ਰਾਜੂ ਇਕ ਸਾਲ ਦਾ ਸੀ ਜਦੋਂ ਉਸ ਨੂੰ ਉਸ ਦੇ ਮਾਂ-ਬਾਪ ਨੇ ਉਸ ਦੇ ਮਾਮੇ ਨੂੰ ਗੋਦ ਦੇ ਦਿੱਤਾ ਸੀ। ਉਸ ਦੇ ਮਾਮੇ ਘਰ ਕੋਈ ਔਲਾਦ ਨਹੀਂ ਸੀ ਅਤੇ ਭਵਿਖ ਵਿਚ ਔਲਾਦ ਹੋਣ ਦੀ ਕੋਈ ਸੰਭਾਵਨਾ ਵੀ ਨਹੀਂ ਸੀ।
ਰਾਜੂ ਅਪਣੇ ਪਰਿਵਾਰ ਸਹਿਤ ਜਾਲੰਧਰ ਸ਼ਹਿਰ ਵਿਚ ਰਹਿੰਦੇ ਸਨ। ਉਸ ਦਾ ਮਾਤਾ ਐਡਮੰਟਨ, ਕਨੇਡਾ ਵਿਖੇ ਰਹਿੰਦਾ ਸੀ। ਰਾਜੂ ਨੂੰ ਉਸ ਦੇ ਮਾਮਾ-ਮਾਮੀ ਐਡਮੰਟਨ ਲੈ ਗਏ ਸੀ। ਉਹ ਮਾਮਾ-ਮਾਮੀ ਕੋਲ ਹੀ ਰਹਿੰਦਾ ਅਤੇ ਐਡਮੰਟਨ ਦੇ ਇਕ ਸਕੂਲ ਵਿਚ ਪੜ੍ਹਦਾ ਸੀ। ਉਹ ਮਾਮਾ-ਮਾਮੀ ਨੂੰ ਹੀ ਅਪਣਾ ਅਸਲੀ ਮਾਂ-ਬਾਪ ਸਮਝਦਾ ਸੀ। ਉਸ ਨੂੰ ਅਪਣੇ ਅਸਲੀ ਮਾਂ-ਬਾਪ ਦਾ ਪਤਾ ਨਹੀਂ ਸੀ। ਕਿਉਂਕਿ ਕੱਚੀ ਉਮਰ ਦੀ ਕੱਚੀ ਮਿੱਟੀ ਜਿਵੇਂ ਚਾਹੋ ਢਲ ਜਾਂਦੀ ਹੈ। ਹੋਸ਼ ਸੰਭਾਲਣ ਤੋਂ ਪਹਿਲਾਂ ਹੀ ਜੇ ਛੋਟੇ ਬੱਚੇ ਨੂੰ ਗੋਦ ਦੇ ਦਿੱਤਾ ਜਾਵੇ ਤਾਂ ਕੁਦਰਤੀ ਗੱਲ ਹੈ ਅਸਲੀਅਤ ਸਾਹਮਣੇ ਨਹੀਂ ਆਉਂਦੀ। ਬੱਚਾ ਗੋਦ ਲੈਣ ਵਾਲੇ ਮਾਂ-ਬਾਪ ਨੂੰ ਹੀ ਅਸਲੀ ਮਾਂ-ਬਾਪ ਸਮਝਦਾ ਹੈ। ਇਹ ਮਨੋਵਿਗਿਆਨਕ ਤੱਥ ਹੈ।
ਜਦੋਂ ਰਾਜੂ ਬਾਰ੍ਹਾਂ ਕੁ ਸਾਲਾਂ ਦਾ ਹੋਇਆ ਤਾਂ ਉਹ ਜਾਲੰਧਰ (ਪੰਜਾਬ) ਵਿਖੇ ਇਕ ਰਿਸ਼ਤੇਦਾਰ ਦੇ ਵਿਆਹ ਸਮਾਗਮ ਵਿਚ ਸ਼ਾਮਿਲ ਹੋਣ ਲਈ ਅਪਣੇ ਮਾਂ-ਬਾਪ (ਮਾਮਾ-ਮਾਮੀ) ਨਾਲ ਆਇਆ। ਲਗਭਗ ਇੱਕ ਮਹੀਨਾ ਉਹਨ੍ਹਾਂ ਨੇ ਪੰਜਾਬ ਰਹਿਣਾ ਸੀ।
ਰਾਜੂ ਨੂੰ ਕਿਸੇ ਰਿਸ਼ਤੇਦਾਰ ਨੇ ਦੱਸ ਦਿੱਤਾ, ਕਿ ਉਸ ਦੇ ਅਸਲੀ ਮਾਂ-ਬਾਪ ਕੌਣ ਹਨ? ਕਿਸੇ ਰਿਸ਼ਤੇਦਾਰ ਨੇ ਸਾਰੀ ਅਸਲੀਅਤ ਦੱਸ ਦਿੱਤੀ। ਰਾਜੂ ਦੇ ਮਨ ਤੇ ਗਹਿਰਾ ਅਸਰ ਹੋਇਆ। ਉਸ ਦਾ ਦਿਮਾਗ ਇਕਦਮ ਬੌਂਦਲ ਗਿਆ। ਜਿਵੇਂ ਉਸ ਦੀਆਂ ਅੱਖਾਂ ਅੰਗੇ ਕੋਈ ਤੇਜ਼ ਨੇਰ੍ਹੀ ਲੰਘ ਰਹੀ ਹੋਵੇ। ਜਿਵੇਂ ਉਸ ਦੇ ਦਿਮਾਗ਼ ਵਿਚ ਕੋਈ ਜਵਾਰ ਭਾਟਾ ਫੁੱਟਣ ਵਾਲਾ ਹੋਵੇ। ਜਿਵੇਂ ਕਿਸੇ ਨੇ ਖ਼ੂਬਸੂਰਤ ਸਾਬਤ ਸਬੂਤੇ ਮਜਬੂਤ ਸ਼ੀਸ਼ੇ ਤੇ ਲੱਖਾਂ ਹੀ ਪੱਥਰ ਮਾਰ ਦਿੱਤੇ ਹੋਣ।
