ਔਖਾ ਸੌਖਾ ਕੱਟ ਲਵਾਂਗਾ ਰਹਿ ਕੇ ਕੱਲਮ-ਕੱਲਾ
ਪਰ ਤੈਥੋਂ ਵੀ ਛੱਡ ਨ੍ਹੀ ਹੋਣਾ ਯਾਦ ਮੇਰੀ ਦਾ ਪੱਲਾ।
ਇੱਧਰੋਂ ਪੁੱਟ ਕੇ ਉੱਧਰ ਕਿਧਰੇ ਲਾ ਲੈਣਾ ਏ ਮਨ ਨੂੰ,
ਝੋਰੇ ਨੂੰ ਕੁਦਰਤ ਦਾ ਕੋਈ ਤੋਹਫ਼ਾ ਸਮਝ ਅਵੱਲਾ।
ਬਿੰਦ ਝੱਟ ਮਗਰੋਂ ਸਿੱਲ੍ਹੀਆਂ ਹੋਣ ਦੀਆਂ ਆਦੀ ਹੋਈਆਂ ਅੱਖੀਆਂ,
ਸ਼ਾਂਤ ਕਰਦੀਆਂ ਰਹਿਣਗੀਆਂ ਜੋ ਅੰਦਰ ਮਚਦਾ ਹੱਲਾ।
ਵੱਖਰਾ ਆਪਣਾ ਮਜਾ ਹੁੰਦਾ ਏ ਇੱਦਾਂ ਦੀ ਤੜਪ ਦਾ,
ਵਿੱਚ ਵਿਚਾਲ਼ਾ ਜਿਹਾ ਮੰਜ਼ਰ ਨਾ ਦੁਖੀਆ ਨਾਹੀਂ ਸੁਖੱਲਾ।
ਡੂੰਘੀਆਂ ਸਮਝਾਂ ਦੇ ਵਿੱਚ ਅਕਸਰ ਬੀਤ ਗਿਆਂ ਹੀ ਆਉਂਦਾ,
ਬਿਰਹਾ ਦਾ ਤੜਫਾਇਆ ਫੱਕਰ ਫਿਰੇ ਹੋਇਆ ਜੋ ਝੱਲਾ।
ਬਹੁਤਿਆਂ ਸਿਆਣਿਆਂ ਦੀ ਸੰਗਤ ਵਿੱਚ ਹੋਵਣ ਜਦੋਂ ਅਕੇਵੇਂ,
ਅਕਸਰ ਚੇਤੇ ਆ ਹੀ ਜਾਂਦਾ ਇੱਕ ਅੱਧ ਝੱਲ-ਵਲੱਲਾ।
ਬੇਸ਼ੱਕ ਨਾ ਚਾਹੁੰਦੇ ਵੀ ਰਹਿਣੀ ਇਸ਼ਕ ਇਬਾਦਤ ਜਾਰੀ,
ਪਿੰਡ ਘੜਾਮੇਂ ਵਿਖੇ ਵਿਛਾ ਕੇ ਯਾਦਾਂ ਵਾਲ਼ਾ ਮੁਸੱਲਾ।
ਔਖਾ ਸੌਖਾ ਕੱਟ ਲਵਾਂਗਾ ਰਹਿ ਕੇ ਕੱਲਮ-ਕੱਲਾ
ਪਰ ਤੈਥੋਂ ਵੀ ਛੱਡ ਨ੍ਹੀ ਹੋਣਾ ਯਾਦ ਮੇਰੀ ਦਾ ਪੱਲਾ।

ਰੋਮੀ ਘੜਾਮੇਂ ਵਾਲ਼ਾ।
9855281105

