ਬੇਹੱਦ ਸੰਵੇਦਨਸ਼ੀਲ, ਕੋਮਲ ਮਨ ਅਤੇ ਮੁਹੱਬਤੀ ਰੂਹ ਦੀ ਮਾਲਕ ਪੰਜਾਬੀ ਲੇਖਿਕਾ ‘ਰਮਿੰਦਰ ਰਮੀ’ ਦਾ ਰੂਹ ਨਾਲ ਲਿਖਿਆ ਕਾਵਿ-ਸੰਗ੍ਰਹਿ “ਕਿਸ ਨੂੰ ਆਖਾਂ” ਬਿਲਕੁਲ ਨਵਾਂ ਤਾਂ ਨਹੀਂ ਹੈ, ਪਰ ਮੇਰੇ ਲਈ ਨਵਾਂ ਇਸ ਲਈ ਹੈ ਕਿ ਮੈਨੂੰ ਪਹਿਲਾਂ ਪੜ੍ਹਨ ਦਾ ਮੌਕਾ ਨਹੀਂ ਮਿਲਿਆ। ਇਸ ਦੇ ਟਾਈਟਲ ਤੇ ਓਪਰੀ ਨਜ਼ਰ ਮਾਰਦਿਆਂ ਇੰਜ ਮਹਿਸੂਸ ਹੁੰਦਾ ਹੈ… ਜਿਵੇਂ ਉਹ ਅੱਕ ਕੇ, ਥੱਕ ਕੇ ਅਤੇ ਬੜੇ ਉਦਾਸ ਮਨ ਨਾਲ ਖ਼ੁਦ ਨਾਲ ਸੰਵਾਦ ਰਚਾ ਰਹੀ ਹੈ ਅਤੇ ਖੁਦ ਨੂੰ ਸਵਾਲ ਕਰ ਰਹੀ ਹੈ ਕਿ… ਕਿਸ ਨੂੰ ਆਖਾਂ??
“ਕਿਸ ਨੂੰ ਆਖਾਂ ਕਦੇ ਤਾਂ ਆ ਕੇ ਮਿਲ ਵੀ ਜਾਇਆ ਕਰੋ , ਕੁਝ ਆਪਣੀ ਕਹੋ ਕੁਝ ਸਾਡੀ ਵੀ ਸੁਣ ਜਾਇਆ ਕਰੋ । ਕਿਸ ਨੂੰ ਆਖਾਂ ਇਕ ਵਾਰੀ ਤੇ ਮਿਲ ਜਾ ਵੇ ਸੱਜਣਾਂ, ਮੇਰੀਆਂ ਅੱਖੀਂਆਂ ਦੀ ਪਿਆਸ ਬੁਝਾ ਵੇ ਸੱਜਣਾਂ।”
ਕੈਨੇਡਾ ਵੱਸਦੀ ਰਮਿੰਦਰ ਵਾਲੀਆ (ਰਮਿੰਦਰ ਰਮੀ) ਪੰਜਾਬੀ ਸਾਹਿਤ ਅਤੇ ਖ਼ਾਸ ਕਰਕੇ ਪਰਵਾਸੀ ਪੰਜਾਬੀ ਸਾਹਿਤ ਖੇਤਰ ਵਿੱਚ ਕੋਈ ਨਵਾਂ ਨਾਂਅ ਨਹੀਂ ਹੈ। ਰਮਿੰਦਰ ਨੂੰ ਸਾਹਿਤ ਪੜ੍ਹਨ, ਲਿਖਣ, ਸੁਣਨ, ਅਤੇ ਮਾਣਨ ਦਾ ਸ਼ੌਕ ਤਾਂ ਸਕੂਲ-ਕਾਲਜ ਦੀ ਪਹਿਲੀ ਉਮਰੇ ਹੀ ਪੈ ਗਿਆ ਸੀ। ਉਹਨਾਂ ਵੇਲਿਆਂ ਵਿੱਚ ਇਹ ਸ਼ੌਕ ਰਮਿੰਦਰ ਨੂੰ ਪੰਜਾਬੀ ਸਾਹਿਤ ਦੇ ਮੱਕੇ ‘ਪ੍ਰੀਤ ਨਗਰ’ ਵੀ ਅਕਸਰ ਲੈ ਜਾਂਦਾ ਰਿਹਾ। ਜੀਵਨ ਜਿਉਣ ਦੇ ਰੁਝੇਵਿਆਂ ਵਿੱਚ ਵਿਅਸਤ ਹੋਣ ਕਾਰਨ ਹੋਈ ਢਿੱਲ-ਮੱਠ ਤੋਂ ਬਾਅਦ ਉਸ ਨੇ ਸਾਹਿਤ ਰਚਨਾ ਦੇ ਖੇਤਰ ਵਿੱਚ ਲੰਬੀਆਂ ਪੁਲਾਂਘਾਂ ਪੁੱਟਦਿਆਂ “ਕਿਸ ਨੂੰ ਆਖਾਂ” ਕਾਵਿ-ਸੰਗ੍ਰਹਿ ਨਾਲ ਪੰਜਾਬੀ ਸਾਹਿਤ ਦੇ ਵਿਹੜੇ ਵਿੱਚ ਦਸਤਕ ਦੇ ਦਿੱਤੀ।
ਦੋਸਤੋ, ਜੀਵਨ ਜਿਉਂਦਿਆਂ ਸਾਡੇ ਸਮਾਜਿਕ ਤਾਣੇ-ਬਾਣੇ ਦੇ ਹਾਲਾਤ, ਵਾਤਾਵਰਨ ਅਤੇ ਮਾਹੌਲ ਦਾ ਸਾਡੇ ਜੀਵਨ ਵਿੱਚ ਬੜਾ ਗਹਿਰਾ ਪ੍ਰਭਾਵ ਪੈਂਦਾ ਹੈ। ਜਿਵੇਂ ਬੰਜਰ ਜ਼ਮੀਨ ਵਿੱਚ ਪਿਆ ਬੀਜ ਪੁੰਗਰਨ ਨੂੰ ਹੀ ਤਰਸਦਾ ਰਹਿੰਦਾ ਹੈ…। ਉਸ ਦਾ ਬੀਅ ਤੋਂ ਬੂਟਾ / ਦਰਖਤ ਬਣ ਕੇ ਫੁੱਲ, ਫਲ਼, ਛਾਵਾਂ, ਅਤੇ ਮਹਿਕਾਂ ਵੰਡਣਾ ਤਾਂ.. ਬਹੁਤ ਮਗਰੋਂ ਦੀਆਂ ਗੱਲਾਂ ਹਨ। ਉਸ ਦੇ ਪੁੰਗਰ ਕੇ ਬੂਟਾ ਜਾਂ ਫੁੱਲ ਬਣਨ ਦੀ ਕਾਬਲੀਅਤ ਜਾਂ ਅਹਿਸਾਸ ਨੂੰ ਬੰਜਰ ਕਿੱਥੋਂ ਮਹਿਸੂਸ ਕਰਦਾ ਹੈ? ਇਹੋ ਜਿਹੀ ਲੰਮੀ ਔੜ ਰਮਿੰਦਰ ਦੀ ਜ਼ਿੰਦਗੀ ਵਿੱਚ ਵੀ ਆਈ। ਔੜ ਭਾਵੇਂ ਖੁਸ਼ੀਆਂ ਦੀ ਜਾਂ ਸਾਹਿਤਕ ਮਹੌਲ ਦੀ, ਪਰ ਉਸਨੂੰ ਬੜੇ ਦੁੱਖ-ਸੁੱਖ ਦਿਖਾ ਗਈ ਅਤੇ ਚੰਗੇ ਮਾੜੇ ਸਬਕ ਵੀ ਸਿਖਾ ਗਈ..। ਸਮੇਂ ਦਾ ਚੱਕਰ ਤਾਂ ਕਦੇ ਵੀ ਨਹੀਂ ਰੁਕਿਆ। ਸਮੇਂ ਨੇ ਕਰਵਟ ਲਈ, ਸਥਾਨ ਬਦਲਿਆ, ਰੁੱਤ ਬਦਲੀ ਤੇ ਰਮਿੰਦਰ ਦਾ ਸਾਹਿਤਕ ਕਦ ਵੀ ਵਧਣਾ ਫੁਲਣਾ ਅਰੰਭ ਹੋ ਗਿਆ। ਪਿਆਰਾ ਸਿੰਘ ਕੁਦੋਵਾਲ, ਸੁਰਜੀਤ ਕੋਰ, ਸਰਬਜੀਤ ਸੋਹਲ ਅਤੇ ਕਈ ਹੋਰ ਸੁਲਝੀਆਂ ਹੋਈਆਂ ਸਾਹਿਤਕ ਸ਼ਖ਼ਸੀਅਤਾਂ ਅਤੇ ਆਪਣੇ ਪਿਆਰਿਆਂ ਦੇ ਸਿਰਜੇ ਸਾਹਿਤਕ ਮਹੌਲ ਅਤੇ ਹਲਾਸ਼ੇਰੀ ਨੇ ਰਮਿੰਦਰ ਰਮੀ ਦੀ ਕਾਵਿ-ਰੂਹ ਨੂੰ ਸਾਹਿਤਕ ਖੁਰਾਕ ਨਾਲ ਸਿੰਜ ਦਿੱਤਾ…। ਇਹ ਸੱਜਣ ਪਿਆਰੇ ਉਸ ਦੀ ਸਾਹਿਤਕ ਮੰਜ਼ਿਲ ਵੱਲ ਨੂੰ ਜਾਂਦੇ ਰਾਹ ਅਤੇ ਰਾਹਾਂ ਦੇ ਦਸੇਰੇ ਹੋ ਨਿਬੜੇ..।
ਜੇਕਰ ਅਸੀਂ ਸਕਾਰਾਤਮਕ ਸੋਚ ਨਾਲ ਸੋਚੀਏ ਤਾਂ ਲਾ ਪਾ ਕੇ ਜ਼ਿੰਦਗੀ ਨੂੰ ਜਸ਼ਨ ਵਾਂਗ ਹੀ ਜਿਉਣਾ ਅਤੇ ਮਾਣਨਾ ਚਾਹੀਦਾ ਹੈ। ਇਸ ਕਿਤਾਬ ਨੂੰ ਪੜ੍ਹਦਿਆਂ ਮੈਨੂੰ ਮਹਿਸੂਸ ਹੋਇਆ ਕਿ ਗਿਲੇ-ਸ਼ਿਕਵਿਆਂ, ਦੁੱਖਾਂ-ਤਕਲੀਫ਼ਾਂ, ਉਦਾਸੀਆਂ ਦੀਆਂ ਲੰਮੀਆਂ ਰੁੱਤਾਂ ਦੇ ਬਾਵਜੂਦ ਵੀ ਰਮਿੰਦਰ ਇਕ ਪਾਜ਼ਿਟਿਵ ਸੋਚ ਨਾਲ ਆਪਣੀ ਜ਼ਿੰਦਗੀ ਅਤੇ ਸਾਹਿਤਿਕ ਸਫ਼ਰ ਵਿੱਚ ਅੱਗੇ ਵੱਧ ਰਹੀ ਹੈ।
65 ਕਵਿਤਾਵਾਂ ਦੇ ਇਸ ਕਾਵਿ-ਸੰਗ੍ਰਹਿ ਦੀ ‘ਕਿਸ ਨੂੰ ਆਖਾਂ’ ਕਵਿਤਾ ਨਾਲ ਸ਼ੁਰੂਆਤ ਕਰਦਿਆ, ਰਮਿੰਦਰ ਨੇ ਹੋਰ ਵੀ ਕਈ ਅਹਿਮ ਵਿਸ਼ਿਆਂ ਨੂੰ ਬਾਖੂਬੀ ਨਾਲ ਛੂਹਿਆ ਹੈ। ਉਸ ਦੀਆਂ ਕਵਿਤਾਵਾਂ ਵਿਚਲੇ ਸ਼ਬਦਾਂ ਅੰਦਰ ਜਜ਼ਬਾਤ, ਵਲਵਲੇ, ਦਰਦ, ਅਤੇ ਅਹਿਸਾਸ ਸਾਫ਼ ਝਲਕਦਾ ਹੈ।
ਬੋਲਣ-ਸੁਣਨ ਦੀ ਕਸ਼ਮਕਸ਼ ਬਾਰੇ ਕਿਹਾ ਜਾਂਦਾ ਹੈ ਕੇ ਇਨਸਾਨ ਨੂੰ ਬੋਲਣ ਨਾਲੋਂ ਸੁਣਨਾ ਦੁਗਣਾ ਜਾਂ ਉਸ ਤੋਂ ਵੀ ਜ਼ਿਆਦਾ ਚਾਹੀਦਾ ਹੈ। ਸ਼ਾਇਦ, ਰੱਬ ਨੇ ਵੀ ਇਸ ਕਰਕੇ ਹੀ ਇੱਕ ਜ਼ਬਾਨ ਦੇ ਨਾਲ ਦੋ ਕੰਨ ਨੱਥੀ ਕੀਤੇ ਹੋਏ ਹਨ। ਹਾਲਾਂ ਕਿ ਇਸ ਦੇ ਵਿਪਰੀਤ ਬਹੁਤਾਤ ਵਿੱਚ ਲੋਕ ਬੋਲਣਾ ਜਾਂ ਸੁਣਾਉਣਾ ਹੀ ਚਾਹੁੰਦੇ ਹਨ। ਪਰ ਜਿਸ ਇਨਸਾਨ ਨੂੰ ਸੁਣਨ ਦੀ ਜੁਗਤ ਆ ਜਾਵੇ ਉਸ ਨੂੰ ਜ਼ਿਆਦਾ ਬੋਲਣ ਦੀ ਜ਼ਰੂਰਤ ਨਹੀਂ ਰਹਿ ਜਾਂਦੀ। ਰਮਿੰਦਰ ਨੂੰ ਵੀ ਦੂਸਰਿਆਂ ਨੂੰ ਸੁਣਨਾ ਜ਼ਿਆਦਾ ਪਸੰਦ ਹੈ। ਦੋਸਤਾਂ ਦੇ ਤਾਹਨਿਆਂ ਵਰਗੇ ਸਵਾਲਾਂ ਨੂੰ ਉਸ ਨੇ ਕਾਵਿ ਲਾਈਨਾਂ ਵਿੱਚ ਇੰਜ ਬਿਆਨਿਆ ਹੈ…
ਉਹ ਕਹਿੰਦੇ..