ਉਹ ਹਿੰਮਤ ਕਰਕੇ ਅਪਣੇ ਅਸਲੀ ਮਾਂ-ਬਾਪ ਨੂੰ ਮਿਲਿਆ ਅਤੇ ਅਪਣੀ ਮਾਂ ਨੂੰ ਕੁਰਲਾਂਦੀ ਤਰਸਮਈ ਆਵਾਜ਼ ਵਿਚ ਕਹਿਣ ਲੱਗਾ, ਮੈਨੂੰ ਪਤਾ ਲੱਗ ਗਿਆ ਹੈ ਕਿ ਤੁਸੀਂ ਮੇਰੇ ਅਸਲੀ ਮਾਂ-ਬਾਪ ਹੋ। ਕੀ ਤੁਸੀਂ ਮੈਨੂੰ ਅਪਣੇ ਕੋਲ ਨਹੀਂ ਰੱਖ ਸਕਦੇ ਸੀ? ਤੁਸੀਂ ਮੈਨੂੰ ਮਾਮੇ-ਮਾਮੀ ਨੂੰ ਕਿਉਂ ਦਿੱਤਾ? ਮੇਰਾ ਕੀ ਕਸੂਰ ਏ?
ਉਸ ਦੇ ਮਾਂ-ਬਾਪ ਨੇ ਬਹੁਤ ਸਮਝਾਇਆ ਕਿ ਰਾਜੂ ਬੇਟਾ ਹੁਣ ਤੇਰੇ ਮਾਂ-ਬਾਪ ਉਹ ਹੀ ਹਨ। ਤੈਨੂੰ ਛੋਟੇ ਹੁੰਦੇ ਨੂੰ ਗੋਦ ਦੇ ਦਿੱਤਾ ਸੀ। ਕਿਉਂਕਿ ਮੇਰੇ ਮਾਤਾ ਮਾਮੀ ਦੇ ਡਾਕਟਰੀ ਮਸ਼ਵਰੇ ਦੇ ਮੁਤਾਬਿਕ ਔਲਾਦ ਨਹੀਂ ਸੀ ਹੋ ਸਕਦੀ। ਅਸੀਂ ਉਹਨ੍ਹਾਂ ਦੀ ਖੁਸ਼ਹਾਲੀ ਕਰਕੇ, ਔਲਾਦ ਦੇ ਮੋਹ ਕਰਕੇ ਤੈਨੂੰ ਗੋਦ ਦੇ ਦਿੱਤਾ ਸੀ। ਨਾਲੇ ਉਹ ਵਧੀਆ ਸ਼ਹਿਰ ਵਿਚ ਕਨੇਡਾ ਰਹਿੰਦਾ ਸੀ। ਸਾਡੇ ਨਾਲੋਂ ਜ਼ਿਆਦਾ ਅਮਰੀ ਅਤੇ ਸੁੱਖ ਸਹੂਲਤਾਂ ਵਾਲੇ ਹਨ ਤਾਂ ਕਿ ਤੇਰੀ ਜ਼ਿੰਦਗੀ ਵਧੀਆ ਬਣੇ। ਲੋਕ ਤਾਂ ਕਨੇਡਾ ਜਾਣ ਨੂੰ ਤਰਸਦੇ ਹਨ। ਇਸ ਵਿਚ ਤੇਰੀ ਹੀ ਬਿਹਤਰੀ ਸੀ ਬੇਟਾ।
ਰਾਜੂ ਮਾਂ-ਬਾਪ ਦੇ ਜਵਾਬਾਂ ਤੋਂ ਸਤੁੰਸ਼ਟ ਨਾ ਹੋਇਆ। ਜਿਵੇਂ ਉਹਨਾਂ ਨੇ ਉਸ ਨਾਲ ਕੋਈ ਬੇਇੰਨਸਾਫ਼ੀ ਕੀਤੀ ਹੋਵੇ। ਜਿਵੇਂ ਵਾਧੂ ਜਿਹੀ ਚੀਜ਼ ਸਮਝ ਕੇ ਕਿਸੇ ਨੂੰ ਦੇ ਦਿੱਤੀ ਹੋਵੇ।
