ਸਿਕੰਦਰ ਮਹਾਨ ਦਾ ਜਨਮ ਦਿਨ 21/7/356 ਬੀ ਸੀ
ਧਰਤੀਆਂ ਜਿੱਤਣ ਦੀ ਥਾਂ ਗਿਆਨ ਦਾ ਸੰਸਾਰ ਜਿੱਤਣ ਦੀ ਲੋੜ ਹੁੰਦੀ ਹੈ – ਅੰਤਲੇ ਸਮੇਂ ਸਿਕੰਦਰ
ਮਹਾਨ ਸਿੰਕਦਰ :ਦੁਨੀਆਂ ਦਾ ਪਹਿਲਾ ਵਿਅਕਤੀ ਜਿਸ ਨੇ ਆਪਣੀਆਂ ਪ੍ਰਾਪਤੀਆਂ ਨਾਲ ਆਪਣੇ ਨਾਂ ਨਾਲ ‘ਮਹਾਨ’ ਸ਼ਬਦ (ਮਹਾਨ ਸਿੰਕਦਰ) ਦਾ ਖਿਤਾਬ ਹਾਸਲ ਕੀਤਾ।ਸਿੰਕਦਰ ਦੇ ਜ਼ਮਾਨੇ ਵਿੱਚ ਜਿਹੜਾ ਵੀ ਜਿੱਤਦਾ ਸੀ ਉਸਨੂੰ ਸਿੰਕਦਰ ਕਿਹਾ ਜਾਂਦਾ ਸੀ।ਉਹ ਸੰਸਾਰ ਦੇ ਪਹਿਲੇ ਦਸ ਜਰਨੈਲਾਂ ਵਿੱਚੋਂ ਤੀਜੇ ਨੰਬਰ ਤੇ ਆਉਂਦਾ ਹੈ।ਉਸਦਾ ਜਨਮ ਯੂਨਾਨ ਦੀ ਇਕ ਰਿਆਸਤ ਮਕਦੂਨੀਆ ਦੇ ਰਾਜੇ ਫਿਲਪ ਦੇ ਘਰ 21/7/356 ਵਿੱਚ ਹੋਇਆ।ਇਸਦੇ ਪਿਤਾ ਨੇ ਕਿਹਾ,”ਪੁੱਤਰ ਮੇਰਾ ਰਾਜ ਤੇਰੇ ਲਈ ਸੌੜਾ ਹੈ,ਤੂੰ ਆਪਣੇ ਮੇਚ ਦੀ ਸਲਤਨਤ ਲੱਭ।” ਫਿਲਪ ਦਾ ਸਿੰਕਦਰ ਦੀ ਭੈਣ ਦੇ ਵਿਆਹ ਵਿੱਚ ਦਰਬਾਰੀ ਨੇ ਧੋਖੇ ਨਾਲ ਕਤਲ ਕਰ ਦਿੱਤਾ।ਪਿਤਾ ਦੀ ਮੌਤ ਤੋਂ ਬਾਅਦ ਉਸਦੀ ਬਹਾਦਰੀ ਦੇ ਰੰਗ ਪ੍ਰਗਟ ਹੋਏ।19 ਸਾਲ ਦੀ ਉਮਰ ਵਿੱਚ ਸੰਸਾਰ ਜਿੱਤਣ ਦੇ ਸੁਪਨੇ ਨੂੰ ਸੱਚ ਕਰਨ ਲਈ ਤੁਰ ਪਿਆ।ਉਸ ਨੇ ਤੇਰਾਂ ਸਾਲਾਂ ਵਿੱਚ 48,60,000 ਕਿਲੋਮੀਟਰ ਇਲਾਕਾ ਜਿੱਤਿਆ।ਜਿਸ ਇਲਾਕੇ ਬਾਰੇ ਸੋਚਦਾ ਉਸਨੂੰ ਜਿੱਤ ਲੈਂਦਾ। 30 ਸਾਲ ਤੱਕ ਦੀ ਉਮਰ ਤੱਕ ਉਸਨੇ ਵੱਡਾ ਸਾਮਰਾਜ ਕਾਇਮ ਕਰ ਲਿਆ ਜੋ ਯੂਨਾਨ ਤੋਂ ਲੈ ਕੇ ਮਿਸਰ ਅਤੇ ਪੰਜਾਬ ਤੱਕ ਫੈਲਿਆ ਹੋਇਆ ਸੀ।