ਇਕ ਮਿਆਨ ’ਚ ਦੋ ਤਲਵਾਰਾਂ ਰਹਿ ਵੀ ਸਕਦੀਆਂ ਨੇ।
ਅੱਖਾਂ ਦੇ ਵਿਚ ਦੋ ਤਸਵੀਰਾਂ ਲਹਿ ਵੀ ਸਕਦੀਆਂ ਨੇ।
ਉਚੀਆਂ-ਉਚੀਆਂ ਕੋਠੀਆਂ ਦੀ ਤੂੰ ਬੇਸ਼ਕ ਕਰ ਲੈ ਗੱਲ,
ਤੂਫ਼ਾਨਾਂ ਭੂਚਾਲਾਂ ਦੇ ਵਿਚ ਢਹਿ ਵੀ ਸਕਦੀਆਂ ਨੇ।
ਇਸ਼ਕ-ਹੁਸਨ ਵਿਚ ਅਕਸਰ ਏਦਾਂ ਹੋ ਹੀ ਜਾਂਦਾ ਹੈ,
ਬਿਜਲੀ ਨਾਲ ਬਿਜਲੀ ਦੀਆਂ ਤਾਰਾਂ ਖਹਿ ਵੀ ਸਕਦੀਆਂ ਨੇ।
ਤੇਰੀਆਂ ਯਾਦਾਂ ਵਾਲਾ ਇੱਕ ਭੁਲੇਖਾ ਪੈ ਜਾਵੇ,
ਤੇਜ਼ ਹਵਾਵਾਂ ਕੰਨਾਂ ਵਿਚ ਕੁਝ ਕਹਿ ਵੀ ਸਕਦੀਆਂ ਨੇ।
ਛੇਕ ਜਦੋਂ ਹੋ ਜਾਏ ਤਾਂ ਫਿਰ ਕਿਸ ਦਾ ਚਲਦਾ ਵੱਸ,
ਪਾਣੀ ਦੇ ਵਿਚ ਚਲਦੀਆਂ ਬੇੜੀਆਂ ਬਹਿ ਵੀ ਸਕਦੀਆਂ ਨੇ।
ਖ਼ੁਸ਼ਬੂ ਦਾ ਸਨਮਾਨ ਜਿੰਨ੍ਹਾਂ ਨੂੰ ਮੁੜ ਤੋਂ ਹਾਸਿਲ ਹੈ,
ਪਤਝੜ ਵਿੱਚ ਤਸ਼ੱਦਦ ਰੁੱਤਾਂ ਸਹਿ ਵੀ ਸਕਦੀਆਂ ਨੇ।
ਬੱਦਲਾਂ ਦੀ ਜੇ ਮੇਹਰਬਾਨੀ ਦੀ ਖ਼ੈਰਾਤ ਮਿਲੇ,
ਸੁੱਕੀਆਂ ਨਦੀਆਂ ਫੇਰ ਅਚਾਨਕ ਵਹਿ ਵੀ ਸਕਦੀਆਂ ਨੇ,
ਸਿਦਕ ਮਨੋਰਥ ਵਾਲੀ ਬਾਲਮ ਆਖ਼ਿਰ ਹੁੰਦੀ ਜਿੱਤ,
ਜੀਵਨ ਵਿਚ ਲੱਖਾਂ ਇੱਛਾਵਾਂ ਰਹਿ ਵੀ ਸਕਦੀਆਂ ਨੇ।
ਬਲਵਿੰਦਰ ਬਾਲਮ ਗੁਰਦਾਸਪੁਰ
ਉਂਕਾਰ ਨਗਰ ਗੁਰਦਾਸਪੁਰ ਪੰਜਾਬ
ਮੋ. 98156-25409