ਤੁਸੀਂ ਫਿਰ ਕੀ ਕਰਨ ਜਾਂਦੇ ਹੋ
ਸਾਹਿਤਕ ਸਭਾਵਾਂ ਵਿੱਚ
ਨਾ ਤੁਹਾਨੂੰ ਲਿਖਣਾ ਆਉਂਦਾ ਤੇ
ਨਾ ਹੀ ਗਾਉਣਾ ਆਉਂਦਾ ਹੈ
ਹੱਸ ਕੇ ਕਹਿ ਦਿੰਦੀ
ਮੈਨੂੰ ਸੁਣਨਾ ਬਹੁਤ
ਚੰਗਾ ਲੱਗਦਾ ਹੈ…
ਸਾਹਿਤਕ ਸਭਾਵਾਂ ਵਿੱਚ ਵਿਚਰਦਿਆਂ, ਸਾਹਿਤਕਾਰਾਂ ਨੂੰ ਪੜ੍ਹਦਿਆਂ-ਸੁਣਦਿਆਂ ਅਤੇ ਦੋਸਤਾਂ ਦੇ ਸਵਾਲਾਂ ਨੇ ਰਮਿੰਦਰ ਰੰਮੀ ਦੀ ਸਾਹਿਤਿਕ ਪਰਵਾਜ਼ ਲਈ ਡੂੰਘੀ ਨੀਂਹ ਵਾਲਾ ਪਲੇਟਫਾਰਮ ਤਿਆਰ ਕਰ ਦਿੱਤਾ…। ਉਸਦੇ ਕਾਵਿ-ਮਨ ਦੇ ਅਹਿਸਾਸ, ਅਨੁਭਵ ਅਤੇ ਖਿਆਲ ਕਵਿਤਾ ਦੇ ਗਹਿਣੇ ਪਾ ਕੇ ਝੂਮਣ ਲੱਗ ਪਏ…
ਜੋ ਕਹਿੰਦੇ ਸੀ..
ਤੂੰ ਕੀ ਕਰਨ ਜਾਂਦੀ ਹੈ
ਨਾ ਤੈਨੂੰ ਲਿਖਣਾ ਆਉਂਦਾ ਹੈ …
ਹਾਂ
ਹੁਣ ਮੈਂ ਲਿਖਾਂਗੀ
ਹੁਣ ਮੈਂ ਲਿਖਾਂਗੀ
ਸਮਾਜਿਕ ਬੁਰਾਈਆਂ ਤੇ
ਔਰਤਾਂ ਤੇ ਹੋਰ ਰਹੇ ਜ਼ੁਲਮਾਂ ਤੇ
ਮਨ ਅੰਦਰ ਦੱਬੇ ਦਰਦ ਤੇ
ਦੋਸਤੀ ਤੇ ਮੁਹੱਬਤ ਤੇ
ਤੇ ਬਿਰਹਾ ਤੇ ਵੀ
ਕਵਿਤਾ ਲਿਖਾਂਗੀ
ਹਾਲਾਂ ਕਿ ਇਸ ਕਾਵਿ-ਪੁਸਤਕ ਵਿੱਚ ਕਾਫ਼ੀ ਵੰਨ-ਸੁਵੰਨਤਾ ਹੈ ਅਤੇ ਇਸ ਵਿੱਚ ਲੇਖਿਕਾ ਨੇ ਕਈ ਪਹਿਲੂਆਂ ਨੂੰ ਛੂਹਿਆ ਹੈ, ਪਰ ਫਿਰ ਵੀ ਇਹ ਥੋੜ੍ਹਾ ਜਿਹਾ ‘ਨਾਰੀ ਕੇਂਦ੍ਰਿਤ’ ਦਾ ਪ੍ਰਭਾਵ ਪਾ ਰਹੀ ਹੈ। ਇਸ ਕਾਵਿ-ਪੁਸਤਕ ਨੂੰ ਪੜ੍ਹਦਿਆਂ ਮੈਨੂੰ ਪੰਜਾਬੀ ਸਾਹਿਤ ਦੀ ਜਾਣੀ ਪਹਿਚਾਣੀ ਲੇਖਿਕਾ ਸਰਬਜੀਤ ਕੋਰ ਸੋਹਲ ਦੁਆਰਾ ਨਾਰੀ ਦੀਆਂ ਚੁਣੌਤੀਆਂ ਨਾਲ ਭਰਪੂਰ ਜ਼ਿੰਦਗੀ ਬਾਰੇ ਲਿਖੀ ਅਨਮੋਲ ਕਿਤਾਬ – ‘ਦਿ ਬਲੀਡਿੰਗ ਵੋਮੈਨ’ ਦੀ ਝਲਕ ਵੀ ਮਹਿਸੂਸ ਹੋਈ ਹੈ… ਜਿਸ ਵਿੱਚ ਉਨ੍ਹਾਂ ਕੁਝ ਇੰਜ ਲਿਖਿਆ ਹੈ..
