
ਇੰਜੀ. ਸਤਨਾਮ ਸਿੰਘ ਮੱਟੂ ਕਿੱਤੇ ਵਜੋਂ ਪੰਜਾਬ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਿੱਚ ਉਪਮੰਡਲ ਇੰਜੀਨੀਅਰ ਹੈ। ਤਕਨੀਕੀ/ਗ਼ੈਰ-ਅਧਿਆਪਨ ਕਿੱਤੇ ਵਿੱਚ ਹੋਣ ਦੇ ਬਾਵਜੂਦ ਉਹਦਾ ਸਾਹਿਤ ਨਾਲ ਡੂੰਘਾ ਲਗਾਓ ਵੇਖ ਕੇ ਹੈਰਾਨੀ ਹੁੰਦੀ ਹੈ। ਦੇਸ਼-ਵਿਦੇਸ਼ ਦੇ ਸਥਾਪਤ ਅਖ਼ਬਾਰਾਂ/ਪੱਤ੍ਰਿਕਾਵਾਂ ਵਿੱਚ ਉਹਦੇ ਲੇਖ, ਕਵਿਤਾਵਾਂ ਤੇ ਗੀਤ ਆਦਿ ਜ਼ੀਨਤ ਬਣਦੇ ਰਹਿੰਦੇ ਹਨ। ਸਾਂਝੇ ਕਾਵਿ ਸੰਗ੍ਰਹਿਆਂ ਵਿੱਚ ਵੀ ਉਹਦੀ ਜ਼ਿਕਰਯੋਗ ਹਾਜ਼ਰੀ ਲੱਗੀ ਹੈ। ਮੱਟੂ ਸਿਰਫ਼ ਸਾਹਿਤਕ, ਸਭਿਆਚਾਰਕ, ਪਰਿਵਾਰਕ ਤੇ ਸਮਾਜਕ ਗੀਤ ਲਿਖਣ ਦਾ ਹਾਮੀ ਹੈ। ਉਹਦੇ ਲਿਖੇ ਗੀਤਾਂ ਨੂੰ ਲੱਕੀ ਦੁਰਗਾਪੁਰੀਆ, ਰਵੀ ਢਿੱਲੋਂ, ਜੱਸ ਜਸਵਿੰਦਰ, ਕਮਲ ਨਾਇਕ, ਬਿੱਟੂ ਬਹਾਦਰ ਤੇ ਜੇ. ਰਿਆਜ਼ ਜਿਹੇ ਗਾਇਕਾਂ ਨੇ ਆਵਾਜ਼ ਦਿੱਤੀ ਹੈ। ਪਿਛਲੇਰੇ ਸਾਲ (2023 ਵਿੱਚ) ਉਹਦੇ ਪਹਿਲੇ ਮੌਲਿਕ ਕਾਵਿ ਸੰਗ੍ਰਹਿ ‘ਯਖ਼ ਰਾਤਾਂ ਪੋਹ ਦੀਆਂ’ ਨੂੰ ਪਾਠਕਾਂ ਨੇ ਏਨਾ ਪਿਆਰ-ਸਤਿਕਾਰ ਦਿੱਤਾ ਕਿ ਇਹਦੇ ਉੱਤੋੜੁੱਤੀ ਦੋ ਐਡੀਸ਼ਨ ਵਿੰਹਦੇ-ਵਿੰਹਦੇ ਵਿਕ ਗਏ। ਉਹਨੂੰ ਪੰਜਾਬ ਸਰਕਾਰ ਤੇ ਹੋਰ ਅਦਾਰਿਆਂ ਵੱਲੋਂ ਵੱਖ ਵੱਖ ਸਮਿਆਂ ਤੇ ਸਨਮਾਨਿਤ ਅਤੇ ਪੁਰਸਕ੍ਰਿਤ ਕੀਤਾ ਜਾ ਚੁੱਕਾ ਹੈ।
