
ਸਮੁੰਦਰ ‘ਚੋਂ ਉਠਦੀ ਲਹਿਰ ਨਹੀਂ ਜਾਣਦੀ, ਓਹਨੇ ਕੰਢੇ ਨਾਲ ਟਕਰਾਕੇ ਮੁੜ ਆਉਣਾ ਏ; ਮੁੜ ਪਾਣੀ ‘ਚ ਸਮਾ ਜਾਣਾ ਏ। ਜਾਣਦੀ ਹੁੰਦੀ ਤਾਂ ਵੀ ਉਠਦੀ। ਲਹਿਰ ਜਾਣਦੀ ਏ, ਓਹਨੇ ਉੱਠਣਾ ਈ ਉੱਠਣਾ ਏ; ਸਮੁੰਦਰ ਨੂੰ ਜਗਾਉਣਾ ਈ ਜਗਾਉਣਾ ਏ। ਲਹਿਰ ਉਠਦੀ ਏ। ਸਮੁੰਦਰ ਨੂੰ ਜਗਾਉਂਦੀ ਏ। ਪਾਣੀ ਨੂੰ ਜੀਵਾਂਉਂਦੀ ਏ। ਕਦੇ ਕਦੇ ਕੰਢੇ ਢਾਹੁੰਦੀ ਵੀ ਏ। ਕੰਢਿਓਂ ਪਾਰ ਵੀ ਜਾਂਦੀ ਏ। ਕੰਢਿਓਂ ਮੁਕਤ ਵੀ ਹੁੰਦੀ ਏ!
ਲਹਿਰ ਪਾਣੀ ‘ਚੋਂ ਉਠਦੀ ਏ। ਹਵਾ ‘ਚੋਂ ਉਠਦੀ ਏ। ਮਨ ‘ਚੋਂ ਉਠਦੀ ਏ। ਲਹਿਰ ਧਰਤ ਤੋਂ ਉਠਦੀ ਏ। ਰਾਜ-ਸਮਾਜ-ਸਭਿਅਤ ‘ਚੋਂ ਉਠਦੀ ਏ। ਸਾਹਿਤ, ਕਲਾ; ਗਿਆਨ ‘ਚੋਂ ਉਪਜਦੀ ਏ।
ਧਰਤ ਦਬਾਇਆਂ ਦਬਦੀ ਨਹੀਂ। ਜੇ ਇਕ ਥਾਂ ਤੋਂ ਦਬਦੀ ਏ ਤਾਂ ਦੂਜੀ ਥਾਂ ਤੋਂ ਦੁੱਗਣੀ ਹੋ ਕੇ ਉਭਰਦੀ ਏ। ਭਾਰਤ ਦੀ ਧਰਤ ‘ਤੇ ਗੋਰਿਆਂ ਪੈਰ ਧਰ੍ਹਿਆ। ਧਰਤ ਨੇ ਕੁਝ ਨਾ ਆਖਿਆ। ਗੋਰਿਆਂ ਧਰਤ ਨੂੰ ਦਬਾਇਆ। ਧਰਤ ਉੱਭਰੀ। ਥਾਂ ਥਾਂ ਤੋਂ ਉੱਭਰੀ। ਸ਼ਾਹ ਮੁਹੰਮਦ ਦੇ ਆਖਣ ਖੁਣੋਂ:
ਸ਼ਾਹ ਮੁਹੰਮਦਾ ਵਿਚ ਪੰਜਾਬ ਦੇ ਜੀ
ਕਦੇ ਨਹੀਂ ਸੀ ਤੀਸਰੀ ਜਾਤ ਆਈ…
ਜਦੋਂ ਪੰਜਾਬ ਦੀ ਧਰਤ ਨੂੰ ਤੀਸਰੀ ਜਾਤ ਨੇ ਦਬਾਇਆ ਤਾਂ ਓਹ ਤੜਪੀ, ਪੁਕਾਰੀ; ਉੱਭਰੀ। ਥਾਂ ਥਾਂ ਤੋਂ ਲਹਿਰ ਉੱਠੀ। ਚੇਤਨਾ ਦੀ ਲਹਿਰ। ਕੋਈ ਕਿਸੇ ਨਾਂ ‘ਤੇ। ਕੋਈ ਕਿਸੇ ਨਾਂ ਦੀ। ਮਕਸਦ ਹਰ ਲਹਿਰ ਦਾ ਇਕੋ: ਆਜ਼ਾਦੀ, ਪੂਰੀ ਆਜ਼ਾਦੀ; ਧਰਤ ਦੀ ਆਜ਼ਾਦੀ। ਇਹਨਾਂ ਵਿਚੋਂ ਈ ਇਕ ਲਹਿਰ ਉੱਠੀ: ਗਦਰ-ਲਹਿਰ। ਗਦਰ ਈ ਮਚਾ ਦਿੱਤਾ ਏਸ ਲਹਿਰ ਨੇ। ਗੋਰਿਆਂ ਨੂੰ ਭਾਜੜਾਂ ਪਾ ਦਿੱਤੀਆਂ ਏਸ ਲਹਿਰ ਨੇ। ਪੂਰੇ ਮੁਲਕ ਨੂੰ ਜਗਾ ਦਿੱਤਾ ਏਸ ਲਹਿਰ ਨੇ।
ਲਹਿਰ ਚੇਤਨਾ ਦਾ ਚਿੰਨ੍ਹ ਏ। ਹਰ ਲਹਿਰ ਨਵੀਂ ਚੇਤਨਾ ਲੈ ਕੇ ਆਉਂਦੀ ਏ। ਹਰ ਜੀਊਂਦੇ ਜੀਅ ਅੰਦਰ ਚੇਤਨਾ ਜਗਾਉਂਦੀ ਏ। ਚੇਤਨਾ ਦੀਆਂ ਜੜ੍ਹਾਂ ਖੱਬਲ ਘਾਹ ਵਾਂਗ ਕਦੇ ਜਾਂਦੀਆਂ ਨਹੀਂ। ਮੁੜ ਮੁੜ ਪੁੰਗਰਦੀਆਂ ਨੇ। ਥਾਂ ਥਾਂ ਪੁੰਗਰਦੀਆਂ ਨੇ। ਜਾਗਤ ਮਨ ਅੰਦਰ ਪੁੰਗਰਦੀਆਂ ਨੇ।
ਗਦਰ ਲਹਿਰ ਨੇ ਵੱਡੀ ਚੇਤਨਾ ਔਰਤ ਅੰਦਰ, ਭਾਰਤੀ ਔਰਤ ਅੰਦਰ; ਪੰਜਾਬੀ ਔਰਤ ਅੰਦਰ ਜਗਾਈ। ਏਸ ਮਾਨਸਿਕ ਕ੍ਰਾਂਤੀ ਨੇ ਸਮਾਜੀ-ਰਾਜਸੀ-ਸਭਿਆਚਾਰੀ ਕ੍ਰਾਂਤੀ ਨੂੰ ਜਨਮ ਦਿੱਤਾ। ਔਰਤ ਜਦੋਂ ਚੇਤਨ ਹੁੰਦੀ ਏ ਤਾਂ ਮਾਈ ਭਾਗੋ ਹੁੰਦੀ ਏ, ਦੁਰਗਾ ਹੁੰਦੀ ਏ; ਬੀਬੀ ਗੁਲਾਬ ਕੌਰ ਹੁੰਦੀ ਏ! ਇਹ ਗੁਲਾਬ ਕੌਰ ਜਦੋਂ ਕਾਵਿ-ਸਾਹਿਤ ਦੇ ਪੰਨਿਆਂ ‘ਤੇ ਆਉਂਦੀ ਏ ਤਾਂ ਗਦਰ ਦਾ ਚਿੰਨ੍ਹ ਹੋ ਜਾਂਦੀ ਏ। ਨਾਟ-ਸਾਹਿਤ ਵਿਚ ਆਉਂਦੀ ਏ ਤਾਂ ਗੁਲਾਬ ਦਾ ਰੂਪਕ ਹੋ ਜਾਂਦੀ ਏ। ਕੇਹਾ ਮੇਲ, ਨਿਖੇੜ; ਟਕਰਾ ਏ ਗਦਰ ਤੇ ਗੁਲਾਬ ਦਾ। ਰੋਹ ਤੇ ਮਹਿਕ ਦਾ। ਬੀਰ-ਰਸ ਤੇ ਸ਼ਾਂਤ-ਰਸ ਦਾ! ਗੁਲਾਬ ਕੌਰ ਇਕੇ ਵੇਲੇ ਕਿੰਨੀਆਂ ਪਰਤਾਂ ਵਿਚ ਜੀਊਂਦੀ ਏ!
ਗੁਲਾਬ ਕੌਰ ਓਦੋਂ ਗਦਰ ਦਾ ਰੂਪ ਹੋ ਜਾਂਦੀ ਏ ਜਦੋਂ ਚੂੜੀਆਂ ਮਰਦਾਂ ਵੱਲ ਵਗਾਹਕੇ ਮਾਰਦੀ ਏ। ਫੌਲਾਦ ਹੋ ਜਾਂਦੀ ਏ ਜਦੋਂ ਦੋਹਾਂ ਬਾਹਾਂ ਵਿਚ ਦੋ ਕੜੇ ਪਾਉਂਦੀ ਏ। ਗੁਲਾਬ ਹੋ ਜਾਂਦੀ ਏ ਜਦੋਂ ਪਛਾਣ ਛੁਪਾਉਣ ਲਈ ਪਤਨੀ ਦਾ ਭੇਸ ਧਾਰਦੀ ਏ। ਰੂਪੋਸ਼ ਗਦਰੀਆਂ ਦੇ ਸੁਨੇਹੇ ਟੋਕਰੀ ‘ਚ ਲੁਕਾਕੇ ਪੁਚਾਉਂਦੀ ਏ। ਇਨਕਲਾਬ, ਗਦਰ; ਆਜ਼ਾਦੀ ਦਾ ਹੋਕਾ ਦੂਰ ਦੂਰ ਤੱਕ ਲੈ ਕੇ ਜਾਂਦੀ ਏ।
ਗਦਰ ਲਹਿਰ ਦਾ ਇਤਿਹਾਸ ਗਦਰੀ ਬਾਬਿਆਂ ਦਾ ਸਿਰੜ ਏ। ਗਦਰ ਪਾਰਟੀ ਦਾ ਹੋਕਾ ਏ। ਗਦਰ ਕਾਵਿ ਦਾ ਪਰਾਗਾ ਏ। ਸ਼ਬਦੀਸ਼ ਨੇ ਇਹਨੂੰ ਇਕੱਠਾ ਕਰਕੇ, ਪੜ੍ਹਕੇ; ਘੋਖਕੇ ਨਾਟਕ ਲਿਖਿਆ ਏ: “ਖਿੜਦੇ ਰਹਿਣ ਗੁਲਾਬ”। ਇਹਦੀ ਕੇਂਦਰੀ-ਪਾਤਰ ਏ ਦਲੇਰ ਗਦਰੀ ਪੰਜਾਬਣ ਬੀਬੀ ਗੁਲਾਬ ਕੌਰ। ਸ਼ਬਦੀਸ਼ ਨੇ ਗਦਰ ਲਹਿਰ ਦਾ ਇਕ ਮਹੱਤਵੀ ਟੁਕੜਾ ਚੁਣਕੇ ਇਸ ਸਜੀਵੀ ਪਾਤਰ ਨੂੰ ਮੁੜ-ਸਿਰਜਿਆ ਏ। ਨਵੇਂ-ਸਿਰਿਓਂ ਚਿਤਰਿਆ ਏ। ਪੂਰੀ ਤਰ੍ਹਾਂ ਨਿਭਾਹਿਆ ਏ। ਉਸਨੇ ਗਦਰ ਕਾਵਿ ਨੂੰ ਇਸਦਾ ਧੁਰਾ ਬਣਾਇਆ ਏ। ਨਾਲ ਢੁਕਵੇਂ ਗੀਤਾਂ ਨੂੰ ਜੋੜਿਆ ਏ। ਗੁੰਦਵਾਂ ਕਥਾਨਕ, ਪੀਢੀ ਗੋਂਦ; ਲੈਆਤਮਕ ਵਾਰਤਾਲਾਪ ਨਾਟਕ ਦੇ ਕੁਝ ਉੱਘੜਵੇਂ ਗੁਣ ਨੇ। ਬੌਧਿਕਤਾ ਸ਼ਬਦੀਸ਼ ਰਚਨ ਦਾ ਧਰਾਤਲ ਏ। ਓਹ ਭਾਵੁਕਤਾ ਦੀਆਂ ਉਚਾਈਆਂ ਛੋਂਹਦਾ ਵੀ ਬੌਧਿਕਤਾ ਦੀ ਧਰਤੋਂ ਉਖੜਦਾ ਨਹੀਂ। ਪ੍ਰਗਤੀਵਾਦੀ ਪ੍ਰਤਿਬੱਧਤਾ ਉਸਦੀ ਪੱਕੀ ਪਛਾਣ ਏ। ਖੂਬੀ ਇਹ ਕਿ ਇਸਨੂੰ ਓਹ ਰਚਨਾ ਉੱਤੇ ਆਰੋਪਦਾ-ਥੋਪਦਾ ਨਹੀਂ। ਓਹ ਇਸਨੂੰ ਰਚਨਾ ਵਿਚੋਂ ਪੁੰਗਾਰਦਾ ਏ। ਇਹ ਉਸਦੇ ਨਾਟ-ਰਚਨ ਨੂੰ ਸਹਿਜ, ਸਾਂਵਾਂ; ਸਮ ਰਖਦਾ ਏ।
ਅਨੀਤਾ ਨਾਟਕ ‘ਖਿੜਦੇ ਰਹਿਣ ਗੁਲਾਬ’ ਦੀ ਇਕੋ ਇਕ ਇਕਲੌਤੀ ਪਾਤਰ ਏ। ਓਹ ਨਾਟਕੀ ਬਣਤ, ਬੁਣਤ; ਬੁਣਤਰ ਨੂੰ ਆਪਣੇ ਦੁਆਲੇ ਉਣਦੀ, ਤਣਦੀ; ਵਲ੍ਹੇਟਦੀ ਏ। ਇਹਦੇ ਵਿਚੋਂ ਬੜੀ ਜੁਗਤ, ਸੁਚੱਜਤਾ; ਕਲਾ ਨਾਲ ਧੀਮੇ-ਧੀਰੇ ਤੰਦ-ਤੰਦ, ਗੋਹੜਾ-ਗੋਹੜਾ; ਪੂਣੀ-ਪੂਣੀ ਕੱਤਦੀ ਜਾਂਦੀ ਏ। ਸੂਤ ਅਟੇਰੀ ਜਾਂਦੀ ਏ। ਪਿੰਨੇ ਕਰੀ ਜਾਂਦੀ ਏ। ਦਰਸ਼ਕ ਕੀਲਿਆ ਹੋਇਆ, ਓਹਦੇ ਨਾਲ ਨਾਲ ਵਹਿੰਦਾ; ਓਹਦੇ ਵਿਚਦੀ ਗੁਲਾਬ ਕੌਰ ਨੂੰ ਜਾਣਦਾ, ਪਛਾਣਦਾ; ਸਿੰਵਾਂਣਦਾ ਏ।
ਇਓਂ ਈ ਸਹਿਜੇ ਸਹਿਜੇ ਓਹ ਨਾਟਕੀ ਸਿਖਰ ਵੱਲ ਵੱਧਦੀ ਏ। ਨਾਟਕੀ ਕਲਾ ਨਿਖਰਦੀ ਏ। ਅਦਾਕਾਰੀ ਰੂਹ ਵਿਚ ਧੂਹ ਪਾਉਂਦੀ ਏ। ਅਛੋਪਲੇ ਕਿਤੇ ਓਹ ਸਭ ਕੁਝ ਸਮੇਟਕੇ ਅਨੀਤਾ ਤੋਂ ਬੀਬੀ ਗੁਲਾਬ ਕੌਰ ਹੋ ਜਾਂਦੀ ਏ। ਗਦਰ ਸਾਹਿਤ-ਇਤਹਾਸ-ਕਾਵਿ ਦਾ ਸੁਨੇਹਾ ਹੋ ਜਾਂਦੀ ਏ। ਵਲੀ ਹੋਈ ਸਾਰੀ ਤੰਦ ਤਾਣੀ ਖੁੱਲ੍ਹਦੀ, ਉੱਧੜਦੀ; ਸੁਲਝਦੀ ਜਾਂਦੀ ਏ। ਨਾਟਕੀ ਮਕਸਦ ਤੱਕ ਅਪੜਦੀ ਏ। ਸਿਖਰ ‘ਤੇ ਆਣਕੇ ਮਨੁੱਖੀ ਆਜ਼ਾਦੀ ਨਾਟਕੀ-ਚਿੰਨ੍ਹ ਬਣ ਜਾਂਦੀ ਏ। ਸਾਰਾ ਹਾਲ, ਪੂਰਾ ਮੰਚ; ਹਰ ਕੋਨਾ ਗਦਰ ਦੇ ਤਿਰੰਗੇ ਦਾ ਰੂਪ ਹੋ ਜਾਂਦਾ ਏ। ਮਾਹੌਲ ਗੁਲਾਬ ਗੁਲਾਬ ਹੋ ਜਾਂਦਾ ਏ। ਸ਼ਬਦੀਸ਼ ਦੀ ਸਿਰਜੀ ਪਾਤਰ ਅਦਾਕਾਰ ਅਨੀਤਾ ਗਦਰੀ ਗੁਲਾਬ ਕੌਰ ਹੋ ਜਾਂਦੀ ਏ। ਗੁਲਾਬ ਕੌਰ ਦੀ ਰੂਹ ਗੁਲਾਬ ਹੋ ਜਾਂਦੀ ਏ। ‘ਖਿੜਦੇ ਰਹਿਣ ਗੁਲਾਬ’ ਦੀ ਅਰਜ਼ੋਈ ਪੱਤੀ ਪੱਤੀ ਹੋ ਕੇ ਮਨ ਅੰਦਰ ਟਿਕ ਜਾਂਦੀ ਏ। ਦਰਸ਼ਕ ਪਾਤਰ-ਨਾਟਕ-ਮੰਚ ਨਾਲ ਇਕਸੁਰ ਹੋ ਜਾਂਦਾ ਏ। ਇਹ ਇਕਸੁਰਤਾ ਈ ਇਸ ਨਾਟਕ ਦੀ ਪ੍ਰਾਪਤੀ ਏ।
ਆਪਣੀ ਗੱਲ ਏਥੋਂ ਤੀਕ ਈ ਏ। ਨਾਟਕੀ ਤਕਨੀਕ ਦਾ ਬਹੁਤਾ ਥਹੁ ਪਤਾ ਨਹੀ। ਵਿਧੀ ਵਿਧਾਨ ਦੀ ਬਹੁਤੀ ਸੂਝ ਨਹੀਂ। ਬਣੌਟੀ ਗਿਆਨ ਵਾਲੀ ਆਧੁਨਿਕਤਾ ਪਕੜੋਂ ਪਰ੍ਹੇ ਏ। ਤਾਂ ਵੀ ਲੱਖਾ ਲਹਿਰੀ ਦੀ ਮੰਚ-ਜੜ੍ਹਤ ਦੀ ਢੁਕਵੀਂ ਸਾਦਗੀ ਜਚਦੀ ਏ। ਅਨੀਤਾ ਦੀ ਅਦਾਕਾਰੀ ਸਹਿਜ-ਸੁਭਾਵਕ, ਸਜੀਵ-ਸੁਹਿਰਦ; ਸੂਖਮ-ਸੰਵੇਦਨੀ ਲਗਦੀ ਏ। ਪ੍ਰੌਢ, ਸੰਵਰੀ; ਟਿਕੀ ਹੋਈ ਅਦਾਕਾਰੀ। ਬੱਝਵੀਂ ਲੈਅ-ਸੁਰ-ਤਾਲ ਦੀ ਮਿਸਾਲੀ ਅਦਾਕਾਰੀ। ਅਦਾਕਾਰ ਖੌਰੇ ਅਦਾ ਤੋਂ ਬਣਿਆ ਹੋਵੇ। ਅਦਾਕਾਰ ਦੀ ਅਦਾ ਬਿਨ ਬੋਲੇ ਬੋਲਦੀ ਏ। ਬੋਲ ਦਾ ਅੰਦਾਜ਼ ਸ਼ਬਦ ਆਪੇ ਘੜ੍ਹ ਦੇਂਦਾ ਏ। ਅੱਖ, ਬੁੱਲ੍ਹ; ਮੱਥਾ, ਚਿਹਰਾ; ਪੈਰ, ਤੋਰ ਬਹੁਤ ਕੁਝ ਪ੍ਰਗਟਾ ਦੇਂਦੇ ਨੇ।
ਊਣਾ, ਘਾਟਾਂ; ਕਮੀਆਂ ਬਿਨ ਸੰਪੂਰਨਤਾ ਕਿੱਥੇ! ਓਹ ਤੁਸੀਂ ਕੱਢੋ। ਆਪਾਂ ਤਾਂ ਗੁਣਾਂ ਦੇ ਗਾਹਕ ਆਂ। ਕਲਾ ਦੇ ਉਪਾਸ਼ਕ ਆਂ। ਸਿਫਤਕਾਰ ਆਂ ਜੀ! ਹਾਂ, ਅਦਾਕਾਰ ਖਾਲੀ ਥਾਂ ਬਾਰ ਬਾਰ ਹਾਸੇ ਦੀ ਥਾਂ ਚੁੱਪ-ਅਦਾ ਨਾਲ, ਹੁੰਗਾਰਾ ਭਰਦੇ ਬੋਲ ਨਾਲ; ਕਿਸੇ ਢੁਕਵੇਂ ਸੰਕੇਤ ਨਾਲ ਭਰਦੀ ਤਾਂ ਦੁਹਰਾਅ ਤੋਂ ਬਚਾ ਹੋ ਜਾਂਦਾ। ਟੋਕਰੀ ਸੱਚੀਂ-ਮੁੱਚੀਂ ਦੀ ਮੰਚ ‘ਤੇ ਆ ਜਾਂਦੀ ਤਾਂ ਗੱਲ ਹੋਰ ਸੰਵਰ ਜਾਂਦੀ। ਗਦਰ ਕਾਵਿ ਹੋਰ ਵੀ ਗਾਇਆ ਜਾਂਦਾ ਤਾਂ ਮਾਹੌਲ ਮੰਤਵ ਦੇ ਹੋਰ ਨੇੜੇ ਹੋ ਜਾਂਦਾ। ਇਹ ਕੁਝ ਕੁ ਅੱਖਰਵੀਆਂ ਰੜ੍ਹਕਾਂ ਜਾਪਦੀਆਂ ਨੇ। ਵਿਹਾਰੀ ਮਜਬੂਰੀਆਂ ਦਾ ਵੀ ਪਤਾ। ਮੌਕੇ ‘ਤੇ, ਸਮੇਂ ਅਨੁਸਾਰ; ਸੰਕਟ ਵੇਲੇ ਕਈ ਕੁਝ ਕਰਨਾ ਪੈਂਦਾ। ਵਾਧਾ-ਘਾਟਾ ਜਰਨਾ ਪੈਂਦਾ। ਪੂਰੇ ਇਕ ਪਾਤਰੀ ਨਾਟਕ ਨੂੰ ਨਿਭਾਹੁਣਾ ਸੌਖਾ ਤਾਂ ਨਹੀਂ ਨਾ ਹੁੰਦਾ!