ਰਾਜੂ ਦਾ ਇਕ ਭਰਾ ਅਤੇ ਇਕ ਭੈਣ ਹੋਰ ਵੀ ਸੀ। ਉਹ ਉਨ੍ਹਾਂ ਨੂੰ ਵੀ ਮਿਲਿਆ ਪਰ ਰਾਜੂ ਦੇ ਮਨ-ਦਿਮਾਗ ਦੀ ਸਤੁੰਸ਼ਟੀ ਭਟਕਣ ਵਿਚ ਡਾਵਾਂਡੋਲ ਹੋ ਗਈ ਪਰ ਰਾਜੂ ਹੁਣ ਕੀ ਕਰ ਸਕਦਾ ਸੀ? ਪਰ ਉਹ ਆਪਣੇ ਅਸਲੀ ਮਾਂ-ਬਾਪ ਨਾਲ ਰਹਿਣਾ ਚਾਹੁੰਦਾ ਸੀ।
ਰਾਜੂ ਦੇ ਦਿਲ-ਦਿਮਾਗ ਉਪਰ ਉਦਾਸੀ ਛਾਂ ਗਈ, ਉਸ ਦੀ ਸੋਚ ਵਿਲਕ-ਵਿਲਕ ਤਿੜਕ ਗਈ। ਦਿਮਾਗ ਵਿਚ ਕਿਸੇ ਨੇ ਜਿਵੇਂ ਕਿਲ ਠੋਕ ਦਿੱਤੇ ਹੋਣ। ਉਸ ਨੂੰ ਅਪਣੇ ਅਸਲੀ ਮਾਤਾ-ਪਿਤਾ ਪ੍ਰਤੀ ਸਖ਼ਤ ਘ੍ਰਿਣਾ ਹੋ ਗਈ।
ਲਗਭਗ ਮਹੀਨ ਦੇ ਬਾਅਦ ਉਹ ਅਪਣੇ ਨਕਲੀ ਮਾਂ ਬਾਪ (ਮਾਮਾ-ਮਾਮੀ) ਨਾਲ ਫ਼ਿਰ ਵਾਪਿਸ ਐਡਮੰਟਨ, ਕਨੇਡਾ ਆ ਗਿਆ। ਉਸ ਦੇ ਮਾਮਾ-ਮਾਮੀ ਨੂੰ ਵੀ ਪਤਾ ਚਲ ਗਿਆ ਸੀ ਕਿ ਰਾਜੂ ਨੂੰ ਅਸਲੀਅਤ ਦਾ ਪਤਾ ਲੱਗ ਗਿਆ ਹੈ।
ਰਾਜੂ ਇਕ ਦਿਨ ਸਕੂਲ ਗਿਆ ਤੇ ਮੁੜ ਵਾਪਿਸ ਨਾ ਆਇਆ। ਉਸ ਦੀ ਤਲਾਸ਼ ਵਿਚ ਕਈ ਇਸ਼ਤਿਹਾਰ ਕਢਵਾਏ ਗਏ। ਜਾਲੰਧਰ ਉਸ ਦੇ ਮਾਂ-ਬਾਪ ਨੂੰ ਸੂਚਿਤ ਕਰ ਦਿੱਤਾ ਗਿਆ ਕਿ ਰਾਜੂ ਕਈ ਦਿਨਾਂ ਤੋਂ ਨਹੀਂ ਮਿਲ ਰਿਹਾ।
ਰਾਜੂ ਦੇ ਅਸਲੀ ਮਾਂ-ਬਾਪ ਅਤੇ ਭੈਣ-ਭਰਾ ਬਹੁਤ ਪਰੇਸ਼ਾਨ ਹੋ ਗਏ। ਉਸ ਦੀ ਮਾਂ ਦਾ ਕਲੇਜਾ ਤਾਂ ਮੂੰਹ ਨੂੰ ਆਵੇ। ਉਹ ਸਭ ਬਹੁਤ ਰੋਏ। ਸਾਰਾ ਪਰਿਵਾਰ ਪਸ਼ਚਾਤਾਪ ਦੀ ਅਗਨੀ ਵਿਚ ਝੁਲਸਣ ਲੱਗਾ। ਉਹ ਹੁਣ ਸੋਚਦੇ ਕਿ ਜੇ ਰਾਜੂ ਸਾਡੇ ਕੋਲ ਰਹਿਣਾ ਚਾਹੁੰਦਾ ਸੀ ਤਾਂ ਉਸ ਦੀ ਗੱਲ ਮੰਨ ਲੈਣੀ ਚਾਹੀਦੀ ਸੀ। ਪਰ ਹੁਣ ਹੱਥੋਂ ਤੀਰ ਨਿਕਲ ਚੁਕਾ ਸੀ। ਇਕ ਪਛਤਾਵੇ ਦੀ ਅਗਨੀ ਦਿਨ ਰਾਤ ਲੂਹਦੀ ਰਵੇਗੀ।
ਇਸ ਤਰ੍ਹਾਂ ਕਈ ਸਾਲ ਨਿਕਲ ਗਏ ਪਰ ਰਾਜੂ ਦਾ ਕੋਈ ਥਹੁ ਪਤਾ ਨਾ ਲੱਗਾ। ਹੁਣ ਉਨ੍ਹਾਂ ਨੇ ਰਾਜੂ ਦੇ ਆਉਣ ਦੀ ਉਮੀਦ ਲਾਹ ਸੁੱਟੀ ਸੀ। ਜਿਵੇਂ ਰਾਜੂ ਇਕ ਸੁਪਨ ਬਣ ਗਿਆ ਹੋਵੇ। ਪਰ ਮਾਂ-ਬਾਪ ਦੀਆਂ ਆਂਦਰਾ ਦਾ ਕੋਮਲ ਹਿੱਸਾ ਜਿਸਮ ’ਚੋਂ ਗੁੰਮ ਹੋ ਜਾਵੇ ਤਾਂ ਉਹ ਜਿਉਂਦੀ ਲਾਸ਼ ਵਰਗੇ ਹੀ ਹੋ ਜਾਂਦੇ ਹਨ। ਇਕ ਆਸ ਦਾ ਦੀਪਕ ਹਿਰਦੇ ਵਿਚ ਜਗਦਾ ਤਾਂ ਹੈ ਪਰ ਉਸ ਦੀ ਲੋਅ ਆਲਾ-ਦੁਆਲਾ ਸਾੜਦੀ ਰਹਿੰਦੀ ਹੈ। ਜੋ ਵੀ ਉਸ ਦੀਪਕ ਦੇ ਕੋਲ ਜਾਂਦਾ ਹੈ ਸੜਣ ਦੀਆਂ ਸੰਭਾਵਨਾ ਨੂੰ ਜਨਮ ਦਿੰਦਾ ਰਹਿਦਾ ਹੈ।
ਰਾਜੂ ਦਾ ਭਰਾ ਭੁਪਿੰਦਰ ਅਤੇ ਭੈਣ ਮਨਜੀਤ ਕੌਰ ਉਚ ਸਿਖਿਆ ਲੈ ਕੇ ਪੜ੍ਹ ਲਿਖ ਗਏ। ਅਤੇ ਉਹ ਪੀ.ਆਰ ਲੈ ਕੇ ਐਡਮੰਟਨ ਕਨੇਡਾ ਚਲੇ ਗਏ। ਐਡਮੰਟਨ ਵਿਖੇ ਕੁਝ ਸਾਲਾਂ ਬਾਅਦ ਉਨ੍ਹਾਂ ਨੇ ਚੰਗੀਆਂ ਨੌਕਰੀਆਂ ਹਾਸਿਲ ਕਰ ਲਈਆਂ ਅਤੇ ਅਪਣਾ ਇਕ ਖ਼ੂਬਸੂਰਤ ਘਰ ਵੀ ਲੈ ਲਿਆ।
ਲਗਭਗ 18 ਸਾਲ ਦੇ ਬਾਅਦ ਰਾਜੂ ਨੂੰ ਘਰ ਦੀ ਯਾਦ ਸਤਾਉਣ ਲੱਗੀ। ਉਸ ਨੂੰ ਅਪਣੇ ਅਸਲੀ ਮਾਂ-ਬਾਪ ਅਤੇ ਭੈਣ-ਭਰਾ ਦੀ ਯਾਦ ਘੁਣ ਵਾਂਗ ਖ਼ਾਣ ਲੱਗੀ।
ਰਾਜੂ ਹੁਣ ਜਵਾਨੀ ਦੀਆਂ ਖ਼ੂਬਸੂਰਤ ਰੰਗੀਨ ਭਾਵਨਾਵਾਂ ਨਾਲ ਮਾਲਾ ਮਾਲ ਸੀ। ਉਸ ਦਾ ਛੇ ਫੁੱਟ ਭਰਵਾਂ ਕੱਦ ਕਾਠ ਕਿਸੇ ਤੇਜ਼ਸਵੀ ਝਰਨੇ ਦੀ ਰਵਾਨੀ ਵਾਂਗ ਵਹਿਣ ਲੱਗਾ। ਭਰ ਜਵਾਨੀ ਵਾਲੇ ਸਾਰੇ ਦੈਹਿਕ-ਭੌਤਿਕ ਤੱਤ ਉਸ ਨੂੰ ਚੇਤਨਤਾ ਨੂੰ ਟੁੰਬਦੇ। ਲਲਕ, ਪਲਕ, ਉਮੰਗ, ਤਰੰਗ ਉਸ ਦੇ ਜਿਸਮ ਚੋਂ ਖੂਸ਼ਬੂ ਪੈਦਾ ਕਰਦੇ। ਉਸ ਦੀ ਸੋਚ ਸਤੁੰਲਿਤ ਅਤੇ ਦਲੇਰ ਸੰਭਾਵਨਾਂ ਦੀ ਰਾਹਨੁਮਈ ਕਰਦੀ। ਕੀ ਚੰਗਾ? ਕੀ ਮਾੜਾ? ਉਸ ਦੀ ਸੋਚ ਵਿਚ ਤੈਰਦਾ।
ਉਸ ਨੇ ਅਪਣੇ ਇਕ ਦੋਸਤ ਨੂੰ ਮਸ਼ਵਿਰਾ ਦੇਦਿੰਆਂ ਕਿਹਾ ਕਿ ਯਾਰ ਤੂੰ ਇੰਝ ਕਰ ਮੇਰਾ ਮਾਮਾ-ਮਾਮੀ ਐਡਮੰਟਨ ’ਚ ਟਾਮਾਰਾਕ ਵਿਖੇ ਰਹਿੰਦੇ ਹਨ। ਉਨ੍ਹਾਂ ਤੋਂ ਸਾਰਾ ਭੇਦ ਲਿਆ ਕਿ ਮੇਰੇ ਅਸਲੀ ਮੰਮੀ-ਡੈਡੀ ਕਿਥੇ ਰਹਿੰਦੇ ਹਨ? ਉਨ੍ਹਾਂ ਦਾ ਫ਼ੋਨ ਨੰਬਰ ਵੀ ਲੈ ਕੇ ਆਵੀਂ। ਇਹ ਉਸ ਦਾ ਦੋਸਤ ਐਡਮੰਟਨ ਇਕੱਠੇ ਖੇਡਦੇ ਹੁੰਦੇ ਸੀ। ਗਰਊਂਡ ਵਿਚ ਮਾਮਾ-ਮਾਮੀ ਦੇ ਨਾਲ ਉਸ ਦੋਸਤ ਨਾਲ ਇਕੱਠੇ ਸਾਈਕਲ ਚਲਾਉਂਦੇ ਹੁੰਦੇ ਸੀ। ਇਹ ਦੋਸਤ ਮਾਮਾ-ਮਾਮੀ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਅਤੇ ਰਾਜੂ ਨਾਲ ਉਨ੍ਹਾਂ ਦੇ ਘਰ ਵੀ ਆਉਂਦਾ-ਜਾਂਦਾ ਸੀ।
ਉਹ ਦੋਸਤ ਮਾਮਾ-ਮਾਮੀ ਦੇ ਘਰ ਚਲਿਆ ਗਿਆ ਪਰ ਰਾਜੂ ਬਾਰੇ ਨਾ ਦੱਸਿਆ। ਇਕ ਭੇਤੀ ਬਣ ਕੇ ਗਿਆ। ਉਸ ਦੋਸਤ ਨੇ ਮਾਮਾ-ਮਾਮੀ ਕੋਲ ਸਾਰੇ ਹਾਲਾਤ ਜਾਣ ਲਏ। ਸਾਰੀ ਜਾਣਕਾਰੀ-ਇਕੱਠੀ ਕਰ ਲਈ
ਉਸ ਦੋਸਤ ਨੇ ਰਾਜੂ ਨੂੰ ਆ ਕੇ ਦੱਸਿਆ ‘‘ਕਿ ਰਾਜੂ, ਤੇਰੇ ਮੰਮੀ ਡੈਡੀ ਅਜਕਲ ਜਾਲੰਧਰ ਨਹੀਂ, ਐਡਮੰਟਨ ਵਿਚ ਹੀ ਰਹਿੰਦੇ ਹਨ। ਉਨ੍ਹਾਂ ਦਾ ਅਪਣਾ ਘਰ ਹੈ। ਅਤੇ ਐਹ ਉਨ੍ਹਾਂ ਦਾ ਫੋਨ ਨੰਬਰ ਹੈ।’’
ਰਾਜੂ ਦੀ ਮਿਲਣਦੀ ਤੜਪ ਹੋਰ ਵੱਧ ਗਈ। ਖੂਸ਼ੀ ਵਿਚ ਉਸ ਦਾ ਮਨ ਪੀਂਘ ਪੁਲਾਰੇ ਖਾਣ ਲੱਗਾ। ਉਸ ਨੇ ਹਿੰਮਤ ਕਰਕੇ ਫੋਨ ਕੀਤਾ’’, ਤਾਂ ਫੋਨ ਉਸ ਦੀ ਮਾਂ ਨੇ ਚੁੱਕਿਆ। ਰਾਜੂ ਨੇ ਆਵਾਜ਼ ਪਹਿਚਾਣ ਲਈ ਸੀ, ਉਹ ਆਵਾਜ ਉਸ ਦੀ ਮਾਂ ਦੀ ਹੀ ਸੀ।
ਰਾਜੂ ਨੇ ਹੌਲੀ ਜਿਹੀ ਰੋਆਂਸੀ ਥਿੜਕਦੀ ਆਵਾਜ਼ ਵਿਚ ਕਿਹਾ,’’ ਮਾਂ…! ਰਾਜੂ ਦੀ ਮਾਂ ਦੇ ਇਕਦਮ ਹੋਸ਼ ਸੰਭਲ ਗਏ। ਕੰਨ ਖੜੇ ਹੋ ਗਏ। ਜਿਵੇਂ ਇਸ ਸਰਗੋਸੀ ਵਿਚ ਉਸ ਦੀਆਂ ਆਂਦਰਾਂ ਦੀ ਤੜਪ ਹੋਵੇ। ਸਾਰੇ ਸਰੀਰ ਵਿਚ ਇਕ ਭੂਮੀਗਤ ਅਣਪਛਾਣੀ ਜਗਿਆਸਾ ਮਈ ਇੱਛਾ ਦੀ ਦਰਦ ਭਰੀ ਲਹਿਰ ਦੋੜ ਗਈ ਹੋਵੇ।
ਉਸ ਦੀ ਮਾਂ ਨੇ ਜਗਿਆਸਾ ਦੀ ਤੀਬਰਤਾ ਖੋਹਣ ਦੀ ਕੋਸ਼ਿਸ਼ ਕਰਦੇ ਹੋਏ ਕਿਹਾ, ‘ਕੌਣ, ਬੇਟਾ ਤੁਸੀ ਕੌਮ ਬੋਲ ਰਹੇ ਹੋ? ਕਿਸ ਨੂੰ ਮਿਲਆ ਏ ਬੇਟਾ?’’
