ਕਈ ਵਾਰ ਉਸ ਨੂੰ ਇਸ ਤਰ੍ਹਾਂ ਲੱਗਦਾ ਕਿ ਜਿੰਨੀ ਮੇਰੀ ਉਮਰ ਹੈ ਮੈਂ ਉਸ ਹਿਸਾਬ ਨਾਲ ਤਾਂ ਹਾਲੇ ਬੱਚਾ ਹੀ ਹਾਂ । ਸ਼ਾਇਦ 45 ਸਾਲ, 50 ਜਾਂ 55 ਸਾਲ ਦਾ ਮੈਂ ਬੱਚਾ ਹਾਂ । ਪਰ ਨਹੀਂ, ਜਦੋਂ ਮੈਂ ਬੱਚਾ ਸੀ ਉਦੋਂ ਤਾਂ ਸ਼ਾਇਦ ਮੈਂ ਆਪਣੇ ਮਾਂ-ਬਾਪ ਦੇ ਆਦੇਸ਼ਾਂ ਦੀ ਇੰਨੀ ਪਾਲਣਾ ਨਾ ਕੀਤੀ ਹੋਵੇ, ਜਿੰਨੀ ਕਿ ਅੱਜ ਮੈਂ ਆਪਣੇ ਘਰਦਿਆਂ ਦੀ ਹਰ ਗੱਲ ਸਿਰ ਝੁਕਾ ਕੇ ਆਰਾਮ ਨਾਲ ਸਹਿਜਤਾ ਨਾਲ ਸੁਣ ਲੈਂਦਾ ਹਾਂ ਤੇ ਮੰਨ ਲੈਂਦਾ ਹਾਂ । ਜੇਕਰ ਮੈਨੂੰ ਘਰ ਤੋਂ ਤੁਰਨ ਲੱਗਿਆਂ ਬਾਹਰ ਜਾਣ ਵੇਲੇ ਕੋਈ ਵੀ ਆਦੇਸ਼ ਦਿੱਤੇ ਜਾਂਦੇ ਹਨ, ਇੰਸਟਰਕਸ਼ਨ ਦਿੱਤੀਆਂ ਜਾਂਦੀਆਂ ਹਨ ਤਾਂ ਮੈਂ ਉਸਦੇ ਵਿਰੋਧ ਵਿੱਚ ਇੱਕ ਸ਼ਬਦ ਵੀ ਨਹੀਂ ਬੋਲਦਾ । ਮਸਲਨ ਜੇ ਮੈਂ ਸਬਜੀ ਵੀ ਲੈਣ ਜਾਣੀ ਹੈ, ਤਾਂ ਮੈਂ ਘਰ ਵਾਲਿਆਂ ਦੇ ਆਦੇਸ਼ਾਂ ਦੀ ਪਾਲਣਾ ਕਰਨੀ ਹੈ ਕਿ ਅੱਜ ਤੁਸੀਂ ਸਬਜੀ ਧਿਆਨ ਨਾਲ ਲੈ ਕੇ ਆਇਓ ! ਕੱਦੂ, ਤੋਰੀ, ਬੈਂਗਨ, ਪੇਠਾ ਤਾਂ ਬੱਚੇ ਬਿਲਕੁਲ ਵੀ ਨਹੀਂ ਖਾਂਦੇ , ਇਹ ਨਾ ਲਿਆਓ । ਭਿੰਡੀਆਂ ਕੱਲ ਹੀ ਬਣਾਈਆਂ ਸੀ। ਪਨੀਰ ਹੈਵੀ ਹੁੰਦਾ ਹੈ । ਮਟਰ, ਅਰਬੀ, ਗੋਭੀ ਤਾਂ ਵਾਈ ਕਰਦੀਆਂ ਹਨ ।ਪਿਆਜ, ਆਲੂ ਤਾਂ ਘਰ ਪਏ ਹਨ । ਫਿਰ ਪਿੱਛੇ ਰਹਿ ਕੀ ਗਿਆ? ਕਦੇ-ਕਦੇ ਮੈਨੂੰ ਬੜੀ ਖਿਝ ਆਉਂਦੀ, ਚਲੋ, ਅਖੀਰ ਤੁਰਨ ਲੱਗਿਆਂ ਇਹ ਕਹਿ ਦਿੰਦੇ, ਬਾਕੀ ਤੁਸੀਂ ਵੇਖ ਲਿਓ ਜੋ ਤੁਹਾਨੂੰ ਪਸੰਦ ਹੋਏ ਲੈ ਆਇਓ । ਨਾਲੇ ਤਾਂ 36 ਚੀਜ਼ਾਂ ਨੂੰ ਪ੍ਰਸ਼ਨ-ਚਿੰਨ੍ਹ ਲੱਗ ਜਾਂਦਾ, ਨਾਲੇ ਜੋ ਤੁਹਾਨੂੰ ਚੰਗਾ ਲੱਗੇ ਲੈ ਆਇਓ। ਇਹ ਚੀਜ਼ ਫਲਾਣੇ ਨੇ ਨਹੀਂ ਖਾਣੀ, ਇਹ ਸਬਜੀ ਕੱਲ ਬਣਾਈ ਸੀ, ਫਲਾਣੀ ਸਬਜੀ ਘਰ ਪਈ ਹੈ। ਕੋਈ ਸਬਜੀ ਗਰਮੀਆਂ ਚ ਚੰਗੀ ਨਹੀਂ ਹੁੰਦੀ। ਹਰ ਚੀਜ਼ ਵਿੱਚ ਬਾਜ਼ਾਰੋਂ ਲੈ ਕੇ ਆਉਣ ਲਈ ਕੁਝ ਨਾ ਕੁਝ ਹਦਾਇਤਾਂ ਦਿੱਤੀਆਂ ਜਾਂਦੀਆਂ ਹਨ ਤੇ ਕਈ ਵਾਰ ਦਿਲ ਕਰਦਾ ਕਿ ਦੋਵੇਂ ਹੱਥਾਂ ਨਾਲ ਆਪਣੇ ਵਾਲ ਪੁੱਟ ਲਵਾਂ ਜਾਂ ਸਬਜੀ ਵਾਲਾ ਥੈਲਾ ਚਲਾ ਕੇ ਮਾਰਾਂ ਕਿ ਚਲੋ ਜਾਂ ਤਾਂ ਮੇਰੇ ਨਾਲ ਚਲੋ ਜਾਂ ਫਿਰ ਆਪੇ ਲੈ ਆਓ । ਫਿਰ ਵੀ ਚੁੱਪ ਕਰਕੇ ਸਕੂਟਰੀ ਦੀ ਸੈਲਫ ਮਾਰ ਕੇ ਸਬਜੀ ਮੰਡੀ ਵੱਲ ਨੂੰ ਹੋ ਜਾਈਦਾ। ਇਸੇ ਤਰ੍ਹਾਂ ਜੇ ਘਰ ਵਿੱਚ ਕਿਸੇ ਵੀ ਚੀਜ਼ ਦੀ ਜਰੂਰਤ ਹੈ ਉਹਦੇ ਵਾਸਤੇ ਘਰ ਤੋਂ ਤੁਰਨ ਲੱਗਿਆ ਪਹਿਲਾਂ ਹਦਾਇਤਾਂ ਦਿੱਤੀਆਂ ਜਾਂਦੀਆਂ ਹਨ। ਚਾਹੇ ਪਲੰਬਰ ਨੂੰ ਬੁਲਾਉਣਾ ਹੈ , ਜਾਂ ਏ.ਸੀ. ਦੀ ਸਰਵਿਸ ਵਾਲੇ ਨੂੰ । ਉਹਨੂੰ ਨਾ ਬੁਲਾਇਓ ਉਸਨੇ ਪਿਛਲੀ ਵਾਰ ਇਹ ਚੀਜ਼ ਖਰਾਬ ਕਰ ਦਿੱਤੀ ਸੀ , ਐਡਵਾਂਸ ਲੈ ਕੇ ਫਿਰ ਵਾਪਸ ਹੀ ਨਹੀਂ ਆਇਆ ਜਾਂ ਉਸ ਨੇ ਤਸੱਲੀ ਬਖਸ਼ ਕੰਮ ਨਹੀਂ ਕੀਤਾ ਸੀ । ਮਤਲਬ ਕਈ ਘਰਾਂ ਵਿੱਚ ਹਰ ਗੱਲ ਦੇ ਵਿੱਚ ਆਦਮੀ ਦੇ ਉੱਤੇ ਬਹੁਤ ਸਾਰੀਆਂ ਪਾਬੰਦੀਆਂ ਲਾ ਕੇ ਉਸਨੂੰ ਕੰਮ ਕਰਨ ਲਈ ਕਿਹਾ ਜਾਂਦਾ ਹੈ । ਕਈ ਗੱਲਾਂ ਦੇ ਉੱਤੇ ਤਾਂ ਆਦਮੀ ਨੂੰ ਇਸ ਤਰਾਂ ਮਹਿਸੂਸ ਹੋਣ ਲੱਗ ਜਾਂਦਾ ਹੈ ਕਿ ਮੈਂ ਬੱਚਾ ਹਾਂ,ਯਾਰ ! ਤੁਸੀਂ ਆਪ ਹੀ ਖ਼ਰੀਦ ਕੇ ਲੈ ਆਓ। ਨਾਲੇ ਫਿਰ ਘਰ ਲਿਆਂਦੇ ਸਮਾਨ ਬਾਰੇ, ਆਹ ਕਿੰਨੇ ਦਾ ਸੀ? ਇਹ ਕਿੰਨੇ ਰੁਪਏ ਕਿਲੋ ਹੈ ? ਹਰ ਗੱਲ ਦੇ ਜਵਾਬ ਵੀ ਤੁਹਾਨੂੰ ਤਰੋਤਾਜ਼ਾ ਯਾਦ ਰੱਖਣੇ ਪੈਂਦੇ ਹਨ । ਨਹੀਂ ਤਾਂ ਫਿਰ ਲੈ ਤੁਹਾਨੂੰ ਤਾਂ ਵੱਧ ਲਾ ਲਿਆ , ਤੁਸੀਂ ਉਸ ਦੁਕਾਨ ਵਾਲੇ ਕੋਲ ਹੀ ਜਾਣਾ ਹੁੰਦਾ ਹੈ । ਤੁਸੀਂ ਤੁਰ-ਫਿਰ ਕੇ ਸਮਾਨ ਨਹੀਂ ਲੈਂਦੇ ।