ਹੁਣ ਉਹਨੇ ਯਾਤਰਾ-ਸਾਹਿਤ ਵਜੋਂ ‘ਹੇਮ ਕੁੰਟ ਪਰਬਤ ਹੈ ਜਹਾਂ’ (ਸਾਹਿਤਯ ਕਲਸ਼ ਪਬਲੀਕੇਸ਼ਨ, ਪਟਿਆਲਾ; ਪੰਨੇ : 118; ਮੁੱਲ : 200/-) ਲਿਖ ਕੇ ਵਾਰਤਕ ਵਿੱਚ ਆਪਣਾ ਕਦਮ ਧਰਿਆ ਹੈ। ਜਿਵੇਂ ਕਿ ਨਾਂ ਤੋਂ ਹੀ ਸਪਸ਼ਟ ਹੈ ਇਸ ਪੁਸਤਕ ਵਿੱਚ ਹੇਮਕੁੰਟ ਸਾਹਿਬ ਦੀ ਯਾਤਰਾ ਦਾ ਬਿਰਤਾਂਤ ਹੈ। ਸਾਰੇ ਪੰਜਾਬੀ ਪਾਠਕ ਬਾਖ਼ੂਬੀ ਜਾਣਦੇ ਹਨ ਕਿ ਹੇਮਕੁੰਟ ਦਾ ਸਥਾਨ ਗੁਰੂ ਗੋਬਿੰਦ ਸਿੰਘ ਜੀ ਦੇ ਪੂਰਬਲੇ ਜਨਮ ਦੀ ਤਪੋ-ਭੂਮੀ ਹੈ। ‘ਬਚਿਤ੍ਰ ਨਾਟਕ’ ਵਿੱਚ ਗੁਰੂ ਜੀ ਨੇ ਆਪ ਲਿਖਿਆ ਹੈ :
ਹੇਮਕੁੰਟ ਪਰਬਤ ਹੈ ਜਹਾਂ॥
ਸਪਤ ਸ੍ਰਿੰਗ ਸੋਭਿਤ ਹੈਂ ਤਹਾਂ॥
ਤਹ ਹਮ ਅਧਿਕ ਤਪੱਸਿਆ ਸਾਧੀ॥
ਮਹਾਕਾਲ ਕਾਲਿਕਾ ਆਰਾਧੀ॥
ਇਹ ਬਿਧਿ ਕਰਤ ਤਪੱਸਿਆ ਭਯੋ॥
ਦ੍ਵੈ ਸੇ ਏਕ ਰੂਪ ਹ੍ਵੈ ਗਯੋ॥
ਇੰਜੀ. ਮੱਟੂ ਦਾ ਇਹ ਯਾਤਰਾ ਬਿਰਤਾਂਤ ਕਈ ਪੱਖਾਂ ਤੋਂ ਦਿਲਚਸਪ ਹੈ। ਉਹਨੇ ਇਸ ਵਿੱਚ ਸਿਰਫ ਹੇਮਕੁੰਟ ਦੇ ਸਫ਼ਰ ਨੂੰ ਹੀ ਕਲਮਬੱਧ ਨਹੀਂ ਕੀਤਾ, ਸਗੋਂ ਸਾਹਿਤ ਅਤੇ ਇਤਿਹਾਸ ਦੀ ਚਾਸ਼ਣੀ ਮਿਲਾ ਕੇ ਇਹਨੂੰ ਕਈ ਪੱਖਾਂ ਤੋਂ ਜਾਣਕਾਰੀ ਭਰਪੂਰ ਤੇ ਸੁਆਦਲਾ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਇਹ ਸਫ਼ਰ 6 ਜੂਨ ਤੋਂ 11 ਜੂਨ 2022 ਤੱਕ 6 ਦਿਨਾਂ ਦਾ ਹੈ, ਜਿਸ ਵਿੱਚ ਉਹਦੇ ਦੋ ਹੋਰ ਸਾਥੀਆਂ ਇੰਜੀ. ਵਿਕਰਮਜੀਤ ਸਿੰਘ ਅਤੇ ਰਾਮ ਸਿੰਘ ਤਰਖੇੜੀ ਨੇ ਵੀ ਸਾਥ ਦਿੱਤਾ। ਇਹ ਯਾਤਰਾ ਉਨ੍ਹਾਂ ਨੇ ਕਾਰ ਰਾਹੀਂ ਕੀਤੀ ਤੇ ਕਾਰ-ਚਾਲਕ ਵਜੋਂ ਵੀ ਲੇਖਕ ਨੇ ਹੀ ਭੂਮਿਕਾ ਨਿਭਾਈ।