ਮਾਂ…..ਮਾਂ……ਮੈਂ….ਮੈਂ……….ਰਾਜੂ ਬੋਲ ਰਿਹਾ ਹਾਂ।’’
ਉਸ ਦੀ ਮਾਂ ਦੀ ਉੱਚੀ ਸਾਰੀ ਚੀਕ ਨਿਕਲ ਗਈ ਜਿਵੇਂ ਉਸ ਦੇ ਲਬਾ ਤੇ ਆਇਆ ਰਾਜੂ ਦਾ ਨਾਮ ਸੱਤ ਅਸਮਾਨ ਪਾਰ ਕਰ ਗਿਆ ਹੋਵੇ, ਇਕ ਗੂੰਜ ਸਤ ਸਮੁੰਦਰ ਚੀਰ ਗਈ। ਉਸ ਦੀ ਮਾਂ ਦੀਆਂ ਅੱਖਾਂ ਵਿਚੋਂ ਹੰਝੂ ਬਾਰਿਸ਼ ਵਾਂਗ ਟਪਕਣ ਲੱਗੇ। ਮੋਬਾਇਲ (ਰੀਸੀਵਰ) ਹੱਥਾਂ ਵਿਚ ਕੰਪਣਤਾ ਨੂੰ ਛੁਹ ਗਿਆ। ਸਮੁੰਦਰ ਦੀਆਂ ਕਈ ਲਹਿਰਾਂ ਜਿਸਮ ਚੋਂ ਆਰ-ਪਾਰ ਹੋ ਗਈਆਂ। ਜਿਵੇਂ ਸੂਰਜ ਚੰਦ ਸਿਤਾਰੇ ਇਕੱਠੇ ਚੜ੍ਹ ਗਏ ਹੋਣ। ਆਸਮਾਨ ਦਾ ਸਾਰਾ ਨਿਯਮ ਉਲਟ-ਪੁਲਟ ਹੋ ਗਿਆ ਹੋਵੇ ਜਿਵੇਂ ਸਾਰੀ ਧਰਤੀ ਉਸ ਦੀ ਹੋ ਗਈ ਹੋਵੇ। ਖੁਸ਼ੀ ਦੇ ਅਨੇਕਾਂ ਦੀਵੇ ਜਗਮਗਾ ਉੱਠੇ।
ਉਸ ਨੇ ਰੁਆਂਸੀ ਆਵਾਜ਼ ਵਿਚ ਇਕ ਲਲਕ ਇਕ ਲਪਕ ਦੀ ਤੜਪ ਵਿਚ ਕਿਹਾ, ‘‘ਮੇਰੇ ਪਿਆਰੇ ਪੁੱਤਰ ਤੂੰ ਕਿੱਥੇ ਆਂ? ਮੇਰੇ ਸੋਹਣੇ ਲਾਲ, ਮੇਰੇ ਬੇਟੇ, ਮੇਰੇ ਪੁੱਤਰ, ਮੇਰੇ ਚੰਨ, ਆ ਮੈਨੂੰ ਘੁੱਟ ਕੇ ਜੱਫੀ ਵਿਚ ਲੈ-ਲੈ। ਮੇਰੇ ਪੁਤਰ ਮੇਰੇ ਲਾਡਲੇ, ਤੂੰ ਇੱਥੇ ਏ, ਮੇਰੇ ਲਾਲ?
ਉਸ ਨੇ ਅੱਖਾਂ ਵਿਚ ਸੁਮੰਦਰ ਭਰਦੇ ਹੌਏ ਕਿਹਾ, ‘‘ ਮਾਂ, ਮੈਨੂੰ ਤੁਹਾਡੇ ਬਾਰੇ ਸਾਰੀ ਜਾਣਕਾਰੀ ਮਿਲ ਗਈ ਹੈ। ਮੈਂ ਅਜਕਲ ਟਰਾਂਟੋ (ਕੈਨੇਡਾ) ਰਹਿੰਦਾ ਹਾਂ ਪਰ ਮੈਂ ਅਜਕਲ ਐਡਮੰਟਨ ਵਿਚ ਹੀ-ਹਾਂ। ਮੈਂ ਹੁਣ ਤੁਹਾਨੂੰ ਮਿਲਣ ਲਈ ਆਉਂਦਾ ਹਾਂ।
ਉਸ ਦਿਨ ਛੁੱਟੀ ਵਾਲਾ ਦਿਨ ਸੀ। ਉਸ ਦੀ ਮਾਂ ਨੇ ਸਾਰੇ ਪਰਿਵਾਰ ਨੂੰ ਖੁਸ਼ੀ ਵਿਚ ਮੂਧਿਆਂ ਹੁੰਦੇ ਹੋਏ ਦੱਸਿਆ ਕਿ ਮੇਰਾ ਬੇਟਾ ਰਾਜੂ ਆ ਰਿਹਾ ਹੈ। ਖੁਸ਼ੀ ਦਾ ਮਾਹੌਲ ਸਿਰ ਚੜ੍ਹ ਕੇ ਬੋਲਣ ਲੱਗਾ। ਜਿਵੇਂ ਖੁਸ਼ੀ ਦੇ ਅਸਮਾਨ ’ਚੋਂ ਸਾਰੇ ਤਾਰੇ ਉਨ੍ਹਾਂ ਦੀ ਝੋਲੀ ਵਿਚ ਆ ਡਿਗੇ ਹੋਣ ਤੇ ਸਾਂਭੇ ਨਾ ਜਾਂਦੇ ਹੋਣ।