ਔਰਤ
ਆਪਣੇ ਵਜੂਦ ਨੂੰ
ਸਮੇਂ ਦਾ ਪਲੇਥਣ ਲਾ
ਰੋਜ਼ ਵੇਲਦੀ ਹੈ…
ਰੋਜ਼ ਤਪਦੀ
ਖ਼ੁਦ ਨੂੰ ਹੀ ਮਾਰਦੀ
ਸਵੈ ਤੋਂ ਬੇਦਖ਼ਲ ਹੋ
ਜ਼ਿੰਦਗੀ ਗੁਜ਼ਾਰਦੀ ।
ਸਿਮਟੀ ਕਾਇਨਾਤ
ਲੁਕੀ ਬੈਠੀ ਹਿਆਤ
ਨਾਰੀ ਦਾ ਸੰਤਾਪ
ਚੁੰਨੀ ਹੇਠ…
ਨਾਰੀ ਬਾਰੇ ਹੀ ਰਮਿੰਦਰ ਰੰਮੀ ਦੀ ਕਵਿਤਾ ‘ਉਹ ਸੋਚਦੀ’ ਦੀ ਇੱਕ ਛੋਟੀ ਜਿਹੀ ਝਲਕ ਵੀ ਦੇਖੋ…
ਔਰਤ ਤੇ ਜਨਣੀ ਹੈ
ਗੁਰੂਆਂ ਪੀਰਾਂ ਦੀ…
ਫਿਰ ਵੀ ਮਰਦ
ਔਰਤ ਨੂੰ ਭੋਗਣ ਦੀ ਵਸਤੂ
ਤੇ ਕੰਮ ਕਰਨ ਵਾਲੀ
ਨੌਕਰਾਣੀ ਹੀ ਸਮਝਦਾ ਹੈ
ਫਿਰ ਰਮਿੰਦਰ ਰਮੀ ਨਾਰੀ ਨੂੰ ਹਲੂਣਾ ਦੇ ਕੇ ਹਿੰਮਤ ਦੇ ਰਹੀ ਹੈ ਕਿ
ਸੁਣ ਔਰਤ…
ਤੂੰ ਕਮਜ਼ੋਰ ਨਹੀਂ ਹੈਂ
ਇੱਕ ਸ਼ਕਤੀ ਦਾ ਨਾਮ ਹੈਂ
ਤੂੰ ਕੰਮ ਵਾਲੀ ਬਾਈ ਜਾਂ
ਭੋਗਣ ਦੀ ਵਸਤੂ ਨਹੀਂ ਹੈਂ
ਹੁਣ ਮਰਦ ਦੇ ਪੈਰ ਦੀ
ਜੁੱਤੀ ਨਹੀਂ ਬਣਨਾ
ਹੁਣ ਉਸਦਾ ਹਮਸਫ਼ਰ ਤੇ
ਸਿਰ ਦਾ ਤਾਜ ਬਣਨਾ
ਸਮਾਜਿਕ ਤਾਣੇ-ਬਾਣੇ ਵਿੱਚ ਵਿਚਰਦਿਆਂ ਆਪਣੇ ਮਨ ਦੀਆਂ ਗੱਲਾਂ ਰੱਬ ਨਾਲ ਸਾਂਝਿਆਂ ਕਰਦਿਆਂ ਕਵਿਤਾ ‘ਰੱਬ ਨਾਲ ਦੋ ਗੱਲਾਂ’ ਵਿੱਚ ਲੇਖਿਕਾ ਰੱਬ ਨਾਲ ਇੰਜ ਸੰਵਾਦ ਰਚਾ ਰਹੀ ਹੈ…
ਰੱਬਾ ਇਹ ਕੀ ਹੋਈ ਜਾਵੇ
ਬੱਚੀਆਂ ਦੀ ਪੱਤ ਲੁੱਟੀ ਜਾਵੇ
ਦਿਲ ਕਰਦਾ..
