
ਜਦੋਂ ਵੀ ਕਦੇ ਕਿਸੇ ਰਿਸਤੇਦਾਰ , ਦੋਸਤ ਪਾਸੋਂ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਦੀਆਂ ਗੱਲਾਂ ਸੁਣਦਾ ਤਾਂ ਮਨ ‘ਚ ਉਸ ਕਠਿਨ ਰਸਤੇ , ਰਮਣੀਕ ਪਹਾੜੀ ਦ੍ਰਿਸ਼ ਅਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਦੀ ਤਾਂਘ ਪੈਦਾ ਹੋ ਜਾਂਦੀ । ਮੇਰੇ ਸਕੂਲ ਦੇ ਅਧਿਆਪਕ ਸਾਥੀ ਗੁਰਬਖਸ਼ੀਸ਼ ਸਿੰਘ ਸੰਧੂ ਨੇ ਗਰਮੀਆਂ ਦੀਆਂ ਛੁੱਟੀਆਂ ‘ਚ ਸ੍ਰੀ ਹੇਮਕੁੰਟ ਸਾਹਿਬ ਜਾਣ ਦੀ ਗੱਲ ਆਖੀ ਸੀ । ਜੂਨ 2006 ਦੀਆਂ ਛੁੱਟੀਆਂ ਸ਼ੁਰੂ ਹੁੰਦੇ ਹੀ ਉਨ੍ਹਾਂ ਪਹਿਲੇ ਹਫਤੇ ਹੀ ਜਾਣ ਦਾ ਪ੍ਰੋਗਰਾਮ ਬਣਾਉਣ ਲਈ ਕਿਹਾ । ਮੇਰੇ ਦੋਸਤ ਗੁਰਮੇਲ ਸਿੰਘ ਪਟਿਆਲਾ ਨੇ ਪਹਿਲਾਂ ਹੀ ਸ੍ਰੀ ਹੇਮਕੁੰਟ ਸਾਹਿਬ ਜਾਣ ਦਾ ਕਿਹਾ ਹੋਇਆ ਸੀ । ਜਦੋਂ ਉਸ ਨਾਲ ਮੈਂ ਗੱਲ ਕੀਤੀ ਤਾਂ ਉਸ ਨੇ ਝੱਟ ਹੀ ਜਾਣ ਲਈ ਦਿਨ ਤਹਿ ਕਰਨ ਲਈ ਆਖਿਆ । ਮੈਂ ਆਂਪਣੇ ਮਿੱਤਰ ਮਾਸਟਰ ਭਜਨ ਸਿੰਘ ਖੋਖ ਨਾਲ ਇਸ ਸਬੰਧ ‘ਚ ਗੱਲ ਕੀਤੀ ਤਾਂ ਉਹ ਵੀ ਤੁਰੰਤ ਤਿਆਰ ਹੋ ਗਏ ।ਅਸੀਂ ਨਿਸਚਿਤ ਕੀਤੇ ਦਿਨ ਨੂੰ ਮੈਂ , ਭਜਨ ਸਿੰਘ ਅਤੇ ਗੁਰਬਖਸ਼ੀਸ਼ ਸਿੰਘ ਸੰਧੂ ਨਾਭਾ ਰੇਲਵੇ ਸਟੇਸ਼ਨ ਤੋਂ ਸਵੇਰੇ ਗੰਗਾ ਨਗਰ – ਹਰਿਦੁਆਰ ਗੱਡੀ ਤੇ ਸਵਾਰ ਹੋ ਗਏ । ੳੱਗੇ ਪਟਿਆਲਾ ਸਟੇਸ਼ਨ ਤੇ ਪਹਿਲਾਂ ਹੀ ਉਡੀਕ ਕਰ ਰਿਹਾ ਗੁਰਮੇਲ ਸਿੰਘ ਖੜ੍ਹਾ ਸੀ । ਉਹ ਵੀ ਸਾਡੇ ਨਾਲ ਇਥੋਂ ਰਲ ਗਿਆ । ਗੱਡੀ ਖੱਚਾ–ਖੱਚ ਸਵਾਰੀਆਂ ਨਾਲ ਭਰੀ ਹੋਈ ਸੀ । ਸ੍ਰੀ ਹੇਮਕੁੰਟ ਸਾਹਿਬ ਜਾਣ ਵਾਲੇ ਕਈ ਯਾਤਰੂ ਡੱਬੇ ‘ਚ ਪਹਿਲਾਂ ਹੀ ਸਨ । ਅਸੀਂ ਤਕਰੀਬਨ 1 ਵਜੇ ਹਰਿਦੁਆਰ ਪਹੁੰਚ ਗਏ । ੳੇਥੇ ਸਟੇਸ਼ਨ ਤੋਂ ਬਾਹਰ ਆ ਕੇ ਆਪਣੇ ਨਾਲ ਲਿਆਦੀਆਂ ਭਾਂਤ-ਸੁਭਾਂਤੀਆਂ ਰੋਟੀਆਂ ਢਾਬੇ ਤੇ ਬੈਠ ਕੇ ਦਹੀਂ ਨਾਲ ਛਕ ਲਈਆਂ । ਗਰਮੀ ਬਹੁਤ ਸੀ । ਇਥੋਂ ਅਸੀਂ ਰਿਸ਼ੀਕੇਸ਼ ਨੂੰ ਬਸ ਲੈ ਲਈ ।ਸੜਕ ਖਰਾਬ ਹੋਣ ਕਾਰਨ 24 ਕਿਲੋਮੀਟਰ ਦਾ ਸਫਰ ਡੇਢੇ ਸਮੇਂ ‘ਚ ਤਹਿ ਕੀਤਾ । ਅਸੀਂ ਰਿਸ਼ੀਕੇਸ਼ ਪੌਣੇ ਚਾਰ ਵਜੇ ਪਹੁੰਚ ਗਏ । ਅੱਗੇ ਜਾਣ ਲਈ ਆਖਰੀ ਬਸ ਲੰਘ ਚੁੱਕੀ ਸੀ । ਆਟੋ ਵਾਲੇ ਨੇ ਦੱਸਿਆ ਕਿ ਟੈਕਸੀ ਸਟੈਂਡ ਤੋਂ ਟੈਕਸੀਆਂ ਜਾਂਦੀਆਂ ਹਨ । ਅਸੀਂ ਫਟਾ -ਫਟ ਆਟੋ ਤੇ ਬੈਠ ਟੈਕਸੀ ਸਟੈਂਡ ਪਹੁੰਚ ਗਏ ਤਾਂ ਉਥੇ ਟੈਕਸੀ ਜੋ ਕਿ ਜੀਪ ਸੀ , ਜਾਣ ਲਈ ਤਿਆਰ ਖੜ੍ਹੀ ਸੀ ।ਇਥੋਂ ਸ੍ਰੀ ਹੇਮਕੁੰਟ ਸਾਹਿਬ 292 ਕਿਲੋਮੀਟਰ ਹੈ । ਰਸਤੇ ‘ਚ 70 ਕਿਲੋਮੀਟਰ ਤੇ ਦੇਵਪਰਾਗ , 110 ਕਿਲੋਮੀਟਰ ਤੇ ਸ੍ਰੀਨਗਰ ਅਤੇ 250 ਕਿਲੋਮੀਟਰ ਤੇ ਜੋਸ਼ੀਮੱਠ ਹੈ । ਅੱਗੇ 22 ਕਿਲੋਮੀਟਰ ਦੀ ਵਿੱਥ ਤੇ ਗੋਬਿੰਦ ਘਾਟ ਹੈ ।