ਸਾਰਾ ਪਰਿਵਾਰ ਘਰ ਦੇ ਬਾਹਰ ਖੜ੍ਹਾ ਹੋ ਗਿਆ। ਮਾਂ ਨੇ ਹੱਥਾਂ ਵਿਚ ਤੇਲ ਚੋਣ ਵਾਲੀ ਕੌਲੀ ਮਜ਼ਬੂਤੀ ਨਾਲ ਫੜੀ ਲਈ। ਜਿਵੇਂ ਕਿ ਮੰਦਿਰ ’ਚੋਂ ਕਿਸੇ ਭਗਵਾਨ ਦੇ ਦਰਸ਼ਨ ਕਰਨੇ ਹੋਣ ਸਾਕਾਰ ਰੂਪ ਵਿਚ।
ਕੁਝ ਸਮੇਂ ਦੇ ਬਾਅਦ ਘਰ ਦੇ ਸਾਹਮਣੇ ਇਕ ਕਾਲੇ ਰੰਗੀ ਦੀ ਖ਼ੂਬਸੂਰਤ ਕਾਰ ’ਚੋਂ ਜਦ ਉਹ ਬਾਹਰ ਨਿਕਲਿਆ ਤਾਂ ਮਾਂ ਨੇ ਝੱਟ ਪਹਿਚਾਣ ਲਿਆ। ਉਹ ਦਰਵਾਜ਼ੇ ’ਚੋਂ ਹੀ ਦੌੜੀ ਹੋਈ ਗਈ, ਤੇਲ ਵਾਲੀ ਕੌਲੀ ਨੇ ਰਾਜੂ ਦੀ ਆਮਦ ਵਿਚ ਅਭਿਆਦਨ ਦੀ ਮੁਦਰਾ ਵਿਚ ਧਰਤੀ ਨੂੰ ਸੰਵਾਰ ਦਿੱਤਾ। ਉਸ ਦੀ ਮਾਂ ਰਾਜੂ ਨਾਲ ਲਿਪਟ ਕੇ ਜ਼ੋਰ ਜ਼ੋਰ ਨਾਲ ਸਿਸਕਦੀਆਂ ਦੇ ਹੁਲਾਰਿਆਂ ਵਿਚ ਰੋਂਦੀ ਜਾ ਰਹੀ ਸੀ। ਮਾਂ ਨੇ ਉਸ ਨੂੰ ਚੁੰਮ-ਚੁੰਮ ਕੇ ਹਾਲੋ-ਬੇਹਾਲ ਕਰ ਲਿਆ। ਮਾਂ-ਪੁੱਤ ਘੁੱਟ ਕੇ ਜਫੀਆਂ ਪਾ ਕੇ ਮਿਲੇ ਜਿਵੇਂ ਸਦੀਆਂ ਦੀ ਮੋਹ ਦੀ ਪਿਆਸ ਬੁੱਜ ਗਈ ਹੋਵੇ। ਮਾਂ ਦੀਆਂ ਅਸੀਸਾਂ ਦਾ ਅਸਮਾਨ ਤਾਰਿਆਂ ਨਾਲ ਭਰ ਗਿਆ।
ਡੈਡੀ ਅਤੇ ਭੈਣ, ਭਰਾ ਮਿਲ। ਖੁਸ਼ੀ ਦੇ ਹੰਝੂਆਂ ਵਿਚ ਗਵਾਚਿਆ ਮੋਹ ਫਿਰ ਬੁਲੰਦੀ ਨੂੰ ਛੂਹ ਗਿਆ।
ਰਾਜੂ ਦੀ ਮਾਂ ਅਤੇ ਸਾਰੇ ਪਰਿਵਾਰ ਨਾਲ ਮਿਲ ਕੇ ਤਰ੍ਹਾਂ-ਤਰ੍ਹਾਂ ਦੇ ਮਿਸ਼ਠਾਣ, ਪਕਵਾਣ ਬਣਾ ਰੱਖੇ ਸੀ। ਸਭ ਬਾਰ-ਬਾਰ ਉਸ ਨੂੰ ਗਲੇ ਵਿਚ ਲੈਂਦੇ। ਮਾਂ ਤੇ ਜਿਵੇਂ ਮੀਰਾਂ ਹੋ ਗਈ ਹੋਵੇ।
ਸ਼ਾਮ ਦੇ ਵੇਲੇ ਰੋਟੀ ਪਾਣੀ ਖ਼ਾਣ ਤੋਂ ਪਹਿਲਾਂ ਰਾਜੂ ਨੂੰ ਉਸ ਦੀ ਮਾਂ ਨੇ ਜਗਿਆਸਾ ਮਈ ਲਿਲਕੜੀ ਵਿਚ ਪੁੱਛਿਆ, ਪੁੱਤਰ ਤੂੰ ਏਨੇ ਸਾਲ ਕਿੱਥੇ ਰਿਹਾ, ਮੇਰਾ ਲਾਡਲਾ, ਤੈਨੂੰ ਮਾਂ ਦੀਆਂ ਆਂਦਰਾਂ ਦਾ ਖਿਆਲ ਨਾ ਆਇਆ। ਮੇਰੇ ਲਾਲ ਤੈਨੂੰ ਸਾਡੀ ਕਦੀ ਯਾਦ ਨਾ ਆਈ?