ਉਸ ਵਿੱਚ ਜਵਾਨੀ ਵਾਲੇ ਔਗਣ ਨਹੀਂ ਸਨ ਸਗੋਂ ਉਹ ਯੋਧੇ ਵਾਲੇ ਗੁਣਾਂ ਕਰਕੇ ਹਰਮਨ ਪਿਆਰਾ ਸੀ।ਉਸਨੇ ਹਾਰੇ ਰਾਜਿਆਂ ਤੇ ਵਿਧਵਾ ਮਹਾਰਾਣੀਆਂ ਦਾ ਪੂਰਾ ਸਤਿਕਾਰ ਕੀਤਾ।ਇਕ ਲੜਾਈ ਵਿੱਚ ਰਾਜੇ ਦੇ ਮਾਰੇ ਜਾਣ ਤੋਂ ਬਾਅਦ ਉਸਦੀ ਵਿਧਵਾ ਨੇ ਆਪਣੀ ਮਰਜ਼ੀ ਨਾਲ ਸਿੰਕਦਰ ਨਾਲ ਵਿਆਹ ਕਰਵਾ ਲਿਆ।ਉਹ ਕਿਹਾ ਕਰਦਾ ਸੀ,”ਅਸਮਾਨ ਵਿੱਚ ਦੋ ਸੂਰਜ ਨਹੀਂ ਹੋ ਸਕਦੇ,ਧਰਤੀ ਤੇ ਦੋ ਬਾਦਸ਼ਾਹ ਕਿਵੇਂ ਹੋ ਸਕਦੇ ਹਨ।” ਉਸਨੇ ਮੰਨਿਆ, “ਮੈਂ ਧਰਤੀਆਂ ਜਿੱਤਦਾ ਰਿਹਾ,ਲੋੜ ਗਿਆਨ ਦਾ ਸੰਸਾਰ ਜਿੱਤਣ ਦੀ ਸੀ।” ਉਸ ਅਨੁਸਾਰ ਗਰਮੀ ਅਤੇ ਸਰਦੀ,ਭੁੱਖ ਅਤੇ ਪਿਆਸ,ਅਨੇਕਾਂ ਰੁਕਾਵਟਾਂ ਤੇ ਥਕਾਵਟ ਮਹਿਸੂਸ ਨਾ ਕਰਨ ਵਾਲੇ ਨੂੰ ਹਰਾਇਆ ਨਹੀਂ ਜਾ ਸਕਦਾ।ਉਸਨੇ 35 ਨਵੇਂ ਸ਼ਹਿਰ ਵਸਾਏ ਅਤੇ ਹਰ ਥਾਂ ਤੇ ਆਪਣਾ ਪ੍ਰਭਾਵ ਛੱਡਿਆ।ਸਿੰਕਦਰ ਨੇ ਆਪਣੇ ਪਿਤਾ ਦਾ ਸੁਪਨਾ ਏਸ਼ੀਆ ਨੂੰ ਜਿੱਤਣ ਦਾ ਪੂਰਾ ਕੀਤਾ।ਉਸਦੇ ਘੋੜੇ ਦਾ ਨਾਂ ਜਿਹਲਮ ਸੀ ਜਿਸ ਦੇ ਮਰਨ ਤੇ ਸਿੰਕਦਰ ਨੇ ਭਾਰਤ ਦੇ ਇਕ ਦਰਿਆ ਦਾ ਨਾਂ ਜਿਹਲਮ ਰੱਖ ਦਿੱਤਾ।ਉਹ ਇਕ ਵੀ ਲੜਾਈ ਨਹੀਂ ਹਾਰਿਆ ਤੇ ਉਸ ਕੋਲ ਦਸ ਹਜ਼ਾਰ ਘੋੜ ਸਵਾਰ ਸਨ।ਹੈਪਹੇਸਟੀਅਨ ਤੇ ਕਰੈਟਰਸ ਸਿੰਕਦਰ ਦੇ ਬੇਹਦ ਪਿਆਰੇ ਦੋਸਤ ਸਨ।