ਜਿਹੜੀਆਂ ਬੀਬੀਆਂ ਦੀ ਜਵਾਨੀ ਵਿੱਚ ਨਹੀਂ ਪੁੱਗਦੀ ਉਹ ਦਾਦੇ-ਦਾਦੀ ਬਣ ਕੇ ਦਾਦੇ ਨੂੰ ਚੰਗੀ ਤਰ੍ਹਾਂ ਸੂਤ ਕਰਦੀਆਂ ਹਨ । ਪੋਤੇ-ਪੋਤੀਆਂ, ਦੋਹਤੇ-ਦੋਹਤੀਆਂ ਬਾਰੇ ਦਾਦੇ ਨਾਨੇ ਨੂੰ ਇਮੋਸ਼ਨਲ ਬਲੈਕਮੇਲ ਕਰਕੇ ਉਹਨੂੰ ਚੰਗੀ ਤਰਾਂ ਘਰੇ ਨੂੜ ਕੇ ਰੱਖਦੀਆਂ ਹਨ। ਇਹ ਤਾਂ ਤੁਹਾਡੇ ਬਿਨਾਂ ਰੋਟੀ ਨਹੀਂ ਖਾਂਦਾ, ਇਹ ਤਾਂ ਤੁਹਾਡੇ ਬਿਨਾਂ ਸੌਂਦਾ ਨਹੀਂ, ਇਹਨੂੰ ਬਾਹਰ ਘੁੰਮਾ ਫਿਰਾ ਕੇ ਲਿਆਓ । ਇਹ ਤੁਹਾਡੀ ਰਾਹ ਵੇਖੀ ਜਾਂਦਾ ਸੀ। ਦੇਖੋ ਹੁਣ ਕਿੰਨਾ ਖੁਸ਼ ਆ ਤੁਹਾਡੀ ਗੋਦੀ ਵਿੱਚ ਜਾ ਕੇ। ਮਤਲਬ ਕਿ , ਉਹ ਚੰਗੀ ਤਰਾਂ ਬੰਦੇ ਦਾ ਪੁੱਤ ਬਣਾਉਣ ਦਾ ਉਹਨਾਂ ਨੂੰ ਕੋਈ ਮੌਕਾ ਹੱਥੋਂ ਨਹੀਂ ਖਜਾਉਂਦੀਆਂ ।
ਗੱਲ ਕੀ ਆਦਮੀ ਨੂੰ ਇਹ ਪਤਾ ਹੀ ਨਹੀਂ ਲੱਗਦਾ ਕਦੋਂ ਉਸਦੀ ਮਹਿਬੂਬਾ, ਪਤਨੀ, ਉਸਦੀ ਮਾਂ ਦਾ ਰੂਪ ਧਾਰਨ ਕਰ ਲੈਂਦੀ ਹੈ ਤੇ ਉਸਦਾ ਕਈ ਵਾਰ ਜੀ ਕਰਦਾ ਜਿੰਨੀਆਂ ਉਹ ਉਸ ਤੇ ਬੰਦਿਸ਼ਾਂ ਲਾਉਂਦੀ ਹੈ ਤੇ ਅਦੇਸ਼ ਦਿੰਦੀ ਹੈ ਉਸਦਾ ਜੀ ਕਰਦਾ ਹੈ ਕਿ ਉਸਨੂੰ ਕਹਿ ਦੇਵੇ, ਜੀ ਮੰਮੀ ਜੀ ਇਵੇਂ ਹੀ ਹੋਊਗਾ। ਕਿਸ ਨਾਲ ਕਿੰਨਾ ਬੋਲਣਾ, ਫਲਾਣੇ ਰਿਸ਼ਤੇਦਾਰ ਇਸ ਤਰ੍ਹਾਂ ਦੇ ਹਨ। ਫਲਾਣੇ ਨਾਲ ਇਹਨਾ ਵਰਤਣਾ ਉਹਦੇ ਘਰ ਆਪਾਂ ਜਾਣਾ ਹੈ । ਉਹਨਾਂ ਘਰੇ ਨਹੀਂ ਜਾਣਾ ।
