
ਅੱਜ (30 ਸਤੰਬਰ ਨੂੰ) ਵਿਸ਼ਵ ਅਨੁਵਾਦ ਦਿਵਸ ਹੈ। ਅਨੁਵਾਦ ਰਾਹੀਂ ਵਿਭਿੰਨ ਭਾਸ਼ਾਵਾਂ ਦੇ ਲੇਖਕ ਅਤੇ ਪਾਠਕ ਇੱਕ-ਦੂਜੇ ਦੇ ਨੇੜੇ ਆਉਂਦੇ ਹਨ। ਅਨੁਵਾਦ ਰਾਹੀਂ ਹੀ ਸਾਨੂੰ ਦੂਜੀ ਭਾਸ਼ਾ, ਦੇਸ਼, ਸਮਾਜ, ਸਭਿਆਚਾਰ ਤੇ ਪਰਿਸਥਿਤੀਆਂ ਆਦਿ ਦਾ ਪਤਾ ਲੱਗਦਾ ਹੈ। ਅਨੁਵਾਦ ਨਾ ਹੁੰਦਾ ਤਾਂ ਦੇਸ਼ ਅਤੇ ਭਾਸ਼ਾਵਾਂ ਇੱਕ-ਦੂਜੇ ਤੋਂ ਅਲੱਗ-ਥਲੱਗ ਰਹਿੰਦੇ। ਇੱਕੋ ਦੇਸ਼ ਵਿੱਚ ਰਹਿੰਦੇ ਹੋਏ ਵੱਖ-ਵੱਖ ਰਾਜਾਂ/ਭਾਸ਼ਾਵਾਂ ਦੇ ਲੋਕ ਇੱਕ-ਦੂਜੇ ਨੂੰ ਜਾਣ ਨਾ ਸਕਦੇ। ਅਨੁਵਾਦ (ਜਿਸਨੂੰ ਅੰਗਰੇਜ਼ੀ ਵਿੱਚ ਟ੍ਰਾਂਸਲੇਸ਼ਨ ਕਹਿੰਦੇ ਹਨ) ਲਿਪੀਅੰਤਰ (ਯਾਨੀ ਟ੍ਰਾਂਸਲਿਟ੍ਰੇਸ਼ਨ) ਤੋਂ ਬਿਲਕੁਲ ਵੱਖਰੀ ਗੱਲ ਹੈ। ਜਿੱਥੇ ਅਨੁਵਾਦ (ਟ੍ਰਾਂਸਲੇਸ਼ਨ) ਵਿੱਚ ਭਾਸ਼ਾ ਤੇ ਲਿਪੀ ਬਦਲ ਜਾਂਦੀ ਹੈ, ਉੱਥੇ ਲਿਪੀਅੰਤਰ (ਟ੍ਰਾਂਸਲਿਟ੍ਰੇਸ਼ਨ) ਵਿੱਚ ਲਿਪੀ ਤਾਂ ਬਦਲਦੀ ਹੈ, ਭਾਸ਼ਾ ਨਹੀਂ। ਉਦਾਹਰਣ ਵਜੋਂ ਜੇ ਪੰਜਾਬੀ ਵਿੱਚ ਇਹ ਪੰਕਤੀ ਲਿਖੀ ਜਾਵੇ – “ਮੈਂ ਜਿਸੇ ਓੜਤਾ ਬਿਛਾਤਾ ਹੂੰ, ਵੋ ਗ਼ਜ਼ਲ ਆਪਕੋ ਸੁਨਾਤਾ ਹੂੰ” ਤਾਂ ਇਹ ਲਿਪੀਅੰਤਰ (ਟ੍ਰਾਂਸਲਿਟ੍ਰੇਸ਼ਨ) ਹੈ; ਪਰ ਜੇ ‘ਸਾਏ ਮੇਂ ਧੂਪ’ ਨੂੰ ‘ਪਰਛਾਵੇਂ ਵਿੱਚ ਧੁੱਪ’ ਲਿਖਿਆ ਜਾਵੇ ਤਾਂ ਇਹ ਅਨੁਵਾਦ (ਟ੍ਰਾਂਸਲੇਸ਼ਨ) ਹੈ। ਟ੍ਰਾਂਸਲੇਸ਼ਨ ਵਿੱਚ ਮੂਲ ਭਾਸ਼ਾ ਦੇ ਨਾਲ ਨਾਲ ਅਨੁਵਾਦ ਦੀ ਭਾਸ਼ਾ ਵਿੱਚ ਇਕਸਾਰਤਾ ਵੀ ਰੱਖਣੀ ਪੈਂਦੀ ਹੈ। ਮੈਂ ਇੱਕ ਪੰਜਾਬੀ ਫਿਲਮ ਵੇਖ ਰਿਹਾ ਸਾਂ, ਜਿਸਨੂੰ ਅੰਗਰੇਜ਼ੀ ਵਿੱਚ ਡਬ ਕੀਤਾ ਹੋਇਆ ਸੀ, ਉਸ ਵਿਚਲੇ ਇੱਕ ਡਾਇਲਾਗ “ਮੇਰੇ ਚੰਨਾ” ਨੂੰ ਅੰਗਰੇਜ਼ੀ ਵਿੱਚ “ਓ ਮਾਈ ਮੂਨ” ਵਜੋਂ ਅਨੁਵਾਦ ਕੀਤਾ ਗਿਆ ਸੀ। ਕਿੰਨਾ ਹਾਸੋਹੀਣਾ ਤੇ ਗਲਤ ਅਨੁਵਾਦ ਹੈ!
ਮੈਂ ਅਨੁਵਾਦ ਨੂੰ ਇੱਕ ਚੈਲੰਜ ਵਜੋਂ ਸਵੀਕਾਰ ਕੀਤਾ ਹੈ। ਮੇਰੀ ਸਭ ਤੋਂ ਪਹਿਲੀ ਅਨੁਵਾਦਿਤ ਰਚਨਾ ‘ਪੰਖੜੀਆਂ’ (1986) ਵਿੱਚ ਪ੍ਰਕਾਸ਼ਿਤ ਇੱਕ ਕਹਾਣੀ ਸੀ। ਤੇ ਫਿਰ ਚੱਲ ਸੋ ਚੱਲ…। ਮੇਰੇ ਵੱਲੋਂ ਅਨੁਵਾਦਿਤ ਤੇ ਸੰਪਾਦਿਤ ਪਹਿਲੀ ਪੁਸਤਕ ‘ਦੇਸ਼ ਦੇਸ਼ਾਂਤਰ’ 1989 ਵਿੱਚ ਪ੍ਰਕਾਸ਼ਿਤ ਹੋਈ ਸੀ, ਜਿਸ ਵਿੱਚ ਵਿਭਿੰਨ ਭਾਸ਼ਾਵਾਂ ਤੇ ਦੇਸ਼ਾਂ ਦੀਆਂ 11 ਕਹਾਣੀਆਂ ਸਨ। ਇਨ੍ਹਾਂ ਕਹਾਣੀਆਂ ਨੂੰ ਮੈਂ ਅੰਗਰੇਜ਼ੀ ਅਤੇ ਹਿੰਦੀ ਭਾਸ਼ਾਵਾਂ ਤੋਂ ਪੰਜਾਬੀ ਵਿੱਚ ਅਨੁਵਾਦ ਕੀਤਾ ਸੀ। ਇਸ ਬਾਰੇ ਪੰਜਾਬੀ ਦੇ ਪ੍ਰਮੁੱਖ ਅਖ਼ਬਾਰਾਂ ਵਿੱਚ ਵੱਡੇ ਸਮੀਖਿਅਕਾਰਾਂ ਨੇ ਭਰਪੂਰ ਚਰਚਾ ਕੀਤੀ ਸੀ। ਪੰਜਾਬੀ ਟ੍ਰਿਬਿਊਨ ਵਿੱਚ ਸ਼ਾਮ ਸਿੰਘ ਨੇ ‘ਅੰਗਸੰਗ’ ਕਾਲਮ ਵਿੱਚ ਇਹਦੇ ਬਾਰੇ ਵੱਖਰੇ ਤੌਰ ਤੇ ਲਿਖਿਆ ਸੀ। ਮੇਰੇ ਅਨੁਵਾਦ ਕਾਰਜ ਬਾਰੇ ਮੇਰੇ ਹੀ ਇੱਕ ਅਧਿਆਪਕ ਨੇ ਮੈਨੂੰ ਨਿਰਉਤਸ਼ਾਹਿਤ ਕਰਦਿਆਂ ਏਥੋਂ ਤੱਕ ਕਹਿ ਦਿੱਤਾ ਸੀ, “ਇਹ ਕੀ ਅਨੁਵਾਦ ਦਾ ਕੰਮ ਕਰਦਾ ਰਹਿਨੈ, ਕੋਈ ਆਪਣੀ ਮੌਲਿਕ ਰਚਨਾ ਲਿਖਿਆ ਕਰ।” ਪਰ ਮੈਂ ਉਹਦੇ ਕਥਨ ਨੂੰ ਠੁਕਰਾ ਕੇ ਹੋਰ ਜ਼ੋਰ-ਸ਼ੋਰ ਨਾਲ ਅਨੁਵਾਦ ਕਰਨ ਲੱਗਿਆ ਤੇ ਅੱਜ ਮੇਰੀਆਂ 25 ਅਨੁਵਾਦਿਤ ਕਿਤਾਬਾਂ ਛਪ ਚੁੱਕੀਆਂ ਹਨ। ਹੁਣ ਉਹੀ ਅਧਿਆਪਕ ਕਹਿੰਦਾ ਹੈ, “ਬਈ ਵਾਹ, ਬੜਾ ਅਨੁਵਾਦ ਕਰ ਰਿਹੈਂ ਅੱਜਕੱਲ੍ਹ! ਕਿਵੇਂ ਕਰਦਾ ਹੈਂ ਇੰਨਾਂ ਸਭ ਕੁਝ?”
ਅਨੁਵਾਦ ਕਰਨ ਨਾਲ ਮੇਰੇ ਜਾਣਕਾਰਾਂ ਦਾ ਘੇਰਾ ਵਧਿਆ ਤੇ ਹੁਣ ਹਿੰਦੀ ਦਾ ਹਰ ਛੋਟਾ ਵੱਡਾ ਲੇਖਕ ਮੈਥੋਂ ਆਪਣੀ ਰਚਨਾ ਦਾ ਅਨੁਵਾਦ ਕਰਵਾਉਣ ਦਾ ਚਾਹਵਾਨ ਹੈ ਤੇ ਮੈਂ ਹਰ ਇੱਕ ਦਾ ਮਾਣ ਰੱਖਦਿਆਂ ਉਹਨੂੰ ਅਨੁਵਾਦ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਹੈ। ‘ਵਰਲਡ ਪੰਜਾਬੀ ਟਾਈਮਜ਼’ ਯੂਟਿਊਬ ਚੈਨਲ ਨੇ ਮੈਨੂੰ ਹਿੰਦੀ ਲੇਖਕਾਂ ਨਾਲ ਮੁਲਾਕਾਤਾਂ ਕਰਨ ਦਾ ਕਾਰਜ ਸੌਂਪਿਆ, ਜਿਸ ਵਿੱਚ ਮੈਂ ਕਰੀਬ 60 ਹਿੰਦੀ ਲੇਖਕਾਂ ਨੂੰ ਪੰਜਾਬੀ ਸਰੋਤਿਆਂ ਦੇ ਰੂਬਰੂ ਕੀਤਾ।
ਮੇਰੀਆਂ ਵਧੇਰੇ ਅਨੁਵਾਦਿਤ ਕਿਤਾਬਾਂ ਬਾਲ ਸਾਹਿਤ ਦੀਆਂ ਹਨ, ਜਿਨ੍ਹਾਂ ਵਿੱਚ ਜੂਲ ਵਰਨ, ਸ਼ਰਵਾਂਟੀਜ਼, ਗ੍ਰਿਮ ਬ੍ਰਦਰਜ਼, ਚਾਰਲਸ ਡਿਕਨਜ਼, ਆਰਐਮ ਬੈਲੰਟਾਈਨ, ਹਰਮਨ ਮੈਲਵਿਲ, ਆਰਐਲ ਸਟੀਵਨਸਨ (ਸਾਰੇ ਵਿਦੇਸ਼ੀ ਲੇਖਕ), ਸਤਿਆਜੀਤ ਰੇਅ, ਆਬਿਦ ਸੂਰਤੀ, ਊਸ਼ਾ ਯਾਦਵ (ਭਾਰਤੀ ਲੇਖਕ) ਆਦਿ ਦੇ ਨਾਂ ਜ਼ਿਕਰਯੋਗ ਹਨ। ਮੈਕਸਿਮ ਗੋਰਕੀ (ਰੂਸੀ), ਸਦਰੁਦੀਨ ਐਨੀ (ਤਾਜ਼ਿਕ), ਕ੍ਰਿਸ਼ਨ ਚੰਦਰ, ਅਬਦੁਲ ਬਿਸਮਿੱਲਾਹ ਦੇ ਨਾਵਲਾਂ ਨੂੰ ਪ੍ਰਕਾਸ਼ਕਾਂ ਨੇ ਵਿਸ਼ੇਸ਼ ਤੌਰ ਤੇ ਮੈਥੋਂ ਅਨੁਵਾਦ ਕਰਵਾਇਆ। ਹਿੰਦੀ ਦੇ ਕੁਝ ਹੋਰ ਪ੍ਰਬੁੱਧ ਲੇਖਕਾਂ ਦੀਆਂ ਚੋਣਵੀਆਂ ਕਹਾਣੀਆਂ/ ਮਿੰਨੀ ਕਹਾਣੀਆਂ/ ਕਵਿਤਾਵਾਂ ਨੂੰ ਪੰਜਾਬੀ ਵਿੱਚ ਅਨੁਵਾਦ ਕਰਕੇ ਮੈਨੂੰ ਬੇਹੱਦ ਖੁਸ਼ੀ ਮਿਲੀ, ਇਨ੍ਹਾਂ ਵਿੱਚ ਭੀਸ਼ਮ ਸਾਹਨੀ, ਹਰਿਸ਼ੰਕਰ ਪਰਸਾਈ, ਸਆਦਤ ਹਸਮ ਮੰਟੋ, ਆਸ਼ਾ ਸ਼ੈਲੀ, ਕਮਲੇਸ਼ ਭਾਰਤੀ, ਗੋਵਿੰਦ ਸ਼ਰਮਾ, ਅਸ਼ੋਕ ਸਕਸੈਨਾ, ਸੁਭਾਸ਼ ਨੀਰਵ, ਭਾਵਨਾ ਸ਼ੇਖਰ, ਸੋਨੂੰ ਯਸ਼ਰਾਜ, ਪੂਨਮ ਅਹਿਮਦ, ਸਦਾਨੰਦ ਕਵੀਸ਼ਰਵਰ, ਅੰਜੂ ਖਰਬੰਦਾ, ਯਸ਼ੋਧਰਾ ਭਟਨਾਗਰ, ਸੁਰੇਸ਼ ਬਰਨਵਾਲ ਆਦਿ ਨਵੇਂ-ਪੁਰਾਣੇ ਸੈਂਕੜੇ ਲੇਖਕ ਸ਼ਾਮਲ ਹਨ। ਮੇਰੇ ਵੱਲੋਂ ਲਿਪੀਅੰਤਰ ਕੀਤੀ ਇੱਕੋ-ਇੱਕ ਕਿਤਾਬ ‘ਸਾਏ ਮੇਂ ਧੂਪ’ (ਪ੍ਰਸਿੱਧ ਹਿੰਦੀ ਕਵੀ ਦੁਸ਼ਿਅੰਤ ਕੁਮਾਰ) ਨੂੰ ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ ਬਠਿੰਡਾ ਨੇ ਆਪਣੇ ਸਿਲੇਬਸ ਵਿੱਚ ਥਾਂ ਦਿੱਤੀ ਹੈ।
ਨੈਸ਼ਨਲ ਬੁਕ ਟ੍ਰੱਸਟ, ਇੰਡੀਆ ਲਈ ਵੀ ਮੈਂ ਦੋ ਕਿਤਾਬਾਂ ਦਾ ਹਿੰਦੀ ਤੋਂ ਪੰਜਾਬੀ ਵਿੱਚ ਅਨੁਵਾਦ ਕੀਤਾ ਹੈ। ਸਾਹਿਤ ਅਕਾਦਮੀ ਇਨਾਮ ਜੇਤੂ ਲੇਖਕ ਮਰਹੂਮ ਰਾਮ ਸਰੂਪ ਅਣਖੀ ਵੱਲੋਂ ਸੰਪਾਦਿਤ ਤ੍ਰੈਮਾਸਿਕ ਪੱਤ੍ਰਿਕਾ ‘ਕਹਾਣੀ ਪੰਜਾਬ’ ਲਈ ਅਣਗਿਣਤ ਹਿੰਦੀ ਕਹਾਣੀਆਂ ਤੇ ਨਾਵਲਾਂ ਨੂੰ ਖੁੱਲ੍ਹੇ ਦਿਲ ਨਾਲ ਅਨੁਵਾਦ ਕਰਕੇ ਮੈਨੂੰ ਅਸੀਮ ਪ੍ਰਸੰਨਤਾ ਮਿਲੀ ਹੈ। ਪੰਜਾਬੀ ਦੇ (ਭਾਰਤੀ ਤੇ ਵਿਦੇਸ਼ੀ) ਹਰ ਛੋਟੇ ਵੱਡੇ ਅਖ਼ਬਾਰਾਂ ਤੇ ਮੈਗਜ਼ੀਨਾਂ ਲਈ ਮੈਂ ਬਹੁਤ ਸਾਰੇ ਲੜੀਵਾਰ ਨਾਵਲਾਂ ਤੇ ਕਹਾਣੀਆਂ ਦਾ ਪੰਜਾਬੀ ਅਨੁਵਾਦ ਕੀਤਾ ਹੈ। ਹੁਣ ਮੈਂ ਆਪਣੀਆਂ ਕੁਝ ਮਿੰਨੀ ਕਹਾਣੀਆਂ ਅਤੇ ਪਰਵਾਸੀ ਪੰਜਾਬੀ ਲੇਖਕ ਰਵਿੰਦਰ ਸਿੰਘ ਸੋਢੀ ਦੀਆਂ ਕਹਾਣੀਆਂ ਨੂੰ ਹਿੰਦੀ ਵਿੱਚ ਅਨੁਵਾਦ ਕਰਨ ਦਾ ਸਿਲਸਿਲਾ ਵੀ ਸ਼ੁਰੂ ਕੀਤਾ ਹੈ, ਪਰ ਇਸਦੀ ਰਫ਼ਤਾਰ ਬਹੁਤ ਮੱਧਮ ਹੈ। ਇਨ੍ਹਾਂ ਲਿਖਤਾਂ ਨੂੰ ਹਿੰਦੀ ਦੀਆਂ ਰਾਸ਼ਟਰੀ ਪੱਧਰ ਦੀਆਂ ਪੱਤ੍ਰਿਕਾਵਾਂ ‘ਆਜਕਲ’, ‘ਵਿਭੋਮ ਸਵਰ’, ‘ਸਾਹਿਤਯ ਅੰਮ੍ਰਿਤ’, ‘ਸ਼ੁਭਤਾਰਿਕਾ’, ‘ਸਾਹਿਤਯ ਕੁੰਜ’, ‘ਕਕਸਾੜ’, ‘ਪ੍ਰੇਰਣਾ ਅੰਸ਼ੂ’, ‘ਕ੍ਰਿਤੀ ਬਹੁਮਤ’, ‘ਸ਼ਬਦਾਹੁਤੀ’ ਆਦਿ ਨੇ ਖੁਸ਼ੀ ਨਾਲ ਪ੍ਰਕਾਸ਼ਿਤ ਕੀਤਾ ਹੈ।
ਫ਼ਿਲਹਾਲ ਏਨਾ ਹੀ, ਬਾਕੀ ਕਦੇ ਫੇਰ…। ਵਿਸ਼ਵ ਅਨੁਵਾਦ ਦਿਵਸ ਤੇ ਹਰ ਭਾਸ਼ਾ ਦੇ ਅਨੁਵਾਦਕ ਨੂੰ ਢੇਰ ਸਾਰੀਆਂ ਮੁਬਾਰਕਾਂ! ਹਰ ਅਨੁਵਾਦਕ ਨੂੰ ਯਥਾਯੋਗ ਸਨਮਾਨ ਤੇ ਸਤਿਕਾਰ ਪ੍ਰਾਪਤ ਹੋਵੇ! ਆਮੀਨ!

~ ਪ੍ਰੋ. ਨਵ ਸੰਗੀਤ ਸਿੰਘ
navsangeetsingh6957@gmail.com
9417692015.