
ਮਿਤੀ 27 ਫਰਵਰੀ ਨੂੰ ਜਦੋਂ ਮੈਂ ਸ਼੍ਰੀ ਦਰਬਾਰ ਸਾਹਿਬ ਦੇ ਬਾਹਰ ਚੱਲ ਰਹੇ ਮੋਰਚੇ ਵਿੱਚ ਗਈ ਤਾਂ ਉੱਥੇ ਮੈਂ ਭਾਈ ਕੁਲਵੰਤ ਸਿੰਘ ਰਾਉਕੇ ਜੀ ਦੇ ਮਾਤਾ ਦੀ ਸਿਹਤ ਬਾਰੇ ਜਾਣਕਾਰੀ ਲੈ ਰਹੀ ਸੀ। ਕਿਉਂਕਿ ਇੱਕ ਦਿਨ ਪਹਿਲਾਂ ਉਨਾਂ ਦੀ ਤਬੀਅਤ ਬਹੁਤ ਖ਼ਰਾਬ ਹੋ ਗਈ ਸੀ ਅਤੇ ਉਹ ਬੇਹੋਸ਼ ਹੋ ਗਏ ਸੀ। ਉੱਨਾਂ ਕੋਲ ਇੱਕ ਭੈਣ ਜੀ ਬਹੁਤ ਹੀ ਉਦਾਸ ਬੈਠੇ ਹੋਏ ਸਨ। ਮੈਂ ਸੋਚਿਆ ਸ਼ਾਇਦ ਉਹ ਉੱਨਾਂ ਦੇ ਕੋਈ ਪਰਿਵਾਰਕ ਮੈਂਬਰ ਹੋਣਗੇ।
ਮੈਂ ਉੱਨਾਂ ਨੂੰ ਜਦੋਂ ਪੁੱਛਿਆ ਕਿ ਤੁਸੀਂ ਇੱਥੇ ਸੇਵਾ ਲਈ ਆਏ ਹੋ ਤਾਂ ਉਨਾਂ ਦੱਸਿਆ ਕਿ ਸੇਵਾ ਤਾਂ ਉਨਾਂ ਦੇ ਪਤੀ ਰਣਜੀਤ ਸਿੰਘ ਅਤੇ ਉੱਨਾਂ ਦੇ ਦਿਓਰ ਬਲਦੇਵ ਸਿੰਘ ਦਾ ਪੁੱਤਰ ਸੁਖਵਿੰਦਰ ਸਿੰਘ ਪਿੰਡ ਸਰਹਾਲੀ ਤੋਂ ਵਾਰਿਸ ਪੰਜਾਬ ਦੇ ਜਥੇਬੰਦੀ ਨਾਲ ਮਿਲਕੇ ਨਿਭਾ ਰਹੇ ਹਨ।
ਬਲਵਿੰਦਰ ਕੌਰ ਜੀ ਪਤਨੀ ਰਣਜੀਤ ਸਿੰਘ ਜੀ ਨੇ ਦੱਸਿਆ ਕਿ ਅਸੀਂ ਤਾਂ ਬੱਸ ਪਰੇਸ਼ਾਨ ਹਾਂ ਕਿ ਸਾਡੇ ਸਿੰਘਾਂ ਨੇ ਨਾਂ ਤਾਂ ਕੋਈ ਨਸ਼ਾ ਤੱਸਕਰੀ ਕੀਤੀ ਨਾ ਕਿਸੇ ਦਾ ਕਤਲ ਕੀਤਾ ਫਿਰ ਵੀ ਉੱਨਾਂ ਉੱਤੇ NSA ACT ਲਗਾ ਕੇ ਪਿਛਲੇ ਇੱਕ ਸਾਲ ਤੋਂ ਉੱਨਾਂ ਨੂੰ ਅੰਮ੍ਰਿਤਸਰ ਜੇਲ੍ਹ ਵਿੱਚ ਨਜ਼ਰਬੰਦ ਕੀਤਾ ਹੋਇਆ ਹੈ। ਬਲਵਿੰਦਰ ਕੌਰ ਜੀ ਕਹਿੰਦੇ ਹਨ ਕਿ ਜਦੋਂ ਤੱਕ ਭੁੱਖ ਹੜਤਾਲ ਦਾ ਮੋਰਚਾ ਚੱਲੇਗਾ ਉਹ ਡੱਟ ਕੇ ਸਾਰੇ ਪਰਿਵਾਰਾਂ ਨਾਲ ਇੱਥੇ ਹੀ ਰਹਿਣਗੇ। ਉੱਨਾਂ ਨੂੰ ਆਪਣੇ ਪਤੀ ਅਤੇ ਭਤੀਜੇ ਉੱਤੇ ਬੜਾ ਮਾਨ ਹੈ ਕਿ ਉਹ ਦੋਨੋਂ ਪੰਥ ਅਤੇ ਪੰਜਾਬ ਲਈ ਕਾਰਜਸ਼ੀਲ ਹਨ।
ਇੰਨਾਂ ਪਰਿਵਾਰਾਂ ਦੀ ਇਹ ਚੜਦੀ ਕਲਾ ਦੀ ਸੋਚ ਦੇਖ ਕੇ ਅਤੇ ਦਿਨੋਂ ਦਿਨ ਮੋਰਚੇ ਵਿੱਚ ਵੱਧ ਰਹੀ ਸੰਗਤ ਨੂੰ ਦੇਖ ਕੇ ਮਨ ਬਹੁਤ ਉਚਾਟ ਹੋ ਜਾਂਦਾ ਹੈ ਕਿ ਜਿਸ ਇਨਸਾਫ਼ ਦੀ ਉਮੀਦ ਵਿੱਚ ਇਹ ਸਭ ਪਰਿਵਾਰ ਦਿਨ ਰਾਤ ਖੁੱਲੇ ਅਸਮਾਨ ਥੱਲੇ ਬੈਠੇ ਹਨ ਅਤੇ ਆਪਣੀਆਂ ਜਾਨਾਂ ਦਾਅ ਤੇ ਲਗਾ ਰਹੇ ਹਨ ਕਿ ਉਹ ਇਨਸਾਫ਼ ਇੰਨਾਂ ਨੂੰ ਮਿਲੇਗਾ?

ਰਸ਼ਪਿੰਦਰ ਕੌਰ ਗਿੱਲ
ਐਕਟਰ, ਲੇਖਕ, ਐਂਕਰ, ਸੰਪਾਦਕ, ਸੰਸਥਾਪਕ, ਪ੍ਰਧਾਨ- ਪੀਂਘਾਂ ਸੋਚ ਦੀਆਂ ਸਾਹਿਤ ਮੰਚ, ਪਬਲੀਕੇਸ਼ਨ, ਮੈਗਜ਼ੀਨ +91-9888697078
