ਇੱਕ ਭਾਈ ਇੱਕ ਭਾਲੂ ਲੈ ਕੇ
ਸਾਡੀ ਗਲ਼ੀ ਵਿੱਚ ਆਇਆ।
ਆ ਬੈਠਾ ਵਿੱਚ ਚੌਂਕ ਦੇ ,
ਡੋਰੂ ਉਸ ਖੜਕਾਇਆ।
ਆਵਾਜ਼ ਸੁਣ ਸਭ ਵੇਖਣ ਆਏ,
ਬੰਤਾ ਤੇ ਹਰਨਾਮਾ।
ਛੋਟੇ ਜਵਾਕ ਨੂੰ ਕੁੱਛੜ ਚੁੱਕੀ ,
ਆਈ ਜਾਵੇ ਭਾਨਾ।
ਵੇਖਣ ਆਏ ਪਿੰਡ ਦੇ ਲੋਕੀ,
ਘੇਰਾ ਘੱਤ ਕੇ ਬਹਿ ਗਏ।
ਵੱਡਾ ਸਾਰਾ ਰਿੱਛ ਵੇਖ,ਬੱਚੇ
ਬੁੱਕਲਾਂ ਦੇ ਵਿੱਚ ਸਹਿ ਗਏ।
ਕੋਲ ਮਦਾਰੀ ਦੇ ਸੀ ਡੰਡਾ,
ਜਿਸ ਨਾਲ ਰਿੱਛ ਨਚਾਵੇ।
ਉਹ ਵੀ ਸੀ ਬੜਾ ਸਿਆਣਾ,
ਸਮਝ ਇਸ਼ਾਰਾ ਜਾਵੇ।
ਕਈ ਤਰਾਂ ਦੀਆਂ ਖੇਡਾਂ ਕਰਕੇ,
ਸਭ ਨੂੰ ਖੂਬ ਹਸਾਇਆ।
ਕੋਈ ਆਟਾ, ਕੋਈ ਦਾਣੇ ਲ਼ੈ ਕੇ,
ਦੇਣ ਘਰਾਂ ਤੋਂ ਆਇਆ।
ਮਾਂ ਮੇਰੀ ਨੇ ਕਿਹਾ ਭਾਈ ਆਹ
ਮੁੰਡਾ ਰੋਂਦਾ ਰਹਿੰਦਾ।
ਇਹਨੂੰ ਰਿੱਛ ‘ਤੇ ਝੂਟਾ ਦੇ ਦਈਏ,
ਭਾਈ ਅੱਗੋਂ ਕਹਿੰਦਾ।
ਵਾਲ ਪੁੱਟ ਕੇ ਰਿੱਛ ਦੇ ਦਿੱਤੇ ,
ਰੱਖੀਂ ਗਲ਼ ਵਿੱਚ ਪਾ ਕੇ।
ਮੁੰਡਾ ਤੇਰਾ ਹੁਣ ਨੀ ਰੋਂਦਾ
ਨਜ਼ਰੋਂ ਰੱਖੂ ਬਚਾ ਕੇ।
ਏਹੋ ਜੇਹੇ ਸਮੇਂ ਉੱਦੋਂ ਸੀ
ਕਈਆਂ ਨੂੰ ਯਾਦ ਕਰਾ ‘ਤੇ।
‘ਪੱਤੋ’ ਕਿੰਨਾਂ ਵਕਤ ਬਦਲਿਆ,
ਸਭ ਕੁੱਝ ਰੱਖ ‘ਤਾ ਭੁਲਾ ਕੇ।
ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ94658-21417
