ਪੰਜਾਬੀ ਦੇ ਆਧੁਨਿਕ ਸਾਹਿਤਕਾਰਾਂ ਵਿੱਚ ਸੰਤੋਖ ਸਿੰਘ ਧੀਰ ਕਹਾਣੀਕਾਰ ਅਤੇ ਕਵੀ ਵਜੋਂ ਇੱਕ ਮਹੱਤਵਪੂਰਨ ਲੇਖਕ ਹੋ ਗੁਜ਼ਰਿਆ ਹੈ। ਉਸ ਦਾ ਜਨਮ 2 ਦਸੰਬਰ 1920 ਈ. ਨੂੰ ਪਿਤਾ ਸ. ਈਸ਼ਰ ਸਿੰਘ ਦੇ ਘਰ ਮਾਤਾ ਜਮਨਾ ਦੇਵੀ ਦੀ ਕੁੱਖੋਂ ਪਿੰਡ ਬੱਸੀ ਪਠਾਣਾਂ ਜ਼ਿਲ੍ਹਾ ਪਟਿਆਲਾ (ਮੌਜੂਦਾ ਜ਼ਿਲ੍ਹਾ ਫਤਹਿਗੜ੍ਹ ਸਾਹਿਬ) ਵਿਖੇ ਹੋਇਆ। ਇੱਥੇ ਉਸ ਦੇ ਨਾਨਕੇ ਸਨ। ਉਸ ਦਾ ਅਸਲ ਪਿੰਡ ਡਡਹੇੜੀ (ਜ਼ਿਲ੍ਹਾ ਲੁਧਿਆਣਾ) ਸੀ। ਉਹ ਕਾਫ਼ੀ ਸਮਾਂ ਇੱਥੇ ਹੀ ਰਿਹਾ। ਪਰ ਬਾਅਦ ਵਿੱਚ ਆਪਣਾ ਸਥਾਈ ਨਿਵਾਸ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੁਹਾਲੀ ਬਣਾ ਲਿਆ। ਕਿਰਤੀ ਵਰਗ ਨਾਲ ਸਬੰਧਤ ਹੋਣ ਕਰਕੇ ਉਸ ਦੀ ਘਰੋਗੀ ਤੇ ਆਰਥਿਕ ਹਾਲਤ ਬਹੁਤੀ ਚੰਗੀ ਨਹੀਂ ਰਹੀ, ਜਿਸ ਲਈ ਉਹ ਉੱਚ-ਵਿੱਦਿਆ ਹਾਸਲ ਨਾ ਕਰ ਸਕਿਆ। ਵੱਡੀ ਉਮਰ ਵਿੱਚ ਉਸ ਨੇ ਗਿਆਨੀ (1945) ਅਤੇ ਮੈਟ੍ਰਿਕ (1952, ਸਿਰਫ਼ ਅੰਗਰੇਜ਼ੀ) ਦੀ ਪ੍ਰੀਖਿਆ ਪਾਸ ਕੀਤੀ। ਕੁਝ ਸਮਾਂ ਉਸਨੇ ਸਕੂਲ ਅਧਿਆਪਕ ਵਜੋਂ ਵੀ ਸੇਵਾ ਨਿਭਾਈ ਪਰ ਛੇਤੀ ਹੀ ਉਹ ਸਾਹਿਤ ਰਚਨਾ ਵਾਲੇ ਪਾਸੇ ਤੁਰ ਪਿਆ ਅਤੇ ਨਿਰੋਲ ਸਾਹਿਤਕਾਰ ਆਪਣੀ ਸਾਰੀ ਉਮਰ ਲੰਘਾ ਦਿੱਤੀ। ਜੀਵਨ ਦੇ ਦੂਜੇ ਦਹਾਕੇ ਵਿੱਚ ਬੀਬੀ ਸੁਰਿੰਦਰ ਕੌਰ ਨਾਲ ਸ਼ਾਦੀ ਹੋਣ ਉਪਰੰਤ ਉਸ ਦੇ ਘਰ ਪੰਜ ਬੱਚਿਆਂ ਨੇ ਜਨਮ ਲਿਆ: ਨਵਰੂਪ ਕੌਰ, ਨਵਜੋਤ ਕੌਰ, ਨਵਜੀਤ ਕੌਰ, ਨਵਤੇਜ ਕੌਰ ਅਤੇ ਨਵਪ੍ਰੀਤ ਸਿੰਘ। ਬੱਚਿਆਂ ਦੇ ਨਾਵਾਂ ਤੋਂ ਇਕ ਖਾਸ ਕਿਸਮ ਦੀ ਅਲੰਕਾਰਕਤਾ ਝਲਕਦੀ ਹੈ ਅਤੇ ਲੇਖਕ ਦਾ ਨਵੀਨਤਾ ਪ੍ਰਤੀ ਉਤਸ਼ਾਹ ਪ੍ਰਗਟ ਹੁੰਦਾ ਹੈ।
ਸੰਤੋਖ ਸਿੰਘ ਧੀਰ ਨੇ ਲਿਖਣ ਦੀ ਸ਼ੁਰੂਆਤ ਕਵਿਤਾ ਤੋਂ ਕੀਤੀ ਅਤੇ ਉਸਦੀ ਪਹਿਲੀ ਪੁਸਤਕ 24 ਵਰ੍ਹਿਆਂ ਦੀ ਉਮਰ ਵਿੱਚ ਹੀ ਪ੍ਰਕਾਸ਼ਿਤ ਹੋ ਗਈ। ਸ਼ਾਇਦ ਇਸੇ ਕਰਕੇ ਕਿਰਪਾਲ ਸਿੰਘ ਕਸੇਲ ਨੇ ‘ਪੰਜਾਬੀ ਸਾਹਿਤ ਦੀ ਉਤਪਤੀ ਤੇ ਵਿਕਾਸ’ ਵਿਚ ਉਸ ਨੂੰ ਬਤੌਰ ਇਕ ਕਵੀ ਹੀ ਸ਼ਾਮਲ ਕੀਤਾ ਹੈ, ਕਹਾਣੀਕਾਰ ਨਹੀਂ। ਉਸ ਦੀਆਂ ਪ੍ਰਮੁੱਖ ਸਾਹਿਤ ਰਚਨਾਵਾਂ ਦਾ ਵੇਰਵਾ ਇਸ ਪ੍ਰਕਾਰ ਹੈ:
* ਕਵਿਤਾ: ਗੁੱਡੀਆਂ ਪਟੋਲੇ, ਪਹੁ ਫੁਟਾਲਾ, ਧਰਤੀ ਮੰਗਦੀ ਮੀਂਹ ਵੇ, ਪੱਤ ਝੜੇ ਪੁਰਾਣੇ, ਬਿਰਹੜੇ, ਅੱਗ ਦੇ ਪੱਤੇ, ਕਾਲੀ ਬਰਛੀ, ਸੰਜੀਵਨੀ, ਸਿੰਘਾਵਲੀ, ਆਉਣ ਵਾਲਾ ਸੂਰਜ, ਜਦੋਂ ਅਸੀਂ ਆਵਾਂਗੇ, ਲਿਖ ਰਿਹਾ ਧੀਰ, ਪੈਰ।
* ਨਾਵਲ: ਸ਼ਰਾਬੀ, ਯਾਦਗਾਰ, ਮੈਨੂੰ ਇੱਕ ਸੁਪਨਾ ਆਇਆ, ਹਿੰਦੁਸਤਾਂ ਹਮਾਰਾ, ਨਵਾਂ ਜਨਮ।