ਇਕ ਵਾਰ ਉਸਨੇ ਇਕ ਸਿੱਧੀ ਪਹਾੜੀ ਤੇ ਝੰਡਾ ਲਹਿਰਾਉਣ ਲਈ ਇਕ ਫੌਜੀ ਦੀ ਮੰਗ ਕੀਤੀ ਤਾਂ 300 ਫੌਜੀ ਆ ਗਏ।ਉਹ ਭਾਸ਼ਨ ਨਾਲ ਹੀ ਜਿੱਤ ਪੱਕੀ ਕਰ ਦਿੰਦਾ ਸੀ।ਜਦੋਂ ਉਹ ਤੁਰਿਆ ਸੀ ਉਸਦੇ ਸਿਰ ਕਰਜਾ ਸੀ ਪੰਜਾਹ ਮਹੀਨੇ ਬਾਅਦ ਉਸ ਕੋਲ ਸੰਸਾਰ ਦੇ ਖ਼ਜ਼ਾਨੇ ਸਨ।ਉਹ ਸੰਸਾਰ ਦਾ ਪਹਿਲਾ ਤੇ ਅੰਤਲਾ ਸੀ ਜਿਸਨੇ ਸੰਸਾਰ ਜਿੱਤਣ ਦਾ ਸੁਪਨਾ ਵੇਖਿਆ ਅਤੇ ਉਪਰਾਲਾ ਵੀ ਕੀਤਾ।ਭਾਰਤ ਦੀ ਲੜਾਈ ਵਿੱਚ ਸਿੰਕਦਰ ਨੇ ਪੋਰਸ ਨੂੰ ਪੁਛਿਆ ਕਿ ਤੂੰ ਕੀ ਸੋਚ ਕੇ ਮੇਰੇ ਖਿਲਾਫ ਡਟਿਆ ਸੀ ? ਉਸਨੇ ਕਿਹਾ,”ਮੈਂ ਮੰਨਦਾ ਹਾਂ ਤੂੰ ਬਹਾਦਰ ਹੈ ਪਰ ਮੈਂ ਵੀ ਬਹਾਦਰ ਹਾਂ।” ਫਿਰ ਸਿੰਕਦਰ ਨੇ ਕਿਹਾ,” ਤੇਰੇ ਨਾਲ ਕੀ ਸਲੂਕ ਕੀਤਾ ਜਾਵੇ ? ਪੋਰਸ ਨੇ ਜਵਾਬ ਦਿਤਾ,” ਜੋ ਇਕ ਬਾਦਸ਼ਾਹ ਨਾਲ ਕੀਤਾ ਜਾਣਾ ਚਾਹੀਦਾ।”ਸਿੰਕਦਰ ਨੇ ਉਸਦੀ ਬਾਦਸ਼ਾਹੀ ਹੀ ਨਹੀਂ ਮੋੜੀ ਸਗੋਂ ਹੋਰ ਇਲਾਕੇ ਵੀ ਦੇ ਦਿਤੇ।ਡੇਰੀਅਸ ਨਾਂ ਦਾ ਬਾਦਸ਼ਾਹ ਵੀ ਸਿੰਕਦਰ ਨਾਲ ਲੜਿਆ ਸੀ ਤੇ ਉਸਨੇ ਸਿੰਕਦਰ ਨੂੰ ਏਸ਼ੀਆ ਆਪਸ ਵਿੱਚ ਅੱਧਾ ਅੱਧਾ ਵੰਡਣ ਦਾ ਸੁਝਾਅ ਦਿੰਦਿਆ ਕਿਹਾ “ਜੇ ਮੈਂ ਸਿੰਕਦਰ ਹੁੰਦਾ ਤਾਂ ਮੰਨ ਜਾਂਦਾ।”
ਸਿੰਕਦਰ ਨੇ ਕਿਹਾ “ਜੇ ਮੈਂ ਡੇਰੀਅਸ ਹੁੰਦਾ ਤਾਂ ਮੈਂ ਵੀ ਮੰਨ ਜਾਂਦਾ ਪਰ ਮੈਂ ਕੀ ਕਰਾਂ ਮੈਂ ਡੇਰੀਅਸ ਨਹੀਂ,ਸਿੰਕਦਰ ਹਾਂ।”
