ਲੜਕੇ ਨੂੰ ਮੋਬਾਈਲ ਫੋਨ ਦੀ ਦੁਰਵਰਤੋਂ ਦੀ ਥਾਂ ਵਿਗਿਆਨਕ ਸੋਚ ਵਾਲੀਆਂ ਕਿਤਾਬਾਂ ਪੜ੍ਹਨ ਵੱਲ ਲਾਇਆ
ਇਸ ਸਮੇਂ ਮੋਬਾਈਲ ਫੋਨ ਸਾਡੀ ਜ਼ਿੰਦਗੀ ਦਾ ਅਟੁੱਟ ਅੰਗ ਬਣ ਚੁੱਕਿਆ ਹੈ। ਇਸ ਤੋਂ ਬਿਨਾਂ ਅਸੀਂ ਆਪਣੇ ਆਪ ਨੂੰ ਅਧੂਰੇ/ਅੰਗਹੀਣ ਸਮਝਦੇ ਹਾਂ। ਉਸ ਰਾਹੀਂ ਅਸੀਂ ਹਰ ਸਮੇਂ ਸਾਰੀ ਦੁਨੀਆਂ ਨਾਲ ਜੁੜੇ ਹੁੰਦੇ ਹਾਂ। ਉਸ ਨੇ ਘੜੀ, ਰਿਕਾਰਡਰ, ਕੈਮਰਾ, ਟਾਈਪਰਾਈਟਰ ,ਡਿਟਸ਼ਨਰੀ ਆਦਿ ਸਾਰਿਆਂ ਦਾ ਕੰਮ ਆਪਣੇ ਅੰਦਰ ਸਮੋਂ ਲਿਆ ਹੈ। ਜਦੋਂ ਚਾਹੋਂ ਫੋਟੋ ਖਿੱਚ ਲਓ, ਜਦੋਂ ਚਾਹੇ ਵੀਡੀਓ ਬਣਾ ਲਓ, ਟਾਈਮ ਦੇਖਣਾ ਹੋਵੇ ਟਾਈਮ ਦੇਖ ਲਓ, ਖ਼ਬਰਾਂ ਸੁਣ ਲਓ, ਕਿਸੇ ਨੂੰ ਸੁਨੇਹਾ ਦੇ ਦਿਓ, ਕਿਸੇ ਦਾ ਸੁਨੇਹਾ ਪ੍ਰਾਪਤ ਕਰ ਲਓ, ਜਦੋਂ ਕੁੱਝ ਟਾਈਪ ਕਰਨ ਦੀ ਲੋੜ ਹੋਵੇ, ਟਾਈਪ ਕਰ ਲਓ। ਅੰਗਰੇਜ਼ੀ ਦਾ ਸ਼ਬਦ ਦੇਖ ਲਵੋ।ਲੋੜ ਮੁਤਾਬਿਕ ਵਰਤਿਆਂ ਜਾਵੇ ਤਾਂ ਮੋਬਾਈਲ ਫੋਨ ਦੇ ਅਥਾਹ ਫਾਇਦੇ ਹਨ।
ਪਹਿਲਾਂ ਇਸਦਾ ਉਦੇਸ਼ ਸਿਰਫ ਗੱਲ ਕਰਨੀ ਹੁੰਦਾ ਸੀ, ਜੋ ਔਖਾ ਲਗਦਾ ਸੀ, ਮਹਿੰਗਾ ਵੀ ਸੀ, ਪਰ ਹੁਣ ਮੋਬਾਈਲ ‘ਤੇ ਹੀ ਆਨ ਲਾਈਨ ਹੋ ਕੇ ਤੇ ਸਾਹਮਣੇ ਬੈਠ ਕੇ ਸਾਰੀ ਗੱਲ ਹੋ ਜਾਂਦੀ। ਕੀ-ਕੀ ਲਾਭ ਗਿਣਾਈਏ।ਪਰ ਅਜ ਕਲ ਇਸ ਦੀ ਗਲਤ ਵਰਤੋਂ ਸ਼ੁਰੂ ਹ ਗਈ ਹੈ।ਵਿਦਿਆਰਥੀਆਂ ਸਮੇਤ ਨੌਕਰੀ ਪੇਸ਼ਾ ਵਿਅਕਤੀ ਵੀ ਕ੍ਰਿਕਟ ਵਾਗੂੰ ਇਸਦੇ ਮਰੀਜ਼ ਬਣਦੇ ਜਾ ਰਹੇ ਹਨ।
ਸਾਡੇ ਕੋਲ ਸੰਗਰੂਰ ਮੋਬਾਈਲ ਫੋਨ ਦੀ ਵਰਤੋਂ ਨਾਲ ਬਣੇ ਮਾਨਸਿਕ ਰੋਗੀ ਦਾ ਇਕ ਕੇਸ ਆਇਆ। ਘਰਦਿਆਂ ਨੇ ਦੱਸਿਆ ਕਿ ਸਾਡਾ ਲੜਕਾ ਹਰ ਸਮੇਂ ਮੋਬਾਈਲ ਫੋਨ ਹੀ ਵਰਤਦਾ ਰਹਿੰਦਾ ਹੈ। ਸਾਨੂੰ ਆਪਣੇ ਕਮਰੇ ਅੰਦਰ ਵੀ ਵੜਨ ਨਹੀਂ ਦਿੰਦਾ| ਨੌਕਰੀ ਤੇ ਵੀ ਨਹੀਂ ਜਾਂਦਾ। ਉਹ ਹਰ ਸਮੇਂ ਗੇਮਾਂ ਖੇਡਦਾ ਰਹਿੰਦਾ ਹੈ। ਸੂਡੋਕੋ ਆਦਿ ਗੇਮ ਜਿਆਦਾ ਖੇਡਦਾ ਹੈ। ਬੱਸ ਖੇਡੀ ਹੀ ਜਾਂਦਾ ਹੈ। ਰੋਟੀ ਵੀ ਘੱਟ ਹੀ ਖਾਂਦਾ ਹੈ। ਸਿਹਤ ਗਿਰਦੀ ਜਾ ਰਹੀ ਹੈ। ਅਸੀਂ ਉਸਨੂੰ ਗੇਮਾਂ ਖੇਡਣ ਤੋਂ ਵਰਜਦੇ ਹਾਂ ਤਾਂ ਉਹ ਸਾਡੇ ਨਾਲ ਲੜਨ ਲੱਗ ਪੈਂਦਾ ਹੈ।
ਅਸੀਂ ਘਰਦਿਆਂ ਨੂੰ ਕਿਹਾ, “ਉਸ ਦੀ ਆਦਤ ਛੁਡਾਉਣ ਲਈ ਸਮਾਂ ਲੱਗੇਗਾ। ਇਸ ਨੂੰ ਫੋਨ ਦੀ ਆਦਤ ਪੱਕ ਚੁੱਕੀ ਹੈ। ਸਮਾਂ ਲੱਗੇਗਾ। ਅਸੀਂ ਕੋਸ਼ਿਸ਼ ਕਰਾਂਗੇ ਕਿ ਜੇ ਸਾਡੀ ਗੱਲ ਸੁਣਨ ਲੱਗ ਪਿਆ ਤਾਂ ਅਸੀਂ ਉਸਦੀ ਆਦਤ ਛੁਡਵਾ ਦਿਆਗੇ। ਪਹਿਲਾਂ ਤੁਸੀਂ ਆਪ ਮੋਬਾਈਲ ਫੋਨ ਦੀ ਵਰਤੋਂ ਘੱਟ ਕਰੋ। ਬੱਚੇ ਨਕਲ ਕਰਦੇ ਨੇ। ਅਸੀਂ ਤੁਹਾਡੇ ਰਾਹੀਂ ਉਸਦੀ ਆਦਤ ਜਾਣ ਲਈ ਹੈ।
ਅਸੀਂ ਅਗਲੇ ਦਿਨ ਉਸ ਨੂੰ ਲੈ ਕੇ ਆਉਣ ਲਈ ਕਿਹਾ। ਮਾਂ-ਬਾਪ ਆਪਣੇ ਲੜਕੇ ਨੂੰ ਸਾਡੇ ਕੋਲ ਲਿਆਉਣ ਵਿੱਚ ਕਾਮਯਾਬ ਹੋ ਗਏ। ਸਾਡੀ ਤਿੰਨ ਮੈਂਬਰੀ ਕ੍ਰਿਸ਼ਨ ਸਿੰਘ, ਗੁਰਦੀਪ ਸਿੰਘ ਤੇ ਮੈਂ ਤਰਕਸ਼ੀਲ ਟੀਮ ਨੇ ਉਸਨੂੰ ਬੜੇ ਹੀ ਪਿਆਰ ਨਾਲ ਆਪਣੇ ਕੋਲ ਬਿਠਾਇਆ।
ਅਸਲ ਵਿੱਚ ਮੈਂ ਲੜਕੇ ਨੂੰ ਪਹਿਲਾਂ ਹੀ ਜਾਣਦਾ ਸੀ। ਉਹ ਬਹੁਤ ਜ਼ਿਆਦਾ ਹੁਸ਼ਿਆਰ ਲੜਕਾ ਸੀ। ਮੈਂ ਕਿਹਾ, “ਤੇਰੀ ਨੌਕਰੀ ਦਾ ਕੀ ਹਾਲ ਹੈ ? ਅੱਜ ਕੱਲ ਕਿੱਥੇ ਨੌਕਰੀ ਕਰਦੈਂ ?”
