ਸੰਪਾਦਕ – ਰਵਨਜੋਤ ਕੌਰ ਸਿੱਧੂ ਰਾਵੀ
ਸਹਿ ਸੰਪਾਦਕ – ਚਰਨਜੀਤ ਕੌਰ
ਪ੍ਰਕਾਸ਼ਤ – ਹਰਸਰਜਈ ਪਬਲੀਕੇਸ਼ਨ ਲੁਧਿਆਣਾ
ਕੀਮਤ – 250 ਸਫ਼ੇ – 151
ਸੰਪਰਕ – 82830- 66125
ਮੁੱਖ ਬੰਧ
ਪੁਸਤਕ – ‘ਯੁੱਗ ਔਰਤਾਂ ਦਾ’ , ਮੇਰੀ ਨਜ਼ਰ ਵਿਚ
ਸਾਹਿਤ ਤੋਂ ਭਾਵ ਹੈ- ਅਜਿਹੀ ਰਚਨਾ, ਜਿਸ ਵਿਚ ਵਿਚਾਰਾਂ ਨੂੰ ਸੁੰਦਰ ਅਤੇ ਦਿਲ ਖਿੱਚਵੇਂ ਢੰਗ ਵਿਚ ਪੇਸ਼ ਕੀਤਾ ਜਾਵੇ। ਫਿਰ ਚਾਹੇ ਉਹ ਰਚਨਾ ਕਵਿਤਾ ਰੂਪ ਵਿਚ ਹੋਵੇ ਜਾਂ ਵਾਰਤਕ ਰੂਪ ਵਿਚ। ਸਾਹਿਤ ਸਮਾਜ ਦਾ ਦਰਪਣ ਹੁੰਦਾ ਹੈ ਅਤੇ ਸਮਾਜ ਦੀ ਤਰ੍ਹਾਂ ਸਾਹਿਤ ਉੱਤੇ ਵੀ ਮਰਦ ਪ੍ਰਧਾਨਤਾ ਹੀ ਰਹੀ ਹੈ, ਹਾਂ ਕੁਝ ਕੁ ਖ਼ੁਸ਼ਨਸੀਬ ਔਰਤਾਂ ਇਸਦਾ ਅਪਵਾਦ ਹੋ ਸਕਦੀਆਂ ਹਨ।
ਸਦੀਆਂ ਤੋਂ ਮਰਦ ਪ੍ਰਧਾਨ ਸਮਾਜ ਵਿਚ ਦੱਬੀ - ਕੁਚਲੀ ਔਰਤ ਨੂੰ ਆਪਣੇ ਅਹਿਸਾਸਾਂ ਨੂੰ ਪ੍ਰਗਟਾਉਣ ਅਤੇ ਲੋਕਾਂ ਅੱਗੇ ਪ੍ਰਸਤੁਤ ਕਰਨ ਦੇ ਮੌਕੇ ਬਹੁਤ ਘੱਟ ਪ੍ਰਾਪਤ ਹੋਏ ਹਨ ਪਰ ਸੋਸ਼ਲ ਮੀਡੀਆ ਦੇ ਇਸ ਯੁੱਗ ਵਿਚ ਲੋਕਾਂ ਦੇ ਜੀਵਨ ਅਤੇ ਵਿਚਾਰਾਂ ਵਿਚ ਤਬਦੀਲੀ ਆਈ ਹੈ। ਸੋਸ਼ਲ ਮੀਡੀਆ ਨੇ ਬਹੁਤ ਪੱਖਾਂ ਤੋਂ ਮਨੁੱਖੀ ਸਰੋਕਾਰਾਂ ਨੂੰ ਪ੍ਰਭਾਵਿਤ ਕੀਤਾ ਹੈ। ਸਿਰਜਨਾਤਮਕ ਪੱਖ ਤੋਂ ਵੇਖਿਆ ਜਾਵੇ ਤਾਂ ਇਸਨੇ ਮਰਦਾਂ ਦੇ ਨਾਲ - ਨਾਲ ਔਰਤਾਂ ਨੂੰ ਵੀ ਆਪਣੇ ਵਿਚਾਰ ਪ੍ਰਗਟਾਉਣ ਲਈ ਜ਼ਮੀਨ ਦਿੱਤੀ ਹੈ। ਸੋਸ਼ਲ ਮੀਡੀਆ ਦੀ ਖਾਸੀਅਤ ਇਹ ਹੈ ਕਿ ਇੱਥੇ ਕੁਝ ਵੀ ਲਿਖੋ, ਉਸਦੇ ਸਕਾਰਾਤਮਕ ਜਾਂ ਨਕਾਰਾਤਮਕ ਵਿਚਾਰ ਟਿੱਪਣੀਆਂ ਰਾਹੀਂ ਤੁਰੰਤ ਪ੍ਰਾਪਤ ਹੋ ਜਾਂਦੇ ਹਨ। ਇਸ ਤੋਂ ਉਸ ਲੇਖਕ ਜਾਂ ਲੇਖਿਕਾ ਨੂੰ ਆਪਣੀ ਰਚਨਾ ਦੀ ਲੋਕਾਂ ਵਿਚ ਪ੍ਰਵਾਨਗੀ ਬਾਰੇ ਕਾਫ਼ੀ ਹੱਦ ਤੱਕ ਪਤਾ ਲੱਗ ਜਾਂਦਾ ਹੈ, ਉਸ ਵਿਚ ਸਵੈ ਭਰੋਸਾ ਪੈਦਾ ਹੁੰਦਾ ਹੈ। ਇਸ ਕਿਤਾਬ ਵਿਚਲੀਆਂ ਕਈ ਲੇਖਿਕਾਵਾਂ ਵੀ ਸੋਸ਼ਲ ਮੀਡੀਆ ਉੱਤੇ ਆਪਣੀ ਕਲਮ ਦਾ ਲੋਹਾ ਮੰਨਵਾਉਣ ਤੋਂ ਬਾਅਦ ਪਰਪੱਕ ਰਚਨਾਕਾਰ ਬਣ ਚੁੱਕੀਆਂ ਹਨ।
ਜਦੋਂ ਹਥਲੀ ਕਿਤਾਬ 'ਯੁੱਗ ਔਰਤਾਂ ਦਾ' ਪੜ੍ਹਨ ਨੂੰ ਮਿਲੀ ਤਾਂ ਬਹੁਤ ਖ਼ੁਸ਼ੀ ਹੋਈ। ਇਹ ਪੁਸਤਕ ਸੋਸ਼ਲ ਮੀਡੀਆ ਗਰੁੱਪਾਂ ਵਿਚ ਲਿਖਣ ਵਾਲੀਆਂ 25 ਚੇਤੰਨ ਅਤੇ ਸੰਵੇਦਨਸ਼ੀਲ ਔਰਤਾਂ ਦੀ ਪੁਸਤਕ ਹੈ। ਮੈਡਮ ਚਰਨਜੀਤ ਕੌਰ ਦੇ ਵਿਸ਼ੇਸ਼ ਯਤਨਾਂ ਅਤੇ ਰਾਵੀ ਸਿੱਧੂ ਦੀ ਸੰਪਾਦਕੀ ਅਧੀਨ ਤਿਆਰ ਇਹ ਪੁਸਤਕ ਔਰਤਾਂ ਨੂੰ ਹੱਲਾਸ਼ੇਰੀ ਦੇਣ ਲਈ ਇਕ ਵਧੀਆ ਉਪਰਾਲਾ ਹੈ। ਜਿਵੇਂ ਕਿ ਇਸਦੇ ਨਾਮ ਤੋਂ ਹੀ ਸਪਸ਼ਟ ਹੈ, ਇਹ ਪੁਸਤਕ ਔਰਤਾਂ ਦੀ ਆਪਣੀ ਪੁਸਤਕ ਹੈ, ਇਸ ਵਿਚ ਸ਼ਾਮਿਲ ਰਚਨਾਵਾਂ ਵੀ ਔਰਤਾਂ ਦੁਆਰਾ ਹੀ ਰਚਿਤ ਹਨ ਅਤੇ ਇਸ ਨੂੰ ਕਿਤਾਬ ਰੂਪ ਦੇਣ ਵਿਚ ਵੀ ਔਰਤਾਂ ਦਾ ਹੀ ਯੋਗਦਾਨ ਹੈ। ਇਸ ਤੋਂ ਸਪਸ਼ਟ ਹੈ ਕਿ ਅੱਜ ਦੀਆਂ ਔਰਤਾਂ ਆਪਣੇ ਕੰਮਾਂ ਲਈ ਹੁਣ ਮਰਦਾਂ ਉੱਤੇ ਨਿਰਭਰ ਨਹੀਂ ਹਨ ਬਲਕਿ ਉਹ ਆਪਣੇ ਫ਼ੈਸਲੇ ਲੈਣ ਵਿਚ ਪੂਰੀ ਤਰ੍ਹਾਂ ਸੁਤੰਤਰ ਹਨ।
'ਯੁੱਗ ਔਰਤਾਂ ਦਾ' ਕਿਤਾਬ ਵਿਚ 25 ਲੇਖਿਕਾਵਾਂ ਦੀਆਂ ਰਚਨਾਵਾਂ ਹਨ। ਇਸ ਕਿਤਾਬ ਦੇ ਦੋ ਭਾਗ ਹਨ- ਕਵਿਤਾ ਭਾਗ ਅਤੇ ਵਾਰਤਕ ਭਾਗ। ਕਵਿਤਾ ਭਾਗ ਵਿਚ 16 ਕਵਿਤਰੀਆਂ ਦੀਆਂ ਕਵਿਤਾਵਾਂ ਹਨ - ਸਰਬਜੀਤ ਕੌਰ ਸਹੋਤਾ, ਸੁਰਜੀਤ ਕੌਰ ਭੋਗਪੁਰ, ਕੁਲਵਿੰਦਰ ਕੌਰ ਨੰਗਲ, ਗਗਨਦੀਪ ਕੌਰ, ਚਰਨਜੀਤ ਕੌਰ ਆਸਟ੍ਰੇਲੀਆ, ਜਸਵਿੰਦਰ ਕੌਰ ਜੱਸੀ, ਜਤਿੰਦਰ ਕੌਰ, ਡਾ. ਨਿਰਮ ਜੋਸਨ, ਡਾ. ਭੁਪਿੰਦਰ ਕੌਰ ਕਵਿਤਾ, ਨਵਜੋਤ ਕੌਰ ਬਾਜਵਾ, ਪਰਮਜੀਤ ਕੌਰ, ਪ੍ਰਿੰ. ਕੰਵਲਜੀਤ ਕੌਰ, ਬਾਜਵਾ ਸਿਮਰਤ ਪਵਨ, ਰਾਜਵਿੰਦਰ ਕੌਰ ਸੈਣੀ, ਰੁਪਿੰਦਰ ਕੌਰ ਗਰਚਾ ਅਤੇ ਲਖਵਿੰਦਰ ਕੌਰ ਪਿੰਕੀ। ਵਾਰਤਕ ਭਾਗ ਵਿਚ ਅਜੈ ਸ਼ਰਮਾ, ਇੰਜੀ. ਮਿੱਠਤਮੀਰ ਕੌਰ, ਸਰਬਜੀਤ ਕੌਰ ਸਹੋਤਾ, ਸੁਰਿੰਦਰ ਕੌਰ, ਕਿਰਨਜੀਤ ਕੌਰ, ਕਿਰਨਪ੍ਰੀਤ ਕੌਰ ਜੈਤੋ, ਗਗਨਦੀਪ ਕੌਰ ਗਾਗਾ, ਚਰਨਜੀਤ ਕੌਰ, ਡਾ. ਰਮਨਦੀਪ ਕੌਰ, ਪਰਮਜੀਤ ਕੌਰ, ਪ੍ਰਿੰ. ਕੰਵਲਜੀਤ ਕੌਰ, ਮਨਜੀਤ ਕੌਰ ਅੰਬਾਲਵੀ, ਰਵਨਜੋਤ ਕੌਰ ਸਿੱਧੂ ਰਾਵੀ , ਰਣਜੀਤ ਕੌਰ ਕੰਗ ਅਤੇ ਭੁਪਿੰਦਰ ਕੌਰ ਗਰਚਾ ਦੀਆਂ ਰਚਨਾਵਾਂ ਸ਼ਾਮਲ ਹਨ।
ਕਵਿਤਾ - ਭਾਗ
ਕਵਿਤਾ ਭਾਗ ਵਿਚ ਖੂਬਸੂਰਤ ਕਵਿਤਾਵਾਂ ਹਨ। ਇਨ੍ਹਾਂ ਕਵਿਤਾਵਾਂ ਵਿਚ ਮਨੁੱਖੀ ਰਿਸ਼ਤਿਆਂ ਦੀ ਸੁੰਦਰਤਾ, ਆਪਣੀ ਹੋਂਦ ਪ੍ਰਤੀ ਜੱਦੋਜਹਿਦ, ਕੁਦਰਤ ਨਾਲ ਇਕਸਾਰਤਾ ਅਤੇ ਤਿਉਹਾਰਾਂ ਦੀ ਮਿੱਠੀ-ਮਿੱਠੀ ਫੁਹਾਰ ਹੈ।
ਪਿਤਾ ਪਰਿਵਾਰ ਲਈ ਕਿੰਨਾ ਤਿਆਗ ਅਤੇ ਮਿਹਨਤ ਕਰਦਾ ਹੈ, ਇਹ ਸਰਬਜੀਤ ਕੌਰ ਸਹੋਤਾ ਦੀ ਰਚਨਾ 'ਪਿਤਾ' ਪੜ੍ਹ ਕੇ ਪਤਾ ਚਲਦਾ ਹੈ -
ਸਾਰਾ ਕੁਝ ਸੀਨੇ ‘ਤੇ ਸਹਾਰ ਲੈਂਦਾ ਏ,
ਘਰ ਸਾਰਾ ਦਿਨ ਨਜ਼ਰੀਂ ਨਾ ਪੈਂਦਾ ਏ। ਕਰਦਾ ਏ ਕੰਮ ਠੋਕ ਹਿੱਕ ਦੋਸਤੋ,
ਲੱਖਾਂ ਵਿੱਚੋਂ ਪਿਤਾ ਮੇਰਾ ਇੱਕ ਦੋਸਤੋ।
'ਭਰੂਣ ਹੱਤਿਆ' ਕਵਿਤਾ ਵਿਚ ਸੁਰਜੀਤ ਕੌਰ ਭੋਗਪੁਰ ਨੇ ਇਕ ਧੀ ਦੇ ਜਜ਼ਬਾਤ ਬਾਖੂਬੀ ਪੇਸ਼ ਕੀਤੇ ਹਨ -
ਮੈਂ ਅਰਸ਼ਾਂ ਨੂੰ ਫਰਸ਼ ਬਣਾ ਦੇਂਦੀ,
ਧਰਤੀ ‘ਤੇ ਤਾਰੇ ਸਜਾ ਦੇਂਦੀ।
ਟੋਹ ਲਈਆਂ ਸਮੁੰਦਰ ਦੀਆਂ ਗਹਿਰਾਈਆਂ,
ਪਤਾਲਾਂ ਵਿਚ ਮਹਿਲ ਸਜਾ ਦਿੰਦੀ।
ਗਰੀਬੀ ਅਤੇ ਬੇਬਸੀ ਦਾ ਮਾਰਮਿਕ ਚਿਤਰਨ ਕੁਲਵਿੰਦਰ ਕੌਰ ਨੰਗਲ ਨੇ ਆਪਣੀ ਕਵਿਤਾ ‘ਆਸ ਦਾ ਸੂਰਜ’ ਵਿਚ ਕੀਤਾ ਹੈ –
ਬਾਬੂ ਜੀ ਨਾ ਮਾਂ ਹੈ ਜੋ ਰੋਟੀ ਖਵਾਵੇ,
ਪਿਓ ਦਿਹਾੜੀ ਕਰਦਾ ਸੁਬਾਹ ਹੀ ਕੰਮ ‘ਤੇ ਜਾਵੇ।
ਮੈਂ ਤੇ ਮੇਰੀ ਭੈਣ ਦੋਵੇਂ ਅੱਜ ਸੱਚੀਂ ਭੁੱਖੇ,
ਨਹੀਂ ਤਾਂ ਭੀਖ ਨਾ ਮੰਗੀਏ ਅਸੀਂ ਕਿਸੇ ਵੀ ਰੁੱਤੇ।
ਇਕ ਬਿਰਹਨ ਦੇ ਮਨ ਦੀ ਹਾਲਤ ਨੂੰ ਗਗਨਦੀਪ ਕੌਰ ਨੇ’ ਦਿਲ ਦੀ ਹਾਲ’ ਕਵਿਤਾ ਵਿਚ ਦਰਸਾਇਆ ਹੈ –
ਮੁੱਕੀ ਨਹੀਂ ਉਡੀਕ ਭਾਵੇਂ ਮੁੱਕ ਚੱਲੀ ਰਾਤ,
ਭਰੀ ਜਾਵਾਂ ਮੈਂ ਹੁੰਗਾਰਾ ਭਾਵੇਂ ਮੁੱਕ ਜਾਵੇ ਬਾਤ,
