ਦੁਨੀਆਂ ਦੇ ਕੋਨੇ-ਕੋਨੇ ‘ਚ ਵੱਸਦੇ ਹਰ ਸਿੱਖ ਨੂੰ ਪਤਾ ਹੈ ਕਿ ਅਕਾਲੀ ਦਲ ਬਾਦਲ ਅਤੇ ਉਨ੍ਹਾਂ ਦੇ ਪ੍ਰਬੰਧ ਹੇਠ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਆਪਣੇ ਨਿੱਜੀ ਹਿੱਤਾਂ ਤੇ ਸਿਆਸੀ ਮੁਫ਼ਾਦਾਂ ਲਈ ਸਮੇਂ-ਸਮੇਂ ‘ਤੇ ਵਰਤਦੇ ਹਨ। ਜਥੇਦਾਰ ਪਾਸੋਂ ਮਨ ਚਾਹੇ ਬਿਆਨ, ਆਦੇਸ਼, ਸੰਦੇਸ਼ ਤੇ ਹੁਕਮਨਾਮੇ ਜਾਰੀ ਕਰਵਾਉਂਦੇ ਹਨ। ਜਥੇਦਾਰ ਨੇ ਕੀ ਕਰਨਾ, ਕੀ ਬੋਲਣਾ, ਕਿੱਥੇ ਜਾਣਾ ਤੇ ਕਿੱਥੇ ਨਹੀਂ ਜਾਣਾ ਸਭ ਕੁਝ ਬਾਦਲ ਦਲੀਏ ਤੈਅ ਕਰਦੇ ਹਨ। ਜਥੇਦਾਰ ਨੂੰ ਤਾਂ ਬਾਦਲਕੇ ਆਪਣਾ ਮੁਲਾਜ਼ਮ ਹੀ ਸਮਝਦੇ ਹਨ ਤੇ ਕਿਸੇ ਵੇਲੇ ਤਾਂ ਜਥੇਦਾਰ ਦੀ ਹਾਲਤ ਨੌਕਰਾਂ ਤੇ ਸੀਰੀਆਂ ਵਰਗੀ ਵੀ ਬਣਾ ਦਿੰਦੇ ਹਨ। ਸ਼੍ਰੋਮਣੀ ਕਮੇਟੀ ਤੇ ਬਾਦਲਕਿਆਂ ਨੇ ਜਥੇਦਾਰ ਦਾ ਮਹਾਨ ਅਹੁਦਾ ਕੇਵਲ ਛੋਟਾ ਹੀ ਨਹੀਂ ਕੀਤਾ ਬਲਕਿ ਇਸ ਦਾ ਵੱਕਾਰ ਪੂਰੀ ਤਰ੍ਹਾਂ ਰੋਲ ਦਿੱਤਾ ਹੈ। ਸਿੱਖ ਕੌਮ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਲਈ ਸ਼੍ਰੋਮਣੀ ਕਮੇਟੀ ਤੇ ਸੁਖਬੀਰ ਸਿੰਘ ਬਾਦਲ ਕਦੇ-ਕਦੇ ਅਜਿਹੀ ਬਿਆਨਬਾਜੀ ਵੀ ਕਰਦੇ ਹਨ ਕਿ “ਜਥੇਦਾਰ ਸੁਪਰੀਮ ਹੈ, ਜਥੇਦਾਰ ਦਾ ਹੁਕਮ ਹਰ ਸਿੱਖ ਨੂੰ ਮੰਨਣਾ ਚਾਹੀਦਾ ਹੈ ਤੇ ਜਥੇਦਾਰ ਦੇ ਖ਼ਿਲਾਫ਼ ਨਹੀਂ ਜਾਣਾ ਚਾਹੀਦਾ।” ਬਾਦਲਕਿਆਂ ਦੀਆਂ ਇਹ ਗੱਲਾਂ ਸੁਣ ਕੇ ਹਾਸੋਹੀਣੀ ਸਥਿਤੀ ਬਣ ਜਾਂਦੀ ਹੈ ਤੇ ਹਰ ਸਿੱਖ ਮੱਥੇ ਨੂੰ ਹੱਥ ਮਾਰਦਾ ਹੈ ਕਿ ਕੌਮ ਦਾ ਕਿਹੜੇ ਗ਼ੱਦਾਰਾਂ ਨਾਲ ਵਾਹ ਪੈ ਗਿਆ। ਇਹ ਵੀ ਸੱਚ ਹੈ ਕਿ ਜਿਹੜਾ ਜਥੇਦਾਰ ਬਾਦਲਾਂ ਦੀ ‘ਜੀ-ਹਜ਼ੂਰੀ’ ਕਰਦਾ ਹੈ, ਬਾਦਲਕੇ ਉਸਨੂੰ ਬਹੁਤ ਹੀ ਸਤਿਕਾਰ ਦਿੰਦੇ ਹਨ। ਪਰ ਜਿਹੜੇ ਜਥੇਦਾਰ ਨੇ ਬਾਦਲਕਿਆਂ ਅੱਗੇ ਮਾੜੀ ਜਿੰਨੀ ਵੀ ਚੂੰ ਕੀਤੀ ਤਾਂ ਫਿਰ ਬਾਦਲਕੇ ਉਹਦੇ ਨਾਲ ਐਨੀ ਬੁਰੀ ਕਰਦੇ ਹਨ ਕੀ ਉਹ ਜਥੇਦਾਰ ਰੋਣਹਾਕਾ ਹੋ ਕੇ ਖ਼ੁਦਕੁਸ਼ੀ ਕਰਨ ਲਈ ਮਜ਼ਬੂਰ ਹੋ ਜਾਂਦਾ। ਬਾਦਲਾਂ ਨੇ 1994 ‘ਚ ਪੰਥਕ ਏਕਤਾ ਦਾ ਹੋਕਾ ਦੇਣ ਵਾਲ਼ੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਪ੍ਰੋਫ਼ੈਸਰ ਮਨਜੀਤ ਸਿੰਘ ਉੱਤੇ ਹਮਲਾ ਕਰ ਦਿੱਤਾ, ਉਸ ਨੂੰ ਗਾਲ੍ਹਾਂ ਕੱਢੀਆਂ ਤੇ ਵਿਚਾਰੇ ਨੂੰ ਬਾਥਰੂਮ ‘ਚ ਲੁੱਕ ਕੇ ਆਪਣੀ ਜਾਨ ਬਚਾਉਣੀ ਪਈ। ਨਰਕਧਾਰੀ ਗੁਰਬਚਨੇ ਨੂੰ ਸੋਧਣ ਵਾਲੇ ਜਥੇਦਾਰ ਭਾਈ ਰਣਜੀਤ ਸਿੰਘ ਨੂੰ ਵੀ ਬਾਦਲਕਿਆਂ ਨੇ ਆਪਣੀ ਲੱਤ ਹੇਠੋਂ ਲੰਘਾਉਣਾ ਚਾਹਿਆ ਪਰ ਜਦੋਂ ਜਥੇਦਾਰ ਨੇ ਇਹਨਾਂ ਦੀ ਈਨ ਨਾ ਮੰਨੀ ਤਾਂ ਬਾਦਲਕਿਆਂ ਨੇ ਲਾਹ ਕੇ ਪਰ੍ਹਾਂ ਮਾਰਿਆ। ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਨੇ ਸੰਨ 2015 ਵਿੱਚ ਜਥੇਦਾਰ ਗਿਆਨੀ ਗੁਰਬਚਨ ਸਿੰਘ ਤੋਂ ਰੱਜ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿਧਾਂਤਾਂ ਦਾ ਘਾਣ ਕਰਵਾਇਆ। ਬਲਾਤਕਾਰੀ, ਕਾਤਲ ਅਤੇ ਪੰਥ ਦੋਖੀ ਡੇਰਾ ਸਿਰਸਾ ਮੁਖੀ ਨੂੰ ਮਾਫ਼ੀ ਦਿਵਾਉਣ ਲਈ ਜਥੇਦਾਰਾਂ ਨੂੰ ਆਪਣੀ ਕੋਠੀ ਵਿੱਚ ਚੰਡੀਗੜ੍ਹ ਸੱਦਿਆ ਤੇ ਉਹਨਾਂ ਨੂੰ ਕਿਹਾ ਕਿ ਸਾਡੇ ਵਾਂਗ ਹੀ ਗੁਰੂ ਗ੍ਰੰਥ ਅਤੇ ਗੁਰੂ ਪੰਥ ਦਾ ਖਹਿੜਾ ਛੱਡੋ ਤੇ ਡੇਰਾ ਮੁਖੀ ਨੂੰ ਆਪਣੇ ‘ਭਾਪਾ ਜੀ’ ਬਣਾਓ ਤੇ ਸਿੱਖਾਂ ਨੂੰ ਕਹੋ ਕਿ ਅਸੀਂ ਡੇਰਾ ਸਿਰਸਾ ਮੁਖੀ ਨੂੰ ਮਾਫ਼ ਕਰ ਦਿੱਤਾ ਤੇ ਹੁਣ ਡੇਰਾ ਪ੍ਰੇਮੀਆਂ ਨੂੰ ਆਪਣੇ ਭਰਾ ਮੰਨੋ, ਜਿਸ ਨੇ ਨਾ ਮੰਨਿਆ ਅਸੀਂ ਛੇਕ ਦਿਆਂਗੇ। ਇਹ ਨਮੂਨੇ ਜਥੇਦਾਰ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਅਤੇ ਸਿੰਘਾਂ ਦੀਆਂ ਹੋਈਆਂ ਸ਼ਹੀਦੀਆਂ ਸਮੇਂ ਵੀ ਮੂੰਹ ਵਿੱਚ ਘੁੰਗਣੀਆਂ ਪਾ ਕੇ ਬੈਠੇ ਰਹੇ। ਸ਼੍ਰੋਮਣੀ ਕਮੇਟੀ ਦੀ ਗੋਲਕ ਵਿੱਚੋਂ ਸਿਰਸੇ ਵਾਲੇ ਦੀ ਮਾਫ਼ੀ ਨੂੰ ਸਹੀ ਠਹਿਰਾਉਣ ਲਈ ਦਿੱਤੇ 95 ਲੱਖ ਰੁਪਏ ਦੇ ਇਸ਼ਤਿਹਾਰਾਂ ਸਮੇਂ ਵੀ ਨਾ ਤਾਂ ਸ਼੍ਰੋਮਣੀ ਕਮੇਟੀ ਬੋਲੀ ਤੇ ਨਾ ਹੀ ਜਥੇਦਾਰ। ਇਹ ਬਸ ਆਪਣੇ ਆਕਾ ਬਾਦਲਾਂ ਦਾ ਹੁਕਮ ਵਜਾਉਂਦੇ ਰਹੇ। ਓਦੋਂ ਇੱਕ ਵੀ ਜਥੇਦਾਰ ਨੇ ਬਿਆਨ ਨਾ ਦਿੱਤਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਵਿੱਚ ਸਿਆਸੀ ਦਖ਼ਲਅੰਦਾਜ਼ੀ ਹੋ ਰਹੀ ਹੈ। ਜਦੋਂ ਜਥੇਦਾਰ ਗੁਰਬਚਨ ਸਿੰਘ ਪੂਰੀ ਤਰ੍ਹਾਂ ਬਦਨਾਮ ਹੋ ਗਿਆ, ਫਿਰ ਗਿਆਨੀ ਹਰਪ੍ਰੀਤ ਸਿੰਘ ਨੂੰ ਲਿਆਂਦਾ ਗਿਆ ਤੇ ਉਸ ਨੂੰ ਵੀ ਗਿਆਨੀ ਗੁਰਬਚਨ ਸਿੰਘ ਦੇ ਰਾਹਾਂ ਉੱਤੇ ਚਲਾਉਣ ਦੀਆਂ ਕੋਸ਼ਿਸ਼ਾਂ ਹੁੰਦੀਆਂ ਰਹੀਆਂ। ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਬਾਦਲਾਂ ਦਾ ਇੱਕ ਧੜਾ ਬਾਗ਼ੀ ਹੋ ਗਿਆ ਤੇ ਬਾਦਲਕਿਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮਾਮੂਲੀ ਤਨਖਾਹ ਲੱਗ ਗਈ। ਸੁਖਬੀਰ ਸਿੰਘ ਬਾਦਲ ਨੇ ਤੁਰੰਤ ਤਿੰਨੇ ਜਥੇਦਾਰ ਹੀ ਬਦਲ ਦਿੱਤੇ ਤੇ ਉਹਨਾਂ ਦਾ ਰੱਜ ਕੇ ਅਪਮਾਨ ਕੀਤਾ ਤੇ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਦੋ ਤਖ਼ਤਾਂ ਦਾ ਜਥੇਦਾਰ ਐਲਾਨ ਦਿੱਤਾ। ਹੁਣ ਗੜਗੱਜ ਸਾਬ੍ਹ ਵੀ ਸ਼੍ਰੋਮਣੀ ਕਮੇਟੀ ਬਾਦਲਕਿਆਂ ਦੇ ਸਿਸਟਮ ਅਤੇ ਦਬਾਅ ਹੇਠ ਉਹਨਾਂ ਦੇ ਹੱਕ ਵਿੱਚ ਫ਼ੈਸਲੇ ਦੇ ਰਹੇ ਹਨ, ਲਾਪਤਾ ਹੋਏ 328 ਪਾਵਨ ਸਰੂਪਾਂ ਦੇ ਮਾਮਲੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਦੁਰਵਰਤੋਂ ਕਰਦਿਆਂ ਸ਼੍ਰੋਮਣੀ ਕਮੇਟੀ ਬਾਦਲਕਿਆਂ ਦੀ ਬੋਲੀ ਬੋਲ ਰਹੇ ਹਨ ਤੇ ਉਹ ਦੋਸ਼ੀ ਅਧਿਕਾਰੀਆਂ ਨੂੰ ਕਾਨੂੰਨੀ ਕਾਰਵਾਈ ਤੋਂ ਬਚਾਉਣ ਲਈ ਢਾਲ ਬਣ ਗਏ ਹਨ। ਸ਼੍ਰੋਮਣੀ ਕਮੇਟੀ ਅਤੇ ਬਾਦਲਕੇ ਖ਼ੁਦ ਤਾਂ ਲਿਬੜੇ ਹੋਏ ਹਨ, ਪਰ ਉਹ ਆਪਣੇ ਪਾਪ ਅਤੇ ਗੁਨਾਹਾਂ ਵਿੱਚ ਜਥੇਦਾਰਾਂ ਨੂੰ ਵੀ ਸ਼ਾਮਲ ਕਰ ਰਹੇ ਹਨ। ਸਿੱਖਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਧੱਕਿਆ ਜਾ ਰਿਹਾ ਹੈ ਤਾਂ ਜੋ ਉਹ ਇਨਸਾਫ਼ ਲਈ ਕੋਈ ਹੋਰ ਦਰਵਾਜ਼ਾ ਖੜਕਾਉਣ ਲਈ ਮਜ਼ਬੂਰ ਹੋ ਜਾਣ। ਇਸ ਵਰਤਾਰੇ ਦੇ ਦੋਸ਼ੀ ਪੰਥਕ ਜਥੇਬੰਦੀਆਂ ਦੇ ਆਗੂ ਅਤੇ ਸਿੱਖ ਸੰਗਤਾਂ ਨਹੀਂ, ਬਲਕਿ ਸ਼੍ਰੋਮਣੀ ਕਮੇਟੀ ਬਾਦਲ ਦਲੀਏ ਹਨ। ਇਤਿਹਾਸ ਇਹਨਾਂ ਨੂੰ ਨਹੀਂ ਬਖ਼ਸ਼ੇਗਾ, ਗੁਰੂ ਸਾਹਿਬ ਸੁਮੱਤ ਬਖ਼ਸ਼ਣ।
ਰਣਜੀਤ ਸਿੰਘ ਦਮਦਮੀ ਟਕਸਾਲ (ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ) ਮੋ : 8872293883.

