ਹੜ੍ਹ ਦੇ ਪਾਣੀ ਨਾਲ ਹੈ ਆਈ, ਕਿੰਨੀ ਵੱਡੀ ਆਫ਼ਤ।
ਇਸ ਆਫ਼ਤ ਤੋਂ ਰੱਬ ਹੀ ਜਾਣੇ, ਕਦੋਂ ਮਿਲੇਗੀ ਰਾਹਤ।
ਡਿੱਗੇ ਘਰ ਤੇ ਫ਼ਸਲਾਂ ਰੁੜ੍ਹੀਆਂ, ਖੌਰੇ ਕੀ ਕੁਝ ਹੋਣਾ।
ਸਾਡੀ ਤਾਂ ਕਿਸਮਤ ਵਿੱਚ ਲਿਖਿਆ, ਜੀਵਨ ਭਰ ਦਾ ਰੋਣਾ।
ਕੋਈ ਵੀ ਟੱਬਰ ਨਾ ਦਿੱਸਦਾ, ਜਿਹੜਾ ਬਚਿਆ ਸਾਬਤ।
ਮਾਰ ਪਈ ਹੈ ਐਸੀ, ਸਭ ਕੁਝ ਤਹਿਸ਼-ਨਹਿਸ਼ ਹੈ ਹੋਇਆ।
ਕਈ ਥਾਂਈਂ ਦਸ ਫੁੱਟ ਪਾਣੀ ਨੇ, ਘਰਾਂ ਨੂੰ ਆਣ ਡੁਬੋਇਆ।
ਕੁੱਲ ਪੰਜਾਬ ਦੁਖਾਂ ਵਿੱਚ ਫਸਿਆ, ਦੱਸੀਏ ਕੀਹਦੇ ਬਾਬਤ।
ਦਾਣਾ-ਪੱਠਾ ਰੁੜ੍ਹ ਗਿਆ ਸਾਰਾ, ਪਸ਼ੂ ਨਾ ਬਚਿਆ ਕੋਈ।
ਹਾਹਾਕਾਰ ਮੱਚੀ ਚਹੁੰ ਪਾਸੀਂ, ਕੌਣ ਸੁਣੇ ਅਰਜ਼ੋਈ।
ਤੀਲਾ-ਤੀਲਾ ਜੋੜ ਬਣਾਇਆ, ਲੱਗੀ ਬੜੀ ਸੀ ਲਾਗਤ।
ਵਿੱਚ ਬਿਪਤਾ ਦੇ ਵੇਖ ਲੋਕਾਂ ਨੂੰ, ਕਈਆਂ ਮਦਦ ਕੀਤੀ।
ਵੰਡਣ ਸਾਮੱਗਰੀ ਭਾਵੁਕ ਹੋ ਕੇ, ਜੋ ਸਾਡੇ ਤੇ ਬੀਤੀ।
ਭਾਈਚਾਰਕ ਸਾਂਝ ਦੀ ਇਸਤੋਂ, ਵੱਡੀ ਨਹੀਂ ਸ਼ਨਾਖ਼ਤ।
ਮਾਣ ਨਾ ਕਰੀਏ ਧਨ-ਦੌਲਤ ਤੇ, ਵਿੱਚ ਹਲੀਮੀ ਰਹੀਏ।
ਵੰਡੀਏ ਖੇੜੇ-ਖੁਸ਼ੀਆਂ ਹਰ ਥਾਂ, ਮੰਦੇ ਬੋਲ ਨਾ ਕਹੀਏ।
ਆਕੜ, ਧੌਂਸ ਤੇ ਖ਼ੁਦਗਰਜ਼ੀ ਦੀ, ਛੱਡੀਏ ਆਪਣੀ ਆਦਤ।
ਰੱਬ ਦੇ ਅੱਗੇ ਜ਼ੋਰ ਨਾ ਚੱਲੇ, ਕਰਦਾ ਆਪਣੀ ਮਰਜ਼ੀ।
ਉਹਦੀ ਦਰਗਾਹ ਵਿੱਚ ਨਾ ਪੁੱਜੇ, ਨਾ ਚਿੱਠੀ ਨਾ ਅਰਜ਼ੀ।
ਜਦ ਬੰਦਾ ਮਨ-ਆਈਆਂ ਕਰਦਾ, ਰੱਬ ਵਿਖਾਵੇ ਤਾਕਤ।
~ ਪ੍ਰੋ. ਨਵ ਸੰਗੀਤ ਸਿੰਘ
1, ਲਤਾ ਗਰੀਨ ਐਨਕਲੇਵ, ਪਟਿਆਲਾ-147002.
(9417692015)