ਬਹੁਤ ਸਾਰੀਆਂ ਬੀਬੀਆਂ ਤਾਂ ਜਦੋਂ ਉਹਨਾਂ ਦਾ ਪੁੱਤ ਜਵਾਨ ਹੋ ਜਾਂਦਾ ਹੈ ਉਨ੍ਹਾਂ ਨੂੰ ਪੁੱਤ ਵਿੱਚ ਜਿਆਦਾ ਗੁਣ ਦਿਖਣ ਲੱਗ ਜਾਂਦੇ ਹਨ ਉਹ ਆਪਣੇ ਪਤੀ ਨਾਲ ਪੁੱਤਰ ਦੀ ਤੁਲਨਾ ਕਰਦੀਆਂ ਹਨ। ਲੈ, ਤੁਹਾਨੂੰ ਤਾਂ ਕਾਰ ਚਲਾਉਣੀ ਨਹੀਂ ਆਉਂਦੀ , ਮੇਰਾ ਪੁੱਤ ਕਾਰ ਚਲਾਉਂਦਾ ਪਤਾ ਵੀ ਨਹੀਂ ਲੱਗਣ ਦਿੰਦਾ, ਕਦੇ ਸਪੀਡ ਬਰੇਕਰ ਆ ਜਾਵੇ ਤਾਂ ਕਾਰ ਦੀ ਸਪੀਡ ਘੱਟ ਕਰਕੇ ਲੰਘਾਉਂਦਾ ਹੈ । ਮੈਨੂੰ ਤਾਂ ਪਤਾ ਵੀ ਨਹੀਂ ਲੱਗਦਾ, ਤੁਸੀਂ ਤਾਂ ਬਿਨਾਂ ਗੱਲ ਤੋਂ ਹਾਰਨ ਮਾਰੀ ਜਾਂਦੇ ਰਹਿਨੇ ਹੋ। ਪਤੀ ਨੂੰ ਆਪਦੇ ਪੁੱਤਰ ਤੋਂ ਘੱਟ ਹੀ ਨੰਬਰ ਦਿੰਦੀਆਂ ਹਨ । ਹਾਲਾਂਕਿ ਇਸ ਗੱਲ ਦੀ ਸੱਚਾਈ ਵੀ ਹਰ ਔਰਤ ਨੂੰ ਪਤਾ ਹੈ ਕਿ ਬੁਢੇਪੇ ਵਿੱਚ ਪਤੀ ਪਤਨੀ ਹੀ ਇੱਕ ਦੂਜੇ ਦੇ ਸੱਚੇ ਸਾਥੀ ਹੋ ਨਿਭਦੇ ਹਨ, ਪਰ ਫਿਰ ਵੀ ਮਾਂ ਦਾ ਪੁੱਤਰ-ਪਿਆਰ ਵਾਲਾ ਪਲੜਾ ਹਮੇਸ਼ਾ ਪਤੀ ਨਾਲੋਂ ਭਾਰੀ ਰਹਿੰਦਾ ਹੈ ।
ਇਹੀ ਕਾਰਨ ਹੈ ਕਿ ਜਦੋਂ ਔਰਤਾਂ ਆਪਣੇ ਪੁੱਤਰ ਦਾ ਵਿਆਹ ਕਰ ਲੈਂਦੀਆਂ ਹਨ ਤਾਂ ਉਹ ਪੁੱਤਰ ਪਿਆਰ ਨੂੰ ਦੋ ਹਿੱਸਿਆਂ, ਪਤਨੀ ਅਤੇ ਮਾਂ ਦੇ ਵਿੱਚ ਵੰਡਣ ਤੋਂ ਇਨਕਾਰੀ ਰਹਿੰਦੀਆਂ ਹਨ, ਕਿਉਂਕਿ ਉਹ ਪੁੱਤਰ ਨਾਲ ਆਪਣੇ ਹਰ ਦੁੱਖ-ਸੁੱਖ ,ਖੁਸ਼ੀ-ਗਮੀ ਦੇ ਵਿੱਚ ਪਤੀ ਤੋਂ ਵੀ ਵੱਧ ਸਾਂਝਾ ਕਰਦੀਆਂ ਹਨ ਤੇ ਪੁੱਤਰ ਦੇ ਵਿਆਹ ਤੋਂ ਬਾਅਦ ਉਹ ਆਪਣੇ ਆਪ ਨੂੰ ਅਸੁਰੱਖਿਤ ਮਹਿਸੂਸ ਕਰਦੀਆਂ ਹਨ ।
ਬਹੁਤੇ ਨਹੀਂ ਤਾਂ ਅੱਜ ਕੱਲ 70 ਤੋਂ 80 ਪ੍ਰਤੀਸ਼ਤ ਘਰਾਂ ਦੇ ਹਾਲਾਤ ਇਸ ਤਰ੍ਹਾਂ ਦੇ ਹੀ ਹੁੰਦੇ ਹਨ। ਬਹੁਤ ਹੀ ਘਰਾਂ ਵਿੱਚ ਕਈ ਵਾਰ ਬੱਚੇ ਆਪਣੇ ਵੱਡੇ ਤੋਂ ਵੱਡੇ ਫ਼ੈਸਲੇ ਆਪਣੀ ਮੰਮੀ ਦੇ ਰਾਹੀਂ ਬਹੁਤ ਸਖ਼ਤ ਅਤੇ ਅਸੂਲਾਂ ਦੇ ਪੱਕੇ ਆਪਣੇ ਪਿਤਾ ਤੋਂ ਆਪਣੇ ਹੱਕ ਵਿੱਚ ਕਰਵਾ ਲੈਂਦੇ ਹਨ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਪਾਣੀ ਤਾਂ ਪੁਲਾਂ ਥੱਲੋਂ ਹੀ ਲੰਘਦਾ ਹੈ ।
