ਅੱਜ ਤੱਕ ਫੜੀ ਨਾ ਬਾਂਹ ਕਿਸੇ ਨੇ,
ਮਜ਼ਦੂਰਾਂ ਕਿਰਤੀਆਂ ਕਿਰਸਾਨਾਂ ਦੀ।
ਕੌਣ ਕਰੂ ਭਰਵਾਈ ਓ ਲੋਕੋ,
ਹੜ੍ਹਾਂ ਵਿੱਚ ਰੁੜ੍ਹ ਗਈਆਂ ਜਾਨਾਂ ਦੀ।
ਕੁਦਰਤ ਅੱਗੇ ਜ਼ੋਰ ਨਹੀਂ ਚੱਲਦਾ,
ਕਹਿੰਦੇ ਕਿਸੇ ਵੀ ਬੰਦੇ ਦਾ।
ਨੁਕਸਾਨ ਹੁੰਦਾ ਆਇਆ ਹੁਣ ਤੱਕ,
ਪੰਜਾਬ ਦੇ ਹਰ ਇੱਕ ਧੰਦੇ ਦਾ।
ਕਦੇ ਨਾ ਹੋਈ ਨਜ਼ਰ ਸਵੱਲੀ,
ਰਾਜ ਕਰਦੇ ਸਿਆਸਤਦਾਨਾਂ ਦੀ।
ਕੌਣ ਕਰੂ ਭਰਵਾਈ ਓ ਲੋਕੋ,
ਹੜ੍ਹਾਂ ਵਿੱਚ ਰੁੜ੍ਹ ਗਈਆਂ ਜਾਨਾਂ ਦੀ।
ਧੰਨਵਾਦ ‘ਐਨ ਜੀ ਓ’ ਵਾਲਿਆਂ ਦਾ,
ਜਿਨ੍ਹਾਂ ਕਈ ਪਿੰਡ ਬਚਾ ਦਿੱਤੇ।
ਧੰਨ ਨੇ ਬੱਚੇ ਬੁੱਢੇ ਮਾਵਾਂ,
ਜਿਨ੍ਹਾਂ ਥਾਂ ਥਾਂ ਲੰਗਰ ਲਾ ਦਿੱਤੇ।
ਕਈਆਂ ਨੇ ਰਸਦਾਂ ਲੁੱਟ ਲਈਆਂ,
ਮਰ ਗਈ ਜ਼ਮੀਰ ਬੇਈਮਾਨਾਂ ਦੀ।
ਕੌਣ ਕਰੂ ਭਰਵਾਈ ਓ ਲੋਕੋ,
ਹੜ੍ਹਾਂ ਵਿੱਚ ਰੁੜ੍ਹ ਗਈਆਂ ਜਾਨਾਂ ਦੀ।
ਐਨ ਆਰ ਆਈ ਤੇ ਗਾਇਕ ਵੀਰੇ,
ਜੋ ਦੁਖੀਆਂ ਨਾਲ ਆਣ ਖੜ੍ਹੇ।
ਅਸੀਂ ਵਾਰਸ ਓਸ ਕੌਮ ਦੇ ਹਾਂ,
ਜੋ ਅਜ਼ਾਦੀ ਲਈ ਲੜੇ।
ਅੱਖਾਂ ਚੋਂ ਹੰਝੂ ਡਿੱਗ ਆਉਂਦੇ,
ਵੇਖ ਕੇ ਹਾਲਤ ਟੁੱਟਿਆਂ ਵਾਹਨਾਂ ਦੀ।
ਕੌਣ ਕਰੂ ਭਰਵਾਈ ਓ ਲੋਕੋ,
ਹੜ੍ਹਾਂ ਵਿੱਚ ਰੁੜ੍ਹ ਗਈਆਂ ਜਾਨਾਂ ਦੀ।
“ਲੰਢੇ ਵਾਲਾ” ਕਰਦਾ ਸਿਜਦਾ,
ਜਿਨ੍ਹਾਂ ਮੋਹਰੀ ਰੋਲ ਨਿਭਾਇਆ ਏ।
ਜਾਨ ਖ਼ਤਰੇ ਵਿੱਚ ਪਾ ਆਪਣੀ,
ਹੋਰਾਂ ਨੂੰ ਬਚਾਇਆ ਏ।
“ਝੱਜ” ਪਿੱਠ ਥਾਪੜਨੀ ਬਣਦੀ,
ਉਨ੍ਹਾਂ ਸੂਰਬੀਰ ਜਵਾਨਾਂ ਦੀ।
ਕੌਣ ਕਰੂ ਭਰਵਾਈ ਓ ਲੋਕੋ,
ਹੜ੍ਹਾਂ ਵਿੱਚ ਰੁੜ੍ਹ ਗਈਆਂ ਜਾਨਾਂ ਦੀ।

ਸਾਧੂ ਸਿੰਘ ਝੱਜ
ਸਿਆਟਲ (ਯੂ ਐਸ ਏ)