* ਕਹਾਣੀ ਸੰਗ੍ਰਹਿ: ਸਿੱਟਿਆਂ ਦੀ ਛਾਂ, ਸਵੇਰ ਹੋਣ ਤੱਕ, ਪੰਜਾਬੀ ਦੀਆਂ ਲੋਕ ਕਹਾਣੀਆਂ, ਸਾਂਝੀ ਕੰਧ, ਸ਼ਰਾਬ ਦਾ ਗਲਾਸ, ਮੇਰੀਆਂ ਸ੍ਰੇਸ਼ਟ ਕਹਾਣੀਆਂ, ਸ਼ੇਰਾਂ ਦੀ ਆਵਾਜ਼, ਊਸ਼ਾ ਭੈਣ ਜੀ ਚੁੱਪ ਸਨ, ਪੱਖੀ, ਇੱਕ ਕੁੱਤਾ ਤੇ ਮੈਂ।
* ਸਫਰਨਾਮਾ: ਮੇਰੀ ਇੰਗਲੈਂਡ ਯਾਤਰਾ।
* ਲੇਖ: ਚਾਰ ਵਰ੍ਹੇ।
* ਸਵੈਜੀਵਨੀ: ਮੇਰੀ ਕਲਮ (ਸਾਹਿਤਕ ਸਵੈਜੀਵਨੀ), ਬ੍ਰਿਹਸਪਤੀ (ਸਮੁੱਚੀ ਸਵੈਜੀਵਨੀ)।
* ਸੰਕਲਨ/ ਸੰਪਾਦਨ: ਲੋਕ ਗੀਤਾਂ ਬਾਰੇ, ਮੇਰੀ ਪ੍ਰਤੀਨਿਧ ਰਚਨਾ।
* ਅਨੁਵਾਦ: ਕਬੀਰ ਵਚਨਾਵਲੀ (ਹਿੰਦੀ ਪੁਸਤਕ ਕਬੀਰ ਵਚਨਾਵਲੀ ਦਾ)।
ਇਨ੍ਹਾਂ ਤੋਂ ਬਿਨਾਂ ਧੀਰ ਦੀਆਂ ਕੁਝ ਹੋਰ ਪ੍ਰਮੁੱਖ ਪੁਸਤਕਾਂ ਵਿੱਚ ਦੋ ਫੁੱਲ, ਉਹ ਦਿਨ, ਨਹੀਂ ਜੀ, ਖ਼ਿਮਾ (ਸਾਰੇ ਨਾਵਲ) ਅਤੇ ਝੱਖੜ ਝੁੱਲਣ (ਕਾਵਿ ਸੰਗ੍ਰਹਿ) ਵੀ ਸ਼ਾਮਿਲ ਹਨ। ਉਸ ਦੀਆਂ ਵਧੇਰੇ ਪੁਸਤਕਾਂ ਆਰਸੀ ਪਬਲਿਸ਼ਰਜ਼ ਦਿੱਲੀ ਨੇ ਪ੍ਰਕਾਸ਼ਿਤ ਕੀਤੀਆਂ ਹਨ।
ਸੰਤੋਖ ਸਿੰਘ ਧੀਰ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦਾ ਵੀ ਕਾਫੀ ਸਮਾਂ ਪ੍ਰਧਾਨ ਰਿਹਾ। ਉਸ ਨੂੰ ਸਾਹਿਤ ਸਾਧਨਾ ਬਦਲੇ ਕਈ ਸਰਕਾਰੀ/ ਗੈਰ ਸਰਕਾਰੀ ਸੰਸਥਾਵਾਂ ਵੱਲੋਂ ਸਨਮਾਨਤ ਅਤੇ ਪੁਰਸਕ੍ਰਿਤ ਕੀਤਾ ਗਿਆ, ਜਿਨ੍ਹਾਂ ਵਿੱਚ ਪ੍ਰਮੁੱਖ ਹਨ: ਪੰਜਾਬ ਆਰਟਸ ਕੌਂਸਲ ਚੰਡੀਗੜ੍ਹ ਵੱਲੋਂ ਪੁਰਸਕਾਰ, ਭਾਸ਼ਾ ਵਿਭਾਗ ਪੰਜਾਬ ਵੱਲੋਂ ‘ਮੇਰੀ ਇੰਗਲੈਂਡ ਯਾਤਰਾ’ ਲਈ ਇਨਾਮ, ਭਾਈ ਮੋਹਨ ਸਿੰਘ ਵੈਦ ਸਾਹਿਤ ਕੇਂਦਰ ਵੱਲੋਂ ਸਨਮਾਨ, ਪੰਜਾਬੀ ਸਾਹਿਤ ਟਰੱਸਟ ਢੁੱਡੀਕੇ ਵੱਲੋਂ ਸਨਮਾਨ, ਪੰਜਾਬ ਆਰਟਸ ਕੌਂਸਲ ਵੱਲੋਂ ਫੈਲੋਸ਼ਿਪ, ਇੰਟਰਨੈਸ਼ਨਲ ਪੰਜਾਬੀ ਲਿਟਰੇਰੀ ਟਰੱਸਟ ਕੈਨੇਡਾ ਵੱਲੋਂ ‘ਕੌਮਾਂਤਰੀ ਸਾਹਿਤ ਸ਼੍ਰੋਮਣੀ ਮਨਜੀਤ ਯਾਦਗਾਰੀ ਪੁਰਸਕਾਰ’, ਪੰਜਾਬੀ ਸਾਹਿਤ ਸਭਾ ਤਪਾ ਮੰਡੀ ਵੱਲੋਂ ‘ਇੰਦਰ ਸਿੰਘ ਚੱਕਰਵਰਤੀ ਐਵਾਰਡ’, ਪੰਜਾਬੀ ਸਾਹਿਤ ਅਕਾਦਮੀ ਯੂ ਕੇ ਵੱਲੋਂ ਸਨਮਾਨ, ਪਾਸ਼ ਯਾਦਗਾਰੀ ਕੌਮਾਂਤਰੀ ਟਰੱਸਟ ਵੱਲੋਂ ‘ਪਾਸ਼ ਯਾਦਗਾਰੀ ਸਨਮਾਨ’, ਭਾਸ਼ਾ ਵਿਭਾਗ ਪੰਜਾਬ ਵੱਲੋਂ ‘ਸ਼੍ਰੋਮਣੀ ਪੰਜਾਬੀ ਸਾਹਿਤਕਾਰ ਸਨਮਾਨ’, ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ‘ਕਰਤਾਰ ਸਿੰਘ ਧਾਲੀਵਾਲ ਐਵਾਰਡ’, ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਲਾਈਫ ਫੈਲੋਸ਼ਿਪ (1995-2010), ਭਾਰਤੀ ਸਾਹਿਤ ਅਕਾਦਮੀ ਦਿੱਲੀ ਵੱਲੋਂ ‘ਪੱਖੀ’ ਲਈ ਪੁਰਸਕਾਰ, ਪੰਜਾਬੀ ਸਾਹਿਤ ਸਭਾ ਨਵੀਂ ਦਿੱਲੀ ਵੱਲੋਂ ਫੈਲੋਸ਼ਿਪ (1998-2001)
