ਤੇਰੇ ਵੱਲੋਂ ਸਦਾ ਹੀ ਆਵੇ,
ਮਹਿਕ ਖਿੜੇ ਫੁੱਲ ਗੁਲਜ਼ਾਰਾਂ ਦੀ।
ਆ ਵੀਰਾ ਮੈਂ ਤੇਰੇ ਰੱਖੜੀ ਬੰਨ੍ਹ ਦਿਆਂ,
ਜੋ ਇੱਕ ਸਾਂਝ ਹੈ ਆਪਣੇ ਪਿਆਰਾਂ ਦੀ।
ਪਰਦੇਸੋਂ ਮੁੜਿਆ ਤੂੰ ਵੀਰਾ ਵੇ,
ਅੱਜ ਰੱਖੜੀ ਦਾ ਦਿਨ ਆਇਆ।
ਤੇਰੇ ਬਾਝੋਂ ਘਰ ਸੁੰਨਾ ਜਾਪੇ,
ਯਾਦ ਤੇਰੀ ਨੇ ਬੜਾ ਸਤਾਇਆ।
ਸਾਲਾਂ ਬੱਧੀ ਇਹ ਦਿਨ ਆਉਂਦੇ,
ਭੈਣ ਨੂੰ ਉਡੀਕ ਹੁੰਦੀ ਤਿਉਹਾਰਾਂ ਦੀ।
ਆ ਵੀਰਾ ਮੈਂ ਤੇਰੇ ਰੱਖੜੀ ਬੰਨ੍ਹ ਦਿਆਂ,
ਜੋ ਇੱਕ ਸਾਂਝ ਹੈ ਆਪਣੇ ਪਿਆਰਾਂ ਦੀ।
ਬੂਹੇ ਅੱਗੇ ਬੈਠੀ ਭੈਣ ਉਡੀਕੇ,
ਕਦੋਂ ਵੀਰਾ ਘਰ ਆਵੇਗਾ।
ਬਾਪੂ ਬੇਬੇ ਦੀ ਖ਼ਬਰ ਸੁਣਾਊ,
ਭਾਬੋ ਨੂੰ ਵੀ ਨਾਲ ਲਿਆਵੇਗਾ।
ਕਿਸੇ ਚੀਜ਼ ਦੀ ਕੋਈ ਤੋਟ ਨਾ ਮੈਨੂੰ
ਮੰਗਦੀ ਹਾਂ ਝਲਕ ਤੇਰੇ ਦੀਦਾਰਾਂ ਦੀ।
ਆ ਵੀਰਾ ਮੈਂ ਤੇਰੇ ਰੱਖੜੀ ਬੰਨ੍ਹ ਦਿਆਂ,
ਜੋ ਇੱਕ ਸਾਂਝ ਹੈ ਆਪਣੇ ਪਿਆਰਾਂ ਦੀ।
ਵੀਰਾ ਸਮਝੀਂ ਨਾ ਤੂੰ ਧਾਗੇ ਦੀ ਡੋਰੀ,
ਇਸ ਵਿੱਚ ਗੁੰਦਿਆ ਪਿਆਰ ਮੇਰਾ।
ਤੂੰ ਜਦੋਂ ਬੰਨ੍ਹੇ‘ਗਾ ਗੁੱਟ ਆਪਣੇ ਤੇ,
ਇਸ ਵਿਚੋਂ ਹੋਊ ਦੀਦਾਰ ਮੇਰਾ।
ਝੱਜ” ਲੰਢੇ ਵਾਲਾ ਕਰੇ ਅਰਜੋਈ,
ਰਹੇ ਬਣੀ ਸਕੀਰੀ ਦੋਵੇਂ ਪ੍ਰੀਵਾਰਾਂ ਦੀ।
ਆ ਵੀਰਾ ਮੈਂ ਤੇਰੇ ਰੱਖੜੀ ਬੰਨ੍ਹ ਦਿਆਂ,
ਜੋ ਇੱਕ ਸਾਂਝ ਹੈ ਆਪਣੇ ਪਿਆਰਾਂ ਦੀ।
ਸਾਧੂ ਸਿੰਘ ਝੱਜ
ਸਿਆਟਲ ( ਯੂ ਐਸ ਏ )
ਅਗਸਤ 13,2024