ਇੱਕ ਵਾਰ ਤੇਰੇ ਨਾਲ ਗੱਲ ਕਰਾਂ
ਇਹ ਜੋ ਨਿੱਤ ਵਾਪਰ ਰਿਹੈ
ਇਸ ਦੀ ਰਮਜ਼ ਫੜਾਂ
ਆਪਣੀ ਵਿੱਛੜੀ ਹੋਈ ਮਾਂ ਨੂੰ ਯਾਦ ਕਰਦਿਆਂ ਲੇਖਿਕਾ ਭਾਵਕ ਹੁੰਦਿਆਂ ਬੋਲ ਰਹੀ ਹੈ…
ਸੱਚੀਂ ਤੂੰ ਤੇ ਤੁਰ ਗਈ
ਸਭ ਨੂੰ ਰੋਂਦਿਆਂ ਵਿਲਕਦਿਆਂ ਛੱਡ
ਪਰ ਮੈਨੂੰ ਤੇ ਕਦੇ ਲੱਗਾ ਹੀ ਨਹੀਂ
ਕਿ ਤੂੰ ਤੁਰ ਗਈ
ਤੁਰ ਗਏ ਸੱਜਣ ਦੀ ‘ਜੁਦਾਈ’ ਦੇ ਅਹਿਸਾਸ ਨੂੰ ਸੁੰਦਰ ਸ਼ਬਦਾਂ ਵਿੱਚ ਬਿਆਨ ਕੀਤਾ ਹੈ
ਮੈਂ ਤੈਨੂੰ ਦਿਲ ਤੋਂ ਚਾਹਿਆ
ਤੈਨੂੰ ਬੇਪਨਾਹ ਮੁਹੱਬਤ ਕੀਤੀ
ਤੇ ਤੂੰ ਜਾਣ ਲੱਗਿਆਂ
ਦੁਆ ਸਲਾਮ ਕੀਤੇ ਬਿਨਾਂ
ਹੀ ਤੁਰ ਗਿਆਂ…
ਹਰ ਆਹਟ ਤੇ ਮੈਂ ਚੌਂਕ ਜਾਂਦੀ ਹਾਂ
ਆਇਆ ਹੈ ਸ਼ਾਇਦ ਕੋਈ
ਕਿਤੇ ਮੇਰਾ ਸੱਜਣ ਨਾ ਹੋਵੇ…
ਰਿਸ਼ਤਿਆਂ ਦੇ ਤਾਣੇ-ਬਾਣਿਆਂ ਦੀਆਂ ਤੰਦਾਂ ਜ਼ਿੰਦਗੀ ਨੂੰ ਚੱਲਦਿਆਂ ਰੱਖਦੀਆਂ ਹਨ। ‘ਅਨਮੋਲ ਰਤਨ’ ਕਵਿਤਾ ਵਿੱਚ ਲੇਖਿਕਾ ਆਪਣੇ ਪੋਤਰੇ-ਪੋਤਰੀਆਂ ਪ੍ਰਤੀ ਸਨੇਹ ਦਾ ਇਜ਼ਹਾਰ ਕਰਦੀ ਹੈ..
ਨੰਨੇ ਮੁੰਨੇ ਪਿਆਰੇ ਪਿਆਰੇ
ਦਾਦੀ ਦੀਆਂ ਅੱਖਾਂ ਦੇ ਤਾਰੇ
ਹਰ ਵੇਲੇ ਚਿੱਤ ਪਰਚਾਈ ਰੱਖਦੇ
ਦਾਦੀ ਦਾ ਦਿਲ ਲਗਾਈ ਰੱਖਦੇ
ਧੀਆਂ ਨੂੰ ਕੁੱਖ ਵਿੱਚ ਹੀ ਮਾਰਨ ਦੇ ਚੰਦਰੇ ਜ਼ਮਾਨੇ ਵਿੱਚ ਇੱਕ ਅਣਜੰਮੀ ਧੀ ਦੀ ਆਪਣੀ ਮਾਂ ਨੂੰ ਪੁਕਾਰਨ ਵਾਲੀ ਕਵਿਤਾ ‘ਅਣਜੰਮੀ ਧੀ ਦੀ ਪੁਕਾਰ’ ਪਾਠਕ ਦੀ ਰੂਹ ਨੂੰ ਧੂਹ ਪਾਉਂਦੀ ਹੈ..
