ਪਿੰਡ ਦੇ ਗੁਰਦੁਆਰੇ ਤੋਂ ਇਹ ਅਨਾਊਂਸਮੈਂਟ ਕੀਤੀ ਜਾ ਰਹੀ ਸੀ,” ਅੱਜ ਪਿੰਡ ਦੇ ਸੁਸਾਇਟੀ ਬੈਂਕ ਵਿੱਚ ਦਸ ਵਜੇ ਬੁਢਾਪਾ ਪੈਨਸ਼ਨ ਦੇ ਫਾਰਮ ਭਰੇ ਜਾਣੇ ਨੇ। ਜਿਸ ਔਰਤ ਦੀ ਉਮਰ 60 ਸਾਲ ਅਤੇ ਜਿਸ ਪੁਰਸ਼ ਦੀ ਉਮਰ 65 ਸਾਲ ਹੋਵੇ, ਉਸ ਦਾ ਹੀ ਫਾਰਮ ਭਰਿਆ ਜਾਣਾ ਆਂ। ਲੋੜਵੰਦ ਔਰਤਾਂ ਤੇ ਪੁਰਸ਼ ਠੀਕ ਦਸ ਵਜੇ ਸੁਸਾਇਟੀ ਬੈਂਕ ਵਿੱਚ ਪਹੁੰਚ ਜਾਣ।”
ਇਹ ਅਨਾਊਂਸਮੈਂਟ ਖਤਮ ਹੋਈ ਹੀ ਸੀ ਕਿ ਬਲਜਿੰਦਰ ਸਿੰਘ ਦੇ ਘਰ ਦਾ ਗੇਟ ਕਿਸੇ ਨੇ ਆ ਖੜਕਾਇਆ। ਉਸ ਨੇ ਗੇਟ ਕੋਲ ਜਾ ਕੇ ਵੇਖਿਆ, ਉਸ ਦਾ ਗੁਆਂਢੀ ਗੇਟ ਖੜਕਾ ਰਿਹਾ ਸੀ। ਉਸ ਨੂੰ ਵੇਖ ਕੇ ਉਹ ਬੋਲਿਆ,” ਮਾਸਟਰ ਜੀ, ਤੁਹਾਡਾ ਡੈਡੀ ਕਿੱਥੇ ਆ?”
” ਕਿਉਂ ਕੀ ਗੱਲ?” ਉਸ ਨੇ ਪੁੱਛਿਆ।
” ਤੁਸੀਂ ਹੁਣੇ ਗੁਰਦੁਆਰੇ ਤੋਂ ਅਨਾਊਂਸਮੈਂਟ ਨ੍ਹੀ ਸੁਣੀ?”
” ਹਾਂ ਸੁਣੀ ਆਂ।”
” ਭੇਜੋ ਆਪਣੇ ਡੈਡੀ ਨੂੰ ਮੇਰੇ ਨਾਲ। ਪੈਨਸ਼ਨ ਦੇ ਫਾਰਮ ਭਰਵਾ ਆਈਏ।”
ਬਲਜਿੰਦਰ ਸਿੰਘ ਨੇ ਆਪਣੇ ਗੁਆਂਢੀ ਨੂੰ ਗਹੁ ਨਾਲ ਵੇਖਿਆ, ਜਿਸ ਦੀ ਉਮਰ ਮਸਾਂ 55 ਕੁ ਸਾਲ ਦੀ ਸੀ ਅਤੇ ਕਿਹਾ,” ਮੈਂ ਆਪਣੇ ਡੈਡੀ ਨੂੰ ਪੈਨਸ਼ਨ ਨ੍ਹੀ ਲੁਆਣੀ। ਮੈਂ ਉਸ ਦੀ ਦੇਖ ਭਾਲ ਲਈ ਬਥੇਰਾ ਆਂ। ਪਰ ਤੇਰੀ ਉਮਰ ਤਾਂ ਮਸਾਂ 55 ਕੁ ਸਾਲ ਦੀ ਆ। ਤੈਨੂੰ ਪੈਨਸ਼ਨ ਲੱਗ ਨ੍ਹੀ ਸਕਦੀ।”
” ਮਾਸਟਰ ਜੀ, ਮੇਰੇ ਕੋਲ ਕਿਹੜਾ ਕੋਈ ਉਮਰ ਦਾ ਸਰਟੀਫਿਕੇਟ ਆ। ਜਿੰਨੀ ਮੈਂ ਕਹੀ, ਉੱਨੀ ਫਾਰਮ ਭਰਨ ਵਾਲਿਆਂ ਨੇ ਲਿਖ ਲੈਣੀ ਆਂ। ਨਾਲੇ ਮੁਫਤ ਦੇ ਪੈਸੇ ਆ। ਹੋਰ ਨ੍ਹੀ ਕੁਛ ਤਾਂ ਚਾਹ, ਪਾਣੀ ਹੀ ਚੱਲਿਆ ਰਹੂ।” ਇਹ ਕਹਿ ਕੇ ਉਸ ਦਾ ਗੁਆਂਢੀ ਛੇਤੀ ਨਾਲ ਸੁਸਾਇਟੀ ਬੈਂਕ ਵੱਲ ਨੂੰ ਤੁਰ ਪਿਆ।

ਮਹਿੰਦਰ ਸਿੰਘ ਮਾਨ
ਕੈਨਾਲ ਰੋਡ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਨਵਾਂ ਸ਼ਹਿਰ-144514
ਫੋਨ 9915803554