ਸਾਹਿਤ ਦਾ ਇਹ ਬੇਖ਼ੌਫ਼ ਯੋਧਾ ਆਪਣੀ ਕਲਮ ਦਾ ਸਫ਼ਰ ਕਰਦਿਆਂ 8 ਫ਼ਰਵਰੀ 2010 ਨੂੰ ਜੀਵਨ ਦੇ ਮੰਚ ਤੋਂ ਅਲੋਪ ਹੋ ਗਿਆ। ਉਸ ਦੀਆਂ ਸਾਹਿਤਕ ਪੁਸਤਕਾਂ ਉੱਤੇ ਕਈ ਖੋਜ- ਪੁਸਤਕਾਂ, ਥੀਸਿਸ ਅਤੇ ਖੋਜ-ਪੱਤਰ ਪ੍ਰਕਾਸ਼ਿਤ ਹੋ ਚੁੱਕੇ ਹਨ, ਜਿਨ੍ਹਾਂ ਵਿਚ ਡਾ. ਹਰਜਿੰਦਰ ਸਿੰਘ ਅਟਵਾਲ ਵੱਲੋਂ ਲਿਖੀ ‘ਕਹਾਣੀਕਾਰ ਸੰਤੋਖ ਸਿੰਘ ਧੀਰ’ ਪੁਸਤਕ ਵੀ ਸ਼ਾਮਲ ਹੈ।
ਧੀਰ ਦੀਆਂ ਕਵਿਤਾਵਾਂ ਵਿੱਚ ਵਿਸ਼ਵ ਅਮਨ, ਪ੍ਰਗਤੀਵਾਦ, ਸਮਾਜਵਾਦ ਦੇ ਵਿਸ਼ਿਆਂ ਨੂੰ ਪ੍ਰਮੁੱਖਤਾ ਪ੍ਰਾਪਤ ਹੈ। ਪ੍ਰਗਤੀਵਾਦੀ ਵਿਚਾਰਧਾਰਾ ਨਾਲ ਪ੍ਰਤੀਬੱਧ ਹੋਣ ਕਰਕੇ ਉਹ ਇਸ ਪ੍ਰਤੀ ਸੁਹਿਰਦ ਵੀ ਰਿਹਾ। ਉਸ ਦੀਆਂ ਨਵੀਨਤਮ ਕਵਿਤਾਵਾਂ ਵਿਚ ਹੁਣ ਤੁਸੀਂ ਉਹ ਨਹੀਂ, ਉਠੋ ਕਾਮਰੇਡ, ਸੁਣੋ ਕਾਮਰੇਡ, ਆਓ ਧੂਣੀ ਬਾਲੀਏ, ਜੇ ਮੈਂ ਪੁੱਤਰੀ ਬਣਕੇ ਆਵਾਂ, ਪੁੱਛਦਾ ਹੈ ਰਾਵੀ ਦਾ ਕਿਨਾਰਾ ਆਦਿ ਵਿਸ਼ੇਸ਼ ਮਹੱਤਵ ਰੱਖਦੀਆਂ ਹਨ। ਭਰੂਣ ਹੱਤਿਆਵਾਂ ਸਬੰਧੀ ਖਬਰਾਂ ਪੜ੍ਹ ਕੇ ਜਨਵਰੀ 2006 ਵਿੱਚ ਉਸ ਨੇ ਮਾਦਾ ਭਰੂਣ ਹੱਤਿਆ ਬਾਰੇ ਇੱਕ ਭਾਵੁਕ ਕਵਿਤਾ ਲਿਖੀ ਸੀ, ਜਿਸ ਦੀਆਂ ਸਤਰਾਂ ਹਨ:
ਪੁੱਤਰ ਆਵੇ, ਦੀਵੇ ਜੱਗਣ
ਚੰਨ ਚੜ੍ਹ ਜਾਵਣ, ਵੇਲਾਂ ਵੱਧਣ
‘ਅੰਨ੍ਹੀ ਰਈਅਤ’ ਸੋਚ ਨਾ ਸਕਦੀ
ਪੁੱਤਰੀਆਂ ਹੀ ਬਣਦੀਆ ਮਾਂਵਾਂ।
ਇਸੇ ਤਰ੍ਹਾਂ ‘ਖਾਲਸਾ ਸਾਜਣ’ ਦੀ ਇਤਿਹਾਸਕ ਘਟਨਾ ਬਾਰੇ ਉਸ ਦੀ ਇੱਕ ਪ੍ਰੇਰਨਾਦਾਇਕ ਕਵਿਤਾ ਚੋਂ ਇਹ ਪੰਕਤੀਆਂ ਵੇਖਣਯੋਗ ਹਨ:
ਪਿਆਰੀਓ ਚਿੜੀਓ!