ਕਈ ਘਰਾਂ ਵਿੱਚ ਤਾਂ ਇਹ ਵੀ ਦੇਖਣ ਵਿੱਚ ਆਉਂਦਾ ਹੈ ਕਿ ਪਹਿਲਾਂ ਤਾਂ ਇਸਤਰੀਆਂ ਬੱਚਿਆਂ ਦੀਆਂ ਨਿੱਕੀਆਂ ਨਿੱਕੀਆਂ ਸ਼ਿਕਾਇਤਾਂ ਆਦਮੀ ਕੋਲ ਲਾਉਂਦੀਆਂ ਰਹਿੰਦੀਆਂ ਹਨ ਜਦੋਂ ਪਿਤਾ ਕੁਝ ਸਖ਼ਤ ਹੋ ਕੇ ਘਰ ਵਿੱਚ ਫ਼ੈਸਲੇ ਲੈਂਦੇ ਹਨ ਜਾਂ ਤਲਖੀ ਵਿੱਚ ਆ ਕੇ ਬੱਚਿਆਂ ਨੂੰ ਕੁਝ ਕਹਿੰਦੇ ਹਨ ਤਾਂ ਝੱਟ ਦੂਜੇ ਪਾਸੇ ਹੋ ਜਾਂਦੀਆਂ ਹਨ । ਇੱਥੇ ਫਿਰ ਮਰਦ ਵਿਚਾਰਾ ਕੀ ਕਰੇ, ਠੰਡਾ ਪਾਣੀ ਪੀ ਮਰੇ, ਵਾਲੀ ਗੱਲ ਬਣ ਜਾਂਦੀ ਹੈ ।
ਜਿਵੇਂ ਘੜੀ ਦੀਆਂ ਸੂਈਆਂ ਮੁੜ-ਮੁੜ ਕੇ ਉਹਨਾਂ ਅੱਖਰਾਂ ਤੇ ਦੁਬਾਰਾ ਆਉਂਦੀਆਂ ਹਨ ਇਸੇ ਤਰ੍ਹਾਂ ਕਈ ਔਰਤਾਂ ਦੀ ਜ਼ਿੰਦਗੀ ਦੀ 15-18 ਸਾਲ ਜਿਹੜੇ ਉਨਾਂ ਨੇ ਦੜ ਵੱਟ ਕੇ, ਗੂੰਗੀਆਂ ਬਣ ਕੇ ਕੱਟੇ ਹੁੰਦੇ ਹਨ, ਹੁਣ ਜਦੋਂ ਉਹਨਾਂ ਦੇ ਬੱਚੇ ਜਵਾਨ ਹੋ ਜਾਂਦੇ ਹਨ ਤਾਂ ਇਹ ਘੜੀ ਦੀਆਂ ਸੂਈਆਂ ਉਨਾਂ ਦੇ ਹੱਕ ਵਿੱਚ 10-12 ਸਾਲ ਚਲਦੀਆਂ ਹਨ । ਜਿਵੇਂ ਕਹਿੰਦੇ ਹਨ ਕਿ ਕੁੜੀਆਂ ਤਾਂ ਹਮੇਸ਼ਾ ਮਾਂ-ਪਿਓ ਦੀਆਂ ਰਹਿੰਦੀਆਂ ਹਨ। ਇਸ ਤਰਾਂ ਉਹ ਮਾਂ-ਬਾਪ ਦੇ ਮਰਨ ਤੱਕ ਦੋਵਾਂ ਦਾ ਬਰਾਬਰ ਪੱਖ ਪੂਰਦੀਆਂ ਹਨ, ਪਰ ਪੁੱਤਰ ਜਦੋਂ ਤੱਕ ਵਿਆਹੇ ਨਹੀਂ ਜਾਂਦੇ, ਉਦੋਂ ਤੱਕ ਮਾਂ ਦੇ ਹੱਕ ਵਿੱਚ ਖੜੋਂਦੇ ਹਨ ਤੇ ਮਾਂ ਫਿਰ ਆਪਣੇ ਪਤੀ ਨੂੰ ਰੱਜ ਕੇ ਗੱਲ ਗੱਲ ‘ਤੇ ਪਿਛਲੇ ਬੀਤ ਚੁੱਕੇ ਵਰ੍ਹਿਆਂ ਦੇ ਉਲਾਂਭੇ ਦਿੰਦੀ ਰਹਿੰਦੀ ਹੈ । ਪਰ ਇਹ ਸਿਲਸਿਲਾ ਬਹੁਤਾ ਲੰਮਾ ਨਹੀਂ ਚੱਲਦਾ। ਅਖੀਰ ਥੋੜੇ ਵਰ੍ਹਿਆਂ ਬਾਅਦ ਪਤਨੀ ਨੇ ਪਤੀ ਦੇ ਗੋਡੇ ਨਾਲ ਹੀ ਲੱਗਣਾ ਹੁੰਦਾ ਹੈ। ਪਤੀ ਹੀ ਇਹ ਝਾਲ ਝਲਦਾ ਹੈ । ਕਿਉਂਕਿ ਇੱਥੇ ਉਮਰ ਦਾ ਅਖੀਰਲਾ ਪੜਾਅ ਸ਼ੁਰੂ ਹੋ ਚੁੱਕਿਆ ਹੁੰਦਾ ਹੈ ।
ਸਮਾਜ ਵਿੱਚ ਸਾਰੇ ਨਹੀਂ ਤਾਂ ਬਹੁਤੇ ਘਰਾਂ ਵਿੱਚ ਦੇਖਣ ਨੂੰ ਤਾਂ ਪਿਤਾ ਪੁਰਖੀ ਪਰਿਵਾਰ ਲੱਗਦੇ ਹੁੰਦੇ ਹਨ, ਪਰ ਘਰ ਦਾ ਅਸਲ ਰਿਮੋਟ ਕੰਟਰੋਲ ਮਾਤਾ ਦੇ ਹੱਥ ਵਿੱਚ ਹੀ ਹੁੰਦਾ ਹੈ। ਗੱਲ ਗੱਲ ‘ਤੇ ਕੀਤੀ ਗਈ ਟੋਕਾ-ਟਾਕੀ ਤੇ ਦਿੱਤੀਆਂ ਗਈਆਂ ਹਦਾਇਤਾਂ ਮਰਦ ਨੂੰ ਇਹ ਸੋਚਣ ਲਈ ਮਜਬੂਰ ਕਰ ਦਿੰਦੀਆਂ ਹਨ ਕੀ ਮੈਂ ਮੰਦ ਬੁੱਧੀ ਤਾਂ ਨਹੀਂ ਕਿਤੇ ?
ਕਈ ਘਰਾਂ ਵਿੱਚ ਵੱਡੇ ਬਜ਼ੁਰਗ ਸਭ ਕੁਝ ਦੇਖ ਰਹੇ ਹੁੰਦੇ ਹਨ ਪਰ ਘਰ ਦੀ ਸੁਖ ਸ਼ਾਂਤੀ ਲਈ ਉਹ ਮੂਕ ਦਰਸ਼ਕ ਬਣੇ ਰਹਿੰਦੇ ਹਨ। ਹੌਲੀ ਹੌਲੀ ਪਤਨੀ ਦਾ ਮਾਂ ਵਾਂਗ ਵਿਵਹਾਰ ਬਣ ਜਾਂਦਾ ਹੈ, ਜਿਸ ਤਰ੍ਹਾਂ ਛੋਟਾ ਬੱਚਾ ਆਪਣੀ ਮਾਂ ਤੋਂ ਬਿਨਾਂ ਰਹਿ ਨਹੀਂ ਸਕਦਾ, ਉਹ ਅਸੁਰੱਖਿਅਤ ਮਹਿਸੂਸ ਕਰਦਾ ਹੈ, ਨਿੱਕੀ-ਨਿੱਕੀ ਗੱਲ ਦੇ ਫ਼ੈਸਲਿਆਂ ਲਈ ਵੀ ਉਹ ਬੱਚਿਆਂ ਨੂੰ ਇਹ ਕਹਿੰਦਾ ਹੈ ਕਿ ਆਪਣੀ ਮੰਮੀ ਤੋਂ ਪੁੱਛ ਲੳ, ਚਾਹੇ ਉਹ ਕੁਝ ਚਾਕਲੇਟ, ਆਈਸਕ੍ਰੀਮ ਖਾਣ ਦੀ ਗੱਲ ਹੋਵੇ ਜਾਂ ਬਾਹਰ ਖੇਡਣ ਜਾਣ ਦੀ ਗੱਲ ਹੋਵੇ, ਪੱਲਾ ਝਾੜ ਲੈਂਦਾ ਹੈ ।ਇਸ ਤਰ੍ਹਾਂ ਪਤੀ ਵੀ ਘਰ ਵਿੱਚ ਪਤਨੀ ਤੇ ਬੱਚਿਆਂ ਤੋਂ ਬਿਨਾਂ ਆਪਣੇ ਆਪ ਨੂੰ ਇਕੱਲਾ ਅਤੇ ਅਸੁਰੱਖਿਅਤ ਮਹਿਸੂਸ ਕਰਨ ਲੱਗ ਪੈਂਦਾ ਹੈ। ਉਸ ਨੂੰ ਆਪਣੀ ਸਮਰੱਥਾ ਭੁੱਲ ਜਾਂਦੀ ਹੈ। ਇਹ ਸਿਲਸਿਲਾ ਬੱਚਿਆਂ ਨੂੰ ਪਾਲਣ ਤੋਂ ਲੈ ਕੇ ਉਨਾਂ ਦੇ ਵਿਆਹਾਂ ਦੇ ਫੈਸਲੇ ਤੇ ਵਿਆਹਾਂ ਨੂੰ ਨੇਪਰੇ ਚਾੜਨ ਤੱਕ ਅਗਾਂਹ ਪੋਤੇ-ਪੋਤੀਆਂ ਦੇ ਪਾਲਣ-ਪੋਸ਼ਣ ਤੱਕ ਇਸ ਤਰ੍ਹਾਂ ਹੀ ਚਲਦਾ ਰਹਿੰਦਾ ਹੈ । ਜਿਹੜੇ ਪਤੀ ਦੇਵ ਆਪਣੀ ਪਤਨੀ ਦੇ ਹਰ ਹੁਕਮ ਨੂੰ ਯੈਸ ਬੋਸ ਕਹਿ ਕੇ ਮੰਨਦੇ ਰਹਿੰਦੇ ਹਨ ਭਾਵੇਂ ਉਹਨਾਂ ਨੂੰ ਅਗਲੇਰੀ ਉਮਰ ਵਿੱਚ ਜਾ ਕੇ ਡਿਪਰੈਸ਼ਨ, ਸ਼ੂਗਰ ਅਤੇ ਦਿਲ ਦੇ ਰੋਗ ਹੋ ਜਾਂਦੇ ਹੋਣਗੇ ਪਰ ਉਹਨਾਂ ਦੀਆਂ ਪਤਨੀਆਂ ਹਰ ਹਮੇਸ਼ਾ ਚੜਦੀ ਕਲਾ ਵਿੱਚ ਤੇ ਤਰੋਤਾਜਾ ਰਹਿੰਦੀਆਂ ਹਨ ਜਿਵੇਂ ਕਿ ਅੱਜ ਮੁਕਲਾਵੇ ਆਈਆਂ ਹੋਣ ।
ਸਾਨੂੰ ਚਾਹੇ ਉਹ ਔਰਤ ਹੈ ਜਾਂ ਮਰਦ ਹੈ ਉਸ ਨੂੰ ਹਫਤੇ – ਦੱਸ ਦਿਨਾਂ ਬਾਅਦ ਕੁਝ ਸਮਾਂ ਆਪਣੀ ਜਿੰਦਗੀ ਮਾਨਣ ਲਈ ਜਰੂਰ ਦੇਣਾ ਚਾਹੀਦਾ ਹੈ, ਜਿਸ ਸਮੇਂ ਦੌਰਾਨ ਉਹ ਆਪਣੇ ਦੋਸਤ ਮਿੱਤਰਾਂ , ਯਾਰਾਂ-ਬੇਲੀਆਂ, ਸਖੀਆਂ-ਸਹੇਲੀਆਂ ਵਿੱਚ ਜਾ ਕੇ ਆਪਣੇ ਦਿਲ ਦੀ ਚੀਕ ਬੁਲਬਲੀ ਕੱਢ ਸਕਣ ਤੇ ਆਪਣੀ ਜ਼ਿੰਦਗੀ ਨੂੰ ਹੋਰ ਉਤਸ਼ਾਹ ਨਾਲ ਭਰ ਸਕਣ ।
ਜੇਕਰ ਅਸੀਂ ਬੁਢੇਪੇ ਦੀ ਗੱਲ ਕਰੀਏ ਤਾਂ ਇਹੀ ਸਾਡੀਆਂ ਸੁਆਣੀਆਂ ਬੁਢੇਪੇ ਵਿੱਚ ਆਪਣੇ ਹਮਸਫਰ ਅੱਗੇ ਅੱਖਾਂ ਵਿੱਚੋਂ ਅੱਥਰੂ ਕੇਰਦੀਆਂ, ਵੱਡੇ -ਵੱਡੇ ਹੌਂਕੇ ਲੈਂਦੀਆਂ ਹੋਈਆਂ, ਫਿਰ ਨਿੱਕੀ-ਨਿੱਕੀ ਗੱਲ ਦੀ ਸਾਂਝੀਦਾਰੀ ਪਾਉਂਦੀਆਂ ਮੁੰਡੇ ਤੇ ਵਹੁਟੀ ਦੀਆਂ ਸ਼ਿਕਾਇਤਾਂ ਲਾਉਂਦੀਆਂ ਹਨ, ਕਦੇ ਆਂਢੀ-ਗੁਆਂਢੀ ਨੂੰ ਬੁਰਾ ਭਲਾ ਕਹਿੰਦੀਆਂ, ਕਦੇ ਕਿਸੇ ਰਿਸ਼ਤੇਦਾਰ ਵਿੱਚ ਨਘੋਚਾਂ ਕੱਢਦੀਆਂ ਹੋਈਆਂ ਫੇਰ ਆਪਣਾ ਦੁੱਖ-ਸੁੱਖ ਪਤੀ ਨਾਲ ਸਾਂਝਾ ਕਰਦੀਆਂ ਹਨ ਤੇ ਇਹ ਵੀ ਭੁੱਲ ਜਾਂਦੀਆਂ ਹਨ ਕਿ ਇਹ ਗੱਲ ਉਹਨਾਂ ਨੇ ਜਾਂ ਇਹ ਸ਼ਿਕਾਇਤ ਉਹਨਾਂ ਨੇ ਆਪਣੇ ਪਤੀ ਨੂੰ ਹੁਣੇ-ਹੁਣੇ ਚਾਰ ਵਾਰ ਸੁਣਾਈ ਹੈ, ਪਰ ਇਸ ਉਮਰ ਵਿੱਚ ਪਹੁੰਚੇ ਪਤੀ ਪੂਰੀ ਤਰਹਾਂ ਪਰਪੱਕ ਹੋ ਚੁੱਕੇ ਹੁੰਦੇ ਹਨ ਤੇ ਉਹ ਇੱਕ ਵਾਰ ਵੀ ਇਹ ਗੱਲ ਨਹੀਂ ਆਖਦੇ ਕਿ ਤੈਨੂੰ ਪਤਾ ਹੈ ਕਿ ਤੂੰ ਇਹ ਗੱਲ ਮੈਨੂੰ ਹੁਣ ਚੌਥੀ ਵਾਰ ਕਹਿ ਰਹੀ ਹੈ। ਜਿਹੜੇ ਪਤੀ ਦੇਵ ਦੀ ਜਵਾਨੀ ਵਿੱਚ ਹਰ ਗੱਲ ਉਹਨਾਂ ਨੂੰ ਭੈੜੀ ਲੱਗਦੀ ਹੈ ਚਾਹੇ ਉਹ ਖਾਣ-ਪੀਣ ਦਾ ਤਰੀਕਾ ਸੀ ਜਾਂ ਨਹਾ ਕੇ ਤੌਲੀਆ ਬਾਹਰ ਸੁੱਕਣਾ ਨਹੀਂ ਸੀ ਪਾਉਂਦੇ ਜਾਂ ਚੱਪਲਾਂ ਨੂੰ ਸਹੀ ਢੰਗ ਨਾਲ ਸਹੀ ਥਾਂ ਤੇ ਨਹੀਂ ਸੀ ਰੱਖਦੇ ਜਾਂ ਉਹਨਾਂ ਦੇ ਬੋਲਣ ਤੇ ਵਿਵਹਾਰ ਕਰਨ ਦੇ ਤੌਰ ਤਰੀਕੇ ਤੋਂ ਉਹ ਹਮੇਸ਼ਾ ਦੁਖੀ ਰਹਿੰਦੀਆਂ ਸਨ, ਅੱਜ ਉਹੀ ਬੀਬੀਆਂ ਔਰਤਾਂ ਬਜ਼ੁਰਗ ਹੋ ਕੇ ਢਲਦੀ ਉਮਰ ਦੇ ਇਸ ਪੜਾਅ ਤੇ ਆਪਣੇ ਬੱਚਿਆਂ ਨੂੰ ਕਹਿ ਰਹੀਆਂ ਹੁੰਦੀਆਂ ਹਨ ਕੀ ਮੈਂ ਤਾਂ ਤੁਹਾਡੇ ਪਿਓ ਅੱਗੇ ਕਦੇ ਉੱਚੀ ਆਵਾਜ਼ ਵਿੱਚ ਗੱਲ ਵੀ ਨਹੀਂ ਸੀ ਕੀਤੀ। ਤਾਂ ਫਿਰ ਉਹ 35, 45, ਜਾਂ 55 ਸਾਲ ਦੀ ਉਮਰ ਵਾਲਾ ਓਹੀ ਮਰਦ ਬੱਚਾ ਜਿਸ ਦੀ ਹਰ ਗੱਲ ਵਿੱਚ ਨੁਕਸ ਕੱਢੇ ਹੁੰਦੇ ਸਨ ਇਹਨਾਂ ਨੂੰ ਹੌਸਲੇ ਭਰੇ ਸ਼ਬਦਾਂ ਨਾਲ ਦਿਲਾਸਾ ਦਿੰਦਾ ਹੈ। ਫਿਰ ਇਹੀ ਉਸ ਬਜ਼ੁਰਗ ਹੋ ਚੁੱਕੇ ਬੁੱਢੇ ਹਮ ਸਫਰ ਨੂੰ ਆਪਣਾ ਸਭ ਕੁਝ ਮਨਦੀਆਂ ਹਨ। ਇਹੀ ਤਾਂ ਪਿਆਰ ਹੁੰਦਾ ਹੈ ਉਥੇ ਵਿਚਾਰਾਂ , ਵਿਸ਼ਵਾਸਾਂ, ਆਦਤਾਂ , ਰਵਈਏ, ਸੁਭਾਅ ਆਦਿ ਦਾ ਵਖਰੇਵਾਂ ਨਹੀਂ ਰੜਕਦਾ ਸਭ ਕਬੂਲ ਹੁੰਦਾ ਹੈ।
ਧੰਨਵਾਦ।

-ਪ੍ਰੋ. ਜਸਬੀਰ ਕੌਰ
(ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਫ਼ਰੀਦਕੋਟ)