ਮੈਂ ਹੈਰਾਨ ਹਾਂ
ਇਹ ਸੋਚ ਕੇ
ਕਿਸੇ ਔਰਤ ਨੇ ਕਿਉਂ ਨਹੀਂ ਚੁੱਕੀ ਉਂਗਲ
ਤੁਲਸੀਦਾਸ ਤੇ
ਜੀਹਨੇ ਕਿਹਾ-
“ਢੋਲ, ਗਵਾਰ, ਸ਼ੂਦਰ, ਪਸ਼ੂ, ਨਾਰੀ
ਯੇ ਸਬ ਤਾੜਨ ਕੇ ਅਧਿਕਾਰੀ”
ਮੈਂ ਹੈਰਾਨ ਹਾਂ
ਕਿਸੇ ਔਰਤ ਨੇ
ਕਿਉਂ ਨਹੀਂ ਸਾੜੀ ‘ਮਨੂਸਮ੍ਰਿਤੀ’
ਜੀਹਨੇ ਪਹਿਨਾਈਆਂ ਉਨ੍ਹਾਂ ਨੂੰ
ਗੁਲਾਮੀ ਦੀਆਂ ਬੇੜੀਆਂ
ਮੈਂ ਹੈਰਾਨ ਹਾਂ
ਕਿਸੇ ਔਰਤ ਨੇ ਕਿਉਂ ਨਹੀਂ ਲਾਅਨਤ ਪਾਈ
ਉਸ ‘ਰਾਮ’ ਨੂੰ
ਜੀਹਨੇ ਗਰਭਵਤੀ ਪਤਨੀ ਸੀਤਾ ਨੂੰ
ਅਗਨੀ-ਪ੍ਰੀਖਿਆ ਤੋਂ ਪਿੱਛੋਂ ਵੀ
ਕੱਢ ਦਿੱਤਾ ਸੀ ਘਰੋਂ ਬਾਹਰ
ਧੱਕੇ ਮਾਰ ਕੇ
ਕਿਸੇ ਔਰਤ ਨੇ
ਲਾਅਨਤ ਨਹੀਂ ਪਾਈ
ਉਨ੍ਹਾਂ ਸਾਰਿਆਂ ਨੂੰ, ਜਿਨ੍ਹਾਂ ਨੇ
ਔਰਤ ਨੂੰ ਸਮਝ ਕੇ ‘ਚੀਜ਼’
ਲਾ ਦਿੱਤਾ ਸੀ ਦਾਅ ਤੇ
ਹੁੰਦਾ ਰਿਹਾ ‘ਨਪੁੰਸਕ’ ਯੋਧਿਆਂ ਵਿੱਚ
ਸਮੁੱਚੀ ਔਰਤ ਜ਼ਾਤ ਦਾ ਚੀਰਹਰਣ
ਮਹਾਭਾਰਤ ਵਿੱਚ
ਮੈਂ ਹੈਰਾਨ ਹਾਂ ਇਹ ਸੋਚ ਕੇ
ਕਿਸੇ ਔਰਤ ਨੇ ਕਿਉਂ ਨਹੀਂ ਕੀਤਾ
ਸੰਯੋਗਿਤਾ ਅੰਬਾ ਅੰਬਾਲਿਕਾ ਦੇ
ਦਿਨ-ਦਿਹਾੜੇ ਉਧਾਲੇ ਦਾ ਵਿਰੋਧ
ਅੱਜ ਤੱਕ
ਅਤੇ ਮੈਂ ਹੈਰਾਨ ਹਾਂ
ਇੰਨਾ ਕੁਝ ਹੋਣ ਪਿੱਛੋਂ ਵੀ
ਕਿਉਂ ਆਪਣੀ ‘ਪੂਜਨੀਕ’ ਮੰਨ ਕੇ
ਪੂਜਦੀਆਂ ਹਨ ਮੇਰੀਆਂ ਮਾਵਾਂ ਭੈਣਾਂ
ਉਨ੍ਹਾਂ ਨੂੰ ਦੇਵਤਾ-ਭਗਵਾਨ ਸਮਝ ਕੇ
ਮੈਂ ਹੈਰਾਨ ਹਾਂ
ਉਨ੍ਹਾਂ ਦੀ ਖਾਮੋਸ਼ੀ ਵੇਖ ਕੇ
ਇਹਨੂੰ ਉਨ੍ਹਾਂ ਦੀ ਸਹਿਨਸ਼ੀਲਤਾ ਕਹਾਂ
ਜਾਂ ਅੰਨ੍ਹੀ ਸ਼ਰਧਾ ਜਾਂ ਫਿਰ
ਮਾਨਸਿਕ ਗੁਲਾਮੀ ਦੀ ਚਰਮਸੀਮਾ

* ਮੂਲ : ਮਹਾਦੇਵੀ ਵਰਮਾ
# ਅਨੁ : ਪ੍ਰੋ. ਨਵ ਸੰਗੀਤ ਸਿੰਘ, ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-161302 (ਬਠਿੰਡਾ) 9417692015.