ਇਥੋਂ ਸ੍ਰੀ ਹੇਮਕੁੰੰਟ ਸਾਹਿਬ 10.3 ਕਿਲੋਮੀਟਰ ਦੂਰੀ ਤੇ ਹੈ । ਸਿਕੰਜਵੀ ਦੀ ਰੇੜ੍ਹੀ ਵੇਖ ਅਸੀਂ ਗਰਮੀ ਹੋਣ ਕਾਰਨ ਇੱਕ-ਇੱਕ ਗਲਾਸ ਸਿਕੰਜਵੀ ਦਾ ਪੀਤਾ ਅਤੇ ਜੀਪ ਵਿੱਚ ਬੈਠ ਗਏ ।ਡਰਾਈਵਰ ਨੇ ਜੀਪ ਸਟਾਰਟ ਕਰ ਤੋਰ ਲਈ ਰਿਸ਼ੀਕੇਸ਼ ਤੋਂ ਬਾਹਰ ਨਿਕਲਦੇ ਹੀ ਪਹਾੜੀ ਰਸਤਾ ਸ਼ੁਰੂ ਹੋ ਗਿਆ ।ਇਥੋਂ ਦੇ ਡਰਾਈਵਰ ਬਹੁਤ ਤੇਜ਼ ਗੱਡੀਆਂ ਚਲਾਉਂਦੇ ਹਨ । ਪਹਾੜੀ ਮੋੜਾਂ ਤੋਂ ਤੇਜ਼ ਮੋੜਨ ਕਾਰਨ ਕਈਆਂ ਨੂੰ ਘਬਰਾਹਟ ਹੋਣ ਕਾਰਨ ਉਲਟੀਆਂ ਵੀ ਲੱਗ ਜਾਂਦੀਆਂ ਹਨ ।ਇਸ ਲਈ ਪਹਾੜੀ ਰਸਤਾ ਸ਼ੁਰੂ ਹੋਣ ਤੋਂ ਪਹਿਲਾਂ ਹਲਕਾ ਖਾਣਾ ਖਾ ਕੇ ਹੀ ਸਫਰ ਕਰਨਾ ਚਾਹੀਦਾ ਹੈ । ਇਸ ਲਈ ਘਬਰਾਹਟ , ਉਲਟੀਆਂ ਅਤੇ ਚੱਕਰ ਆਉਣ ਤੋਂ ਬਚਣ ਲਈ ਡਾਕਟਰ ਦੀ ਸਲਾਹ ਨਾਲ ਦਵਾਈ ਨਾਲ ਲੈ ਲਈ ਜਾਵੇ । ਅਸੀਂ 8 ਵਜੇ ਦੇ ਕਰੀਬ ਸਾਮ ਨੂੰ ਸ੍ਰੀਨਗਰ ਪਹੁੰਚ ਗਏ । ਇਥੇ ਸ਼ਾਨਦਾਰ ਗੁਰਦੁਆਰਾ ਹੈ ਜਿਸ ਦਾ ਪ੍ਰਬੰਧ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੇਂਟ ਟਰੱਸਟ ਦੇ ਅਧੀਨ ਹੈ । ਇਥੇ ਰਿਹਾਇਸ਼ ਅਤੇ ਲੰਗਰ ਦਾ ਵਧੀਆ ਪ੍ਰਬੰਧ ਹੈ ।ਇਥੇ ਕਮਰਾ ਲੈ ਕੇ ਰਾਤ ਕੱਟੀ ਸਵੇਰੇ ਗੁਰਦੁਆਰਾ ਸਾਹਿਬ ਨਤਮਸਤਕ ਹੋ ਕੇ ਅਸੀਂ ਕਰੀਬ ਪੰਜ ਵਜੇ ਮਿੰਨੀ ਬਸ ‘ਚ ਬੈਠ ਗਏ ਜੋ ਗੋਬਿੰਦ ਘਾਟ ਜਾਣ ਲਈ ਤਿਆਰ ਖੜ੍ਹੀ ਸੀ ।