ਨਾਲ ਕੁਰਬਾਨੀਆਂ ਦੇ ਭਰੇ
ਇਤਿਹਾਸ ਸਾਡੇ,
ਰੰਬੀਆਂ, ਆਰੀਆਂ ਦੇ ਮੂੰਹ
ਅਸੀਂ ਮੋੜ ਦਿੱਤੇ।
ਚੜ੍ਹ ਚਰਖੜੀਆਂ ਤੇ ਤੂੰਬਾ
ਤੂੰਬਾ ਹੋ ਉੱਡੇ,
ਜ਼ਾਲਮਾਂ ਖੜਿਆਂ ਦੇ ਦੰਦ
ਅਸੀਂ ਜੋੜ ਦਿੱਤੇ।
ਵਾਹੀਆਂ ਤੇਗਾਂ ਵੈਰੀ ਨੂੰ ਯਾਦ
ਅੱਜ ਵੀ,
ਵਾਂਗ ਖਰਬੂਜਿਆ ਸਿਰ ਸੀ
ਅਸੀਂ ਰੋੜ੍ਹ ਦਿੱਤੇ।
ਰੁਲੀਆਂ ਲੋਥਾਂ ਵੈਰੀ ਦੀਆਂ
ਮੈਦਾਨ ਅੰਦਰ,
ਵਾਂਗ ਨਿੰਬੂਆਂ ਦੇ ਲਹੂ
ਅਸੀਂ ਨਿਚੋੜ ਦਿੱਤੇ।
ਭੁੱਲ ਨਾ ਜਾਈਂ ਹਾਕਮਾਂ
ਇਤਿਹਾਸ ਸਾਡਾ,
ਜੁੱਤੀ ਦੀ ਨੋਕ ਤੇ ਤਖ਼ਤ
ਅਸੀਂ ਛੋੜ ਦਿੱਤੇ।
ਲਿਖਾਂ ਕੀ ਕੀ ਸਿਆਹੀ
ਮੁੱਕ ਚੱਲੀ,
ਵਰਕੇ ਪਤਾ ਨਹੀਂ ਕਿੰਨੇ ਕੁ
ਅਸੀਂ ਘਰੋੜ ਦਿੱਤੇ।
ਲਿਖੇ ਕੀ ਕ਼ਲਮ ‘ਪੱਤੋ’ ਦੀ
ਕੰਬਦੀ ਏ,
ਅਹਿਸਾਨ ਸਾਡੇ ਤੇ ਕਰ
ਲੱਖ ਕਰੋੜ ਦਿੱਤੇ।
ਅੱਜ ਮੁੱਲ ਵੱਟਣ ਲੀਡਰ
ਕੁਰਬਾਨੀਆਂ ਦੇ,
ਨਿਯਮ ਸਾਰੇ ਉਹਨਾਂ ਦੇ
ਤੋੜ ਦਿੱਤੇ।
ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417