ਤਾਂ ਰਾਜੂ ਨੇ ਸਾਰਾ ਵਜੂਦ ਇਕੱਠਾ ਕਰਦੇ ਹੋਏ ਅਪਣੇ ਹੌਸਲੇ ਦੀ ਬੇੜੀ ਨੂੰ ਪਾਰ ਲਗਾਂਦੇ ਹੋਏ ਦੱਸਿਆ, ਮਾਂ, ਜਦੋਂ ਮੈਨੂੰ ਪਤਾ ਲੱਗਾ ਕਿ ਤੁਸੀਂ ਮੇਰੇ ਅਸਲੀ ਮਾਤਾ-ਪਿਤਾ ਹੋ ਤਾਂ ਮੇਰਾ ਦਿਲ ਉਖੜ ਗਿਆ। ਫਿਰ ਮਾਮਾ-ਮਾਮੀ ਕੋਲ ਮੇਰਾ ਦਿਲ ਨਹੀਂ ਲੱਗਾ। ਦਿਨ-ਰਾਤ ਤੁਹਾਡੀ ਸਭ ਦੀ ਯਾਦ ਆਉਣ ਲੱਗੀ। ਵਾਪਿਸ ਮੈਂ ਆ ਨਹੀਂ ਸਾਂ ਸਕਦਾ। ਮੈਂ ਘਰੋਂ ਦੌੜਨ ਦਾ ਪ੍ਰਣ ਕਰ ਲਿਆ, ਕਈ ਉਚੇ ਨੀਵੇਂ ਮਾੜੇ ਚੰਗੇ ਖਿਆਲ ਆਏ। ਪਰ ਆਖੀਰ ਘਰੋਂ ਦੌੜ ਗਿਆ। ਗੁਰਦੁਆਰੇ ਚਲਾ ਗਿਆ। ਉਥੇ ਇਕ ਬਜ਼ੁਰਗ ਔਰਤ ਮਿਲੀ। ਉਸ ਨੇ ਮੈਨੂੰ ਪੁੱਛਿਆ, ਪੁੱਤਰ, ਤੇਰੇ ਨਾਲ ਕੌਣ ਏ? ਕਿਉਂਕਿ ਉਹ ਮੇਰੇ ਹੁਲੀਆ ਅਤੇ ਘਬਰਾਏ ਚਿਹਰੇ ਤੋਂ ਅੰਦਾਜ਼ਾ ਲਗਾ ਗਈ ਸੀ ਕਿ ਮੇਰੀ ਮਨੋਦਸ਼ਾ ਕੀ ਹੈ?
ਮੈਂ ਉਸ ਬਜ਼ੁਰਗ ਔਰਤ ਨੂੰ ਕਿਹਾ, ਕਿ ਮੇਰਾ ਇਸ ਦੁਨੀਆਂ ’ਤੇ ਕੋਈ ਨਹੀਂ ਹੈ, ਮੈਂ ਇਕੱਲਾ ਹੀ ਹਾਂ।
ਉਹ ਔਰਤ ਮੈਨੂੰ ਅਪਣੇ ਘਰ ਲੈ ਆਈ। ਉਹ ਇਕੱਲੀ ਹੀ ਰਹਿੰਦੀ ਸੀ। ਉਸ ਨੇ ਮੈਨੂੰ ਪਾਲਿਆ ਪੋਸਿਆ। ਕੁਝ ਸਾਲ ਬਾਅਦ ਉਸ ਦੀ ਮੌਤ ਹੋ ਗਈ। ਉਹ ਇਕ ਘਰ ਮੇਰੇ ਨਾਮ ਕਰ ਗਈ ਸੀ। ਮੈਂ ਉਹ ਘਰ ਵੇਚ ਕੇ ਟਰਾਂਟੋ ਚਲਾ ਗਿਆ। ਉਥੇ ਜਾ ਕੇ ਬਹੁਤ ਮਿਹਨਤ ਕੀਤੀ। ਕੁਝ ਸਾਲ ਟੈਕਸੀ ਚਲਾਈ ਅਤੇ ਫ਼ਿਰ ਕੁਝ ਸਾਲਾਂ ਬਾਅਦ ਮੈਂ ਇਕ ਟਰੱਕ ਖ਼ਰੀਦ ਲਿਆ। ਹੁਣ ਮੇਰੇ ਕੋਲ ਦੋ ਟਰੱਕ ਹਨ।
ਮਾਂ-ਬਾਪ ਅਤੇ ਸਾਰਾ ਪਰਿਵਾਰ ਖੁਸ਼ੀ ਵਿਚ ਮਾਲਾ-ਮਾਲ ਹੋ ਗਏ। ਬੁੱਝਿਆ ਹੋਇਆ ਦੀਪਵ ਮੁੜ ਜਗ ਪਿਆ। ਖੁਸ਼ੀ, ਰੌਸ਼ਨੀ ਵਿਚ ਤਬਦੀਲ ਹੋ ਕੇ ਹਿਕ ਬੁਲੰਦੀ ’ਤੇ ਜਾ ਕੇ ਰੁਕ ਗਈ।
ਕੁਝ ਦਿਨਾਂ ਦੇ ਬਾਅਦ ਰਾਜੂ ਨੇ ਅਪਣੇ ਪਰਿਵਾਰ ਦੀ ਸਹਿਮਤੀ ਨਾਲ ਸ਼ਾਦੀ ਕਰ ਲਈ।
ਬਲਵਿੰਦਰ ਬਾਲਮ ਗੁਰਦਾਸਪੁਰ
ਉਂਕਾਰ ਨਗਰ, ਗੁਰਦਾਸਪੁਰ (ਪੰਜਾਬ)
ਐਡਮੰਟਨ ਕਨੇਡਾ
ਮੋ. 98156-25409