ਸੰਸਾਰ ਦੇ ਬਾਦਸ਼ਾਹਾਂ ਵਿੱਚੋਂ ਸਭ ਤੋਂ ਘੱਟ ਦੋਸ਼ ਸਿੰਕਦਰ ਦੇ ਚਰਿੱਤਰ ਤੇ ਲੱਗਦੇ ਹਨ।ਆਪਣੀ ਮਾਂ ਦਾ ਉਹ ਬਹੁਤ ਸਤਿਕਾਰ ਕਰਦਾ ਸੀ ਤੇ ਉਸਨੂੰ ਹਰ ਮੁਹਿੰਮ ਬਾਰੇ ਖਤ ਰਾਹੀਂ ਦੱਸਦਾ ਰਹਿੰਦਾ।ਜਦ ਉਸਨੂੰ ਪਤਾ ਲੱਗਾ ਕਿ ਉਸ ਦੇ ਬਚਣ ਦੀ ਸੰਭਾਵਨਾ ਨਹੀਂ ਤਾਂ ਉਸਨੇ ਲਿਖ ਕੇ ਕਹਿਆ ਮੇਰੇ ਮਰਨ ਤੋਂ ਬਾਅਦ ਤਿੰਨ ਕੰਮ ਜ਼ਰੂਰ ਕੀਤੇ ਜਾਣ।
1) ਮੇਰੀ ਅਰਥੀ ਨੂੰ ਮੇਰੇ ਹਕੀਮ ਹੀ ਚੁੱਕਣ ਤਾਂ ਕਿ ਸੰਸਾਰ ਨੂੰ ਪਤਾ ਲੱਗੇ ਕਿ ਸੰਸਾਰ ਤੋਂ ਜਾਣ ਵਾਲੇ ਭਾਵ ਮੌਤ ਤੋਂ ਕੋਈ ਨਹੀ ਬਚਾ ਸਕਦਾ।
2) ਮੇਰੇ ਕਬਰਸਤਾਨ ਤੱਕ ਦੇ ਰਾਹ ਵਿੱਚ ਸਾਰੇ ਹੀਰੇ ਮੋਤੀ ਖਿਲਾਰ ਦਿਤੇ ਜਾਣ ਤਾਂ ਜੋ ਹਰ ਕੋਈ ਜਾਣ ਜਾਵੇ ਕਿ ਸਭ ਖਜਾਨੇ ਇਥੇ ਹੀ ਰਹਿ ਜਾਣਗੇ।
3) ਮੇਰੀ ਅਰਥੀ ਵਿੱਚੋਂ ਮੇਰੇ ਹੱਥ ਬਾਹਰ ਕੱਢ ਕੇ ਰੱਖੇ ਜਾਣ ਤਾਂ ਕਿ ਸੰਸਾਰ ਨੂੰ ਦਸ ਸਕਾਂ ਕਿ ਜਿਸਨੇ ਦੁਨੀਆ ਜਿੱਤ ਲਈ ਸੀ, ਦੁਨੀਆਂ ਤੋ ਜਾਣ ਵੇਲੇ ਉਸਦੇ ਦੋਵੇਂ ਹੱਥ ਖਾਲੀ ਸਨ।ਸਿੰਕਦਰ ਲਈ ਹਰੇਕ ਦਿਨ ਇਕ ਨਵੀਂ ਮੁਹਿੰਮ ਹੁੰਦਾ ਸੀ।ਉਸ ਨੇ ਕਦੇ ਹਾਰ ਸ਼ਬਦ ਨਹੀਂ ਸੁਣਿਆ ਸੀ ਪਰ ਉਸਨੂੰ ਮੌਤ ਨੇ ਛੋਟੀ ਉਮਰ 32 ਸਾਲ ਵਿੱਚ ਜਿੱਤ ਲਿਆ।ਬੇਸ਼ਕ ਉਸਦੇ ਕਾਰਨਾਮੇ ਮਿਟ ਗਏ ਪਰ ਉਸਦਾ ਨਾਂ ਹੋਰ ਗੂੜਾ ਹੁੰਦਾ ਗਿਆ ਤੇ ਅੱਜ ਇਕ ਕਰੌੜ ਨਾਲੋਂ ਵੱਧ ਲੋਕਾਂ ਦਾ ਨਾਂ ਸਿੰਕਦਰ ਹੈ।
ਮਾਸਟਰ ਪਰਮ ਵੇਦ
ਤਰਕਸ਼ੀਲ ਆਗੂ
ਸੰਗਰੂਰ
9417422349