ਹੁਣ ਤੁਸੀਂ ਉਹ ਨਹੀਂ
ਖ਼ਾਲਸਾ ਮੇਰੋ ਰੂਪ ਹੈ ਖਾਸ
ਖ਼ਾਲਸੇ ਮਹਿ ਹਉ ਕਰੋ ਨਿਵਾਸ
ਜਾਓ,
ਬਾਜ਼ਾਂ ਦੇ ਖੰਭ ਤੋੜੋ।
ਸੰਤੋਖ ਸਿੰਘ ਧੀਰ ਨੇ 1947 ਦੇ ਦੁਖਾਂਤ ਬਾਰੇ ਕਹਾਣੀਆਂ ਲਿਖਣ ਤੋਂ ਇਲਾਵਾ ਕਿਰਤੀ-ਕਿਰਸਾਨ ਸ਼੍ਰੇਣੀ ਦੀਆਂ ਸਮੱਸਿਆਵਾਂ ਨੂੰ ਵੀ ਵਿਸ਼ਾ ਬਣਾਇਆ ਹੈ। ਉਹ ਪੇਂਡੂ ਇਲਾਕੇ ਦਾ ਜੰਮਪਲ ਹੋਣ ਕਰਕੇ ਆਪਣੇ ਆਲੇ-ਦੁਆਲੇ ਦੀਆਂ ਜਟਿਲਤਾਵਾਂ ਤੋਂ ਚੰਗੀ ਤਰ੍ਹਾਂ ਜਾਣੂ ਸੀ। ਸਮਾਜ ਵਿੱਚ ਵਾਪਰਨ ਵਾਲੇ ਹਰ ਦੁਖਾਂਤ ਦੀ ਉਸ ਨੂੰ ਪੂਰੀ ਸਮਝ ਸੀ। ਨਿਮਨ ਸ਼੍ਰੇਣੀ ਦਾ ਆਰਥਿਕ ਸੰਕਟ ਅਤੇ ਇਸ ਸੰਕਟ ਤੋਂ ਪੈਦਾ ਹੋਣ ਵਾਲਾ ਹਰ ਤਰ੍ਹਾਂ ਦਾ ਸੰਤਾਪ ਉਸ ਦੀ ਕਲਮ ਰਾਹੀਂ ਕਮਾਲ ਦੀ ਮੁਹਾਰਤ ਪ੍ਰਾਪਤ ਕਰ ਲੈਂਦਾ ਸੀ। ਜਿਵੇਂ ਜੀਵਨ ਦੇ ਘੋਰ ਸੰਕਟ ਵਿੱਚੋਂ ਗੁਜ਼ਰਦਾ ਹੋਇਆ ਵੀ ਉਹ ਮਾਨਸਿਕ ਸੰਤੁਲਨ ਕਾਇਮ ਰੱਖਣ ਵਿੱਚ ਸਫ਼ਲ ਹੋਇਆ, ਉਸੇ ਪ੍ਰਕਾਰ ਉਸ ਦੇ ਸਿਰਜੇ ਪਾਤਰ ਆਰਥਿਕ ਅਤੇ ਹਰ ਤਰ੍ਹਾਂ ਦੇ ਸੰਕਟ ਵਿੱਚੋਂ ਸਹਿਜੇ ਹੀ ਪਾਰ ਹੋ ਜਾਂਦੇ ਹਨ। ਸਾਂਝੀ ਕੰਧ, ਸਵੇਰ ਹੋਣ ਤਕ ਅਤੇ ਕੋਈ ਇਕ ਸਵਾਰ ਉਸ ਦੀਆਂ ਯਾਦਗਾਰੀ ਕਹਾਣੀਆਂ ਹਨ। ਪ੍ਰਿੰ. ਸੰਤ ਸਿੰਘ ਸੇਖੋਂ ਨੇ ਧੀਰ ਨੂੰ ਇੱਕ ਕਿਰਤੀ ਲੇਖਕ ਘੋਸ਼ਿਤ ਕੀਤਾ ਹੈ: “ਉਸ ਦਾ ਸਮਾਜਵਾਦੀ ਲਹਿਰ ਨਾਲ ਗੂੜ੍ਹਾ ਸਬੰਧ ਰਿਹਾ ਹੈ। ਉਹ ਸੰਸਾਰ ਅਮਨ ਲਹਿਰ ਵਿਚ ਸਰਗਰਮ ਰਹਿ ਚੁੱਕਾ ਹੈ। ਉਸ ਨੇ ਜੀਵਨ ਦਾ ਬਹੁਤਾ ਹਿੱਸਾ ਬੇਰੁਜ਼ਗਾਰੀ ਦੀ ਹਾਲਤ ਵਿੱਚ ਹੀ ਗੁਜ਼ਾਰਿਆ ਹੈ।”