ਤੱਕ ਤੈਨੂੰ ਅਸੀਂ ਹੋ ਜਾਣਾ ਨਿਹਾਲ ਸੱਜਣਾ,
ਬੜਾ ਮਾੜਾ ਹੈ ਦਿਲ ਦਾ ਹਾਲ ਸੱਜਣਾ।
ਚਰਨਜੀਤ ਕੌਰ ਆਸਟ੍ਰੇਲੀਆ ਦੀ ਰਚਨਾ ‘ਰਬਾਬ ਤੋਂ ਸ਼ਮਸ਼ੀਰ ਤੱਕ’ ਔਰਤਾਂ ਨੂੰ ਆਪਣੇ ਮਾਣਮੱਤੇ ਵਿਰਸੇ ਨਾਲ ਜੋੜ ਕੇ ਨਿਰਭੈ ਹੋਣ ਦਾ ਸੁਨੇਹਾ ਦਿੰਦੀ ਹੈ –
ਅਸੀਂ ਨਾ ਤਾਂ ਸ਼ਿਵ ਪੜ੍ਹਦੇ ਹਾਂ,
ਨਾ ਹੀ ਪਾਸ਼ ਪੜ੍ਹਦੇ ਹਾਂ,
ਅਸੀਂ ਨਾਨਕ ਦੇ ਸ਼ਬਦ ਆਦਿ ਤੋਂ,
ਜੁਗਾਦਿ ਤੱਕ ਪੜ੍ਹਦੇ ਹਾਂ।
ਬਹੁਤੇ ਮਰਦਾਂ ਲਈ ਔਰਤ ਦੇ ਹੰਝੂ ਉਸਦੀ ਕਮਜ਼ੋਰੀ ਹੁੰਦੇ ਹਨ ਪਰ ਇਸ ਬਾਰੇ ਜਸਵਿੰਦਰ ਕੌਰ ਜੱਸੀ ਦੇ ਵਿਚਾਰ ਕੁਝ ਇਸ ਤਰ੍ਹਾਂ ਹਨ -
ਕੀਮਤ ਜਾਣਦੇ ਨਾ, ਜੋ ਔਰਤ ਦੇ ਹੰਝੂਆਂ ਦੀ,
ਮਾਨਸਿਕ ਪੱਖੋਂ ਉਹ ਅਨਪੜ੍ਹ ਗਵਾਰ ਹੁੰਦੇ।
ਜੋ ਡਿੱਗ ਜਾਂਦੇ ਔਰਤ ਦੀਆਂ ਨਜ਼ਰਾਂ ‘ਚੋਂ,
ਗਵਾ ਕੇ ਇੱਜ਼ਤ ਖੱਜਲ ਖ਼ਵਾਰ ਹੁੰਦੇ।
ਧੀਆਂ ਨੂੰ ਮਾਰਨ ਵਾਲਿਆਂ ਉੱਤੇ ਲਾਹਨਤਾਂ ਪਾਉਂਦੀ ਹੋਈ ਜਤਿੰਦਰ ਕੌਰ ਆਪਣੀ ਰਚਨਾ 'ਸਮਾਂ' ਵਿਚ ਕਹਿੰਦੀ ਹੈ -
ਖੌਰੇ ਕਿਹੋ ਜਿਹੇ ਉਹ ਰਾਕਸ਼
ਉਹ ਇਨਸਾਨ ਜੋ ਧੀਆਂ ਨੂੰ ਮਾਰਦੇ,
ਇਕ ਪਲ ਦਰਦ ਨਹੀਂ ਕਰਦੇ,
ਜਾਨ ਖੋਹਣ ਤੋਂ ਪਹਿਲਾਂ।
ਨਾਰੀ ਹੁਣ ਅਬਲਾ ਨਹੀਂ ਰਹੀ, ਉਸਦੀ ਬਦਲ ਚੁੱਕੀ ਸਥਿਤੀ ਬਾਰੇ ਡਾ. ਨਿਰਮ ਜੋਸਨ ਮਰਦ ਨੂੰ ਪ੍ਰਸ਼ਨ ਕਰਦੀ ਹੋਈ ਕਹਿੰਦੀ ਹੈ -
ਤੈਨੂੰ ਅੱਜ ਵੀ ਕਿਉਂ ਲਗਦਾ ਮੈਂ ਵਿਚਾਰੀ ਹਾਂ,
ਤੇਰੀਆਂ ਸੋਚਾਂ ਵਿਚ ਮੈਂ ਕਿਸਮਤ ਦੀ ਮਾਰੀ ਹਾਂ।
ਸਬਰ, ਸ਼ੁਕਰ, ਹਲੀਮੀ ਅੰਦਰ ਰਹਾਂ ਸਦਾ ਮੈਂ,
ਸਫ਼ਲਤਾ ਮਿਲਣ ‘ਤੇ ਨਾ ਹੀ ਕਦੇ ਹੰਕਾਰੀ ਹਾਂ।
ਪੰਜਾਬੀ ਔਰਤਾਂ ਵਿਚ ਆ ਰਹੀ ਇਖਲਾਕੀ ਗਿਰਾਵਟ ਤੋਂ ਦੁਖੀ ਡਾ. ਭੁਪਿੰਦਰ ਕੌਰ ਉਨ੍ਹਾਂ ਨੂੰ ਉਨ੍ਹਾਂ ਦੇ ਮਹਾਨ ਵਿਰਸੇ ਦੀ ਯਾਦ ਦਿਵਾਉਂਦੀ ਆਪਣੀ ਕਵਿਤਾ 'ਬੌਣੀ ਪੰਜਾਬਣ' ਵਿਚ ਲਿਖਦੀ ਹੈ -
ਤੂੰ ਚਿੱਤਰ ਨਹੀਂ ਚਰਿੱਤਰ ਹੈ,
ਤੇਰੀ ਸੋਚ ਪਵਿੱਤਰ ਹੈ,
