ਸੁਬਹ-ਸਵੇਰੇ ਘਰ ਦੇ ਵਿਹੜੇ ਵਿੱਚ ਟਹਿਲਦਿਆਂ ਜਦ ਮੈਂ ਅਸਮਾਨ ਵੱਲ ਛਾਤ ਮਾਰੀ ਤਾਂ ਪੂਰਾ ਅਸਮਾਨ ਕਾਲੀਆਂ ਘਟਾਵਾਂ ਨਾਲ ਘਿਰਿਆ ਹੋਇਆ ਸੀ। ਤੇਜ਼ ਹਵਾ ਦੇ ਨਾਲ ਉਹ ਕਾਲੇ ਬੱਦਲ ਬੜੀ ਤੇਜ਼ੀ ਨਾਲ ਅੱਗੇ ਵਧ ਰਹੇ ਸਨ। ਹਲਕੀ-ਹਲਕੀ ਕਿਣਮਿਣ ਧਰਤੀ ਤੇ ਡਿੱਗ ਰਹੀ ਸੀ। ਕੁਦਰਤ ਨੇ ਆਪਣੀ ਸੁੰਦਰਤਾ ਦਾ ਅਨੌਖਾ ਨਜ਼ਾਰਾ ਪੇਸ਼ ਕੀਤਾ ਹੋਇ ਸੀ। ਇਸ ਸੁਹਾਵਣੇ ਮੌਸਮ ਦਾ ਅਨੰਦ ਮਾਣਦੇ ਹੋਏ, ਮੇਰੀ ਸੋਚ ਅਤੀਤ ਦੇ ਕੁੱਝ ਪੰਨੇ ਫਰੋਲਣ ‘ਚ ਜੁਟ ਗਈ। ਸੋਚਿਆ, ਸਾਵਣ ਦਾ ਮਹੀਨਾ ਚੜ੍ਹਨ ‘ਚ ਮਸਾਂ ਚਾਰ ਕੁ ਦਿਨ ਹੀ ਬਾਕੀ ਹਨ। ਤਾਰੀਖ ਚੈੱਕ ਕਰਦੇ ਸਾਰ ਹੀ ਮੇਰੇ ਚਿਹਰੇ ਉੱਪਰ ਆਪ-ਮੁਹਾਰੇ ਮੁਸਕਾਨ ਛਾ ਗਈ।
ਖੈਰ! ਅੱਜ ਦੇ ਦਿਨ ਮੇਰੇ ਪਿੰਡ ਵਿੱਚ ਇੱਕ ਫ਼ਕੀਰ ਦੀ ਸਮਾਧ ਉੱਤੇ ਮੇਲਾ ਲਗਦਾ ਹੈ। ਉਸ ਮੇਲੇ ਦਾ ਦ੍ਰਿਸ਼ ਮੇਰੀਆਂ ਅੱਖਾਂ ਸਾਹਮਣੇ ਘੁੰਮਣ ਲੱਗਿਆ। ਮੇਲੇ ਦੀ ਰੌਣਕ ਵਧਾਉਣ ਲਈ ਹਰ ਸਾਲ ਪਿੰਡ ਦੇ ਲੋਕਾਂ ਅਤੇ ਗੁਆਢੀ ਪਿੰਡਾਂ ਵੱਲੋਂ ਵੀ ਉਪਰਾਲੇ ਕੀਤੇ ਜਾਂਦੇ ਸਨ। ਲੋਕ ਦੂਰੋਂ-ਨੇੜੀਓ ਚੱਲ ਕੇ ਇਸ ਮੇਲੇ ਨੂੰ ਦੇਖਣ ਆਉਂਦੇ। ਮੇਲੇ ਤੇ ਜਾਣ ਲਈ ਹਰ ਸਖ਼ਸ਼ ਅੰਦਰੋ-ਅੰਦਰੀ ਉਤਸੁਕਤਾ ਵਿੱਚ ਰਹਿੰਦਾ। ਭਾਵੇਂ ਇਸ ਮੇਲੇ ਨੂੰ ਦੇਖਣ ਲਈ ਪਿੰਡ ਦੀ ਹਰ ਵਿਆਹੀ ਕੁੜੀ ਆਪਣੇ ਪੇਕੇ ਘਰ ਪਹੁੰਚਦੀ ਪਰੰਤੂ ਪਿੰਡ ਦੀਆਂ ਕੁਆਰੀਆਂ ਕੁੜੀਆਂ ਨੂੰ ਮੇਲੇ ਵਿੱਚ ਜਾਣ ਦੀ ਇਜਾਜ਼ਤ ਥੋੜ੍ਹੀ ਔਖੀ ਹੀ ਮਿਲਦੀ ਸੀ। ਆਪਣੀ ਸੁਰਤ ‘ਚ ਮੈਨੂੰ ਵੀ ਇਜਾਜ਼ਤ ਕਾਫੀ ਔਖੀ ਹੀ ਮਿਲੀ ਸੀ। ਸਿਰਫ਼ ਇੱਕ ਦੋ ਵਾਰ ਹੀ ਮੈਨੂੰ ਮੇਲੇ ਜਾਣ ਦਾ ਮੌਕਾ ਮਿਲਿਆ ਸੀ। ਜਦ ਪਹਿਲੀ ਵਾਰ ਮੌਕਾ ਮਿਲਿਆ ਤਾਂ ਉਦੋਂ ਅਸੀਂ ਆਂਢ-ਗੁਆਂਢ ਦੀਆਂ ਸੱਤ-ਅੱਠ ਕੁੜੀਆਂ ਕੱਠੀਆਂ ਹੋ ਕੇ ਗਈਆਂ ਸੀ। ਉਦੋਂ ਅਸੀਂ ਬਹੁਤ ਖੁਸ਼ ਸੀ। ਸਾਰੀਆਂ ਨੇ ਪੰਜਾਬੀ ਸੂਟਾਂ ਨਾਲ ਤਿੱਲੇਦਾਰ ਕਢਾਈ ਵਾਲੀ ਪੰਜਾਬੀ ਜੁੱਤੀ ਵੀ ਪਹਿਨੀ ਹੋਈ ਸੀ। ਇੱਕ ਦੂਜੀ ਤੋਂ ਵੱਧ ਸੋਹਣੀਆਂ, ਹਸਦੀਆਂ, ਖੇਡਦੀਆਂ ਮੇਲੇ ਨੂੰ ਜਾਂਦੀਆਂ ਨੇ ਅਸੀਂ ਪੂਰੀ ਸੜ੍ਹਕ ਮੱਲੀ ਹੋਈ ਸੀ।
ਸਾਡੇ ਨਾਲ ਪਿੰਡ ਦੇ ਹੋਰ ਬਹੁਤ ਲੋਕ ਵੀ ਮੇਲੇ ‘ਚ ਪਹੁੰਚ ਰਹੇ ਸਨ। ਜਿਨ੍ਹਾਂ ਵਿੱਚ ਜਿਆਦਾ ਤਰ ਔਰਤਾਂ, ਗੱਭਰੂ ਅਤੇ ਬੱਚੇ ਸ਼ਾਮਿਲ ਸਨ।
ਮੇਲੇ ਵਿੱਚ ਪਹੁੰਚ ਚੁਫੇਰੇ ਨਿਗ੍ਹਾਂ ਘੁਮਾਈ, ਦੇਖਿਆ ਕਿ ਖੂਬ ਰੌਣਕ ਲੱਗੀ ਹੋਈ ਹੈ। ਸੱਜੀਆਂ-ਸੰਵਰੀਆਂ ਔਰਤਾਂ ਅਤੇ ਨੌਜਵਾਨ ਲੜਕੀਆਂ ਨੇ ਸਾਰਾ ਮੇਲਾ ਲੁੱਟਿਆ ਹੋਇਆ ਹੈ।
ਜਿਵੇਂ ਘਰੋਂ ਕਹਿ ਕੇ ਆਈਆਂ ਹੋਣ, “ਆਹ ਲੈ ਫੜ ਕੁੰਜੀਆਂ ਤੇ ਸਾਂਭ ਲੈ ਤਿੰਜੋਰੀਆਂ, ਖਸਮਾਂ ਨੂੰ ਖਾਂਦਾ ਤੇਰਾ ਘਰ ਵੇ ............ ਚਲ ਮੇਲੇ ਨੂੰ ਚੱਲੀਏ ...............
ਕਈ ਚਿਰਾਂ ਤੋਂ ਵਿੱਛੜੀਆਂ ਸਹੇਲੀਆਂ ਇਸ ਮੇਲੇ ਵਿੱਚ ਆਣ ਕੱਠੀਆਂ ਹੋਈਆਂ ਸਨ। ਕਈ ਮੰਗੇਤਰ ਜੋੜੇ ਅਤੇ ਪ੍ਰੇਮੀ ਭੀੜ ਤੋਂ ਅੱਖ ਬਚਾਂ, ਇਸ਼ਕ ਦੀਆਂ ਬਾਤਾਂ ਪਾਉਂਦੇ ਨਜ਼ਰ ਆ ਰਹੇ ਸਨ। ਅਜਿਹੇ ਦ੍ਰਿਸ਼ ਦੇਖ ਸਾਡੇ ਵਿੱਚੋਂ ਇੱਕ ਜਣੀ ਬੋਲੀ “ਹਾਏ ਨੀ ਮੈਂ ਮਰਜਾਂ, ਐਨੇ ਲੋਕ ਆਉਂਦੇ ਆ ਮੇਲੇ ਤੇ।” ਕੋਲੋਂ ਲੰਘਦੇ ਕਿਸੇ ਗੱਭਰੂ ਨੇ ਜਵਾਬ ਦਿੱਤਾ, “ਮੇਲਾ ਸੋਹਣਾ ਹੀ ਬਹੁਤ ਹੈ, ਫਿਰ ਆਉਣਾ ਤੇ ਹੋਇਆ ਈ।”
ਉਸ ਦਾ ਜਵਾਬ ਸੁਣ ਸਾਰੀਆਂ ਗੁੱਝਾ-ਗੁੱਝਾ ਹੱਸਣ ਲੱਗ ਪਈਆਂ ਜਿਵੇਂ ਪੰਜਾਬ ਦੀ ਇੱਕ ਬੋਲੀ ਪ੍ਰਸਿੱਧ ਹੈ:
ਹੱਸ ਲਉ ਨੀ ਕੁੜੀਓ, ਖੇਡ ਲਉ ਨੀ ਕੁੜੀਓ
ਹੱਸਣਾ-ਖੇਡਣਾ ਰਹਿ ਜਾਉਗਾ ਨੀ ਕੋਈ ਬੂਜੜ ਜਿਆ ਜੱਟ ਲੈ ਜਾਉਗਾ … ।
ਮੇਲੇ ਵਿੱਚ ਕੁੱਝ ਨੌਜਵਾਨ ਇਸ ਤਰ੍ਹਾਂ ਚੱਕਰ ਕੱਟ ਰਹੇ ਸਨ ਜਿਵੇਂ ਉਹ ਗਿਣਤੀ ਕਰ ਰਹੇ ਹੋਣ ਕਿ ਇਸ ਵਾਰ ਮੇਲੇ ਵਿੱਚ ਕੌਣ ਆਇਆ ਹੈ ਅਤੇ ਕੌਣ ਗੈਰ-ਹਾਜ਼ਰ ਆ।
ਇਸ ਰੌਣਕ ਦੀ ਭੀੜ ਵਿੱਚ ਕਦੇ ਕੋਈ ਅਚਨਚੇਤ ਵੀ ਮਿਲ ਪੈਂਦਾ ਹੈ ਜਿਹੜਾ ਕਿ ਦੂਰ ਤੋਂ ਨਿਹਾਰ ਰਿਹਾ ਹੁੰਦਾ ਹੈ ਜਿਵੇਂ ਲੋਕ ਬੋਲੀ ਵਿੱਚ ਕਿਹਾ ਜਾਂਦਾ ਹੈ :
ਨੀ ਉਹ ਦੂਰ ਖੜ੍ਹਾ ਸ਼ਰਮਾਵੇ, ਜਿਥੇ ਪਹਿਲਾ ਮੰਗੀ ਸੀ।
ਨੀ ਮੈਂ ਉਹਦੇ ਪਿੰਡ ਵਿਆਹੀ, ਜਿਥੇ ਸ਼ੱਕਰ ਵੰਡੀ ਸੀ।
ਮੇਰੀ ਵਰਗੀ ਨੀ ਥਿਆਉਣੀ, ਮੁੜ-ਮੁੜ ਇਥੇ ਹੀ ਆਵੇਗਾ।
