜਾਉ ।
ਸੇਵੀਆਂ ਲਾਹੀ ਜਾਉ ।
ਦਰਿਆ ਦੀ ਲਹਿਰ ਜਿਹਾ,
ਅਲੌਕਿਕ ਨਾਚ ਦਿਸਦਾ ਹੈ ਭਲਿਆ ।
ਤੇਰੇ ਆਉਣ ਨਾਲ, ਬੂਹਾ ਖੜਕਦਾ ਹੈ ਤਾਂ ਮਨ ਜਾਗਦਾ,
ਗੂੜ੍ਹੀ ਨੀਂਦ ਟੁੱਟਦੀ ਹੈ ।
ਨੀਂਦਰ ਦਾ ਟੁੱਟਣਾ ਬਹੁਤ ਜ਼ਰੂਰੀ ਹੈ ।
ਮਨ ਦੀ ਰਖਵਾਲੀ ਲਈ ।
ਸ਼ਬਦ ਪੁੰਗਰਦੇ ਨੇ ਕਵਿਤਾ ਜਹੇ,
ਤਰਬਾਂ ਛਿੜਦੀਆਂ ਹਨ
ਸਰਗਮ ਵਾਂਗ,
ਸਾਜ਼ ਵੱਜਦੇ ਹਨ ਬਿਨ ਵਜਾਇਆਂ ।
ਅਨਹਦ ਨਾਦ ਗੂੰਜਦਾ ਹੈ ।
ਮਰਦਾਨੇ ਦੀ ਰਬਾਬ ਚੇਤੇ ਆਉਂਦੀ ਹੈ ।
ਸੱਚੀਂ ਯਾਰ! ਮਿਲ ਜਾਇਆ ਕਰ ।
ਵਗਦੇ ਪਾਣੀ ’ਚ ਤਾਜ਼ਗੀ
ਬਣੀ ਰਹਿੰਦੀ ਹੈ ।
ਇਸ਼ਨਾਨ ਨੂੰ ਚਿੱਤ ਕਰਦਾ ਹੈ ।
ਬੁੱਸੇ ਪਾਣੀਆਂ ’ਚ ਕੌਣ ਵੜਦਾ ਹੈ?
🟪
▪️ਗੁਰਭਜਨ ਗਿੱਲ

