ਧਰਤੀ ਉੱਤੇ ਜੰਗਲ ਮੁੱਕੇ ,ਚਿਹਰਿਆਂ ਉੱਤੋਂ ਲਾਲੀ
ਰੁੱਖ ਲਗਾ ਕੇ ਫ਼ਰਜ਼ ਨਿਭਾਈਏ ਮੁੜ ਆਵੇ ਖੁਸ਼ਹਾਲੀ।
ਪਿੰਡ ਦੀ ਹਰ ਇੱਕ ਸੜਕ ਕਿਨਾਰੇ ਲਾਈਏ ਹੱਥੀਂ ਬੂਟੇ,
ਵਧਦੇ ਫੁਲਦੇ ਵੇਖ ਇਹਨਾਂ ਨੂੰ ਆਉਣ ਸਵਰਗੀ ਝੂਟੇ।
ਛਾਵਾਂ ਤੇ ਫਲ਼ ਵੰਡਣ ਸਭ ਨੂੰ ਵੰਡਦੇ ਨੇ ਹਰਿਆਲੀ,
ਰੁੱਖ ਲਗਾ ਕੇ ਫ਼ਰਜ਼ ਨਿਭਾਈਏ ਮੁੜ ਆਵੇ ਖੁਸ਼ਹਾਲੀ।
ਹਰ ਪਗਡੰਡੀ, ਖੂਹ ਤੇ ਜੂਹ ਵਿੱਚ ਲਾ ਦਈਏ ਅਸੀਂ ਲਹਿਰਾਂ,
ਰੁੱਖਾਂ ਨਾਲ਼ ਸ਼ਿੰਗਾਰ ਦਈਏ ਸਭ ਨਦੀਆਂ,ਨਾਲ਼ੇ, ਨਹਿਰਾਂ।
ਸਕੂਲ,ਕਾਲਜ ਤੇ ਸਾਂਝੀਆਂ ਥਾਵਾਂ ਰਹਿ ਨਾ ਜਾਵਣ ਖਾਲੀ,
ਰੁੱਖ ਲਗਾ ਕੇ ਫ਼ਰਜ਼ ਨਿਭਾਈਏ ਮੁੜ ਆਵੇ ਖੁਸ਼ਹਾਲੀ।
ਰੁੱਤ ਸੁਹਾਣੀ ਰੰਗਲਾ ਮੌਸਮ ਨਾਲ਼ ਰੁੱਖਾਂ ਦੇ ਆਵੇ,
ਰੈਣ ਬਸੇਰੇ ਲਈ ਹਰ ਪੰਛੀ ਰੁੱਖਾਂ ਨੂੰ ਹੀ ਚਾਹਵੇ।
ਵਾਤਾਵਰਨ ਮਹਿਕਾਂਵਦਾ ਹਰ ਪੱਤਾ ਹਰ ਡਾਲੀ,
ਰੁੱਖ ਲਗਾ ਕੇ ਫ਼ਰਜ਼ ਨਿਭਾਈਏ ਮੁੜ ਆਵੇ ਖੁਸ਼ਹਾਲੀ।
ਜਿੰਨੇ ਰੁੱਖ ਲਗਾਈਏ ਯਾਰੋ ਓਨੇ ਸੁੱਖ ਵਧਾਈਏ,
ਕੁਦਰਤ ਦੇ ਨਾਲ਼ ਸਾਂਝਾ ਪਾਕੇ ਆਪਣੇ ਦੁੱਖ ਘਟਾਈਏ ।
ਰਣਜੀਤ ਫੇਰ ਤੋਂ ਲਾਉਣ ਬਹਾਰਾਂ ਪਿੱਪਲ਼,ਬੋਹੜ ਤੇ ਟਾਹਲੀ,
ਰੁੱਖ ਲਗਾ ਕੇ ਫ਼ਰਜ਼ ਨਿਭਾਈਏ ਮੁੜ ਆਵੇ ਖੁਸ਼ਹਾਲੀ।

ਗੀਤਕਾਰ ਰਣਜੀਤ ਸਿੰਘ ਹਠੂਰ
99155 -13137