ਤੂੰ ਹੀ ਜੱਗ ਦੀ ਆਨ ਕੁੜੇ,
ਤੈਥੋਂ ਵਾਰੀ ਜਹਾਨ ਕੁੜੇ,
ਤੂੰ ਗੁਣਾਂ ਦੀ ਖਾਣ ਕੁੜੇ,
ਬੋਝ ਨਹੀਂ ਤੂੰ ਮਾਣ ਕੁੜੇ।
'ਅਸੀਂ ਧੀਆਂ ਖਾਲਸ ਗੁਰੂ ਦੀਆਂ' ਕਵਿਤਾ ਵਿਚ ਨਵਜੋਤ ਕੌਰ ਬਾਜਵਾ ਗੁਰੂ ਦੀ ਸਿੱਖਿਆ ਉੱਤੇ ਚੱਲਣ ਦਾ ਹੋਕਾ ਦਿੰਦੀ ਲਿਖਦੀ ਹੈ -
ਅਸੀਂ ਪੜ੍ਹੀਏ ਹੀਰ ਨਾ ਵਾਰਿਸ ਦੀ,
ਸਾਨੂੰ ਯਾਦ ਗੁਰਾਂ ਦੀ ਚੰਡੀ ਏ।
ਕੀ ਕਰਨਾ ਉਸ ਜਵਾਨੀ ਨੂੰ,
ਜੋ ਲਾਉਂਦੀ ਜਿਸਮ ਦੀ ਮੰਡੀ ਏ।
ਉੱਥੇ ਹੱਕ-ਸੱਚ ਲਈ ਖੜ੍ਹ ਜਾਈਏ,
ਜਿੱਥੇ ਹੋਰ ਦੀ ਨਾ ਔਕਾਤ ਹੁੰਦੀ।
ਅੱਜ ਦੀ ਔਰਤ ਹੁਣ ਗਊ ਨਹੀਂ, ਸ਼ੇਰਨੀ ਬਣ ਚੁੱਕੀ ਹੈ, ਇਸ ਵਿਚਾਰ ਨੂੰ ਪਰਮਜੀਤ ਕੌਰ ਕਵਿਤਾ 'ਔਰਤ ਬਨਾਮ ਸ਼ੇਰਨੀ' ਵਿਚ ਇਉਂ ਬਿਆਨ ਕਰਦੀ ਹੈ -
ਕੁਝ ਔਰਤਾਂ, ਔਰਤਾਂ ਨਹੀਂ ਹੁੰਦੀਆਂ,
ਉਹ ਹੁੰਦੀਆਂ ਨੇ ਖੌਫਨਾਕ ਸ਼ੇਰਨੀਆਂ।
ਅਜਿਹੀਆਂ ਸ਼ੇਰਨੀਆਂ,ਜਿਨ੍ਹਾਂ ਦੀ ਦਹਾੜ ਸੁਣ,
ਲੁਕ ਜਾਂਦੇ ਨੇ ਖੌਫਨਾਕ ਭੇੜੀਏ।
ਆਪਣੇ ਨਾਮ ਨਾਲ ਲੱਗੇ ਕੌਰ ਸ਼ਬਦ ਉੱਤੇ ਮਾਣ ਮਹਿਸੂਸ ਕਰਦੀ ਹੋਈ ਪ੍ਰਿੰਸੀਪਲ ਕਵਲਜੀਤ ਕੌਰ ਆਪਣੀ ਰਚਨਾ 'ਦਸ਼ਮੇਸ਼ ਪਿਤਾ ਦੀ ਬਖ਼ਸ਼ਿਸ਼ ਹੈ ਕੌਰ' ਵਿਚ ਨਾਰੀ ਨੂੰ ਆਪਣੇ ਨਾਂ ਨਾਲ ਲੱਗੇ ਕੌਰ ਸ਼ਬਦ ਦੀ ਲਾਜ ਰੱਖਣ ਲਈ ਕਹਿੰਦੀ ਹੈ -
ਕੌਰ ਜੀ ਹੁਣ ਨਾਂ ਦੀ ਰੱਖਿਓ ਲਾਜ,
ਕਿਸੇ ਬਹਾਨੇ ਨਾ ਮਿਟਾਉਣਾ ਕੌਰ ਦਾ ਤਾਜ।
ਕੌਰ ਸਿੰਘ ਨੇ ਸਜਾਉਣਾ ਸੋਹਣਾ ਸਮਾਜ,
ਭੁੱਲਿਓ ਨਾ ਯਾਦ ਰੱਖਣਾ,
ਰੱਖਣਾ ਨਾਮ ਨਾਲ ਕੌਰ ਜੀ।
ਕੁੱਖ ਵਿਚ ਵਿਚ ਕਤਲ ਹੋਣ ਵਾਲੀ ਧੀ ਦੇ ਜਜ਼ਬਾਤਾਂ ਨੂੰ ਬਾਜਵਾ ਸਿਮਰਤ ਪਵਨ ਨੇ ਆਪਣੀ ਕਵਿਤਾ 'ਕੁੱਖ ਦੀ ਅਵਾਜ਼' ਵਿਚ ਬੜੇ ਕਰੁਨਾਮਈ ਢੰਗ ਨਾਲ ਬਿਆਨ ਕੀਤਾ ਹੈ -
ਮਨ ਵਿਚ ਆਸਾ ਬਹੁਤ ਜਗਾਉਂਦੀ ਰਹੀ,
ਮਾਂ ਤੇਰੀ ਧੀ ਤੇਰੀ ਕੁੱਖ ਵਿਚ,
ਤੇਰਾ ਦੁੱਖ ਦੇਖ ਕੇ ਰੋਂਦੀ ਰਹੀ।
ਹਾਏ ਮੇਰਿਆ ਰੱਬਾ ਕਿਸ ਕਦਰ ਮੇਰੀ ਮਾਂ,
