ਸੱਜਣ ਜੀਓ, ਹੈ ਮੇਰੀ ਲੋਚਾ
ਮੈਂ ਪਰਿੰਦਾ ਕੋਈ ਬਣ ਜਾਵਾਂ
ਖੰਭ ਖੋਲ੍ਹ ਪਰਵਾਜ਼ ਭਰਾਂ ਮੈਂ
ਅਸੀਮ ਅੰਬਰ ਗਾਹ ਆਵਾਂ
ਨਾ ਹੱਦ ਕੋਈ ਸਰਹੱਦ ਕੋਈ
ਮਨ ਮੌਜ ਉਡਾਰੀਂਆਂ ਲਾਵਾਂ
ਨਾ ਕੋਈ ਰੋਕ ਨਾ ਹੀ ਬੰਦਿਸ਼
ਖੁਲ੍ਹੀਆਂ ਹੋਵਣ ਸੱਭੇ ਰਾਹਵਾਂ
ਮਹਿਕਾਂ ਦਾ ਵਣਜਾਰਾ ਬਣ ਕੇ
ਕਰਾਂ ਇਸ਼ਕ ਮੈਂ ਸੰਗ ਹਵਾਵਾਂ
ਨਫ਼ਰਤ ਬੂਟੀ ਚੁਣ ਚੁਣ ਪੁੱਟਾਂ
ਚੁਫੇ਼ਰੇ ਬੀਜ ਮੁਹੱਬਤਾਂ ਆਵਾਂ
ਫੁੱਲਾਂ ਦੇ ਨਾਲ ਕਰਾਂ ਦੋਸਤੀ
ਗਲ਼ ਕੰਡਿਆਂ ਨੂੰ ਵੀ ਲਾਵਾਂ
ਨਾ ਕੋਈ ਵੈਰੀ ਨਾ ਬਿਗਾਨਾ
ਸਾਰੀ ਦੁਨੀਆਂ ਨੂੰ ਸਮਝਾਵਾਂ
ਚਾਰ ਦਿਨਾਂ ਇਹ ਜ਼ਿੰਦਗਾਨੀ
ਮਾਣ ਲਉ ਸਭ ਮਸਤ ਹਵਾਵਾਂ
ਕਾਦਰ ਕੁਦਰਤ ਇੱਕੋ ਸਮਾਨ
ਭਰਾਂ ਕਲ਼ਾਵੇ ਖੋਲ੍ਹ ਕੇ ਬਾਹਵਾਂ
ਛੱਡ ਜਾਵਾਂ ਮੈਂ ਮਿੱਠੀਆਂ ਯਾਦਾਂ
ਜਦ ਇਸ ਦੁਨੀਆਂ ਤੋਂ ਜਾਵਾਂ
ਗੁਰਸ਼ਰਨ ਕੌਰ ਦੇਵਗੁਣ
—7696401390—