ਨੌਕਰੀ ਦਾ ਸਥਾਨ, ਸਮਾਂ, ਤਰੱਕੀ ਤੇ ਸੈਲਰੀ ਬਾਰੇ ਪੁੱਛਣ ਤੋਂ ਬਾਅਦ ਵਿਆਹ ਕਰਵਾਉਣ ਬਾਰੇ ਪੁੱਛਿਆ। ਜਦੋਂ ਉਹ ਗੱਲਾਂ ਵਿੱਚ ਪੈ ਗਿਆ ਤਾਂ ਮੈਂ ਉਸ ਦੇ ਪੜ੍ਹਾਈ ਦੇ ਸਮੇਂ ਨੂੰ ਯਾਦ ਕਰਾਇਆ ਕਿ ਉਹ ਪੜ੍ਹਾਈ ਤੇ ਖੇਡਾਂ ਵਿਚ ਕਿੰਨਾ ਹੁਸ਼ਿਆਰ ਸੀ।
ਮੈਂ ਕਿਹਾ, “ਮੈਨੂੰ ਅਧਿਆਪਕਾਂ ਵੱਲੋਂ ਤੇਰੀਆਂ ਕੀਤੀਆਂ ਤਾਰੀਫ਼ਾਂ ਯਾਦ ਨੇ। ਅਧਿਆਪਕ ਤੇਰੀਆਂ ਬੜੀਆਂ ਤਾਰੀਫ਼ਾਂ ਕਰਿਆ ਕਰਦੇ ਸਨ। ਤੂੰ ਆਪਣੇ ਸਮੇਂ ਨੂੰ ਬਿਲਕੁੱਲ ਵੀ ਬਰਬਾਦ ਨਹੀਂ ਸੀ ਕਰਦਾ। ਆਪਣੇ ਸਾਥੀਆਂ ਨੂੰ ਵੀ ਸਮੇਂ ਦੀ ਸਹੀ ਵਰਤੋਂ ਕਰਨ ਬਾਰੇ ਕਿਹਾ ਕਰਦਾ ਸੀ।”
ਮੈਂ ਉਸ ਤੋਂ ਪੁੱਛਿਆ, “ਤੂੰ ਆਪਣੇ ਸਾਥੀਆਂ ਨੂੰ ਹੁਣ ਵੀ ਸਮਝਾਉਨੈਂ ? ਤੇਰੇ ਸਾਥੀ ਤੇਰੀ ਹੁਣ ਵੀ ਬਹੁਤ ਕਦਰ ਕਰਦੇ ਹੋਣਗੇ।” ਮੈਂ ਉਸਨੂੰ ਆਪਣੇ ਪ੍ਰਭਾਵ ਹੇਠ ਲਿਆਉਣ ਵਿੱਚ ਕਾਮਯਾਬ ਹੋ ਗਿਆ। ਮੇਰੇ ਪ੍ਰਭਾਵ ਹੇਠ ਆਉਣ ਤੋਂ ਬਾਅਦ ਉਸ ਨੇ ਕਿਹਾ, “ਕੀ ਦੱਸਾਂ ਅੰਕਲ ਜੀ ! ਹੁਣ ਤਾਂ ਮੈਨੂੰ ਮੋਬਾਈਲ ਫੋਨ ਦੀ ਗੰਦੀ ਆਦਤ ਪੈ ਗਈ ਹੈ। ਹੁਣ ਤਾਂ ਦੋਸਤ ਮੈਨੂੰ ਸਮਝਾਉਂਦੇ ਨੇ। ਮੈਂ ਤਾਂ ਹੁਣ ਦਫ਼ਤਰ ਜਾਣੋਂ ਵੀ ਹਟ ਗਿਆ ਹਾਂ।”
