ਮਨੁੱਖੀ ਜ਼ਿੰਦਗੀ ਵਿੱਚ ਰੰਗਾਂ ਦੀ ਮਹੱਤਤਾ ਨੂੰ ਅਣਗੌਲਿਆਂ ਨਹੀਂ ਕੀਤਾ ਜਾ ਸਕਦਾ। ਕਿਸੇ ਨੂੰ ਗੂੜ੍ਹੇ ਤੇ ਕਿਸੇ ਨੂੰ ਥੋੜ੍ਹੇ ਘੱਟ ਗੂੜ੍ਹੇ ਰੰਗ ਪਸੰਦ ਹਨ। ਰੰਗਾਂ ਤੋਂ ਬਿਨਾਂ ਜੀਵਨ ਦੀ ਕਲਪਨਾ ਵੀ ਕਰਨਾ ਵਿਅਰਥ ਹੈ।ਕੁਦਰਤ ਵਿੱਚ ਵੀ ਰੰਗ ਸਮੋਏ ਹਨ।ਮੀਂਹ ਪੈਣ ਤੋਂ ਬਾਅਦ ਆਸਮਾਨ ਵਿੱਚ ਬਣੀ ਸਤਰੰਗੀ ਪੀਂਘ ਵੀ ਇਸ ਗੱਲ਼ ਦੀ ਸ਼ਾਹਦੀ ਭਰਦੀ ਹੈ ਕਿ ਕੁਦਰਤ ਵੀ ਰੰਗਾਂ ਤੋਂ ਬਿਨਾਂ ਅਧੂਰੀ ਹੈ।ਬੱਚਾ ਹੋਵੇ ਜਾਂ ਅੱਲੜ੍ਹ ਉਮਰ ਦਾ ਮੁੱਛ ਫੁੱਟ ਗੱਭਰੂ ਰੰਗਾਂ ਨਾਲ ਖੇਡਣਾ ਸਭ ਨੂੰ ਪਸੰਦ ਹੈ।ਰੰਗ ਤਾਂ ਪੰਜਾਬੀ ਸੱਭਿਆਚਾਰ ਵਿੱਚ ਘੁਲ ਮਿਲਕੇ ਪੰਜਾਬੀ ਗੀਤਾਂ ਦਾ ਹਿੱਸਾ ਵੀ ਬਣ ਚੁੱਕੇ ਹਨ।ਜਿਸ ਤਰ੍ਹਾਂ ਸਮਾਂ ਅਤੇ ਸਮੁੰਦਰ ਦੀਆਂ ਲਹਿਰਾਂ ਕਿਸੇ ਦਾ ਇੰਤਜ਼ਾਰ ਨਹੀਂ ਕਰਦੀਆਂ। ਉਸ ਪ੍ਰਕਾਰ ਜ਼ਿੰਦਗੀ ਦਾ ਇੱਕ ਰੰਗ ਲੰਘ ਜਾਣ ਬਾਅਦ ਮੁੜ ਉਸ ਦਾ ਆਉਣਾ ਮੁਸ਼ਿਕਲ ਹੀ ਨਹੀਂ ਸਗੋਂ ਅਸੰਭਵ ਹੈ। ਰੰਗਾਂ ਨੂੰ ਜ਼ਿੰਦਗੀ ਦਾ ਹਿੱਸਾ ਬਣਾ ਕੇ ਕਿਸੇ ਗਾਇਕ ਨੇ ਸੱਚ ਹੀ ਕਿਹਾ ਹੈ ਕਿ ਤਿੰਨ ਰੰਗ ਨਹੀਂ ਲੱਭਣੇ ਬੀਬਾ ਹੁਸਨ,ਜਵਾਨੀ ਤੇ ਮਾਪੇ।
ਵਿਆਹ ਸ਼ਾਦੀ ਹੋਵੇ ਜਾਂ ਜੰਗ ਦਾ ਮੈਦਾਨ ਰੰਗ ਹਰ ਜਗ੍ਹਾ ਮਨੁੱਖੀ ਜਾਮੇ ਦੇ ਨਾਲ ਨਾਲ ਚਲਦੇ ਹਨ।ਲਾਲ ਰੰਗ ਚਿਤਾਵਨੀ ਦੀ ਨਿਸ਼ਾਨੀ ਹੈ ਤਾਂ ਸਫ਼ੈਦ ਰੰਗ ਸ਼ਾਂਤੀ ਅਤੇ ਕੇਸਰੀ ਰੰਗ ਬਲੀਦਾਨ ਦਾ ਪ੍ਰਤੀਕ ਹੈ। ਮੇਲਿਆਂ ਅਤੇ ਤਿਓਹਾਰਾਂ ਦਾ ਦੇਸ਼ ਕਹੇ ਜਾਣ ਵਾਲੇ ਭਾਰਤ ਵਿੱਚ ਰੰਗਾਂ ਦਾ ਤਿਉਹਾਰ ਆਪਣੀ ਵੱਖਰੀ ਪਹਿਚਾਣ ਰੱਖਦਾ ਹੈ।