ਰੁੱਖਾਂ ਨਾਲ ਹੈ ਜ਼ਿੰਦਗੀ ਸਾਡੀ,
ਰੁੱਖਾਂ ਨਾਲ ਹੈ ਖੇੜਾ।
ਰੁੱਖਾਂ ਨਾਲ ਹੈ ਸੋਂਹਦੀ ਧਰਤੀ,
ਸੋਹਣਾ ਲੱਗਦਾ ਵਿਹੜਾ।
ਰੁੱਖ ਕਦੀਮ ਤੋਂ ਯਾਰ ਬੰਦੇ ਦੇ,
ਰੁੱਖ ਤੋਂ ਮਿਲਦੀਆਂ ਛਾਂਵਾਂ।
ਰੁੱਖਾਂ ਦੀ ਛਾਂ ਹੇਠਾਂ ਬਹਿ ਕੇ,
ਚੇਤੇ ਆਵਣ ਮਾਂਵਾਂ।
ਰੁੱਖ ਨੇ ਸਾਡੇ ਮਿੱਤਰ ਦੋਸਤ,
ਰੁੱਖ ਭਰਾਵਾਂ ਵਰਗੇ।
ਰੁੱਖ ਦਰਵੇਸ਼ਾਂ ਵਰਗੇ ਹੁੰਦੇ,
ਧੁੱਪ, ਨ੍ਹੇਰੀ ਨੂੰ ਜਰਦੇ।
ਜੀਵ ਜੰਤੂ ਨੂੰ ਆਸਰਾ ਦਿੰਦੇ,
ਆਲ੍ਹਣੇ ਪਾਉਂਦੇ ਉੱਤੇ।
ਥੱਕੇ ਮੁਸਾਫਰ ਸਾਹ ਲੈਂਦੇ ਨੇ,
ਵਿੱਚ ਗਰਮੀ ਦੀ ਰੁੱਤੇ।
ਵਿਰਸੇ ਦੇ ਵਿੱਚ ਰੁੱਖਾਂ ਨੂੰ ਹੈ,
ਮਿਲਿਆ ਉੱਚਾ ਦਰਜਾ।
ਹੜ੍ਹ ਸੋਕੇ ਤੋਂ ਰਾਹਤ ਦਿੰਦੇ,
ਇਨ੍ਹਾਂ ਬਿਨਾਂ ਨਾ ਸਰਦਾ।
ਰੁੱਖਾਂ ਦਾ ਜੱਸ ਗੁਰਬਾਣੀ ਤੇ,
ਸ਼ਿਵ, ਪਾਤਰ ਨੇ ਗਾਇਆ।
ਆਓ ਰਲ਼ ਕੇ ਸਾਂਭ ਲਈਏ,
ਇਹ ਜੀਵਨ ਦਾ ਸਰਮਾਇਆ।
ਜੇਕਰ ਜੀਵਨ ਬਚਾਉਣਾ ਹੈ ਤਾਂ,
ਲਾਈਏ ਰੁੱਖ ਘਣੇਰੇ।
ਖ਼ੁਸ਼ੀਆਂ ਤੇ ਖ਼ੁਸ਼ਹਾਲੀ ਮਿਲਣੀ,
ਰੌਸ਼ਨ ਹੋਣ ਸਵੇਰੇ।
ਅੱਜ ਤੋਂ ਸਾਰੇ ਨਿਸ਼ਚਾ ਕਰੀਏ,
ਇੱਕ-ਇੱਕ ਰੁੱਖ ਲਾਵਾਂਗੇ।
ਪੌਣ, ਪਾਣੀ ਤੇ ਧਰਤ ਬਚਾ ਕੇ,
ਜੰਨਤ ਲੈ ਆਵਾਂਗੇ।

* ਪ੍ਰੋ ਨਵ ਸੰਗੀਤ ਸਿੰਘ
# ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151302 (ਬਠਿੰਡਾ) 9417692015.