ਰਾਵੀ ਸਿੱਧੂ ਪੰਜਾਬੀ ਪਾਠਕਾਂ ਦੀ ਝੋਲੀ ਵਿੱਚ ਹੁਣ ਤੱਕ ਦਸ ਕਿਤਾਬਾਂ ਪਾ ਚੁੱਕੀ ਹੈ। ਆਪਣੇ ਵਿਦਿਆਰਥੀ ਜੀਵਨ ਦੌਰਾਨ ਉਸ ਦਾ ਰਚਨਾ ਕਾਰਜ ਸਲਾਹੁਣ ਯੋਗ ਹੈ। ਕਵਿਤਾ ਦੇ ਨਾਲ ਨਾਲ ਵਾਰਤਕ ਵਿੱਚ ਵੀ ਉਸ ਦੀ ਬਰਾਬਰ ਦਿਲਚਸਪੀ ਹੈ। ਉਸ ਦੀ ਪ੍ਰਯੋਗ ਕਰਨ ਦੀ ਆਦਤ ਪਾਠਕਾਂ ਲਈ ਆਕਰਸ਼ਣ ਦਾ ਕਾਰਨ ਬਣਦੀ ਹੈ। ਇੱਕ ਇਨਸਾਨ ਦੇ ਤੌਰ ਤੇ ਜਿੱਥੇ ਉਹ ਮਿੱਠ-ਬੋਲੜੀ ਅਤੇ ਸੰਜੀਦਾ ਇਨਸਾਨ ਹੈ ਉੱਥੇ ਉਹ ਆਪਣੇ ਵਿਸ਼ੇ ਨੂੰ ਵੀ ਸੁਹਿਰਦਤਾ ਨਾਲ ਲੈਂਦੀ ਹੈ। ਉਸ ਦੀਆਂ ਕਹਾਣੀਆਂ ਦੇ ਪਾਤਰ ਸਾਨੂੰ ਸਾਡੇ ਨੇੜੇ-ਤੇੜੇ ਵਿਚਰਦੇ ਪ੍ਰਤੀਤ ਹੁੰਦੇ ਹਨ। ਉਸ ਦਾ ਰਚਨਾ ਸੰਸਾਰ ਆਮ ਜੀਵਨ ਦੇ ਨੇੜੇ ਤੇੜੇ ਹੈ।
ਰਾਵੀ ਸਿੱਧੂ ਦੀਆਂ ਕਹਾਣੀਆਂ ਮੌਜੂਦਾ ਸਮੇਂ ਦੇ ਲੋਕਾਂ ਦੀਆਂ ਸਮਾਜਿਕ,
ਆਰਥਿਕ,ਪਰਿਵਾਰਿਕ, ਸੱਭਿਆਚਾਰਕਅਤੇ ਮਨੋਵਿਗਿਆਨਿਕ ਸਮੱਸਿਆਵਾਂ ਕਾਰਨ ਉਤਪੰਨ ਹੋਏ ਹਾਲਾਤਾਂ ਦੇ ਧਰਾਤਲ ਤੇ ਜਨਮ ਲੈਂਦੀਆਂ ਹਨ। ਉਹ ਆਪਣੀਆਂ ਕਹਾਣੀਆਂ ਰਾਹੀਂ ਇਹ ਦੱਸਣ ਦਾ ਯਤਨ ਕਰਦੀ ਹੈ ਕਿ ਆਧੁਨਿਕ ਸਮੇਂ ਵੀ ਸਮਾਜ ਧਰਮ ਅਤੇ ਜਾਤੀਵਾਦ ਦੇ ਅਧਾਰ ਤੇ ਵਿਤਕਰੇ ਤੋਂ ਮੁਕਤ ਨਹੀਂ ਹੋ ਸਕਿਆ। ਆਪਣੇ ਆਪ ਨੂੰ ਪੜੇ-ਲਿਖੇ ਅਤੇ ਅਗਾਂਹ ਵਧੂ ਦੱਸਣ ਵਾਲੇ ਪਰਿਵਾਰਾਂ ਵਿੱਚ ਵੀ ਔਰਤ ਪ੍ਰਤੀ ਰਵਈਆ ਬਹੁਤ ਮਾੜਾ ਅਤੇ ਗੈਰ ਮਨੁੱਖੀ ਹੈ। ਰਾਵੀ ਸਿੱਧੂ ਜਿੱਥੇ ਆਪਣੀਆਂ ਕਹਾਣੀਆਂ ਰਾਹੀਂ ਅਜੋਕੇ ਸਮਾਜ ਵਿੱਚ ਔਰਤਾਂ ਦੀ ਹੋਣੀ ਨੂੰ ਪੇਸ਼ ਕਰਦੀ ਹੈ ਉੱਥੇ ਹੀ ਔਰਤਾਂ ਵਿਰੁੱਧ ਅਪਰਾਧਾਂ ਵਿੱਚ ਔਰਤਾਂ ਦੀ ਮੁੱਖ ਭਾਗੀਦਾਰੀ ਨੂੰ ਵੀ ਬੇਬਾਕੀ ਨਾਲ ਸਵੀਕਾਰ ਕਰਦੀ ਹੈ।
ਅੱਜ ਦੀ ਤੇਜ਼ ਰਫਤਾਰ ਜ਼ਿੰਦਗੀ ਦੀ ਚਕਾਚੌਂਧ ਅਤੇ ਪਦਾਰਥਵਾਦੀ ਸੋਚ ਨੇ ਮਨੁੱਖ ਦੇ ਸਵਾਰਥ ਨੂੰ ਬਹੁਤ ਵਧਾ ਦਿੱਤਾ ਹੈ। ਰਾਵੀ ਸਿੱਧੂ ਦੀ ਕਲਮ ਨੇ ਇਸ ਤਰ੍ਹਾਂ ਦੇ ਵਰਤਾਅ ਕਾਰਨ ਪੈਦਾ ਹੋਏ ਤਣਾਅ ਕਰਕੇ ਪਰਿਵਾਰਾਂ ਵਿੱਚ ਖਿੱਚੋਤਾਣ, ਟੁੱਟ ਰਹੇ ਰਿਸ਼ਤੇ, ਨਜਾਇਜ਼ ਰਿਸ਼ਤਿਆਂ ਕਾਰਨ ਮਾਨਸਿਕ ਪੀੜ ਝੱਲ ਰਹੀ ਨਵੀਂ ਪੀੜੀ ਦੀ ਹੋਣੀ ਨੂੰ ਸਹਿਜਤਾ ਨਾਲ ਚਿਤਰਣ ਦਾ ਯਤਨ ਕੀਤਾ ਹੈ।
‘ਪਰਵਾਜ਼ ਵਿਹੂਣੇ ਖੰਭ’ ਵਿੱਚ ਨਸ਼ੇ ਕਾਰਨ ਮਨੁੱਖ ਤੇ ਜੀਵਨ ਵਿਚ ਆਏ ਦੁਖਾਂਤ ਦੇ ਨਾਲ ਨਾਲ ਰਾਵੀ ਨੌਜਵਾਨਾਂ ਦਾ ਨਸ਼ੇ ਦੇ ਆਦੀ ਹੋਣ ਦਾ ਕਾਰਨ ਵੀ ਪਾਠਕਾਂ ਦੇ ਸਾਹਮਣੇ ਲੈ ਕੇ ਆਉਂਦੀ ਹੈ।
ਲੇਖਕਾਂ ਨੇ ਜਿੱਥੇ ਵਿਦੇਸ਼ ਜਾਣ ਵਾਲੇ ਸਵਾਰਥੀ ਲੋਕਾਂ ਦਾ ਇੱਥੋਂ ਦੇ ਲੋਕਾਂ ਨਾਲ ਠੱਗੀ ਮਾਰਨਾ ਆਪਣੀ ਕਿਤਾਬ ਵਿੱਚ ਦਰਸਾਇਆ ਹੈ ਉੱਥੇ ਉਸਨੇ ਵਿਦੇਸ਼ ਜਾਣ ਦੇ ਲਾਭ ਵੀ ਪਾਠਕਾਂ ਦੇ ਸਾਹਮਣੇ ਲਿਆਂਦੇ ਹਨ।
ਰਾਵੀ ਆਪਣੇ ਕਹਾਣੀ ਸੰਗ੍ਰਹਿ ਰਾਹੀਂ ਰਿਸ਼ਵਤ ਖੋਰ ਅਤੇ ਭ੍ਰਿਸ਼ਟ ਅਫਸਰਾਂ ਰਾਹੀਂ ਆਮ ਲੋਕਾਂ ਦੇ ਜੀਵਨ ਨੂੰ ਨਰਕ ਦੇ ਦੁਆਰ ਤੇ ਖੜਾ ਕਰਨ ਬਦਲੇ ਨੌਕਰਸ਼ਾਹੀ ਨੂੰ ਲਾਹਣਤਾਂ ਪਾਉਂਦੀ ਹੈ।
ਇਸ ਤੋਂ ਇਲਾਵਾ ਉਸ ਨੇ ਭਾਰਤ ਵੰਡ ਸਮੇਂ ਉਪਜੇ ਦੁਖਾਂਤ, ਬੇਗਾਨਿਆਂ ਦੀ ਨੇਕ ਦਿਲੀ,ਮੁਹੱਬਤ ਦਾ ਸੁਹੱਪਣ, ਭੈਣ-ਭਰਾ ਦਾ ਪਿਆਰ, ਜਲਦਬਾਜ਼ੀ ਵਿੱਚ ਲਏ ਫੈਸਲਿਆਂ ਲਈ ਪਛਤਾਵਾ ਆਦਿ ਅਨੇਕਾਂ ਸਮਾਜਿਕ ਮੁੱਦਿਆਂ ਉੱਪਰ ਆਪਣੀ ਸੰਵੇਦਨਾ ਪਾਠਕਾਂ ਸਾਹਮਣੇ ਰੱਖੀ ਹੈ।
ਮੈਂ ਕਿਸੇ ਵੀ ਕਹਾਣੀ ਦਾ ਵਿਸ਼ੇਸ਼ ਤੌਰ ਤੇ ਜਿਕਰ ਨਾ ਕਰਦਾ ਹੋਇਆ ਲੇਖਕਾ ਦੇ ਇਸ ਕਹਾਣੀ ਸੰਗ੍ਰਹਿ, ਜਿਸ ਵਿੱਚ ੳਸਨੇ 29 ਕਹਾਣੀਆਂ ਨੂੰ ਸਾਮਿਲ ਕੀਤਾ ਹੈ,ਦਾ ਸਵਾਗਤ ਕਰਦਾ ਹਾਂ ਅਤੇ ਉਮੀਦ ਕਰਦਾ ਹਾਂ ਕਿ ਉਹ ਹਮੇਸ਼ਾ ਦੀ ਤਰ੍ਹਾਂ ਹੋਰ ਪ੍ਰਪੱਕਤਾ ਦੇ ਨਾਲ ਪਾਠਕਾਂ ਦੇ ਰੂਬਰੂ ਹੋਵੇਗੀ।
ਤੁਸੀਂ ਇਹ ਕਹਾਣੀ ਸੰਗ੍ਰਹਿ ਡੀਪੀ ਪਬਲੀਸਰ ਐਂਡ ਮੀਡੀਆ ਹਾਊਸ ਅੰਮ੍ਰਿਤਸਰ ਤੋਂ ਮੰਗਵਾ ਕੇ ਪੜ੍ਹ ਸਕਦੇ ਹੋਂ। ਲੇਖਕਾ ਨੂੰ ਸ਼ੁਭਕਾਮਨਾਵਾਂ ਦਿੰਦਾ ਹੋਇਆ…..
ਖਿਮਾ ਦਾ ਜਾਚਕ
ਸਰਬਜੀਤ ਸਿੰਘ

