ਰੰਗਮੰਚ ਸੌਖਾ ਨਹੀਂ…ਪਰ ਜੋ ਸਹਿਜ ਹੋ ਗਿਆ,ਉਹਦੇ ਲਈ ਰੰਗਮੰਚ ਤੋਂ ਸੌਖਾ ਹੋਰ ਕੁਝ ਨਹੀਂ…ਰਾਣਾ ਰਣਬੀਰ ਇਸਦੀ ਮਿਸਾਲ ਹੈ…ਉਹ ਮੰਚ ‘ਤੇ ਖੇਡਦਾ ਹੈ…ਏਸੇ ਲਈ ਤਾਂ ਕਹਿੰਦੇ ਆ ਕਿ ਅੱਜ ਨਾਟਕ ਖੇਡਣਾ…ਪਰ ਖੇਡਦੇ ਵਿਰਲੇ ਹੀ ਨੇ,ਬਹੁਤੇ ਕਰਨ ਦੀ ਕੋਸ਼ਿਸ਼ ਕਰਦੇ ਨੇ..ਰਾਣਾ ਨਹੀਂ ਕਰਦਾ…ਸੁਆਦ ਨਾਲ ਖੇਡਦਾ ਹੈ…ਕਮਾਲ ਇਹ ਕਿ ਪਰੰਪਰਾਗਤ ਪਰਿਭਾਸ਼ਾ ਅਨੁਸਾਰ ਉਹ ਮੰਚ ਅਤੇ ਦਰਸ਼ਕਾਂ ਵਿਚਾਲੇ ਚੌਥੀ ਕੰਧ ਵੀ ਨਹੀਂ ਚਾਹੁੰਦੈ…ਉਹ ਦਰਸ਼ਕ ਨਾਲ ਵੀ ਖੇਡਦਾ ਹੈ…ਕੱਲ੍ਹ ਰੂਪਕ ਕਲਾ ਅਤੇ ਵੈਲਫੇਅਰ ਸੁਸਾਇਟੀ ਵਲੋਂ ਸੰਗੀਤਾ ਗੁਪਤਾ ਤੇ ਲਵਲੀਨ ਕੌਰ ਦੇ ਯਤਨਾਂ ਸਦਕਾ ਟੈਗੋਰ ਥੀਏਟਰ ਵਿਖੇ ਰਾਣਾ ਰਣਬੀਰ ਦੀ ਖੇਡ ਦੇਖੀ “ਬੰਦੇ ਬਣੋ ਬੰਦੇ “…ਇਸ ਖੇਡ ਵਿੱਚ ਰਾਜਵੀਰ ਬੋਪਾਰਾਏ ਨੇ ਬਰਾਬਰ ਦੀ ਸਹਿਜਤਾ ਨਾਲ ਸੈਂਟਰ ਫਾਰਵਰਡ ਦੀ ਭੂਮਿਕਾ ਨਿਭਾਈ ।
ਮੈਂ ਬਹੁਤ ਸਾਲ ਪਹਿਲਾਂ ਜਦੋਂ “ਖੇਤਾਂ ਦਾ ਪੁੱਤ “ ਦੀ ਪੇਸ਼ਕਾਰੀ ਦੇਖੀ ਸੀ ਤਾਂ ਰਾਣੇ ਨੂੰ ਨਿੱਜੀ ਸੰਦੇਸ਼ ਭੇਜਿਆ ਸੀ ਵਧਾਈਆਂ ਦਾ ਤੇ ਨਾਲ ਸਵਾਲ ਵੀ ਕੀਤਾ ਸੀ ਕਿ ਫਿਲਮਾਂ ਵਿੱਚ ਅਜਿਹਾ ਕਿਉਂ ਨਹੀਂ!…ਉਹ ਸਵਾਲ ਅੱਜ ਵੀ ਮੇਰੀ ਛਾਤੀ ਦੇ ਖੱਬੇ ਪਾਸੇ ਸਹਿਕ ਰਿਹਾ (ਰਾਣਾ ਰਣਬੀਰ ਦੇ ਇੱਕ ਸੰਵਾਦ ਅਨੁਸਾਰ ਸਿਰ ਦੇ ਪਿਛਲੇ ਪਾਸੇ ਦਿਮਾਗ਼ ਵਿੱਚ!)…ਤੇ ਕੱਲ੍ਹ ਪੇਸ਼ਕਾਰੀ ਦੇਖਦਿਆਂ ਜਵਾਬ ਵੀ ਖੁਦ ਲੱਭਣ ਦੀ ਕੋਸ਼ਿਸ਼ ਕੀਤੀ…ਰਾਣਾ ਰੰਗਮੰਚ ਵਿੱਚ ਅਦਾਕਾਰੀ ਦਾ ਉਹ ਰੰਗ ਪੇਸ਼ ਕਰ ਰਿਹਾ ਹੈ ਜਿਸ ਨਾਲ ਉਹ ਖੁਦ ਸੌ ਫੀਸਦੀ ਸਹਿਮਤ ਹੈ,ਜੋ ਉਸਦਾ ਆਰਾਮਦਾਇਕ ਖੇਤਰ ਐ…comfort zone!…ਫਿਲਮ ਵਿੱਚ ਅਦਾਕਾਰੀ ਕਰਦਿਆਂ ਉਹਦੀ ਸਹਿਜਤਾ ਗਾਇਬ ਹੋ ਜਾਂਦੀ ਐ ਕਿਉਂਕਿ ਉੱਥੇ ਉਸਨੂੰ ਕੁਝ ਕਰਨ ਲਈ ਕਿਹਾ ਜਾਂਦੈ,ਕੁਝ ਕਰਨ ਦੀ ਆਸ ਕੀਤੀ ਜਾਂਦੀ ਆ…ਸ਼ਾਇਦ ਕਾਮੇਡੀ!…ਸ਼ਾਇਦ ਉਹ ਖੁਦ ਵੀ ਆਪਣੇ ਤੋਂ ਕੁਝ ਖਾਸ ਦੀ ਉਮੀਦ ਕਰਦਿਆਂ ਕੈਮਰੇ ਸਾਹਮਣੇ ਕੁਝ ਕਰਦਾ ਹੋਵੇ!..ਰਾਣਾ ਰਣਬੀਰ ਇਸ ਜਵਾਬ ਨਾਲ ਕਿੰਨਾ ਕੁ ਸਹਿਮਤ ਹੈ,ਇਹ ਮਹੱਤਵਪੂਰਨ ਨਹੀਂ…ਪਰ ਰੰਗਮੰਚ ‘ਤੇ ਕੱਲ੍ਹ ਮੈਂ ਸੰਪੂਰਨ ਸਹਿਜ ਅਦਾਕਾਰ ਨੂੰ ਖੇਡਦਿਆਂ ਦੇਖਿਆ ਜਿਸ ਲਈ ਬਹੁਤ ਸਾਰਾ ਪਿਆਰ ਤੇ ਸ਼ਾਬਾਸ਼!
ਰੰਗਕਰਮੀ ਟੱਬਰ ‘ਚੋਂ ਰਾਣੇ ਦਾ ਸਕਾ
ਸਾਹਿਬ ਸਿੰਘ