ਰੰਗਾਂ ਦਾ ਤਿਉਹਾਰ ਹੋਲੀ ਰੰਗਾਂ ਦੇ ਨਾਲ ਨਾਲ ਪ੍ਰਭੂ ਭਗਤੀ ਵਿੱਚ ਵਿਸ਼ਵਾਸ,ਸੱਚਾਈ,ਅਡੋਲਤਾ ਅਤੇ ਜ਼ਬਰ ਜ਼ੁਲਮ ਦਾ ਸ਼ਾਂਤੀ ਨਾਲ ਸਾਹਮਣਾ ਕਰਨ ਦਾ ਸੁਨੇਹਾ ਦੇ ਕੇ ਸਮੁੱਚੀ ਮਨੁੱਖਤਾ ਨੂੰ ਇੱਕ ਮਾਲਾ ਵਿੱਚ ਪਿਰਾਉਂਦਾ ਹੋਇਆ ਜੋੜਨ ਦਾ ਯਤਨ ਕਰਦਾ ਹੈ। ਜ਼ਿੰਦਗੀ ਵਿਚ ਰੰਗ ਕੇਵਲ ਹੋਲੀ ਵਾਲੇ ਦਿਨ ਨਹੀਂ ਆਂਉਂਦੇ, ਇਹ ਤਾਂ ਤਮਾਮ ਜ਼ਿੰਦਗੀ ਮਨੁੱਖ ਦੇ ਨਾਲ ਨਾਲ ਚਲਦੇ ਹਨ। ਦੇਸ਼ ਦੇ ਵੱਖ ਵੱਖ ਖੇਤਰਾਂ ਵਿੱਚ ਹੋਲਿਕਾ ਦਹਨ,ਹੋਲੀ ਅਤੇ ਹੋਲਾ ਮਹੱਲਾ ਨੂੰ ਮਨਾਉਣ ਦਾ ਤਰੀਕਾ ਵੱਖ ਵੱਖ ਹੋ ਸਕਦਾ ਹੈ ਪਰੰਤੂ ਇਸ ਤਿਉਹਾਰ ਦਾ ਉਦੇਸ਼ ਦੇਸ਼ ਦੀ ਅਖੰਡਤਾ ਨੂੰ ਹੋਰ ਮਜ਼ਬੂਤ ਕਰਨਾ ਹੈ। ਸਮੇਂ ਦੇ ਬਦਲਾਅ ਨਾਲ ਹੋਲੀ ਦੇ ਤਿਉਹਾਰ ਨੂੰ ਮਨਾਉਣ ਵਿੱਚ ਵੀ ਬਦਲਾਅ ਆਇਆ ਹੈ।ਸਿਥੰਟੇਕਿ ਅਤੇ ਕੈਮੀਕਲ ਨਾਲ ਭਰਪੂਰ ਰੰਗਾਂ ਨੇ ਹੋਲੀ ਦੇ ਤਿਉਹਾਰ ਦੀਆਂ ਖੁਸ਼ੀਆਂ ਨੂੰ ਫ਼ਿੱਕਾ ਪਾਉਣ ਦਾ ਕੰਮ ਕੀਤਾ ਹੈ। ਬੱਚੇ ਤਾਂ ਅੱਜ ਵੀ ਜਿੱਦ ਕਰਦੇ ਹਨ ਕਿ ਉਹਨਾਂ ਨੂੰ ਰੰਗ ਚਾਹੀਦੇ ਹਨ, ਪਿਚਕਾਰੀਆਂ ਚਾਹੀਦੀਆਂ ਹਨ ਪ੍ਰੰਤੂ ਰੰਗਾਂ ਦੀ ਚੋਣ ਕਰਦੇ ਸਮੇਂ ਇਹ ਗੱਲ ਯਾਦ ਰੱਖਣਾ ਬਹੁਤ ਜ਼ਰੂਰੀ ਹੈ ਕਿ ਰੰਗ ਵਾਤਾਵਰਨ ਅਤੇ ਚਮੜੀ ਨੂੰ ਖ਼ਰਾਬ ਕਰਨ ਵਾਲੇ ਕਦੇ ਵੀ ਨਾ ਹੋਣ।ਅਸਾਨੀ ਨਾਲ ਪਾਣੀ ਨਾਲ ਲਹਿ ਜਾਣ। ਰੰਗਾਂ ਦੇ ਕਾਲੀ ਬਜ਼ਾਰੀ ਅਤੇ ਨਕਲੀ ਰੰਗਾਂ ਨੂੰ ਰੋਕਣ ਲਈ ਜਿਥੇ ਪ੍ਰਸ਼ਾਸਨ ਨੂੰ ਪੱਬਾਂ ਭਾਰ ਹੋ ਕੇ ਨਕੇਲ ਕੱਸਣੀ ਹੋਵੇਗੀ ਉਥੇ ਸਾਨੂੰ ਵੀ ਜਾਗਰੂਕ ਨਾਗਰਿਕ ਹੁੰਦੇ ਹੋਏ ਰੰਗਾਂ ਦੀ ਖ਼ਰੀਦਦਾਰੀ ਸੋਚ ਸਮਝ ਕੇ ਕਰਨੀ ਹੋਵੇਗੀ ਤਾਂ ਜ਼ੋ ਸਹੀ ਅਤੇ ਵਾਤਾਵਰਨ ਪੱਖੀ ਰੰਗ ਵਰਤ ਕੇ ਹੋਲ਼ੀ ਦੀਆਂ ਖੁਸ਼ੀਆਂ ਨੂੰ ਦੁੱਗਣਾ ਕੀਤਾ ਜਾ ਸਕੇ।
ਰਜਵਿੰਦਰ ਪਾਲ ਸ਼ਰਮਾ
7087367969