ਇਹ ਤਿੰਨੇ ਸਾਥੀ 6 ਜੂਨ ਨੂੰ ਪਟਿਆਲਾ ਤੋਂ ਰਾਜਪੁਰਾ, ਸੰਭੂ, ਅੰਬਾਲਾ, ਸਹਾਰਨਪੁਰ, ਨਾਰੰਗਪੁਰ, ਯਮੁਨਾਨਗਰ (ਹਰਿਆਣਾ), ਸ਼ਾਹਜਹਾਂਪੁਰ, ਮੁਜ਼ੱਫ਼ਰਨਗਰ, ਗਗਲਹੇਰੀ (ਯੂਪੀ), ਭਗਵਾਨਪੁਰ, ਬੇਹਾਦੀ ਗੁਰਜਰ, ਸਿਕੰਦਰਪੁਰ, ਇਮਲੀਖੇੜਾ, ਧਨੌਰੀ, ਹਰਿਦੁਆਰ ਦਾ ਕਰੀਬ 250 ਕਿਮੀ. ਸਫ਼ਰ ਕਰਦੇ ਹੋਏ ਰਾਤ 8 ਕੁ ਵਜੇ ਗੁਰਦੁਆਰਾ ਹੇਮਕੁੰਟ ਰਿਸ਼ੀਕੇਸ਼ (ਉੱਤਰਾਖੰਡ) ਪਹੁੰਚੇ। 7 ਜੂਨ ਨੂੰ ਅਗਲੇ ਸਫਰ ਲਈ ਰਿਸ਼ੀਕੇਸ਼ ਤੋਂ ਚੱਲ ਕੇ ਜੌਂਕ, ਕਿਆਰਕੀ, ਪਟਨਾ, ਸ਼ਿਵਪੁਰੀ, ਬੰਸਸਾਤਲ, ਅਟਾਲੀ, ਬਿਆਸੀ, ਟੀਨਧਾਰਾ, ਟੋਲ, ਪਿਪਲਕੋਟੀ ਪਹੁੰਚੇ ਤਾਂ ਕਾਰ ਵਿੱਚ ਕੋਈ ਖਰਾਬੀ ਆ ਜਾਣ ਕਰਕੇ ਦੇਹਰਾਦੂਨ ਵਰਕਸ਼ਾਪ ਵਿੱਚ ਜਾਣਾ ਪਿਆ। ਰਾਤ ਨਿਰਮਲ ਆਸ਼ਰਮ ਵਿਖੇ ਬਿਤਾਈ। 8 ਜੂਨ ਨੂੰ ਕਾਰ ਠੀਕ ਹੋਣ ਤੇ ਦੁਪਹਿਰੇ ਰਿਸ਼ੀਕੇਸ਼ ਤੋਂ ਚੱਲ ਕੇ ਦੇਵਪ੍ਰਯਾਗ ਤੋਂ ਹੁੰਦੇ ਹੋਏ ਸ਼ਾਮ ਨੂੰ ਸ਼੍ਰੀਨਗਰ ਸ਼ਹਿਰ ਪੁੱਜੇ। ਇਹ ਉੱਤਰਾਖੰਡ ਦੇ ਪੌੜੀ ਜ਼ਿਲ੍ਹੇ ਦਾ ਸ਼ਹਿਰ ਹੈ। 