ਸੁਣ ਰਹੀ ਹੈਂ ਨਾ ਮੇਰੀ ਮਾਂ
ਮੈਂ ਤਰਲੇ ਲੈ ਰਹੀ ਹਾਂ
ਮੈਨੂੰ ਕੁੱਖ ਵਿੱਚ ਨਾ ਮਾਰੀ ਮਾਂ
ਮੇਰਾ ਵੀ ਜੀਅ ਕਰਦਾ ਹੈ
ਮੈਂ ਵੀ ਦੁਨੀਆਂ ਦੇਖਾਂ
ਕਿੰਨੀ ਹੁਸੀਨ ਹੋਏਗੀ
ਇਹ ਦੁਨੀਆਂ
ਹੋਰ ਬਹੁਤ ਸਾਰੀਆਂ ਦਿਲਚਸਪ ਕਵਿਤਾਵਾਂ ਤੋਂ ਇਲਾਵਾ ਇਨਸਾਨੀ ਬਘਿਆੜ, ਗੁਰੂ ਨਾਨਕ ਨੂੰ ਪੁਕਾਰ, ਪ੍ਰਦੇਸਣ ਭੈਣ ਦੀ ਰੱਖੜੀ, ਮੋਹ ਦੇ ਦੀਵੇ ਜਗਾਈਏ, ਤੈਂ ਕੀ ਦਰਦ ਨਾ ਆਇਆ ਵੀ ਇਸ ਕਾਵਿਕ ਕਿਤਾਬ ਨੂੰ ਸ਼ਿੰਗਾਰਦੀਆਂ ਹਨ।
ਰਮਿੰਦਰ ਜੀ ਅਕਸਰ ਸੋਸ਼ਲ ਮੀਡੀਆ ਦੇ ਪਲੇਟਫਾਰਮ ਉੱਪਰ ਨਵੀਆਂ ਨਵੀਆਂ ਕਵਿਤਾਵਾਂ ਲਿਖ ਕੇ ਪੋਸਟ ਕਰਦੇ ਰਹਿੰਦੇ ਹਨ। ਉਸ ਦੇ ਸਾਹਿਤਿਕ ਪਿਆਰਿਆਂ ਦਾ ਵਿਸ਼ਾਲ ਘੇਰਾ ਹੋਰ ਵੀ ਵਿਸ਼ਾਲ ਹੋ ਰਿਹਾ। ਉਹ ਪੂਰੀ ਤਨਦੇਹੀ, ਲਗਨ ਅਤੇ ਮਿਹਨਤ ਨਾਲ ਆਪਣੀ ਚਾਲੇ ਚੱਲੀ ਜਾ ਰਹੀ ਹੈ ਜੋ ਇੱਕ ਸ਼ੁੱਭ ਕਾਰਜ ਹੈ। ਮੇਰੀ ਵੱਲੋਂ ਰਮਿੰਦਰ ਰਮੀ ਜੀ ਨੂੰ ਇਸ ਕਾਵਿ-ਪੁਸਤਕ ਦੀਆਂ ਵਧਾਈਆਂ ਅਤੇ ਉਸ ਦੇ ਅਗਲੇ ਅਤੇ ਅਗਲੇਰੇ ਸਾਹਿਤਿਕ ਸਫ਼ਰ ਲਈ ਢੇਰ ਸਾਰੀਆਂ ਦੁਆਵਾਂ!!
ਜ਼ਿੰਦਗੀ ਜ਼ਿੰਦਾਬਾਦ।

Kulwinder Bath
California USA