ਬਸ ਨੇ ਤਕਰੀਬਨ ਸਾਢੇ ਗਿਆਰਾਂ ਵਜੇ ਗੋਬਿੰਦ ਘਾਟ ਪਹੁੰਚਾ ਦਿੱਤਾ ।ਅਸੀਂ ਇਥੇ ਗੁਰਦੁਆਰਾ ਸਾਹਿਬ ਦੇ ਗੱਠੜੀ ਘਰ ਵਿੱਚ ਵਾਧੂ ਦਾ ਸਾਮਾਨ ਜਮ੍ਹਾਂ ਕਰਵਾ ਦਿੱਤਾ । ਅਸੀਂ ਇਥੋਂ ਲੌੜੀਂਦਾ ਆਪਣਾ ਸਮਾਨ ਛੋਟੇ ਬੈਗ ਵਿੱਚ ਪਾ ਕੇ ਸਾਢੇ ਬਾਰ੍ਹਾਂ ਵਜੇ ਗੋਬਿੰਦ ਧਾਮ ਵੱਲ ਪੈਦਲ ਯਾਤਰਾ ਸ਼ੁਰੂ ਕਰ ਦਿੱਤੀ । ਇਥੋਂ ਬਾਂਸ ਦੀਆਂ ਸੋਟੀਆਂ ਸਹਾਰੇ ਲਈ ਮਿਲ ਜਾਂਦੀਆਂ ਹਨ ।ਗੁਲੂਕੋਜ਼ ਦਾ ਡੱਬਾ ਅਤੇ ਸੰਤਰੇ ਦੀਆਂ ਗੋਲੀਆਂ ਅਸੀਂ ਪਹਿਲਾਂ ਹੀ ਨਾਲ ਰੱਖੀਆਂ ਹੋਈਆਂ ਸਨ । ਦਰਸ਼ਨ ਕਰਕੇ ਵਾਪਿਸ ਆਉਂਦੀ ਸੰਗਤ ਦੇ ਖਿੜੇ ਖਿੜੇ ਚਿਹਰੇ ਦੇਖ ਕੇ ਉੱਪਰ ਜਾ ਰਹੀ ਸੰਗਤ ‘ਚ ਵੀ ਅਨੌਖਾ ਜੋਸ਼ ਦਿਖਾੲੈ ਦੇ ਰਿਹਾ ਸੀ । ਇਕ ਲੱਤ ਤੋਂ ਅਪਾਹਜ਼ ਇੱਕ ਨੌਜਵਾਨ ਬੜੇ ਉਤਸ਼ਾਹ ਨਾਲ ਫੌੜੀ ਨਾਲ ਚੜ੍ਹਾਈ ਚੜ੍ਹ ਰਿਹਾ ਸੀ । ਬੱਚੇ , ਨੌਜਵਾਨ , ਬਿਰਧ ਮਰਦ ਔਰਤਾਂ ਨਾਮ ਸਿਮਰਨ ਕਰਦੇ ਆ ਜਾ ਰਹੇ ਸੀ । ਰਸਤੇ ‘ਚ ਕਿਤੇ ਵੀ ਖਾਲੀ ਥਾਂ ਨਜ਼ਰ ਨਹੀਂ ਦਿਖਾਈ ਦੇ ਰਹੀ ਸੀ । ਨੇੜੇ ਨੇੜੇ ਹੀ ਕੋਈ ਨਾ ਕੋਈ ਯਾਤਰੂ ਅੱਗੇ ਲੰਘਦਾ ਜਾਂ ਵਾਪਿਸ ਆਉਂਦਾ ਮਿਲਦਾ ਰਹਿੰਦਾ ਸੀ । ਆਲੇ ਦੁਆਲੇ ਉੱਚੇ ਉੱਚੇ ਪਹਾੜ ਤੇ ਰਸਤੇ ਦੇ ਨਾਲ ਡੂੰਘੀ ਅਲਕਨੰਦਾ ਨਦੀ ‘ਚ ਥਾਂ ਥਾਂ ਪਏ ਵੱਡੇ ਪੱਥਰਾਂ ‘ਚੋਂ ਲੰਘਦਾ ਪਾੀ ਸੰਗੀਤਮਈ ਮਾਹੌਲ ਅਜੀਬ ਦੁਨੀਆਂ ਵਿੱਚ ਲੈ ਜਾਂਦਾ ਹੈ । ਰਸਤੇ ਵਿੱਚ ਥਾਂ ਥਾਂ ਵੱਡੇ ਪੱਥਰ ਆਰਾਮ ਕਰਨ ਲਈ ਬੈਠਣ ਲਈ ਮਿਲਦੇ ਸਨ । ਇਸ ਪੈਦਲ ਰਸਤੇ ਵਿੱਚ ਖਾਣ ਪੀਣ , ਚਾਹ ਆਦਿ ਦੀਆਂ ਕੁਝ ਦੁਕਾਨਾਂ ਵੀ ਆਈਆਂ । ਕਈ ਯਾਤਰੂ ਖੱਚਰਾਂ , ਟੋਕਰੀਆਂ ,
ਅਸੀਂ ਸ਼ੁਰੂ ‘ਚ ਚਾਰੇ ਸਾਥੀ ਇਕੱਠੇ ਜਾ ਰਹੇ ਸੀ । ਮੈਂ ਅਤੇ ਗੁਰਮੇਲ ਸਿੰਘ ਹੋਲੀ ਚਲਣ ਕਾਰਨ ਪਿਛਾਂਹ ਰਹਿੰਦੇ ਗੲੈ ਤਾਂ ਅੱਗੇ ਜਾ ਰਹੇ ਭਜਨ ਸਿੰਘ ਅਤੇ ਸੰਧੂ ਨੇ ਸਾਨੂੰ ਦੱਸ ਦਿੱਤਾ ਕਿ ਉਹ ਪਹਿਲਾਂ ਜਾ ਕੇ ਕਮਰਾ ਲੈ ਲੈਣਗੇ ।ਗੁਰਮੇਲ ਸਿੰਘ ਦੇ ਪੱਟ ਉੱਪਰ ਦਰਦ ਹੋਣਾ ਸ਼ੁਰੂ ਹੋ ਗਿਆ ਸੀ ਜਿਸ ਕਾਰਨ ਉਸ ਨੂੰ ਥੌੜ੍ਹਾ ਚਲ ਕੇ ਆਰਾਮ ਕਰਨਾ ਪੈਂਦਾ ਸੀ । ਮੈਂ ਉਸਦਾ ਛੋਟਾ ਬੈਗ ਆਪਣੇ ਮੋਢੇ ਉੱਪਰ ਚੁੱਕ ਲਿਆ ਸੀ , ਮੈਂ ਉਸ ਨਾਲ ਹੀ ਜਾ ਰਿਹਾ ਸੀ । ਰਸਤੇ ‘ਚ ਇੱਕ ਬਜ਼ੁਰਗ ਮਾਤਾ ਵੀ ਰੁਕ-ਰੁਕ ਕੇ ਜਾ ਰਹੀ ਸੀ ।ਗੋਬਿੰਦ ਧਾਮ ਤੋਂ ਥੌੜ੍ਹਾ ਪਹਿਲਾਂ ਥੌੜ੍ਹੀ ਜਿਹੀ ਪੱਧਰੀ ਜਗ੍ਹਾ ਤੇ ਹੈਲੀਪੇਡ ਬਣਿਆ ਹੋਇਆ ਸੀ ।ਅਸੀਂ ਅੱਠ ਵਜੇ ਗੁਰਦੁਆਰਾ ਸਾਹਿਬ ਪੁੱਜੇ ।ਮੌਸਮ ਸਾਫ ਸੀ । ਕਮਰਾ ਤਾਂ ਮਿਲਿਆ ਨਹੀਂ , ਲੰਗਰ ਛੱਕ ਕੇ ਦਰਬਾਰ ਸਾਹਿਬ ਦੇ ਅੰਦਰ ਹੀ ਸੌਣਾ ਕੀਤਾ ।ਇਥੇ ਸੰਗਤਾਂ ਲਈ ਠੰਡ ਜ਼ਿਆਦਾ ਹੋਣ ਕਾਰਨ ਕੰਬਲਾਂ ਦਾ ਪੂਰਾ ਪ੍ਰਬੰਧ ਹੈ । ਅੰਮ੍ਰਿਤ ਵੇਲੇ ਉੱਠ ਇਸਨਾਨ ਕਰਨ ਤੋਂ ਬਾਅਦ ਅਸੀਂ ਚਾਰੇ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਕਠਿਨ ਚੜ੍ਹਾਈ ਵਾਲੀ ਯਾਤਰਾ ਲਈ 4 ਵਜੇ ਚਲ ਪਏ ।ਇਥੋਂ ਲੱਗਭੱਗ ਗੁਰਦੁਆਰਾ ਸਹਿਬ 6 ਕਿ:ਮੀ: ਦੀ ਦੂਰੀ ਤੇ ਹੈ । ਇਥੋਂ ਹੀ ਫੁੱਲਾਂ ਦੀ ਘਾਟੀ ਨੂੰ ਰਸਤਾ ਜਾਂਦਾ ਹੈ । ਗੁਰਮੇਲ ਸਿੰਘ ਨੇ ਤਾਂ ਸੁਰੂ ‘ਚ ਖੱਚਰ ਕਿਰਾਏ ਤੇ ਲੈ ਕੇ ਚਾਲੇ ਪਾ ਦਿੱਤੇ ।ਇਥੇ ਆਕਸੀਜਨ ਦੀ ਘਾਟ ਹੋਣ ਕਾਰਨ ਮੂੰਹ ਵਾਰ ਸੁਕਦਾ ਹੈ ,ਵਾਰ ਵਾਰ ਗੂਲੌਕੌਜ਼ ਲੈ ਕੇ ਪਾਣੀ ਦੀ ਘੁੱਟ ਪੀ ਕੇ ਤੁਰਨਾ ਪੈਂਦਾ ਸੀ ।ਉੱਪਰ ਨੇੜੇ ਜਾ ਕੇ ਸਿੱਧੀ ਚੜ੍ਹਾਈ ਪੌੜੀਆਂ ਰਾਹੀਂ ਵੀ ਹੈ ਜਾਂ ਫਿਰ ਘੁੰਮ ਕੇ ਦੂਰ ਦੀ ਚੜ੍ਹਣਾ ਪੈਂਦਾ ਹੈ । ਅਸੀਂ ਤਿੰਨੇ ਪੈਦਲ ਹੀ ਸਿੱਧੇ ਰਸਤੇ ਵਾਲੀ ਚੜ੍ਹਾਈ ਦਮ ਲੈ ਲੈ ਆਲੇ ਦੁਆਲੇ ਦੇ ਕੁਦਰਤੀ ਨਜ਼ਾਰੇ , ਬਰਫ ਨਾਲ ਲੱਦੀਆਂ ਉੱਚੀਆਂ ਪਹਾੜੀਆਂ ਆਦਿ ਦਾ ਆਨੰਦ ਲੈਂਦੇ ਗੁਰਦੁਆਰਾ ਸਾਹਿਬ ਪਹੁੰਚ ਗਏ । ਦੂਸਰੇ ਸਮੇਂ ਦੀ ਅਰਦਾਸ ਦਾ ਸਮਾਂ ਹੋਣ ਵਾਲਾ ਸੀ । ਇਹ ਅਸਥਾਨ ਉਤਰਾਖੰਡ ਰਾਜ ਦੇ ਚਮੋਲੀ ਜਿਲੇ੍ਹ ਵਿੱਚ ਸਮੁੰਦਰ ਦੀ ਸਤਿਹ ਤੋਂ ਲੱਗਭੱਗ 15 ਹਜ਼ਾਰ 200 ਫੁੱਟ ਦੀ ਉਚਾਈ ‘ਤੇ ਹਿਮਾਲਿਆ ਪਰਬਤ ਦੀ ਚੋਟੀ ਤੇ ਸੱਤ ਪਹਾੜੀਆਂ ਦੇ ਵਿਚਕਾਰ ਸਥਿਤ ਹੈ ਜਿਥੇ ਬਰਫੀਲਾ ਪਾਣੀ ਗਰਮੀਆਂ ‘ਚ ਇੱਕ ਝੀਲ ਰੂਪੀ ਸਰੋਵਰ ਵਿੱਚ ਇੱਕਠਾ ਹੋਇਆ ਬਰਫੀਲਾ ਪਾਣੀ ਪਿਘਲਣਾ ਸ਼ੁਰੂ ਹੋ ਜਾਂਦਾ ਹੈ ਜਿਥੇ ਸੰਗਤ ਇਸਨਾਨ ਕਰਕੇ ਗੁਰਦੁਆਰਾ ਸਾਹਿਬ ਨਤਮਸਤਕ ਹੋ ਦਰਸ਼ਨ ਕਰਦੀ ਹੈ ।ਗੁਰਦੁਆਰਾ ਸਾਹਿਬ ਦੇ ਦਰਬਾਰ ਹਾਲ ਵਿੱਚ ਹਰ ਥਾਂ ਕੰਬਲ ਪਏ ਹੁੰਦੇ ਹਨ ਲੌੜ ਅਨੁਸਾਰ ਸੰਗਤ ਠੰਡ ਤੋਂ ਬਚਣ ਲਈ ਕੰਬਲ ਲੈ ਲੈਂਦੀ ਹੈ ।ਅਸੀਂ ਸਬਦ ਗੁਰਬਾਣੀ ਦਾ ਅਨੰਦ ਮਾਣਿਆ ਅਤੇ ਅਰਦਾਸ ਵਿੱਚ ਸਾਮਲ ਹੋਏ । ਵਾਕ ਸੁਣਨ ਉਪਰੰਤ ਅਸੀਂ ਬਾਹਰ ਆ ਸਾਹਮਣੇ ਗਰਮ ਗਰਮ ਖਿਚੜੀ ਅਤੇ ਚਾਹ ਦਾ ਲੰਗਰ ਛੱਕਿਆ । ਇਸ ਉਪਰੰਤ ਹੇਠਾਂ ਨੂੰ ਵਾਪਿਸ ਆਉਣ ਲਈ ਚਾਲੇ ਪਾ ਦਿੱਤੇ ।ਵਾਪਿਸੀ ਦਾ ਪਹਿਲਾ ਪੜ੍ਹਾਅ ਗੁਰਮੇਲ ਸਿੰਘ ਅਤੇ ਮੈਂ ਗੋਬਿੰਦ ਧਾਮ ਹੀ ਕੀਤਾ ਕਿਉਂ ਕਿ ਗੁਰਮੇਲ ਸਿੰਘ ਦਾ ਪੱਟ ਦਾ ਦਰਦ ਠੀਕ ਨਹੀਂ ਸੀ । ਉਸ ਨੇ ਇਥੇ ਮਾਲਸ਼ ਵਾਲੇ ਤੋਂ ਮਾਲਸ਼ ਕਰਵਾਈ ਜੋ ਉਥੇ ਮਿਲ ਜਾਂਦੇ ਹਨ । ਭਜਨ ਸਿੰਘ ਅਤੇ ਗੁਰਬਖਸ਼ੀਸ਼ ਸਿੰਘ ਸੰਧੂ ਉਸੇ ਦਿਨ ਗੋਬਿੰਦ ਘਾਟ ਪਹੁੰਚ ਗਏ ਸੀ । ਅਸੀਂ ਇਥੇ ਹੀ ਰਾਤ ਕੱਟੀ ਅਗਲੇ ਦਿਨ ਸਵੇਰੇ ਉਨ੍ਹਾਂ ਨਾਲ ਗੋਬਿੰਦ ਘਾਟ ਜਾ ਮਿਲੇ ।