9 ਜੂਨ ਨੂੰ ਸ਼੍ਰੀਕੋਟ, ਚੌਖਲ, ਧਾਰੀ ਖਾਖਰਾ, ਨਰਕੋਟਾ, ਗੁਲਾਬ ਰਾਏ, ਰੁਦਰਪ੍ਰਯਾਗ, ਸੁਮੇਰਪੁਰ, ਰਤੁਰਾ, ਘੋਲਿੱਤਰ ਹੁੰਦੇ ਹੋਏ ਗੁਰਦੁਆਰਾ ਲੰਗਰ ਸਾਹਿਬ ਦਮਦਮਾ ਸਾਹਿਬ, ਗੋਬਿੰਦ ਨਗਰ ਨਗਰਾਸੂ ਪੁੱਜੇ। ਇਹ ਗੁਰਦੁਆਰਾ ਸ਼੍ਰੀਨਗਰ ਤੋਂ 45 ਕਿਮੀ. ਅਤੇ ਰਿਸ਼ੀਕੇਸ਼ ਤੋਂ 151 ਕਿਮੀ. ਦੂਰੀ ਤੇ ਸਥਿਤ ਹੈ। ਫਿਰ ਗੌਚਰ, ਗਲਨਾਊ ਰਾਹੀਂ ਕਰਣਪ੍ਰਯਾਗ, ਕਾਲੇਸ਼ਵਰ, ਸਿਰਤੌਲੀ, ਗਵਾਡ, ਉਤਰੌਂ, ਲੰਗਾਸ਼, ਸੋਨਾਲੂ, ਨੰਦਪ੍ਰਯਾਗ, ਜੋਸ਼ੀਮਠ, ਅਲਕਨੰਦਾ ਨਦੀ ਤੋਂ ਹੁੰਦੇ ਹੋਏ ਦੁਪਹਿਰ 12.30 ਵਜੇ ਗੁਰਦੁਆਰਾ ਗੋਬਿੰਦਘਾਟ ਤੇ ਆਖ਼ਰਕਾਰ ਘਾਂਗਰੀਆ ਪਿੰਡ ਗੋਬਿੰਦਧਾਮ ਪੁੱਜੇ। 10 ਜੂਨ ਨੂੰ ਇਹ ਸਾਥੀ ਗੋਬਿੰਦਧਾਮ ਤੋਂ ਚਲਦੇ ਹੋਏ ਗੁਰਦੁਆਰਾ ਹੇਮਕੁੰਟ ਵਿਖੇ ਸਵੇਰੇ 10.30 ਵਜੇ ਦੀ ਅਰਦਾਸ ਵਿੱਚ ਸ਼ਾਮਲ ਹੋਏ। ਵਾਪਸੀ ਤੇ ਰਾਤ ਗੁਰਦੁਆਰਾ ਜੋਸ਼ੀਮੱਠ ਵਿਖੇ ਬਿਤਾਈ। 11 ਜੂਨ ਨੂੰ ਸਵੇਰੇ ਕਾਰ ਰਾਹੀਂ ਰਿਸ਼ੀਕੇਸ਼, ਬਦਰੀਨਾਥ, ਹਰਿਦੁਆਰ, ਦੇਹਰਾਦੂਨ ਹੁੰਦੇ ਹੋਏ ਗੁਰਦੁਆਰਾ ਪਾਉਂਟਾ ਸਾਹਿਬ ਪਹੁੰਚ ਕੇ ਰਾਤ ਬਿਤਾਈ ਤੇ ਅਗਲੇ ਦਿਨ ਆਪੋ-ਆਪਣੇ ਘਰ ਪਟਿਆਲਾ ਪਹੁੰਚ ਗਏ।
ਲੇਖਕ ਨੇ ਆਪਣੇ ਬਿਰਤਾਂਤ ਦੀ ਪੁਸ਼ਟੀ ਲਈ ਭਾਈ ਕਾਨ ਸਿੰਘ ਨਾਭਾ, ਪ੍ਰੋ. ਪਿਆਰਾ ਸਿੰਘ ਪਦਮ, ਡਾ. ਪਰਮਵੀਰ ਸਿੰਘ, ਭਾਈ ਵੀਰ ਸਿੰਘ, ਭਾਈ ਸੰਤੋਖ ਸਿੰਘ, ਪੰਡਤ ਤਾਰਾ ਸਿੰਘ ਨਰੋਤਮ, ਅੰਗਰੇਜ਼ੀ ਲਿਖਤਾਂ, ਵੇਦ, ਪੌਰਾਣ, ਉਪਨਿਸ਼ਦ ਆਦਿ ਦੇ ਨਾਲ ਨਾਲ ਸਥਾਨਕ ਮੈਨੇਜਮੈਂਟਾਂ ਦੇ ਹਵਾਲਿਆਂ ਨੂੰ ਵੀ ਢੁਕਵੀਂਆਂ ਥਾਂਵਾਂ ਤੇ ਵਰਤਿਆ ਹੈ।