ਖ਼ੈਰ! ਮੰਚ ਦਾ ਇਕ ਹਿੱਸਾ ਜਿਵੇਂ ਸਮੁੰਦਰ ਹੋ ਜਾਂਦਾ ਏ। ਅਦਾਕਾਰ ਅਨੀਤਾ ਦੀ ਅਦਾ ਸਾਰਾ ਸਮੁੰਦਰੀ ਜਹਾਜ਼ੀ ਦ੍ਰਿਸ਼ ਸਾਹਵੇਂ ਸਾਕਾਰ ਕਰ ਦੇਂਦੀ ਏ। ਮੰਚ ਦਾ ਦੂਸਰਾ ਹਿੱਸਾ ਘਰ ਦਾ ਕੋਠਾ, ਉਪਰਲਾ ਵਾਸਾ; ਬਨੇਰਾ ਹੋ ਜਾਂਦਾ ਏ। ਅਦਾਕਾਰ ਦੇ ਪੈਰ ਬਨੇਰਿਓਂ ਛਾਲ ਮਾਰਨ ਦਾ ਦ੍ਰਿਸ਼ ਦ੍ਰਿਸ਼ਦੇ ਨੇ। ਇਹ ਝਉਲਾ ਨਹੀਂ। ਇਹ ਹਕੀਕੀ ਅਦਾਕਾਰੀ ਦੀ ਨਾਟਕੀ ਝਲਕ ਏ। ਵਿਚਕਾਰਲਾ ਹਿੱਸਾ ਘਰ ਦਾ ਵਿਹੜਾ, ਲਾਂਘਾ; ਪਿਛਵਾੜਾ ਬਣ ਜਾਂਦਾ ਏ। ਜੁਗਤੀ ਰੋਸ਼ਨੀ, ਢੁਕਵਾਂ ਸੰਗੀਤ; ਮਕਸਦੀ ਸੁਰੀਲੇ ਬੋਲ ਨਾਟਕ ਨੂੰ ਮੰਚ ‘ਤੇ ਜੀਵੰਤ ਕਰ ਦੇਂਦੇ ਨੇ। ਐਨ ਸਿਖਰ ‘ਤੇ ਭਾਜੀ ਗੁਰਸ਼ਰਨ ਸਿੰਘ ਹੋਰੀਂ ਮੰਚ ਉੱਤੇ ਉਚੇਰੇ-ਉਚੇਚੇ ਰੂਪਮਾਨ ਹੁੰਦੇ ਨੇ। ਆਤਮ-ਤ੍ਰਿਪਤ ਜਾਪਦੇ ਨੇ। ਬਿਨ ਬੋਲੇ ਅਸ਼ੀਰਵਾਦ ਦੇਂਦੇ ਨੇ। ਸਦਕੇ ਇਹਨਾਂ ਸੁਹਿਰਦ, ਉੱਦਮੀ; ਸਿਰੜੀ ਮੰਚੀ-ਕਾਮਿਆਂ ਦੇ- ਜਿਨ੍ਹਾਂ ਪੰਜਾਬੀ ਨਾਟਕ ਦਾ ਨਾਂ- ਜਿਵੇਂ ਗੁਰਸ਼ਰਨ ਸਿੰਘ ਈ ਰੱਖ’ਤਾ ਹੋਵੇ!
[ਅਤੈ ਸਿੰਘ, ਬੁਰਜ ਨੱਥੂ ਕੇ, ਤਰਨ ਤਾਰਨ, ਪੰਜਾਬ.]
(98151 77577)