ਇਥੋਂ ਅਸੀਂ ਚਾਰੇ ਜਣੇ ਬਸ ਲੈ ਰਿਸ਼ੀਕੇਸ਼ ਸਾਮ ਨੂੰ ਪਹੁੰਚ ਗਏ । ਇਥੇ ਅਸੀਂ ਨਿਰਮਲ ਕੁਟੀਆ ਆਸਰਮ ਜਾ ਕੇ ਕਮਰਾ ਲੈ ਰਾਤ ਕੱਟੀ । ਇਥੇ ਲੰਗਰ ਦਾ ਪ੍ਰਬੰਧ ਹੈ ।ਸਵੇਰੇ ਉੱਪਰ ਦਰਬਾਰ ਸਾਹਿਬ ਜਾ ਨਤਮਸਤਕ ਹੋਏ । ਲੰਗਰ ਛੱਕਿਆ ਅਤੇ ਰਿਸ਼ੀਕੇਸ਼ ਦਾ ਬਾਜ਼ਾਰ , ਗੰਗਾ ਨਦੀ , ਲਛਮਣ ਝੁਲੇ ਆਦਿ ਥਾਵਾਂ ਤੇ ਘੁੰਮੇ । ਇਥੋਂ ਵਾਪਿਸ ਨਿਰਮਲ ਕੁਟੀਆ ਆ ਸਮਾਨ ਚੁੱਕ ਬਸ ਰਾਹੀਂ ਹਰਿਦੁਆਰ ਆ ਗਏ । ਇਥੋਂ ਸਾਮ ਨੂੰ ਟਰੇਨ ਨੇ ਚਲਣਾ ਸੀ । ਇਥੋਂ ਹੀ ਉਸ ਟਰੇਨ ਨੇ ਵਾਪਿਸ ਮੁੜਨਾ ਸੀ , ਸਾਰੀ ਸਵਾਰੀ ਨੇ ਪਹਿਲਾਂ ਉਤਰਨਾ ਸੀ , ਫਿਰ ਸਟੇਸ਼ਨ ਤੇ ਖੜ੍ਹੀ ਸਵਾਰੀ ਨੇ ਚੜ੍ਹਨਾ ਸੀ । ਭੀੜ ਕਾਫੀ ਸੀ । ਗੱਡੀ ‘ਚ ਚੜ੍ਹਦੇ ਸਮੇਂ ਮਾਸਟਰ ਭਜਨ ਸਿੰਘ ਦਾ ਸ਼ਨਾਖਤੀ ਕਾਰਡ ਕਿਸੇ ਨੇ ਕੱਢ ਲਿਆ । ਪਰ ਉਸ ਵਿੱਚ ਪੈਸੇ ਨਾ ਹੋਣ ਕਾਰਨ ਜੇਬ ਕਤਰੇ ਨੇ ਗੱਡੀ ਦੀ ਸੀਟ ਥੱਲੇ ਸੁੱਟ ਦਿੱਤਾ ਜੋ ਬਾਅਦ ‘ਚ ਮਿਲ ਗਿਆ ।ਅਸੀਂ ਇਹ ਯਾਤਰਾ ਬੜੇ ਸੁਹਾਵਣੇ ਮਾਹੌਲ ‘ਚ ਪੂਰੀ ਕਰਦੇ ਹੋਏ ਗੁਰਮੇਲ ਸਿੰਘ ਪਟਿਆਲੇ ਉੱਤਰ ਗਿਆ ਅਤੇ ਅਸੀਂ ਨਾਭੇ ਸਟੇਸ਼ਨ ਤੇ ਰਾਤ ਨੂੰ ਉੱਤਰ ਕੇ ਆਪਣੇ ਆਪਣੇ ਘਰਾਂ ਨੂੰ ਆ ਗਏ ।
ਮੇਜਰ ਸਿੰਘ ਨਾਭਾ ਮੋ: 9463553962