ਸਰਹੱਦ ਉਤੇ ਆ ਕੇ ਵੀਰਾ ਬੰਨਾਂਗੀ ਮੈਂ ਰੱਖੜੀ
ਵਾਰੀ ਘੋਲੀ ਜਾ ਕੇ ਵੀਰਾ ਬੰਨਾਂਗੀ ਮੈਂ ਰੱਖੜੀ।
ਸਰਹੱਦ ਉਤੇ ਆ ਕੇ ਵੀਰਾ ਬੰਨਾਂਗੀ ਮੈਂ ਰੱਖੜੀ।
ਸਿਰ ਉਤੇ ਚੁੱਕ ਕੇ ਮਖਣ ਕਟੋਰੇ ਵਾਲੀ ਤ੍ਰਿਗੜੀ।
ਸੱਜੀ ਹੋਵੇਗੀ ਸੱਤ ਰੰਗੇ ਡੇਰੇ ਵਾਲੀ ਤ੍ਰਿਗੜੀ
ਰੀਝਾਂ ਚਾਵਾਂ ਪਾ ਕੇ ਵੀਰਾਂ ਬੰਨਾਂਗੀ ਮੈਂ ਰੱਖੜੀ।
ਸਰਹੱਦ ਉਤੇ ਆ ਕੇ ਵੀਰਾ ਬੰਨਾਂਗੀ ਮੈਂ ਰੱਖੜੀ।
ਕੀ ਹੋਇਆ ਮਾਂ ਬਾਪੂ ਅੱਜ ਸਾਥੋਂ ਦੂਰ ਚਲੇ ਗਏ ਨੇ।
ਮੰਨ ਕੇ ਉਹ ਭਾਣੇ ਵਾਲਾ ਇਕ ਦਸਤੂਰ ਚਲੇ ਗਏ ਨੇ।
ਮਾਂ ਵਾਂਗੂੰ ਸਮਝਾ ਕੇ ਵੀਰਾ ਬੰਨਾਂਗੀ ਮੈਂ ਰੱਖੜੀ।
ਸਰਹੱਦ ਉਤੇ ਆ ਕੇ ਵੀਰਾ ਬੰਨਾਂਗੀ ਮੈਂ ਰੱਖੜੀ।
ਤੇਰੇ ਸੁਹਣੇ ਮੋਹ ਦੇ ਅੰਬਰ, ਵਿਚ ਲੰਬੀ ਉਮਰਾਂ ਦੇ।
ਜਗਮਗ-ਜਗਮਗ ਕਰਦੇ ਸਿਖਰਾਂ ਤੋਂ ਵੱਧ ਸਿਖਰਾਂ ਦੇ।
ਚੰਨ ਸਿਤਾਰੇ ਲਾ ਕੇ ਵੀਰਾਂ ਬੰਨਾਂਗੀ ਮੈਂ ਰੱਖੜੀ।
ਸਰਹੱਦ ਉਤੇ ਆ ਕੇ ਵੀਰਾਂ ਬੰਨਾਂਗੀ ਮੈਂ ਰੱਖੜੀ।
ਦਸਮੇਸ਼ ਪਿਤਾ ਦੇ ਜਾਏ ਹਾਂ, ਮੌਤ ਕੋਲੋਂ ਨਈਂ ਡਰਦੇ।
ਹੱਸ-ਹੱਸ ਤੱਤੀਆਂ ਤਵੀਆਂ ਉਤੇ, ਚਰਖੜੀਆਂ ’ਤੇ ਚੜ੍ਹਦੇ।
ਯੁੱਧ ਦੇ ਵਿਚ ਵੀ ਜਾ ਕੇ ਵੀਰਾਂ ਬੰਨਾਂਗੀ ਮੈਂ ਰੱਖੜੀ।
ਸਰਹੱਦ ਉਤੇ ਆ ਕੇ ਵੀਰਾ ਬੰਨਾਂਗੀ ਮੈਂ ਰੱਖੜੀ।
ਉਚੇ ਪਰਬਤ ਤੇਜ਼ ਹਵਾਵਾਂ ਵਿਚ, ਘੋਰ ਘਟਾਵਾਂ ਵਿਚ।
ਲਹਿਰਾਏ ਦਿਲਜਾਨ ਤਿਰੰਗਾ ਉਚੀਆਂ ਥਾਵਾਂ ਵਿਚ।
ਜੰਨਤ ਇਕ ਬਣਾ ਵੇ ਵੀਰਾ ਬੰਨਾਂਗੀ ਮੈਂ ਰੱਖੜੀ।
ਸਰਹੱਦ ਉਤੇ ਆ ਕੇ ਵੀਰਾ ਬੰਨਾਂਗੀ ਮੈਂ ਰੱਖੜ੍ਹੀ।
ਛੋਟਾ ਵੀਰ ਵਿਦੇਸ਼ਾਂ ਦੇ ਵਿਚ ਰੱਜ-ਰੱਜ ਮਿਹਨਤ ਕਰਦਾ।
ਪੰਜਾਬ ਮਿਰੇ ਦੀ ਧਰਤੀ ’ਤੇ ਮਿਹਨਤ ਅਪਣੀ ਘਲਦਾ।
ਉਸਦਾ ਹਾਲ ਸੁਣਾ ਕੇ ਵੀਰਾ ਬੰਨਾਂਗੀ ਮੈਂ ਰੱਖੜੀ।
ਸਰਹੱਦ ਉਤੇ ਆ ਕੇ ਵੀਰਾ ਬੰਨਾਂਗੀ ਮੈਂ ਰੱਖੜੀ।
ਮਧਲੇ ਵੀਰੇ ਵਿਚ ਵਿਦੇਸ਼ੋ ਰੱਖੜੀ ਦਾ ਘੱਲਿਆ ਪਿਆਰ।
ਮੈਂ ਵੀ ਚੁੰਮ-ਚੁੰਮ ਮੱਥੇ ਲਾਇਆ ਕੀਤਾ ਹੈ ਸਤਿਕਾਰ।
ਉਸਦੇ ਸ਼ੌਂਕ ਪੁਗਾ ਕੇ ਵੀਰਾ ਬੰਨਾਂਗੀ ਮੈਂ ਰੱਖੜੀ।
ਸਰਹੱਦ ਉਤੇ ਆ ਕੇ ਵੀਰਾ ਬੰਨਾਂਗੀ ਮੈਂ ਰੱਖੜੀ।
ਦੇਸ਼ ਮਿਰੇ ’ਤੇ ਭੀੜ ਬਣੇ ਛੁੱਟੀ ਲੈ ਕੇ ਆਵੀਂ ਨਾ।
‘ਬਾਲਮ’ ਦ ਵਾਂਗੂੰ ਟੈਂਕਾਂ ਦੇ ਵਿਚ ਵੀ ਘਬਰਾਈਂ ਨਾ।
ਹਿੰਮਤ ਵਿਚ ਸਜਾ ਕੇ ਵੀਰਾ ਬੰਨਾਂਗੀ ਮੈਂ ਰੱਖੜੀ।
ਸਰਹੱਦ ਉਤੇ ਆ ਕੇ ਵੀਰਾ ਬੰਨਾਂਗੀ ਮੈਂ ਰੱਖੜੀ।
ਬਲਵਿੰਦਰ ‘ਬਾਲਮ’
ਓਂਕਾਰ ਨਗਰ, ਗੁਰਦਾਸਪੁਰ ਪੰਜਾਬ
ਮੋ. 98156-25409