ਕੁੱਖ ਨੂੰ ਹੀ ਮੇਰੀ ਕਬਰ ਬਣਾਉਂਦੀ ਗਈ।
ਪੰਜਾਬੀ ਲੋਕ ਗੀਤ ਟੱਪਿਆਂ ਨੂੰ ਰਾਜਵਿੰਦਰ ਕੌਰ ਸੈਣੀ ਨੇ ਖੂਬਸੂਰਤੀ ਨਾਲ ਕਲਮਬੱਧ ਕੀਤਾ ਹੈ –
ਬਾਗੀਂ ਅੰਬੀਆਂ ਪੱਕੀਆਂ ਨੇ,
ਵੇ ਮੁੜ ਆ ਘਰੇ ਢੋਲਣਾ,
ਸਾਡੀਆਂ ਅੱਖੀਆਂ ਪੱਕੀਆਂ ਨੇ।
ਵੇ ਰੋਗ ਲਾ ਗਿਓਂ ਵਿਛੋੜੇ ਦਾ,
ਸੁਰਖੀ ਗੁਲਾਬੀ ਬੁੱਲ੍ਹੀਆਂ ਨੂੰ,
ਝੋਰਾ ਖਾ ਗਿਆ ਲੋਹੜੇ ਦਾ।
'ਇੱਕ ਔਰਤ ਦੇ ਕਿੰਨੇ ਰੂਪ' ਕਵਿਤਾ ਵਿਚ ਰੁਪਿੰਦਰ ਕੌਰ ਗਰਚਾ ਨਾਰੀ ਰਿਸ਼ਤਿਆਂ ਦੇ ਪਸਾਰ ਦੀ ਗੱਲ ਕਰਦੀ ਹੈ -
ਇੱਕ ਔਰਤ ਦੇ ਕਿੰਨੇ ਰੂਪ,
ਇੱਕ ਔਰਤ ਦੇ ਕਿੰਨੇ ਰਿਸ਼ਤੇ,
ਮਾਂ, ਭੈਣ, ਧੀ ਤੇ ਨੂੰਹ ਹੈ ਔਰਤ,
ਸੱਸ, ਨਣਦ, ਭਰਜਾਈ ਹੈ ਔਰਤ।
ਸਾਰੀਆਂ ਹੀ ਕਵਿਤਾਵਾਂ ਖੂਬਸੂਰਤ ਹਨ, ਵਿਸ਼ੇ ਦੀ ਵਿਲੱਖਣਤਾ ਵੀ ਹੈ ਅਤੇ ਦਿਲ ਨੂੰ ਛੂਹ ਲੈਣ ਦੀ ਸਮਰੱਥਾ ਵੀ।
ਵਾਰਤਕ – ਭਾਗ
ਵਾਰਤਕ ਭਾਗ ਵਿਚ ਲੇਖ, ਕਹਾਣੀ, ਕਹਾਣੀ ਨੁਮਾ ਲੇਖ, ਜੀਵਨੀ ਆਦਿ ਵਿਧਾਵਾਂ ਹਨ। ‘ਔਰਤ ਦੀ ਮਹਾਨਤਾ’ ਰਚਨਾ ਵਿਚ ਅਜੈ ਸ਼ਰਮਾ ਨੇ ਭੂਆ ਦੇ ਕਿਰਦਾਰ ਰਾਹੀਂ ਇਹ ਦੱਸਿਆ ਹੈ ਕਿ ਔਰਤ ਆਪ ਸਭ ਕੁਝ ਸਹਿ ਲੈਂਦੀ ਹੈ ਪਰ ਆਪਣੇ ਬੱਚਿਆਂ ਨਾਲ ਹੁੰਦੀ ਨਾਇਨਸਾਫ਼ੀ ਕਦੀ ਬਰਦਾਸ਼ਤ ਨਹੀਂ ਕਰਦੀ। ਇਸੇ ਤਰ੍ਹਾਂ ‘ਸ਼ੁੱਭ – ਅਸ਼ੁੱਭ’ ਕਹਾਣੀ ਵਿਚ ਖੂਬਸੂਰਤ ਸੁਨੇਹਾ ਦਿੱਤਾ ਗਿਆ ਹੈ ਕਿ ਆਪਣੇ ਬੱਚਿਆਂ ਲਈ ਸਭ ਕੁਝ ਕੁਰਬਾਨ ਕਰ ਦੇਣ ਵਾਲੀ ਵਿਧਵਾ ਔਰਤ ਆਪਣੇ ਬੱਚਿਆਂ ਲਈ ਕਦੀ ਵੀ ਅਸ਼ੁੱਭ ਨਹੀਂ ਹੁੰਦੀ।ਇੰਜੀਨੀਅਰ ਮਿੱਠਤਮੀਰ ਕੌਰ ਨੇ ਆਪਣੀ ਰਚਨਾ ਰਾਹੀਂ ਤ੍ਰਿੰਝਣਾਂ ਦੀ ਲੋੜ ਨੂੰ ਬਦਲਦੇ ਪਰਿਪੇਖ ਵਿਚ ਪੇਸ਼ ਕੀਤਾ ਹੈ ਅਤੇ ਨਾਲ ਹੀ ਔਰਤਾਂ ਦੀ ਜ਼ਿੰਦਗੀ ਦੇ ਵੱਖ – ਵੱਖ ਪਹਿਲੂਆਂ ਨੂੰ ਛੂਹਿਆ ਹੈ। ਸਰਬਜੀਤ ਕੌਰ ਸਹੋਤਾ ਨੇ ਹੋਣਹਾਰ ਬੱਚੇ ਦੀ ਉਦਾਹਰਨ ਰਾਹੀਂ ਇਹ ਦੱਸਿਆ ਹੈ ਕਿ ਕਿਸੇ ਬੱਚੇ ਦੀ ਕਮਜ਼ੋਰੀ ਨੂੰ ਉਸਦੀ ਤਾਕਤ ਕਿਵੇਂ ਬਣਾਇਆ ਜਾ ਸਕਦਾ ਹੈ। ਸੁਰਿੰਦਰ ਕੌਰ ਨੇ ‘ਜਨਮਦਾਤੀ’ ਕਹਾਣੀ ਵਿਚ ਮਰਦ ਦੀ ਕਰੂਰਤਾ ਦਾ ਸਿਖਰ ਪੇਸ਼ ਕੀਤਾ ਹੈ। ‘ਸੀਬੋ ਭੂਆ’ ਰਚਨਾ ਰਾਹੀਂ ਕਿਰਨਜੀਤ ਕੌਰ ਨੇ ਔਰਤ ਦੀ ਦੂਰ-ਅੰਦੇਸ਼ੀ ਅਤੇ ਸਮਝਦਾਰੀ ਨਾਲ ਹਾਲਾਤਾਂ ਦਾ ਮੁਕਾਬਲਾ ਕਰਨ ਦੀ ਦਲੇਰੀ ਵਿਖਾਈ ਹੈ। ਆਪਣੇ ਦੂਸਰੇ ਲੇਖ ਵਿਚ ਕਿਰਨਜੀਤ ਨੇ ਪੰਜਾਬੀਆਂ ਵੱਲੋਂ ਆਪਣੀ ਮਾਂ – ਬੋਲੀ ਨਾਲ ਹੁੰਦੇ ਵਿਤਕਰੇ ‘ਤੇ ਸਵਾਲ ਉਠਾਏ ਹਨ। ਕਿਰਨਪ੍ਰੀਤ ਕੌਰ ਨੇ ਛੋਟੀਆਂ – ਛੋਟੀਆਂ ਕਹਾਣੀਆਂ ਰਾਹੀਂ ਜ਼ਿੰਦਗੀ ਦੀਆਂ ਤਲਖ ਹਕੀਕਤਾਂ ਨੂੰ ਬਿਆਨ ਕੀਤਾ ਹੈ। ਗਗਨਦੀਪ ਕੌਰ ਗਾਗਾ ਨੇ’ ਜ਼ਿੰਦਗੀ ਦਾ ਸਫ਼ਰ’ ਕਹਾਣੀ ਵਿਚ ਔਰਤ ਦੀ ਜ਼ਿੰਦਗੀ ਦੇ ਵੱਖ – ਵੱਖ ਪੜਾਵਾਂ ਦਾ ਜ਼ਿਕਰ ਕਰਦੇ ਹੋਏ ਉਸਦੇ ਆਪਣੇ ਘਰ ਪ੍ਰਤੀ ਲਗਾਓ ਨੂੰ ਵਿਖਾਇਆ ਹੈ। ਚਰਨਜੀਤ ਕੌਰ ਨੇ’ ਯੁੱਗ ਔਰਤਾਂ ਦਾ’ ਰਚਨਾ ਰਾਹੀਂ ਇਸਤਰੀਆਂ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੂੰ ਅੱਗੇ ਵਧਣ ਲਈ ਹੱਲਾਸ਼ੇਰੀ ਦਿੱਤੀ ਹੈ। ਆਪਣੇ ਲੰਮੇ ਲੇਖ ਵਿਚ ਰਮਨਦੀਪ ਕੌਰ ਨੇ
‘ਰਾਮ ਸਰੂਪ ਅਣਖੀ ਦੇ ਨਾਵਲਾਂ ਵਿਚ ਲੋਕ ਧਰਮ ਦੀ ਪੇਸ਼ਕਾਰੀ’ ਨੂੰ ਉਸਦੇ ਨਾਵਲਾਂ ਵਿੱਚੋਂ ਉਦਾਹਰਨਾਂ ਲੈ ਕੇ ਬਾਖੂਬੀ ਪੇਸ਼ ਕੀਤਾ ਹੈ। ‘ਚੰਡੀ’ ਕਹਾਣੀ ਵਿਚ ਲੇਖਕਾ ਪਰਮਜੀਤ ਕੌਰ ਕਹਾਣੀ ਦੀ ਮੁੱਖ ਕਿਰਦਾਰ ਵੱਲੋਂ ਆਪਣੀ ਕੁੱਖ ਵਿਚ ਪਲ ਰਹੀ ਧੀ ਨੂੰ ਬਚਾਉਣ ਲਈ ਚੰਡੀ ਦਾ ਰੂਪ ਧਾਰਨ ਕਰਦੀ ਵਿਖਾਈ ਹੈ। ਪ੍ਰਿੰਸੀਪਲ ਕਵਲਜੀਤ ਕੌਰ ਨੇ’ ਸ਼ਹਾਦਤ ਵਿੱਚੋਂ ਇਸਤਰੀ ਸਸ਼ਤਰੀਕਰਨ ਦੇ ਸੰਦੇਸ਼’ ਲੇਖ ਰਾਹੀਂ ਸਿੱਖ ਧਰਮ ਦੀਆਂ ਮਹਾਨ ਔਰਤਾਂ ਦੇ ਸ਼ਲਾਘਾਯੋਗ ਕੰਮਾਂ ਨੂੰ ਗੌਰਵਮਈ ਢੰਗ ਨਾਲ ਪ੍ਰਸਤੁਤ ਕੀਤਾ ਹੈ। ਮਨਜੀਤ ਕੌਰ ਅੰਬਾਲਵੀ ਜੀ ਦੀ ਕਹਾਣੀ ‘ਕਲਿਆਣ ਸਿੰਹ’ ਖੂਬਸੂਰਤ ਕਹਾਣੀ ਹੈ, ਜਿਸ ਵਿਚ ਦੱਸਿਆ ਗਿਆ ਹੈ ਕਿ ਕਿਵੇਂ ਸਧਾਰਨ ਅਤੇ ਸਤਾਇਆ ਹੋਇਆ ਬੱਚਾ ਜਦੋਂ ਆਪਣੀ ਲਿਆਕਤ ਦੇ ਕਾਰਨ ਛੇਵੀਂ ਜਮਾਤ ਦਾ ਨੰਬਰ ਇਕ ਵਿਦਿਆਰਥੀ ਚੁਣਿਆ ਜਾਂਦਾ ਹੈ ਤਾਂ ਫਿਰ ਉਹ ਆਪਣਾ ਨਾਂ ਠੀਕ ਬੋਲਣ ਅਤੇ ਲਿਖਣ ਲਈ ਅਧਿਆਪਕਾਂ ਅੱਗੇ ਵੀ ਡਟ ਜਾਂਦਾ ਹੈ। ਰਵਨਜੋਤ ਕੌਰ ਸਿੱਧੂ ਨੇ ਆਪਣੀ ਰਚਨਾ ਰਾਹੀਂ ਔਰਤਾਂ ਨਾਲ ਹੁੰਦੇ ਸੋਸ਼ਣ ਦਾ ਜ਼ਿਕਰ ਕਰਦੇ ਹੋਏ ਜਿੱਥੇ ਉਸਦੀ ਸੁਰੱਖਿਆ ‘ਤੇ ਸਵਾਲ ਉਠਾਏ ਹਨ, ਉੱਥੇ ਲੋਕਾਂ ਨੂੰ ਇਕ ਜੁਟ ਹੋ ਕੇ ਇਸ ਸੋਸ਼ਣ ਵਿਰੁੱਧ ਖੜ੍ਹੇ ਹੋਣ ਦੀ ਅਪੀਲ ਕੀਤੀ ਹੈ। ਰਾਵੀ ਦੇ ਬਾਕੀ ਦੋਵੇਂ ਲੇਖ ਵੀ ਔਰਤ ਦੀ ਮਹਾਨਤਾ ਦਸਦੇ ਹੋਏ ਉਸਨੂੰ ਧਰਤੀ ਦੀ ਇਕ ਵਿਸ਼ਾਲ ਰਚਨਾ ਦੇ ਰੂਪ ਵਿਚ ਪੇਸ਼ ਕਰਦੇ ਹਨ।’ ਮੇਰਾ ਜੀਵਨ’ ਜੀਵਨੀ ਲੇਖ ਵਿਚ ਰਣਜੀਤ ਕੌਰ ਕੰਗ ਜੀ ਨੇ ਆਪਣੀ ਜੀਵਨ ਗਾਥਾ ਰਾਹੀਂ ਪੁਰਾਣੇ ਪੰਜਾਬ ਦੇ ਸੱਭਿਆਚਾਰ ਅਤੇ ਲੋਕ ਗੀਤਾਂ ਦਾ ਵਧੀਆ ਵਰਨਣ ਕੀਤਾ ਹੈ। ਰੁਪਿੰਦਰ ਕੌਰ ਗਰਚਾ ਨੇ ‘ਕਿੱਤਾਕਾਰ ਔਰਤਾਂ’ ਲੇਖ ਵਿਚ ਔਰਤਾਂ ਵੱਲੋਂ ਕੀਤੇ ਜਾ ਸਕਣ ਵਾਲੇ ਕਿੱਤਿਆਂ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੂੰ ਉੱਦਮੀ ਬਣਨ ਦੀ ਪ੍ਰੇਰਨਾ ਦਿੱਤੀ ਹੈ।
ਕਿਤਾਬ ਵਿਚਲੀਆਂ ਸਭ ਰਚਨਾਵਾਂ (ਕਵਿਤਾ ਅਤੇ ਵਾਰਤਕ) ਵਧੀਆ ਹਨ, ਭਾਵੇਂ ਕੁਝ ਕੁ ਰਚਨਾਵਾਂ ਵਿਚ ਸੁਧਾਰ ਦੀ ਗੁੰਜਾਇਸ਼ ਹੈ। ਕੁਝ ਰਚਨਾਵਾਂ ਤਾਂ ਏਨੀਆਂ ਵਧੀਆ ਹਨ ਕਿ ਇਉਂ ਲਗਦਾ ਹੈ ਜਿਵੇਂ ਪਰਪੱਕ ਲੇਖਕਾਂ ਵੱਲੋਂ ਲਿਖੀਆਂ ਗਈਆਂ ਹੋਣ। ਮੈਂ ਸਭ ਭੈਣਾਂ ਨੂੰ ਉਨ੍ਹਾਂ ਦੀ ਪੁਸਤਕ ‘ਯੁੱਗ ਔਰਤਾਂ ਦਾ’ ਲਈ ਵਧਾਈ ਦਿੰਦੀ ਹਾਂ ਅਤੇ ਪੰਜਾਬੀ ਸਾਹਿਤ ਦੇ ਵਿਹੜੇ ਇਸ ਦਾ ਤਹਿ ਦਿਲੋਂ ਸਵਾਗਤ ਕਰਦੀ ਹਾਂ।
ਬਲਵਿੰਦਰ ਕੌਰ ਖੁਰਾਣਾ
ਪੰਜਾਬੀ ਲੇਖਕਾ
ਰਿਟਾਇਰਡ ਪੰਜਾਬੀ ਲੈਕਚਰਾਰ
ਮੋਬਾਈਲ ਨੰਬਰ – 9873054130
