

ਸਮਰਪਿਤ- ਦਾਦਾ ਜੀ ਅਤੇ ਦਾਦੀ ਜੀ ਨੂੰ। ਦਿਲ ਦੀਆਂ ਗਹਿਰਾਈਂਆਂ ‘ਚੋਂ ਦੂਜੀ ਬਰਸੀ ਤੇ ਉਹਨਾਂ ਨੂੰ ਯਾਦ ਕਰਦੀ ਹੋਈ …..
ਰਹਿ – ਰਹਿ ਕੇ ਯਾਦ ਆਉਂਦੀ ਉਹਨਾਂ ਵਿਛੜੀਆਂ ਰੂਹਾਂ ਦੀ ਜੋ ਦੋ ਕੁ ਵਰੇ ਪਹਿਲਾਂ ਛੱਡ ਕੇ ਚੱਲੇ ਗਏ – ਮੇਰੇ ਪਿਆਰੇ ਦਾਦਾ ਜੀ ਅਤੇ ਦਾਦੀ ਜੀ । ਅਸੀ ਕਿਸੇ ਦੇ ਜਿਉਂਦੇ ਜੀ ਉਸ ਇਨਸਾਨ ਦੀ ਅਹਮਿਅਤ ਨੂੰ ਏਨਾ ਨਹੀ ਸਮਝ ਸਕਦੇ ਜਿਨਾਂ ਕਿ ਉਸਦੇ ਜਾਣ ਤੋਂ ਬਾਦ ਸਮਝ ਆਉਂਦੀ। ਬਹੁਤ ਕੁਝ ਖੁੰਝ ਗਿਆ ਦਾਦਾ ਜੀ ਅਤੇ ਦਾਦੀ ਜੀ ਦੇ ਜਾਣ ਤੋਂ ਬਾਦ, ਜਿਵੇਂ ਕਿ ਮੱਥਾ ਚੁੰਮ ਗਲਵਕੜੀ ਪਾ ਕੇ ਮਿਲਣਾ, ਹਰ ਗੱਲ ਤੇ ਤਰੀਫ ਦੇ ਪੁੱਲ ਬੰਨ੍ਹ ਦੇਣੇ, ਗਲਤੀ ਹੋਣ ਤੇ ਸਿਰ ਤੇ ਹੱਥ ਰੱਖ ਸਮਝਾ ਦੇਣਾ, ਦਰਦ ਵਿੱਚ ਹੋਣ ਤੇ ਦਿਲਾਸਾ ਦੇ ਜਾਣਾ ਅਤੇ ਅੱਗੇ ਵੱਧਣ ਲਈ ਹਮੇਸ਼ਾ ਪੇ੍ਰਿਤ ਕਰਦੇ ਰਹਿਣਾ। ਇਹ ਸਭ ਉਹਨਾ ਦੇ ਨਾਲ ਹੀ ਚਲਾ ਗਿਆ। ਇੰਝ ਨਹੀਂ ਕਿ ਰਿਸ਼ਤਿਆਂ ਦੀ ਕਮੀ ਹੈ ਕੋਈ, ਪਰ ਉਹਨਾਂ ਜਿਹੇ ਅੰਦਾਜ਼ ਦੀ ਕਮੀ ਤਾਂ ਹਮੇਸ਼ਾਂ ਹੀ ਰਹੇਗੀ।
ਅਸੀਂ ਯੂ-ਟਿਊਬ, ਗੂਗਲ, ਫ਼ੇਸਬੁੱਕ ਅਤੇ ਅਜਿਹੀਆਂ ਸੋਸ਼ਲ ਮੀਡੀਆ ਸਾਈਟਸ ਤੇ ਬਹੁਤ ਸਮਾਂ ਬਿਤਾਉਂਦੇ ਹਾਂ ਜੋ ਕਿ ਬਿਨਾਂ ਕਿਸੇ ਭਾਵਨਾਤਮਿਕਤਾ ਨਾਲ ਸਾਨੂੰ ਨਵੀਂ ਜਾਣਕਾਰੀ ਵੀ ਦਿੰਦੀਆਂ ਹਨ ਅਤੇ ਹਮੇਸ਼ਾ ਦਿੰਦੀਆਂ ਰਹਿਣਗੀਆਂ। ਪਰ ਲੋੜ ਹੈ ਬੈਠਣ ਦੀ ਉਹਨਾਂ ਰੂਹਾਂ ਕੋਲ ਜਿੰਨਾਂ ਨੇ ਸਾਨੂੰ ਇੱਕ ਦਿਨ ਛੱਡ ਕੇ ਚਲੇ ਜਾਣਾ ਹੈ। ਅਥਾਹ ਸਮੁੰਦਰ ਹੈ ਉਹਨਾਂ ਰੂਹਾਂ ਦੇ ਅੰਦਰ ਭਾਵਨਾਵਾਂ ਦਾ, ਪਿਆਰ ਦਾ , ਤਜੁਰਬੇ ਦਾ, ਗੱਲਾਂ ਦਾ ਅਤੇ ਸਾਂਝ ਦਾ। ਅੱਖਾਂ ਨਮ ਕਰ ਲਿਖਦੀ ਹਾਂ ਕਿ ਕਦੀ ਇਹ ਗਲਤੀ ਨਾ ਕਰ ਬੈਠੀਓ, ਸਮਾਂ ਦਿਉ ਆਪਣੇ ਘਰ ਵਿੱਚ ਰਹਿੰਦੇ ਬਜ਼ੁਰਗਾਂ ਨੂੰ, ਪੁੱਛੋ ਉਹਨਾਂ ਤੋਂ ਉਹਨਾਂ ਦੇ ਤਜੁਰਬੇ, ਨੁਸਖੇ, ਰਿਸ਼ਤਿਆਂ ਦੀ ਸਾਂਭ , ਪੈਸੇ ਦੀ ਸਾਂਭ, ਵਾਤਾਵਰਣ ਦੀ ਸਾਂਭ ।
ਬਹੁਤ ਬਾਖੂਬੀ ਜਾਣਦੇ ਨੇ ਸਾਡੇ ਬਜ਼ੁਰਗ ਇਹ ਸਭ। ਭਾਂਵੇ ਉਹਨਾਂ ਨੇ ਟੈਕਨਾਲੋਜੀ ਨਹੀਂ ਸਿੱਖੀ ਪਰ ਜ਼ਿੰਦਗੀ ਜਿਉਣ ਦੀ ਜਾਂਚ ਬਹੁਤ ਚੰਗੀ ਤਰ੍ਹਾਂ ਜਾਣਦੇ ਨੇ। ਮਿੰਟਾ ਸਕਿੰਟਾਂ ਵਿੱਚ ਸਾਡੀਆਂ ਕਈ ਬੀਮਾਰੀਆਂ ਤੇ ਸਮਸਿਆਵਾਂ ਦਾ ਹੱਲ ਕੱਢ ਦਿੰਦੇ ਨੇ। ਸਾਡੀ ਮਾਨਸਿਕ ਸਿਹਤ, ਆਰਥਿਕ ਹਾਲਤ, ਸਰੀਰਿਕ ਸਿਹਤ ਅਤੇ ਅਧਿਆਤਮਕ ਚਿੰਤਨ ਨੂੰ ਕਿਵੇਂ ਬਰਕਰਾਰ ਰੱਖਣਾ ਹੈ, ਬਹੁਤ ਬਾਖੂਬੀ ਸਮਝਾ ਸੱਕਦੇ ਨੇ ਸਾਨੂੰ। ਇਕ ਆਸ ਨਾਲ ਲਿਖਦੀ ਹੋਈ….।
ਡਾ: ਰਮਨਦੀਪ ਕੌਰ
ਸਹਾਇਕ ਪ੍ਰੋਫ਼ੈਸਰ ਅੰਗਰੇਜ਼ੀ,
ਸਰਕਾਰੀ ਬ੍ਰਿਜਿੰਦਰਾ ਕਾਲਜ
ਫ਼ਰੀਦਕੋਟ।