ਪ੍ਰਗਤੀਵਾਦੀ ਵਿਚਾਰਾਂ ਨਾਲ ਜੁੜਿਆ ਹੋਣ ਕਰਕੇ ਉਸ ਦੀਆਂ ਕਹਾਣੀਆਂ ਵਿੱਚ ਗ਼ਰੀਬੀ ਦਾ ਸੰਤਾਪ ਭੋਗਦੇ ਤੇ ਧਨਵਾਨਾਂ ਦੀ ਲੁੱਟ ਦਾ ਸ਼ਿਕਾਰ ਹੁੰਦੇ ਪਾਤਰਾਂ ਦਾ ਸੰਵੇਦਨਾਤਮਕ ਚਿਤਰਨ ਹੋਇਆ ਮਿਲਦਾ ਹੈ। ਉਹ ਦੱਬੇ- ਕੁਚਲੇ ਤੇ ਕਮਜ਼ੋਰ ਵਰਗ ਦਾ ਸਾਥ ਦਿੰਦਾ ਹੈ। ਲੋਕਾਂ ਨੂੰ ਜਾਗਰੂਕ ਕਰਨ ਵਾਲੀ ਦਸੰਬਰ 2006 ਵਿੱਚ ਪ੍ਰਕਾਸ਼ਿਤ ਉਸਦੀ ਕਹਾਣੀ ‘ਇਨਕਲਾਬ ਦੀ ਚਿੰਤਾ’ ਦੀਆਂ ਹੇਠ ਲਿਖੀਆਂ ਸਤਰਾਂ ਨਾਲ ਅਸੀਂ ਇਹ ਰਚਨਾ ਸਮਾਪਤ ਕਰਦੇ ਹਾਂ:
“ਅਸਲ ਵਿੱਚ ਸਾਡੇ ਲੋਕ ਜਾਗਦੇ ਹੀ ਨਹੀਂ ਹਨ। ਬੜੇ ਹੀ ਸੁਸਤ ਲੋਕ ਹਨ। ਘਟੀਆ, ਕਮੀਨੇ, ਸ਼ਰਾਬ ਪੀ ਕੇ, ਪੈਸੇ ਲੈ ਕੇ, ਵੋਟਾਂ ਲਈ ਵਿਕ ਜਾਂਦੇ ਹਨ। ਜਾਣਦੇ ਹੀ ਨਹੀਂ, ਵੋਟ ਦੇ ਮਹੱਤਵ ਨੂੰ।”
“ਨਹੀਂ ਯਾਰ ਨਹੀਂ, ਲੋਕਾਂ ਦਾ ਕਸੂਰ ਨਹੀਂ। ਲੋਕਾਂ ਨੂੰ ਜਗਾਉਣ ਵਾਲੇ ਆਪ ਸੁੱਤੇ ਪਏ ਹਨ।”
ਆਓ, ਅਸੀਂ ਗ਼ਫ਼ਲਤ ਦੀ ਗੂੜ੍ਹੀ ਨੀਂਦ ਚੋਂ ਜਾਗੀਏ ਅਤੇ ਆਪਣੇ ਹੱਕਾਂ ਪ੍ਰਤੀ ਸੁਚੇਤ ਹੋਈਏ! ਇਹੋ ਧੀਰ ਨੂੰ ਸਾਡੀ ਸੱਚੀ ਸ਼ਰਧਾਂਜਲੀ ਹੋਵੇਗੀ!
~ ਪ੍ਰੋ. ਨਵ ਸੰਗੀਤ ਸਿੰਘ
# 1, ਲਤਾ ਗਰੀਨ ਐਨਕਲੇਵ, ਪਟਿਆਲਾ- 147002. (9417692015)