ਉਸਦੇ ਮਨ ਦੀ ਨਿਰਾਸ਼ਤਾ ਉਸ ਦੇ ਚਿਹਰੇ ਤੋਂ ਸਾਫ ਝਲਕ ਰਹੀ ਸੀ। ਉਹ ਬਹੁਤ ਦੁੱਖ ਮਹਿਸੂਸ ਕਰ ਰਿਹਾ ਸੀ। ਮੈਂ ਉਸ ਨੂੰ ਕਿਹਾ, “ ਤੂੰ ਮੇਰੇ ਕੋਲ ਆਇਆ ਕਰ। ਆਪਾਂ ਗੱਲਾਂ ਕਰਿਆ ਕਰਾਂਗੇ। ਮੈਂ ਉਸਨੂੰ ਸਿਗਮੰਡ ਫਰਾਈਡ ਦੀ ਕਿਤਾਬ ਪੜ੍ਹਨ ਲਈ ਦਿੱਤੀ। ਉਹ ਮੇਰੀ ਗੱਲ ਮੰਨ ਗਿਆ ਤੇ ਅਗਲੇ ਦਿਨ ਆਉਣ ਬਾਰੇ ਕਹਿ ਕੇ ਆਪਣੇ ਮਾਪਿਆਂ ਨਾਲ ਚਲਾ ਗਿਆ।
ਅਗਲੇ ਦਿਨ ਉਹ ਆਪ ਨਹੀਂ ਆਇਆ, ਸਗੋਂ ਮੈਂ ਉਸ ਦੇ ਘਰ ਗਿਆ। ਉਹ ਇਕਦਮ ਮੇਰੇ ਨਾਲ ਤੁਰ ਪਿਆ। ਅਸੀਂ ਬਾਹਰ ਸੈਰ ਕਰਨ ਚਲੇ ਪਏ। ਮੈਂ ਕਿਤਾਬ ਪੜ੍ਹਨ ਬਾਰੇ ਪੁੱਛਿਆ। ਉਸਨੇ ਕਿਹਾ, “ਅਜੇ ਸ਼ੁਰੂ ਨਹੀਂ ਕੀਤੀ। ਕੱਲ੍ਹ ਤੋਂ ਸ਼ੁਰੂ ਕਰਾਂਗਾ।”
ਮੈਂ ਕਿਹਾ, “ਅੱਜ ਕਿਉਂ ਨਹੈਂ। ਅੱਜ ਹੀ ਸ਼ੁਰੂ ਕਰ । ਪੜ੍ਹ ਲੈ। ਤੂੰ ਆਪ ਮੋਬਾਈਲ ਫੋਨ ਦੀ ਆਦਤ ਨੂੰ ਗੰਦੀ ਕਹਿ ਰਿਹਾ ਹੈ। ਇਸ ਦਾ ਮਤਲਬ ਤੂੰ ਸਮਝਦਾ ਹੋਇਆ ਵੀ ਨਹੀਂ ਛੱਡ ਰਿਹਾ। ਇਸ ਦੀ ਵਰਤੋਂ ਘਟਾਉਣ ਲਈ ਕਿਤਾਬ ਪੜ੍ਹਨੀ ਸ਼ੁਰੂ ਕਰ, ਇਹ ਬਹੁਤ ਜ਼ਰੂਰੀ ਹੈ। ਕਿਤਾਬ ਪੜ੍ਹਨ ਵਾਲੇ ਪਾਸੇ ਲੱਗ। ਦੇਖੀ ਦਿਨਾਂ ਵਿੱਚ ਹੀ ਤੇਰੀ ਆਦਤ ਬਦਲ ਜਾਵੇਗੀ ਤੇ ਤੂੰ ਆਪਣੀ ਪਹਿਲੀ ਹਾਲਤ ਵਿੱਚ ਆ ਜਾਵੇਂਗਾ। ਤੇਰੇ ਘਰ ਵਾਲੇ ਤੇਰਾ ਵਿਆਹ ਕਰਨ ਦੀ ਸੋਚ ਰਹੇ ਨੇ| ਵਧੀਆ ਰਿਸ਼ਤਾ ਤੇਰੀ ਤੰਦਰੁਸਤੀ ਨਾਲ ਜੁੜਿਆ ਹੋਇਆ ਹੈ।” ਮੈਂ ਉਸ ਨੂੰ ਕਿਤਾਬ ਪੜ੍ਹਨ ਵੱਲ ਪ੍ਰੇਰਿਤ ਕਰਕੇ ਵਾਪਸ ਘਰ ਆ ਗਿਆ।ਅਗਲੇ ਦਿਨ ਉਹ ਮੇਰੇ ਕੋਲ ਆਪਣੇ ਆਪ ਆ ਗਿਆ ਤੇ ਕਹਿੰਦਾ, “ਅੰਕਲ ਕਿਤਾਬ ਬੜੀ ਵਧੀਐ। ਮੈਂ ਕਾਫ਼ੀ ਪੜ੍ਹ ਲਈ ਹੈ। ਚਾਰ ਦਿਨਾਂ ਵਿੱਚ ਪੂਰੀ ਕਰ ਦੇਵਾਂਗਾ।”
ਮੈਂ ਉਸ ਨੂੰ ਮੋਬਾਈਲ ਫੋਨ ਦੀ ਦੁਰਵਰਤੋਂ ਦੇ ਕਾਫੀ ਨੁਕਸਾਨ ਗਿਣਾਏ ਤੇ ਕਿਹਾ ਕਿ ਇਸ ਦੀ ਅਡਿਕਸ਼ਨ ਬੱਚਿਆਂ ਦੇ ਭਵਿੱਖ ਨੂੰ ਖਰਾਬ ਕਰ ਦਿੰਦੀ ਹੈ | ਮੈਂ ਕਿਹਾ, “ਲੋਕ ਵਹੀਕਲ ਚਲਾਉਂਦੇ ਸਮੇਂ ਫੋਨ ਦੀ ਵਰਤੋਂ ਕਰਦੇ ਹਨ। ਇਸ ਨਾਲ ਦੁਰਘਟਨਾ ਦਾ ਡਰ ਬਣਿਆ ਰਹਿੰਦਾ ਹੈ। ਇਸ ਦੀ ਜ਼ਿਆਦਾ ਵਰਤੋਂ ਕਰਨ ਵਾਲੇ ਲੋਕ ਹਮੇਸ਼ਾਂ ਤਣਾਅ ਵਿਚ ਰਹਿੰਦੇ ਨੇ। ਉਹ ਸਮਝਦੇ ਨੇ ਕਿ ਇਨ੍ਹਾਂ ਦੀਆਂ ਗਤੀਵਿਧੀਆਂ ਉੱਤੇ ਕਿਸੇ ਦੀ ਨਿਗ੍ਹਾ ਹੈ। ਇਸ ਦੀ ਜ਼ਿਆਦਾ ਵਰਤੋਂ ਨਾਲ ਸਿਹਤ ਵਿਗੜਦੀ ਹੈ। ਅੱਖਾਂ, ਕੰਨ ਤੇ ਅਸਰ ਪੈਂਦਾ ਹੈ। ਨਵੀਆਂ ਨਵੀਆਂ ਮੋਬਾਈਲ ਗੇਮਾਂ ਵਿਕਸਿਤ ਹੋ ਰਹੀਆਂ ਨੇ ਬੱਚਿਆਂ ਤੇ ਨੌਜਵਾਨਾਂ ਨੂੰ ਇਹ ਨੁਕਸਾਨਦਾਇਕ ਗੇਮਾਂ ਇੰਨੀਆਂ ਚੰਗੀਆਂ ਲਗਦੀਆਂ ਨੇ ਕਿ ਇਨ੍ਹਾਂ ਦਾ ਨਸ਼ਾ ਜਿਹਾ ਲੱਗ ਜਾਂਦਾ ਹੈ। ਬੇਸਮਝ ਲੋਕ ਸੌਂਦੇ, ਜਾਗਦੇ, ਖਾਂਦੇ, ਪੀਂਦੇ, ਪੜ੍ਹਦੇ ਗੇਮਾਂ ਖੇਡਦੇ ਰਹਿੰਦੇ ਨੇ। ਲੋਕ ਆਪਣੇ ਪੈਰ ਆਪ ਕੁਹਾੜਾ ਮਾਰ ਰਹੇ ਨੇਂ। ਕੰਪਨੀਆਂ ਨੇ ਤਾਂ ਲੋਕਾਂ ਨੂੰ ਲੁੱਟਣਾ ਤੇ ਲੋਕਾਂ ਦਾ ਸਮਾਂ ਬਰਬਾਦ ਕਰਨਾ ਹੁੰਦਾ ਹੈ। ਚਾਰੇ ਪਾਸੇ ਲੁੱਟ ਦਾ ਮਾਹੌਲ ਹੈ। ਅਸੀਂ ਆਪਣੇ ਭਵਿੱਖ ਦੀ ਸੋਚ ਆਪ ਕਰਨੀ ਹੈ। ਕਿਸੇ ਨੇ ਸਾਡੇ ਬਾਰੇ ਨਹੀਂ ਸੋਚਣਾ, ਸਾਰੇ ਆਪਣੇ ਲਾਭ ਲਈ ਹੀ ਸੋਚਦੇ ਨੇ। ਬਹੁਤੇ ਕੰਪਨੀਆਂ ਵਾਲੇ ਤਾਂ ਸਾਡੇ ਬੱਚਿਆ ਦੀ ਸਿਹਤ, ਸਮਾਂ, ਸਿੱਖਿਆ ਸਭ ਦੂਸ਼ਿਤ ਕਰ ਰਹੇ ਨੇ।