ਮੇਲੇ ਵਿਚ ਬਹੁਤ ਸਾਰੀਆਂ ਦੁਕਾਨਾਂ ਵੀ ਸੱਜਦੀਆਂ। ਵੰਗਾਂ-ਚੂੜੀਆਂ ਹੋਰ ਨਿੱਕ-ਸੁੱਕ ਅਤੇ ਖਾਣ-ਪੀਣ ਦੀਆਂ ਦੁਕਾਨਾਂ ਉੱਪਰ ਵੱਡੀ ਭੀੜ ਲੱਗੀ ਹੋਈ ਸੀ। ਰਿਸ਼ਤੇ ‘ਚ ਲਗਦੀਆਂ ਭਰਜਾਈਆਂ ਨੇ ਆਪਣੀਆਂ ਨਨਦਾਂ ਨੂੰ ਕੱਚ ਦੀਆਂ ਚੂੜੀਆਂ ਚੜ੍ਹਾਂ ਕੇ ਦਿੱਤੀਆਂ। ਇਕ ਰਵਾਇਤ ਅਨੁਸਾਰ ਉਹਨਾਂ ਦਾ ਮੰਨਣਾ ਹੈ ਕਿ ਘਰ ਦੀਆਂ ਧੀਆਂ ਨੂੰ ਚੂੜੀਆਂ ਚੜਾਉਣ ਦਾ ਚੰਗਾ ਸ਼ਗਨ ਮੰਨਿਆ ਜਾਂਦਾ ਹੈ। ਉਹਨਾਂ ਕੋਲ ਖੜੇ ਆਪਣੇ ਦਿਉਰ, ਜੇਠਾਂ ਨੂੰ ਵੰਗਾਂ ਚੜ੍ਹਾ ਕੇ ਦੇਣ ਦੀ ਮੁਸ਼ਕਰੀ ਵੀ ਕੀਤੀ। ਔਰਤਾਂ ਨੇ ਸੱਜੀਆਂ ਦੁਕਾਨਾਂ ਤੋਂ ਸਪੈਸ਼ਲ ਤਿਆਰ ਕੀਤਾ ਹੋਇਆ ਸੁਰਮਾ, ਰੰਗਲੀ ਦਾਤਣ ਅਤੇ ਸੁੰਦਰ ਪਰਾਂਦੇ ਵੀ ਖਰੀਦੇ। ਇਸ ਰੌਣਕ ਨੂੰ ਦੇਖਦਿਆਂ ਜਿਥੇ ਹਰ ਕੋਈ ਖੁਸ਼ ਨਜ਼ਰ ਆ ਰਿਹਾ ਸੀ ਉਥੇ ਆਪਸੀ ਨੋਕ-ਝੋਕ ਨਾਲ ਰਿਸ਼ਤੇ ਵੀ ਹੋਰ ਗੂੜੇ ਹੁੰਦੇ ਦਿਖਾਈ ਦਿੱਤੇ। ਮੇਲੇ ਵਿੱਚ ਬੱਚਿਆਂ ਨੇ ਵੀ ਕਾਫੀ ਸ਼ੋਰ ਮਚਾਇਆ ਹੋਇਆ ਸੀ। ਬਹੁਤ ਸਾਰੇ ਬੱਚੇ ਖਿਡੌਣਿਆ ਨਾਲ ਖੇਡ ਰਹੇ ਸਨ। ਕੁੱਝ ਬੱਚੇ ਹੋਰ ਖਿਡੌਣਿਆ ਦੀ ਜਿੱਦ ਫੜੀ ਬੈਠੇ ਸਨ। ਅਸੀਂ ਵੀ ਸਾਰੀਆਂ ਜਣੀਆਂ ਨੇ ਆਪਣੇ-ਆਪਣੇ ਲਈ ਥੋੜ੍ਹਾ ਬਹੁਤ ਖਰੀਦਣਾ ਚਾਹਿਆ। ਕਿਸੇ ਨੇ ਵੰਗਾਂ, ਕਿਸੇ ਮੁੰਦਰੀ, ਕਿਸੇ ਨੇ ਛੱਲਾ ਖਰੀਦਿਆ। ਵਾਪਸੀ ਦੌਰਾਨ ਬਾਕੀ ਲੋਕਾਂ ਵਾਂਗ ਅਸੀਂ ਵੀ ਪਕੌੜੇ ਅਤੇ ਜਲੇਬੀਆਂ ਖਰੀਦੇ ਅਤੇ ਹੱਸਦੀਆਂ ਖੇਡਦੀਆਂ ਘਰਾਂ ਨੂੰ ਪਰਤ ਆਈਆਂ।

ਲੇਖਕ – ਕਰਮਜੀਤ ਕੌਰ ਮੁਕਤਸਰ
ਮੋ. 89685-94379