
ਰਾਵਿੰਦਰ ਸਿੰਘ ਸੋਢੀ ਬਹੁ-ਵਿਧਾਵੀ ਤੇ ਬਹੁ-ਪਰਤੀ ਸਾਹਿਤਕਾਰ ਹੈ। ਉਸ ਦੀਆਂ ਹੁਣ ਤੱਕ ਇੱਕ ਦਰਜਨ ਤੋਂ ਵਧੇਰੇ ਮੌਲਿਕ, ਦੋ ਸੰਪਾਦਨ ਅਤੇ ਦੋ ਅਨੁਵਾਦ ਦੀਆਂ ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ। ਉਸਦੀ ਸਾਹਿਤ ਦੀ ਹਰ ਵਿਧਾ ‘ਤੇ ਪਕੜ ਹੈ। ਇੱਕ ਅਧਿਆਪਕ ਹੋਣ ਕਰਕੇ ਪੰਜਾਬੀ ਤੇ ਅੰਗਰੇਜ਼ੀ ਦੋਹਾਂ ਭਾਸ਼ਾਵਾਂ ਵਿੱਚ ਉਸਨੂੰ ਮੁਹਾਰਤ ਹੈ। ‘ਸਾਂਝੇ ਫੁੱਲ’ ਅਨੁਵਾਦ ਦੀ ਉਸਦੀ ਤੀਜੀ ਪੁਸਤਕ ਹੈ। ਇਸ ਪੁਸਤਕ ਵਿੱਚ ਅੰਗਰੇਜ਼ੀ ਦੀਆਂ 25 ਕਹਾਣੀਆਂ ਦਾ ਉਸਨੇ ਪੰਜਾਬੀ ਵਿੱਚ ਅਨੁਵਾਦ ਕੀਤਾ ਹੈ। ਅਨੁਵਾਦ ਕਰਨਾ ਹਰ ਵਿਅਕਤੀ ਦੇ ਵਸ ਦੀ ਗੱਲ ਨਹੀਂ ਹੁੰਦੀ। ਰਾਵਿੰਦਰ ਸਿੰਘ ਸੋਢੀ ਦਾ ਅਨੁਵਾਦ ਵੀ ਮੌਲਿਕ ਕਹਾਣੀਆਂ ਦੀ ਤਰ੍ਹਾਂ ਲੱਗਦਾ ਹੈ। ਉਸਨੇ ਇਨ੍ਹਾਂ ਕਹਾਣੀਆਂ ਰਾਹੀਂ ਆਪਣੀ ਅਨੁਵਾਦ ਦੀ ਕਲਾ ਦੀ ਪ੍ਰਤਿਭਾ ਦਾ ਪ੍ਰਗਟਾਵਾ ਕੀਤਾ ਹੈ। ਰਾਵਿੰਦਰ ਸਿੰਘ ਸੋਢੀ ਨੇ ਅਨੁਵਾਦ ਕਰਨ ਲਈ ਬਿਹਤਰੀਨ ਕਹਾਣੀਆਂ ਦੀ ਚੋਣ ਕੀਤੀ ਹੈ। ਇਹ ਸਾਰੀਆਂ ਕਹਾਣੀਆਂ ਸਮਾਜਿਕ ਸਰੋਕਾਰਾਂ ਦੀ ਬਾਤ ਪਾਉਂਦੀਆਂ ਹਨ। ਹਰ ਲੇਖਕ ਦੀ ਕਹਾਣੀ ਲਿਖਣ ਦੀ ਆਪਣੀ ਮੌਲਿਕ ਤਕਨੀਕ ਹੁੰਦੀ ਹੈ। ਰਾਵਿੰਦਰ ਸਿੰਘ ਸੋਢੀ ਨੇ 25 ਕਹਾਣੀਕਾਰਾਂ ਦੀ ਆਪੋ ਆਪਣੀ ਤਕਨੀਕ ਨੂੰ ਆਪਣੀ ਸ਼ੈਲੀ ਵਿੱਚ ਲਿਖਕੇ ਮੌਲਿਕ ਕਹਾਣੀਆਂ ਦੀ ਤਰ੍ਹਾਂ ਪੇਸ਼ ਕਰ ਦਿੱਤਾ ਹੈ, ਕਿਉਂਕਿ ਹਰ ਕਹਾਣੀਕਾਰ ਦੀ ਭਾਵਨਾ ਨੂੰ ਸਮਝਕੇ ਲੇਖਕ ਦੀ ਰੂਹ ਦੀ ਆਵਾਜ਼ ਨੂੰ ਪਛਾਣਕੇ ਪੰਜਾਬੀ ਬੋਲੀ ਵਿੱਚ ਰੂਹ ਭਰ ਦਿੱਤੀ ਹੈ। ਸਾਰੀਆਂ ਕਹਾਣੀਆਂ ਨੂੰ ਅੱਗੇ ਪੜ੍ਹਨ ਦੀ ਪ੍ਰਵਿਰਤੀ ਭਾਰੂ ਰਹਿੰਦੀ ਹੈ, ਭਾਵ ਕਹਾਣੀਆਂ ਵਿੱਚ ਦਿਲਚਸਪੀ ਬਣੀ ਰਹਿੰਦੀ ਹੈ। ਸਾਰੀਆਂ ਕਹਾਣੀਆਂ ਇੱਕ ਦੂੁਜੀ ਤੋਂ ਵਧੇਰੇ ਦਿਲਚਸਪ ਲੱਗਦੀਆਂ ਹਨ। ਕਿਸੇ ਕਹਾਣੀ ਵਿੱਚ ਰੁੱਖਾਪਣ ਨਹੀਂ ਹੈ। ਪਹਿਲੀ ਕਹਾਣੀ ‘ਪਿਆਰਾ ਜਿਹਾ ਰੁੱਕਾ’ ਇਸਤਰੀ ਦੀ ਮਾਨਸਿਕਤਾ ਦਾ ਬਿਹਤਰੀਨ ਪ੍ਰਗਟਾਵਾ ਹੈ। ਇਹ ਕਹਾਣੀ ਪਾਠਕਾਂ ਨੂੰ ਔਰਤਾਂ ਦੀਆਂ ਭਾਵਨਾਵਾਂ ਦਾ ਅਹਿਸਾਸ ਕਰਵਾਉਂਦੀ ਹੈ। ਇਸੇ ਤਰ੍ਹਾਂ ‘ਸੁੰਨੇ ਰਾਹਾਂ ਦੇ ਪਾਂਧੀ’ ਕਹਾਣੀ ਇੱਕ ਵਿਲੱਖਣ ਤਰ੍ਹਾਂ ਦੀਆਂ ਭਾਵਨਾਵਾਂ ਨਾਲ ਭਰਪੂਰ ਕਹਾਣੀ ਹੈ। ਇਹ ਕਹਾਣੀ ਵੀ ਵਰਤਮਾਨ ਆਧੁਨਿਕ ਸਮਾਜ ਦੀ ਤੀਜੇ Çਲੰਗ ਪ੍ਰਤੀ ਹਮਦਰਦੀ ਅਤੇ ਬਰਾਬਰਤਾ ਬਣਾਈ ਰੱਖਣ ਦੀ ਅਹਿਮੀਅਤ ਦਰਸਾਉਂਦੀ ਹੋਈ, ਇਨਸਾਨ ਦੀ ਸੋਚ ਵਿੱਚ ਬਦਲਾਓ ਦਾ ਵਰਣਨ ਕਰਦੀ ਹੈ। ‘ਬਦਲਦੇ ਨਜ਼ਰੀਏ’ ਕਹਾਣੀ ਵੀ ਬਾਕਮਾਲ ਹੈ, ਜਿਸ ਵਿੱਚ ਦਰਸਾਇਆ ਗਿਆ ਹੈ ਕਿ ਹਰ ਘਟਨਾ ਬਾਰੇ ਨਜ਼ਰੀਆ ਹਰ ਵਿਅਕਤੀ ਦਾ ਆਪੋ ਆਪਣਾ ਆਪੋ ਆਪਣੀ ਸੋਚ ਤੇ ਹਾਲਾਤ ਅਨੁਸਾਰ ਬਣਦਾ ਤੇ ਬਦਲਦਾ ਰਹਿੰਦਾ ਹੈ, ਜਿਵੇਂ ਪ੍ਰੋ.ਓਰਲੋਵ ਜੰਗ ਬਾਰੇ ਪਹਿਲਾਂ ਹੋਰ ਸੀ, ਪ੍ਰੰਤੂ ਜਦੋਂ ਉਸਦਾ ਪੁੱਤਰ ਸ਼ਹੀਦ ਹੋਇਆ ਤਾਂ ਉਸਦਾ ਨਜ਼ਰੀਆ ਬਿਲਕੁਲ ਉਲਟ ਪਾਸੇ ਬਦਲ ਗਿਆ। ਇਸੇ ਤਰ੍ਹਾਂ ‘ਚਿਹਰੇ ਦੇ ਬਦਲਦੇ ਰੰਗ’ ਕਹਾਣੀ ਦਾ ਪ੍ਰਭਾਵ ਜਾਂਦਾ ਹੈ, ਜਦੋਂ ਬਰੁਨ ਦੀ ਚੈਟ ਉਸਦੀ ਪਤਨੀ ਤੇ ਲੜਕੀ ਪੜ੍ਹ ਲੈਂਦੇ ਹਨ ਤਾਂ ਤਿੰਨਾਂ ਦੇ ਚਿਹਰਿਆਂ ਦੇ ਰੰਗ ਬਦਲ ਜਾਂਦੇ ਹਨ। ‘ਚੁੱਪ ਦੀ ਚੀਕ’ ਕਹਾਣੀ ਬਹੁ-ਮੰਤਵੀ ਤੇ ਬਹੁ-ਪਰਤੀ ਹੈ, ਕਿਉਂਕਿ ਇਸ ਵਿੱਚ ਇੱਕ ਗ਼ਰੀਬ ਪਰਿਵਾਰ ਦੇ ਸਾਰੇ ਮੈਂਬਰਾਂ ਦੇ ਵੱਖਰੇ ਸੁਭਾਅ, ਜਿਵੇਂ ਰਾਜੂ ਸ਼ਰਾਬੀ, ਮੀਰਾ ਜ਼ਿੰਮੇਵਾਰ, ਮੋਹਕ ਹੁਸ਼ਿਆਰ ਤੇ ਜ਼ਿੰਮੇਵਾਰ ਅਤੇ ਤਿੰਨੇ ਕੁੜੀਆਂ ਤੇ ਛੋਟਾ ਲੜਕਾ ਵਫ਼ਦਾਰ ਤੇ ਗੁਆਂਢਣ, ਉਸਦਾ ਪਤੀ ਤੇ ਲੜਕੀ ਨਿਧੀ ਨੂੰ ਇਨਸਾਨੀਅਤ ਦੀ ਪ੍ਰਤੀਕ ਵਿਖਾਇਆ ਗਿਆ ਹੈ। ‘ਹਾਦਸਾ’ ਕਹਾਣੀ ਹਿੰਦੂ ਸਿੱਖ ਦੀ ਏਕਤਾ ਦੀ ਪ੍ਰਤੀਕ ਹੈ। ‘ਖ਼ੂਨ ਦੇ ਰਿਸ਼ਤੇ’ ਕਹਾਣੀ ਵਰਤਮਾਨ ਸਮਾਜਿਕ ਤਾਣੇ-ਬਾਣੇ ਵਿੱਚ ਪਰਿਵਾਰਾਂ ਦੇ ਰਿਸ਼ਤਿਆਂ ਵਿੱਚ ਪਈਆਂ ਤ੍ਰੇੜਾਂ ਦੀ ਖਟਾਸ ਦਾ ਵਰਣਨ ਕਰਦੀ ਹੈ। ਇਸ ਕਹਾਣੀ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਪਰਿਵਾਰਿਕ ਰਿਸ਼ਤਿਆਂ ਵਿੱਚ ਖੁਦਗਰਜ਼ੀ ਦਾ ਬੋਲਬਾਲਾ ਹੈ। ਸਮਾਜ ਵਿੱਚ ਆਪਸੀ ਪਿਆਰ ਦੇ ਰਿਸ਼ਤੇ ਬਿਹਤਰ ਨਿਭਦੇ ਹਨ। ‘ਸਮਾਂ ਬਦਲ ਗਿਆ’ ਕਹਾਣੀ ਪਰਿਵਾਰਾਂ ਵਿੱਚ ਤਿਓਹਾਰਾਂ ਮੌਕੇ ਵਿਖਾਵੇ ਦੀ ਵੱਧ ਰਹੀ ਪ੍ਰਵਿਰਤੀ ਦੀ ਜਾਣਕਾਰੀ ਦਿੱਤੀ ਗਈ ਹੈ। ਇਹ ਵੀ ਦਰਸਾਇਆ ਹੈ ਕਿ ਆਧੁਨਿਕ ਨੌਜਵਾਨ ਪੀੜ੍ਹੀ ਵਿੱਚ ਸਮੇਂ ਦੇ ਨਾਲ ਵਿਵਹਾਰਿਕ ਤਬਦੀਲੀ ਹੋ ਰਹੀ ਹੈ। ‘ਪਤਾ ਨਹੀਂ’ ਕਹਾਣੀ ਇਸਤਰੀਆਂ ਦੀ ਜ਼ਿੰਦਗੀ ਦੀ ਦੁੱਖ, ਦਰਦ ਅਤੇ ਮੁਸੀਬਤਾਂ ਦਾ ਪੁਲੰਦਾ ਹੈ, ਪ੍ਰੰਤੂ ਅਜਿਹੀ ਸਥਿਤੀ ਵਿੱਚ ਵੀ ਔਰਤ ਵਿਚਰਦੀ ਹੋਈ ਹਿੰਮਤ ਨਹੀਂ ਹਾਰਦੀ। ਔਰਤ ਭਾਵੇਂ ਕਿਤਨੀਆਂ ਹੀ ਉਲਝਣਾ ਵਿੱਚ ਹੋਵੇ ਇਸ਼ਕ/ਪਿਆਰ/ ਰੁਮਾਂਸ ਤੋਂ ਮੁੱਖ ਨਹੀਂ ਮੋੜ ਸਕਦੀ। ‘ਕੌਣ ਲਿਖੇ ਲੇਖ’ ਕਹਾਣੀ ਇਸ਼ਕ/ਪਿਆਰ ਦੇ ਗੋਰਖ ਧੰਧੇ ਦੀ ਦੀ ਤ੍ਰਾਸਦੀ ਦਾ ਵਰਣਨ ਕਰਦੀ ਹੈ। ਸਮੇਂ ਦੀ ਕਰਵਟ ਸਭ ਕੁਝ ਬਦਲ ਦਿੰਦੀ ਹੈ। ਇਸ਼ਕ/ਪਿਆਰ ਵਿੱਚ ਧੋਖੇ ਕਦਮ-ਕਦਮ ‘ਤੇ ਵੇਖਣ ਨੂੰ ਮਿਲਦੇ ਹਨ। ‘ਧਿਆਨ ਨਾਲ ਸੁਣੋ: ਇਕ ਪਿਆਰ ਕਹਾਣੀ’ ਬਹੁਤ ਹੀ ਹਿਰਦੇਵੇਦਿਕ ਤੇ ਵਰਤਮਾਨ ਸਮਾਜ ‘ਤੇ ਕਿੰਤੂ-ਪ੍ਰੰਤੂ ਕਰਦੀ ਹੈ, ਕਿਉਂਕਿ ਇਸਤਰੀਆਂ ਨਾਲ ਉਨ੍ਹਾਂ ਦੇ ਨਜ਼ਦੀਕੀ ਹੀ ਜ਼ਬਰ ਜਨਾਹ ਕਰਦੇ ਹਨ। ਇਸ ਕਹਾਣੀ ਦਾ ਦੂਜਾ ਪੱਖ ਇਹ ਸੁਝਾਅ ਦਿੰਦਾ ਹੈ ਕਿ ਅਲ੍ਹੜ ਕੁੜੀਆਂ ਨੂੰ ਉਨ੍ਹਾਂ ਦੇ ਮਾਪਿਆਂ ਨੂੰ ਇਸ਼ਕ/ਪਿਆਰ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ ਤਾਂ ਜੋ ਉਹ ਸੁਹਾਵਣਾ ਜੀਵਨ ਜੀਅ ਸਕਣ। ‘ਉਹ ਅਸਲੀ ਇਨਸਾਨ ਹੈ’ ਕਹਾਣੀ ਸਮਾਜਿਕ ਤਾਣੇ-ਬਾਣੇ ਵਿੱਚ ਨਿਘਾਰ ਦਾ ਪ੍ਰਗਟਾਵਾ ਕਰਦੀ ਹੈ, ਜਿਸ ਵਿੱਚ ਲਾਲਚ ਵਸ ਪਰਿਵਾਰਿਕ ਖ਼ੂਨ ਦੇ ਰਿਸ਼ਤਿਆਂ ਵੱਲੋਂ ਧੋਖੇ ਕੀਤੇ ਜਾਣ ਅਤੇ ਛੂਤ-ਛਾਤ ਦੀ ਪ੍ਰਵਿਰਤੀ ਦਾ ਪਰਦਾ ਫਾਸ਼ ਕੀਤਾ ਗਿਆ ਹੈ। ‘ਉਹ ਸਭ ਦੇਖਦਾ ਹੈ’ ਕਹਾਣੀ ਸਾਹਿਤਕ ਸੰਸਥਾਵਾਂ ਵਿੱਚ ਹੋ ਰਹੇ ਦੁਰਾਚਾਰ ਦੀ ਮੂੰਹ ਬੋਲਦੀ ਤਸਵੀਰ ਪੇਸ਼ ਕਰਦੀ ਹੈ। ਵਿਵਾਹਤ ਸ਼ਿਕਾਰੀ ਸਾਹਿਤਕਾਰ ਸਾਹਿਤਕ ਔਰਤਾਂ ਨੂੰ ਆਪਣੇ ਮਕੜਜਾਲ ਵਿੱਚ ਫਸਾਕੇ ਉਨ੍ਹਾਂ ਦੀਆਂ ਭਾਵਨਾਵਾਂ ਨਾਲ ਖੇਡਣ ਦੀ ਚਾਲ ਚਲਦੇ ਹਨ ਅਤੇ ਅਜਿਹੇ ਸਾਹਿਤਕਾਰ ਮਰਦ ਹਓਮੈ ਗ੍ਰਸਤ ਵੀ ਹੁੰਦੇ ਹਨ। ਔਰਤ ਨੂੰ ਨੀਵੀਂ ਵਿਖਾਉਣ ਵਿੱਚ ਵੀ ਮੋਹਰੀ ਬਣਦੇ ਹਨ, ਪ੍ਰੰਤੂ ਕਈ ਵਾਰ ਹਾਲਾਤ ਪੁੱਠਾ ਗੇੜਾ ਦੇ ਦਿੰਦੇ ਹਨ। ‘ਆਸ਼ਰਮ ਇਕ ਸਹਾਰਾ’ ਕਹਾਣੀ ਬਹੁ-ਪੱਖੀ ਤੇ ਬਹੁ-ਮੰਤਵੀ ਹੈ। ਇਸ ਕਹਾਣੀ ਵਿੱਚ ਔਰਤ ਦੀ ਜ਼ਿੰਦਗੀ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਜਿਨ੍ਹਾਂ ਵਿੱਚ ਹਾਂ ਪੱਖੀ ਸੋਚ, ਮਰਦ ਦੀ ਔਰਤਾਂ ਬਾਰੇ ਮਾਨਸਿਕਤਾ, ਬਾਂਝਪਣ, ਕੈਂਸਰ ਵਰਗੀ ਨਾਮੁਰਾਦ ਬਿਮਾਰੀ, ਹਰ ਮੁਸ਼ਕਲ ਦਾ ਮੁਕਾਬਲਾ ਕਰਨ, ਪੁਰਾਣੀਆਂ ਘਟਨਾਵਾਂ ਨੂੰ ਭੁੱਲਕੇ ਨਵਾਂ ਜੀਵਨ ਜਿਓਣ, ਅਨੁਸ਼ਾਸਨ ਵਿੱਚ ਰਹਿਣ ਅਤੇ ਉਮੀਦ ਨਾ ਛੱਡਣ ਆਦਿ ਭਖਵੇਂ ਮੁੱਦਿਆਂ ਨੂੰ ਲਿਆ ਗਿਆ ਹੈ। ‘ਦਿਨ ਦੇ ਸਪਨੇ’ ਕਹਾਣੀ ਇੰਦੂ ਤੇ ਰਾਕੇਸ਼ ਦੀ ਵਿਵਾਹਤ ਜ਼ਿੰਦਗੀ ਸਮੇਂ ਔਰਤ ਦੇ ਸਪਨਿਆਂ ਦਾ ਟੁੱਟਣਾ, ਹਿੰਮਤ ਜ਼ਾਰੀ ਰੱਖਣਾ ਅਤੇ ਮੁਸੀਬਤ ਦਾ ਰਲ ਮਿਲਕੇ ਮੁਕਾਬਲਾ ਕਰਕੇ ਜਿਉਣਾ ਕਮਾਲ ਦਾ ਬ੍ਰਿਤਾਂਤ ਹੈ। ‘ਸੁਪਨਿਆਂ ਦੀ ਉਡਾਣ’ ਕਹਾਣੀ ਸਮਾਜ ਵੱਲੋਂ ਮੁੰਡੇ ਅਤੇ ਕੁੜੀ ਵਿੱਚ ਰੱਖੇ ਜਾਂਦੇ ਅੰਤਰ ਦੀ ਮੂੰਹ ਬੋਲਦੀ ਤਸਵੀਰ ਪੇਸ਼ ਕਰਦੀ ਹੈ, ਪ੍ਰੰਤੂ ਮਾਲਤੀ ਦੀ ਦ੍ਰਿੜ੍ਹਤਾ, ਲਗਨ, ਹੁਸ਼ਿਆਰੀ ਅਤੇ ਬਹਾਦਰੀ ਨੇ ਇਸ ਸਮਾਜਿਕ ਬਿਮਾਰੀ ਵਿਰੁੱਧ ਜਾਗ੍ਰਤੀ ਪੈਦਾ ਕਰਕੇ ਲੜਕੀਆਂ ਲਈ ਪ੍ਰੇਰਨਾ ਸ੍ਰੋਤ ਬਣੀ ਹੈ। ਬਾਲ ਵਿਆਹ, ਦਾਜ ਅਤੇ ਬੇਜੋੜ ਵਿਆਹਾਂ ਵਿਰੁੱਧ ਔਰਤਾਂ ਨੂੰ ਲਾਮਵੰਦ ਕਰਨ ਦੀ ਕੋਸ਼ਿਸ਼ ਕਹੀ ਜਾ ਸਕਦੀ ਹੈ। ‘ਮਨੁੱਖੀ ਕਲੋਨ’ ਨਿਰਾਸ਼ ਲੋਕਾਂ ਦੀ ਤ੍ਰਾਸਦੀ ਦਾ ਜ਼ਿਕਰ ਕਰਦੀ ਹੈ, ਉਨ੍ਹਾਂ ਲਈ ਆਸ ਅਤੇ ਸਿਰਜਣਾ ਦੀ ਕਿਰਨ ਵਿਖਾਈ ਦਿੰਦੀ ਹੈ, ਪ੍ਰੰਤੂ ਕੁਦਰਤ ਨਾਲ ਟਕਰਾਓ ਸਫ਼ਲ ਹੋਣਾ ਅਸੰਭਵ ਹੈ। ‘ਸਰਾਪ’ ਕਹਾਣੀ ਵਹਿਮਾ-ਭਰਮਾ ਦਾ ਖੰਡਨ ਕਰਦੀ ਹੈ ਤੇ ਇਸਦੇ ਨਾਲ ਹੀ ਇਹ ਵੀ ਸਾਬਤ ਕਰਦੀ ਹੈ ਕਿ ਇਸ਼ਕ/ਪਿਆਰ ਤੋਂ ਮਰਦ/ਔਰਤ ਦੂਰ ਨਹੀਂ ਜਾ ਸਕਦੇ, ਇਹ ਕੁਦਰਤ ਦੀ ਵਿਰੋਧੀ Çਲੰਗ ਦੀ ਖਿਚ ਦਾ ਪ੍ਰਤੀਕ ਹੈ। ਇਹ ਕਹਾਣੀ ਔਰਤ ਹੋਣ ਦੀ ਮਹੱਤਤਾ ਅਤੇ ਉਸ ਨਾਲ ਬਿਹਤਰੀਨ ਵਿਵਹਾਰ ਦੀ ਮੰਗ ਕਰਦੀ ਹੈ। ਇਹ ਸੰਦੇਸ਼ ਵੀ ਮਿਲਦਾ ਹੈ ਕਿ ਔਰਤ ਦੇ ਸਤਿਕਾਰ ਤੋਂ ਬਿਨਾ ਸਮਾਜ ਖ਼ੁਸ਼ਹਾਲ ਨਹੀਂ ਹੋ ਸਕਦਾ। ‘ਮੌਤ ਅਤੇ ਆਸ’ ਕਹਾਣੀ ਵੀ ਅੰਧ ਵਿਸ਼ਵਾਸਾਂ ਦਾ ਖੰਡਨ ਕਰਦੀ ਹੈ। ਇਸ਼ਕ/ਪਿਆਰ ਮਰਦ ਔਰਤ ਦੀ ਕਮਜ਼ੋਰੀ ਵੀ ਸਾਬਤ ਕਰਦੀ ਹੈ। ‘ਚੋਰ ਨਹੀਂ ਭੁੱਖਾ’ ਗ਼ਰੀਬੀ ਦਾ ਸੰਤਾਪ, ਅਮੀਰੀ ਦਾ ਘੁਮੰਡ ਅਤੇ ਧੋਖੇ ਦਾ ਬ੍ਰਿਤਾਂਤ ਹੈ। ‘ਏਥੇ ਕੋਈ ਜ਼ਨਤ ਨਹੀਂ’ ਇਹ ਕਹਾਣੀ ਪਿੰਡਾਂ ਦੇ ਲੋਕਾਂ ਦੀ ਮਾਨਸਿਕਤਾ ਜਿਸ ਵਿੱਚ ਲੜਕੀਆਂ ਨੂੰ ਅੱਗੇ ਵੱਧਣ ਤੋਂ ਰੋਕਣਾ, ਪੜ੍ਹਨ ਨਹੀਂ ਦੇਣਾ ਤਾਂ ਜੋ ਵਿਗੜ ਨਾ ਜਾਣ। ਪਿੰਡਾਂ ਵਿੱਚ ਲੜਕੀਆਂ ਨਿਰਾਸ਼ਾ ਦੀ ਜ਼ਿੰਦਗੀ ਜੀਅ ਰਹੀਆਂ ਹਨ, ਇਹ ਕਹਾਣੀ ਔਰਤ ਦੀ ਹੋਣੀ ਦਾ ਪ੍ਰਤੀਕ ਬਣਦੀ ਹੈ। ‘ਕੀ ਉਹ ਆਏਗਾ?’ ਰੁਮਾਂਟਿਕ ਕਹਾਣੀ ਹੈ, ਜਿਹੜੀ ਮਰਦ ਔਰਤ ਦੀਆਂ ਭਾਵਨਾਵਾਂ ਦਰਸਾਉਂਦੀ ਹੋਈ ਕਹਿ ਰਹੀ ਹੈ ਕਿ ਇਸ਼ਕ/ਪਿਆਰ ਇੱਕ ਗੁੰਝਲਦਾਰ ਬੁਝਾਰਤ ਹੈ। ‘ਚਿੜੀਆਂ ਦਾ ਆਲ੍ਹਣਾ’ ਗ਼ਰੀਬਾਂ ਦੇ ਦੁਖ ਦਰਦ ਦੀ ਕਹਾਣੀ ਤੇ ਉਸ ਦਰਦ ਨੂੰ ਵੰਡਾਉਣ ਦੀ ਪ੍ਰਵਿਤੀ ਦੀ ਦ੍ਰਿਸ਼ਟਾਂਤਿਕ ਪੇਸ਼ਕਾਰੀ ਕਰਦੀ ਹੈ। ‘ਸਮੁੰਦਰ ਦੀਆਂ ਤਾਰੀਆਂ’ ਕਹਾਣੀ ਤੋਂ ਦੋ ਸਬਕ ਮਿਲਦੇ ਹਨ, ਪਹਿਲੀ ਗੱਲ ਤਾਂ ਇਹ ਹੈ ਕਿ ਖ਼ਤਰੇ ਵਾਲੀਆਂ ਹਰਕਤਾਂ ਨਾ ਕਰੋ ਅਤੇ ਹਰ ਦੁੱਖ-ਸੁੱਖ ਵਿੱਚ ਹੌਸਲਾ ਨਾਂ ਛੱਡੋ, ਇੱਛਾ ਸ਼ਕਤੀ ਮਜ਼ਬੂਤ ਬਣਾਓ ਜਿਵੇਂ ਸਮੀਹਤਾ ਨੇ ਕੀਤਾ ਹੈ। ‘ਲਾਲ ਫੁੱਲ ਗਏ ਮੁਰਝਾ’ ਕਹਾਣੀ ਤੋਂ ਪ੍ਰੇਰਨਾ ਮਿਲਦੀ ਹੈ ਕਿ ਮਾਂ ਦੀ ਨਸੀਹਤ ‘ਤੇ ਲੜਕੀਆਂ ਨੂੰ ਅਮਲ ਕਰਨਾ ਚਾਹੀਦਾ ਹੈ ਅਤੇ ਹਰ ਦੇਸ਼ ਦੀ ਪੁਲਿਸ ਲਗਪਗ ਇੱਕੋ ਤਰ੍ਹਾਂ ਦਾ ਵਿਵਹਾਰ ਕਰਦੀ ਹੈ। ਅਖ਼ੀਰ ਵਿੱਚ ਕਿਹਾ ਸਕਦਾ ਹੈ ਕਿ ਰਵਿੰਦਰ ਸਿੰਘ ਸੋਢੀ ਆਪਣੀ ਅਨੁਵਾਦ ਦੀ ਕਲਾ ਵਿੱਚ ਸਫਲ ਰਿਹਾ ਹੈ।
182 ਪੰਨਿਆਂ, 300 ਰੁਪਏ ਕੀਮਤ ਵਾਲਾ ਕਹਾਣੀ ਸੰਗ੍ਰਹਿ ਮਾਨ ਬੁੱਕ ਸਟੋਰ ਪਬਲੀਕੇਸ਼ਨ ਪਿੰਡ ਤੁੰਗਵਾਲੀ ਜ਼ਿਲ੍ਹਾ ਬਠਿੰਡਾ ਨੇ ਪ੍ਰਕਾਸ਼ਤ ਕੀਤਾ ਹੈ
ਸੰਪਰਕ ਰਾਵਿੰਦਰ ਸੋਢੀ 001 604 369 2371
ਉਜਾਗਰ ਸਿੰਘ
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48yahoo.com