ਸੋ ਸਾਨੂੰ ਵਿਗਿਆਨ ਦੀ ਅਤੀ ਮਹੱਤਵ ਪੂਰਨ ਖੋਜ ਨੂੰ ਮਨੁੱਖਤਾ ਲਈ ਨੁਕਸਾਨਦਾਇਕ ਨਹੀਂ ਬਣਨ ਦੇਣਾ ਚਾਹੀਦਾ । ਤੇਰੇ ਵਰਗੇ ਸੁਝਵਾਨ ਨੌਜਵਾਨਾਂ ਨੇ ਹੀ ਦੂਜਿਆਂ ਨੂੰ ਸਿੱਖਿਅਤ ਕਰਨਾ ਹੁੰਦਾ ਹੈ। ਮੈਂ ਫੇਰ ਉਸ ਤੋਂ ਇਸ ਬਾਰੇ ਉਸਦੇ ਵਿਚਾਰ ਜਾਣੇ। ਉਸ ਨੇ ਕਿਹਾ, “ਅੰਕਲ ਜੀ! ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਮੈਂ ਫੋਨ ਦੀ ਥਾਂ ਕਿਤਾਬਾਂ ਪੜ੍ਹਿਆ ਕਰਾਂਗਾ। ਮੈਨੂੰ ਹੋਰ ਕਿਤਾਬਾਂ ਦਿਓ।” ਮੈਂ ਵਿਗਿਆਨਕ ਵਿਚਾਰਾਂ ਨਾਲ ਸਬੰਧਿਤ ਮਾਨਸਿਕ ਰੋਗ ਕਾਰਨ ਤੇ ਇਲਾਜ ਅਤੇ ਡਾਕਟਰ ਸ਼ਿਆਮ ਸੁੰਦਰ ਦੀਪਤੀ ਦੀਆਂ ਕਈ ਕਿਤਾਬਾਂ ਦਿੱਤੀਆਂ।ਘਰਦਿਆਂ ਤੋਂ ਹਰ ਰੋਜ਼ ਰਿਪੋਰਟ ਲਈ ਜਾਂਦੀ ਤੇ ਦੂਜੇ ਤੀਜੇ ਦਿਨ ਲੜਕੇ ਨੂੰ ਮਿਲਿਆ ਵੀ ਜਾਂਦਾ। ਇੱਕ ਮਹੀਨੇ ਦੀ ਸਖ਼ਤ ਮਿਹਨਤ ਤੋਂ ਬਾਅਦ ਉਸ ਦੀ ਮੋਬਾਈਲ ਫੋਨ ਦੀ ਅਡਿਕਸ਼ਨ ਖ਼ਤਮ ਕਰਨ ਵਿੱਚ ਪੂਰਨ ਤੌਰ ਤੇ ਕਾਮਯਾਬ ਹੋ ਗਏ। ਅੱਜ ਕੱਲ ਉਹ ਆਪਣਾ ਵਾਧੂ ਸਮਾਂ ਕਿਤਾਬਾਂ ਪੜ੍ਹਨ ਵਿੱਚ ਗੁਜ਼ਾਰਦਾ ਹੈ ਤੇ ਘਰਦੇ ਬਹੁਤ ਖੁਸ਼ ਹਨ।
ਮਾਸਟਰ ਪਰਮ ਵੇਦ
ਜ਼ੋਨ ਜਥੇਬੰਦਕ ਮੁਖੀ
ਤਰਕਸ਼ੀਲ ਸੁਸਾਇਟੀ ਪੰਜਾਬ
ਅਫਸਰ ਕਲੋਨੀ ਸੰਗਰੂਰ
9417422349