ਪੰਜਾਬ ਸਰਕਾਰ ਵੱਲੋਂ ਪੱਤਰਕਾਰਾਂ ਅਤੇ ਸਮਾਜਿਕ ਕਾਰਕੁੰਨਾਂ ਨੂੰ ਨਿਸ਼ਾਨਾ ਬਣਾਉਣਾ ਸ਼ਰਮਨਾਕ:ਆਗੂ
ਪੱਤਰਕਾਰਾਂ ਨੂੰ ਲੀਡਰਾਂ ਤੋਂ ਸਵਾਲ ਪੁੱਛਣ ਦੀਆਂ ਨਸੀਹਤਾਂ ਦੇਣ ਵਾਲੀ ਸਰਕਾਰ ਨੂੰ ਹੁਣ ਖੁਦ ਲੱਗੀ ਸਵਾਲਾਂ ਤੋਂ ਡਰਨ
ਬਠਿੰਡਾ 3 ਜਨਵਰੀ(ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)
ਹਾਥੀ ਦੇ ਦੰਦ ਖਾਣ ਦੇ ਹੋਰ ਤੇ ਦਿਖਾਉਣ ਦੇ ਹੋਰ ਕਹਾਵਤ ਉੱਥੇ ਵਰਤੀ ਜਾਂਦੀ ਹੈ ਜਿੱਥੇ ਕੋਈ ਕਹਿਣ ਨੂੰ ਤਾਂ ਬੜੀਆਂ ਵੱਡੀਆਂ ਵੱਡੀਆਂ ਗੱਲਾਂ ਕਰਦਾ ਹੈ ਪਰ ਕਿਰਦਾਰ ਪੱਖੋਂ ਇਸਦੇ ਬਿਲਕੁੱਲ ਹੀ ਉਲਟਾ ਹੁੰਦਾ ਹੈ। ਪਰ ਅੱਜਕੱਲ੍ਹ ਇਹ ਕਹਾਵਤ ਪੰਜਾਬ ਸਰਕਾਰ ਤੇ ਬੜੀ ਢੁੱਕ ਰਹੀ ਹੈ।
ਸੋਸ਼ਲ ਮੀਡੀਆ ‘ਤੇ ਪ੍ਰਚਾਰ ਅਤੇ ਆਰਟੀਆਈ ਦਾ ਸਹਾਰਾ ਲੈ ਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਹੁਣ ਖੁਦ ਸੋਸ਼ਲ ਮੀਡੀਆ ‘ਤੇ ਆਪਣੇ ਫ਼ਰਜ਼ ਮੁਤਾਬਕ ਸਹੀ ਕੰਮ ਕਰਦੇ ਪੱਤਰਕਾਰਾਂ ਅਤੇ ਆਰਟੀਆਈ ਕਾਰਕੁਨਾਂ ਨੂੰ ਨਿਸ਼ਾਨੇ ਬਣਾ ਰਹੀ ਹੈ ਜੋ ਕਿ ਬਹੁਤ ਹੀ ਸ਼ਰਮਨਾਕ ਹੈ,ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਬਠਿੰਡਾ ਦਿਹਾਤੀ ਪ੍ਰੈਸ ਕਲੱਬ,ਬਠਿੰਡਾ ਦੇ ਅਹੁਦੇਦਾਰਾਂ ਪ੍ਰਧਾਨ ਗੁਰਜੀਤ ਸਿੰਘ ਚੌਹਾਨ, ਸਰਪ੍ਰਸਤ ਭਾਈ ਜਸਕਰਨ ਸਿੰਘ ਸਿਵੀਆਂ, ਜਨਰਲ ਸਕੱਤਰ ਸੁਰਿੰਦਰ ਪਾਲ ਸਿੰਘ ਖਾਲਸਾ, ਸੀਨੀਅਰ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਚਹਿਲ, ਖਜਾਨਚੀ ਨਸੀਬ ਚੰਦ ਸ਼ਰਮਾ, ਸੀਨੀਅਰ ਪੱਤਰਕਾਰ ਬਲਜਿੰਦਰ ਸਿੰਘ ਕੋਟਭਾਰਾ, ਜਸਬੀਰ ਸਿੰਘ ਕਟਾਰ ਸਿੰਘ ਵਾਲਾ,ਗੁਰਸੇਵਕ ਸਿੰਘ ਚੁੱਘੇ ਖੁਰਦ, ਪੱਤਰਕਾਰ ਸੱਤਪਾਲ ਸਿੰਘ ਮਾਨ, ਸੁਖਵਿੰਦਰ ਸਿੰਘ ਸਰਾਂ, ਮਨੋਜ ਚਰਖੀਵਾਲ, ਜਸ਼ਨਦੀਪ ਸਿੰਘ, ਕੁਲਵਿੰਦਰ ਸਿੰਘ ਚਾਨੀ,ਰਾਜ ਕੁਮਾਰ, ਇਕਬਾਲ ਸਿੰਘ ਨੇ ਕੀਤਾ। ਉਹਨਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਵਰਤੇ ਜਾਂਦੇ ਹੈਲੀਕਾਪਟਰ ਬਾਰੇ ਜੇਕਰ ਪੱਤਰਕਾਰਾਂ ਨੇ ਸਵਾਲ ਚੁੱਕਿਆ ਅਤੇ ਆਰਟੀਆਈ ਕਾਰਕੁੰਨਾਂ ਨੇ ਜਾਣਕਾਰੀ ਮੰਗ ਲਈ ਤਾਂ ਇਹ ਕੋਈ ਗੁਨਾਹ ਨਹੀਂ ਕਿਉਂਕਿ ਇਹ ਹੈਲੀਕਾਪਟਰ ਪੰਜਾਬ ਦੇ ਲੋਕਾਂ ਦੇ ਪੈਸੇ ਨਾਲ ਉੱਡ ਰਿਹਾ ਹੈ।ਉਹਨਾਂ ਕਿਹਾ ਕਿ ਜਿਸ ਤਰ੍ਹਾਂ ਸੁਰੱਖਿਆ ਦਾ ਬਹਾਨਾ ਬਣਾ ਕੇ ਇਹਨਾਂ ਪੱਤਰਕਾਰਾਂ ਤੇ ਸਮਾਜਿਕ ਕਾਰਕੁੰਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ,ਇਹ ਗੈਰ ਲੋਕਤਾਂਤਰਿਕ ਹੈ ਕਿਉਂਕਿ ਮੁੱਖ ਮੰਤਰੀ ਦੀ ਗੈਰਹਾਜ਼ਰੀ ਵਿੱਚ ਹੈਲੀਕਾਪਟਰ ਕਿਹੜੇ ਕਿਹੜੇ ਲੋਕਾਂ ਨੇ ਵਰਤਿਆ ਤੇ ਕਿੰਨੀ ਦੂਰ ਗਿਆ, ਇਹ ਜਾਣਕਾਰੀ ਮੰਗਣੀ ਕੋਈ ਗੈਰ ਕਾਨੂੰਨੀ ਨਹੀਂ। ਕਲੱਬ ਦੇ ਅਹੁਦੇਦਾਰਾਂ ਨੇ ਕਿਹਾ ਕਿ ਇੱਕ ਪਾਸੇ ਤਾਂ ਜਦੋਂ ਆਮ ਆਦਮੀ ਪਾਰਟੀ ਸੱਤਾ ਵਿੱਚ ਨਹੀਂ ਸੀ ਤਾਂ ਇਹਦੇ ਆਗੂ ਇਹ ਅਕਸਰ ਕਹਿੰਦੇ ਸਨ ਕਿ ਲੋਕਾਂ ਨੂੰ ਸਵਾਲ ਪੁੱਛਣ ਦਾ ਤਰੀਕਾ ਆਪ ਪਾਰਟੀ ਨੇ ਦੱਸਿਆ ਹੈ ਤੇ ਹੁਣ ਜਦੋਂ ਸੱਤਾ ਵਿੱਚ ਆ ਗਈ, ਲੋਕ ਸਵਾਲ ਪੁੱਛਦੇ ਹਨ ਤਾਂ ਉਹਨਾਂ ਨੂੰ ਪਰਚਿਆਂ ਨਾਲ ਡਰਾਇਆ ਧਮਕਾਇਆ ਜਾ ਰਿਹਾ ਹੈ। ਬਠਿੰਡਾ ਦਿਹਾਤੀ ਪ੍ਰੈਸ ਕਲੱਬ ਦੇ ਅਹੁਦੇਦਾਰਾਂ ਨੇ ਕਿਹਾ ਕਿ ਪ੍ਰੈਸ ਕਲੱਬ ਸਰਕਾਰ ਵੱਲੋਂ ਨਿਸ਼ਾਨਾ ਬਣਾਏ ਜਾ ਰਹੇ ਪੱਤਰਕਾਰਾਂ ਅਤੇ ਸਮਾਜਿਕ ਕਾਰਕੁੰਨਾਂ ਨਾਲ ਹਿੱਕ ਡਾਹ ਕੇ ਖੜਾ ਹੈ ਤੇ ਹਰ ਪ੍ਰਦਰਸ਼ਨ ਵਿੱਚ ਵੱਡੇ ਪੱਧਰ ਤੇ ਸਮੂਲੀਅਤ ਕੀਤੀ ਜਾਵੇਗੀ।