ਇਸ ਸਫ਼ਰਨਾਮੇ ਵਿੱਚ ਪ੍ਰਕਿਰਤਕ ਦ੍ਰਿਸ਼, ਧਰਤੀ ਦੀ ਵੰਨ-ਸੁਵੰਨਤਾ, ਸੜਕਾਂ, ਪੁਲ, ਭਾਸ਼ਾਵਾਂ, ਉਪਭਾਸ਼ਾਵਾਂ, ਜੋਖਮ, ਹਾਸਾ-ਠੱਠਾ, ਕਾਵਿਕ-ਵਲਵਲੇ, ਪੌਣ-ਪਾਣੀ, ਲੋੜੀਂਦੇ ਫੋਨ ਨੰ., ਲੋੜੀਂਦੀਆਂ ਜ਼ਰੂਰੀ ਚੀਜ਼ਾਂ, ਦਵਾਈਆਂ ਆਦਿ ਦੀ ਜਾਣਕਾਰੀ ਦੇ ਕੇ ਇਹਨੂੰ ਹਰ ਪੱਖੋਂ ਸੰਪੂਰਨ ਬਣਾ ਕੇ ਪ੍ਰਸਤੁਤ ਕੀਤਾ ਹੈ, ਜਿਸ ਲਈ ਲੇਖਕ ਵਧਾਈ ਦਾ ਹੱਕਦਾਰ ਹੈ।
ਯਾਤਰਾ ਵਿੱਚ ਕੁਝ ਨਿੱਕੀਆਂ ਮੋਟੀਆਂ ਕਠਿਨਾਈਆਂ (ਕਾਰ ਖਰਾਬ ਹੋਣੀ, ਬੁਖਾਰ ਹੋਣਾ ਆਦਿ) ਤੋਂ ਬਿਨਾਂ ਲੇਖਕ ਤੇ ਉਹਦੇ ਸਾਥੀਆਂ ਦਾ ਇਹ ਸਫ਼ਰ ਬਹੁਤ ਸੁਹਾਵਣਾ ਤੇ ਖ਼ੁਸ਼ੀ ਭਰਪੂਰ ਰਿਹਾ। ਲੇਖਕ ਨੇ ਇਸ ਵਿੱਚ ਇਤਿਹਾਸ, ਮਿਥਿਹਾਸ ਦੇ ਅੰਸ਼ ਸ਼ਾਮਲ ਕਰਕੇ ਆਪਣੇ ਬਿਰਤਾਂਤ ਨੂੰ ਪੜ੍ਹਨਯੋਗ, ਜਾਣਕਾਰੀ ਭਰਪੂਰ ਤੇ ਰਸਮਈ ਬਣਾਉਣ ਦੀ ਸਫ਼ਲ ਕੋਸ਼ਿਸ਼ ਕੀਤੀ ਹੈ। ਮੇਰੇ ਵਰਗੇ ਬਹੁਤੇ ਪਾਠਕ, ਜਿਨ੍ਹਾਂ ਨੇ ਹੇਮਕੁੰਟ ਸਾਹਿਬ ਦੇ ਦਰਸ਼ਨ ਨਹੀਂ ਕੀਤੇ, ਇਸ ਪੁਸਤਕ ਰਾਹੀਂ ਉਸ ਧਰਮੱਗ ਧਰਤੀ ਨੂੰ ਨਤਮਸਤਕ ਹੋ ਸਕਦੇ ਹਨ।
~ ਪ੍ਰੋ. ਨਵ ਸੰਗੀਤ ਸਿੰਘ
# 1, ਲਤਾ ਗਰੀਨ ਐਨਕਲੇਵ, ਪਟਿਆਲਾ-147002.
(9417692015)