ਕਈ ਸਾਲ ਪਹਿਲਾਂ ਸੰਗਰੂਰ ਇਲਾਕੇ ਵਿੱਚ ਇੱਕ ਵਿਅਕਤੀ ਬਲ਼ਦ ਲੈ ਕੇ ਘੁੰਮ ਰਿਹਾ ਸੀ । ਇਸ ਬਾਰੇ ਸੰਗਰੂਰ ਸ਼ਹਿਰ ਸਮੇਤ ਨਾਲ ਲਗਦੇ ਇਲਾਕੇ ਵਿੱਚ ਇਹ ਚਰਚਾ ਜ਼ੋਰਾਂ ਤੇ ਸੀ ਕਿ ਇਹ ਬਲ਼ਦ ਲੋਕਾਂ ਦਾ ਭਵਿੱਖ ਦਸਦਾ ਹੈ, ਇਕੱਠ ਵਿੱਚੋਂ ਵਿਅਕਤੀ ਦੇ ਨਾਂ ਜਾਂ ਉਸ ਦੇ ਕਿੱਤੇ ਤੋਂ ਵਿਅਕਤੀ ਦੀ ਪਛਾਣ ਕਰ ਲੈਂਦਾਂ ਹੈ । ਔਲਾਦ ਹੋਣ ਜਾਂ ਨਾ ਹੋਣ ਬਾਰੇ ,ਬੀਮਾਰੀ ਦੇ ਠੀਕ ਹੋਣ ਬਾਰੇ । ਘਰ ਵਿੱਚ ਦੱਬੇ ਖਜ਼ਾਨੇ ਬਾਰੇ ਦੱਸਦਾ ਹੈ।
ਇਸ ਬਲ਼ਦ ਦੇ ਕਰਾਮਾਤੀ ਹੋਣ ਬਾਰੇ ਤਰ੍ਹਾਂ –ਤਰ੍ਹਾਂ ਦੀਆਂ ਅਫਵਾਹਾਂ ਦਾ ਬਜ਼ਾਰ ਗਰਮ ਸੀ । ਬਲ਼ਦ ਦੇ ਕਰਾਮਾਤੀ ਹੇਣ ਦੀ ਖ਼ਬਰ ਇੱਕ ਅਖ਼ਬਾਰ ਵਿੱਚ ਛਪਣ ਤੋਂ ਬਾਅਦ ਲੋਕਾਂ ਨੇ ਤਰਕਸ਼ੀਲਾਂ ਤੋਂ ਇਸ ਬਾਰੇ ਪੁੱਛਣਾ ਸ਼ੁਰੂ ਕਰ ਦਿੱਤਾ । ਜਦ ਇਹ ਅਫਵਾਹ ਬਾਰੇ ਮੈਨੂੰ ਪਤਾ ਲੱਗਿਆ ਤਾਂ ਮੈਂ ਤਰਕਸ਼ੀਲ ਸਾਥੀ ਕ੍ਰਿਸ਼ਨ ਸਿੰਘ ਤੇ ਚਮਕੌਰ ਸਿੰਘ ਨੇ ਸੰਗਰੂਰ ਦੇ ਰੇਲਵੇ ਸਟੇਸ਼ਨ ਪਾਰ ਅਜੀਤ ਨਗਰ ਬਸਤੀ ,ਜਿੱਥੇ ਬਲ਼ਦ ਦਾ ਮਾਲਕ ਰਾਤ ਨੂੰ ਠਹਿਰਦਾ ਸੀ, ਜਾ ਕੇ ਪੂਰੀ ਜਾਣਕਾਰੀ ਹਾਸਲ ਕੀਤੀ ।
ਬਲ਼ਦ ਦੇ ਮਾਲਕ ਬਾਰੇ ਪਤਾ ਲੱਗਿਆ ਕਿ ਇਹ ਰਾਤ ਨੂੰ ਰੱਜ ਕੇ ਦਾਰੂ ਪੀਂਦਾ ਹੈ । ਇਸ ਬਾਰੇ ਹੋਰ ਵੀ ਬਹੁਤ ਸਾਰੀਆਂ ਗੱਲ਼ਾਂ ਇਕੱਠੀਆਂ ਕੀਤੀਆਂ ਤੇ ਇਹ ਵੀ ਪਤਾ ਕੀਤਾ ਕਿ ਇਹ ਬਲ਼ਦ ਮਾਲਕ, ਬਲ਼ਦ ਨੂੰ ਕਿਹੜੇ ਸੰਕੇਤ ਰਾਹੀਂ ਖਾਸ ਵਿਅਕਤੀ ਕੋਲ ਭੇਜਦਾ ਹੈ ਕਿਉਂਕਿ ਇਹ ਤਾ ਸਾਨੂੰ ਪਤਾ ਸੀ ਕਿ ਬਲ਼ਦ ਮਾਲਕ ਬਲ਼ਦ ਨੂੰ ਡੰਡੇ , ਰੱਸੇ ਜਾਂ ਆਪਣੇ ਕਿਸੇ ਦੂਸਰੇ ਸਾਥੀ ਦੇ ਇਸ਼ਾਰੇ ਰਾਹੀਂ ਹੀ ਇਹ ਖਾਸ਼ ਵਿਅਕਤੀ ਕੋਲ ਭੇਜਦਾ ਹੈ । ਉਸ ਤੋਂ ਬਾਅਦ ਅਸੀਂ ਸਥਾਨਕ ਇਕਾਈ ਦੀ ਮੀਟਿੰਗ ਕੀਤੀ ਅਤੇ ਮਿਟਿੰਗ ਵਿੱਚੋਂ ਮੈਨੂੰ ,ਕ੍ਰਿਸ਼ਨ ਸਿੰਘ, ਚਮਕੌਰ ਸਿੰਘ ਅਤੇ ਜਸਵੀਰ ਸਿੰਘ ਨੂੰ ਲੋਕਾਂ ਦੀ ਹਾਜਰੀ ਵਿੱਚ ਇਸ ਅਖੌਤੀ ਕਰਾਮਾਤੀ ਬਲ਼ਦ ਦਾ ਪਰਦਾਫਾਸ਼ ਕਰਨ ਲਈ ਜਿਮੇਵਾਰੀ ਸੌਪੀ ।
ਅਗਲੇ ਦਿਨ ਅਸੀਂ ਰੇਲਵੇ ਰੋਡ ਡਾ. ਰੇਖੀ ਦੇ ਹਸਪਤਾਲ ਦੇ ਨੇੜੇ ਪੁੱਛਾਂ ਦੇ ਰਹੇ ਬਲ਼ਦ ਦੇ ਮਾਲਕ ਕੋਲ ਗਏ ਅਤੇ ਪੁੱਛਿਆ ਕਿ ਇਹ ਬਲ਼ਦ ਕੀ ਕੁੱਝ ਦੱਸਦਾ ਹੈ। ਉਸਨੇ ਕਿਹਾ ਜੋ ਤੁਸੀਂ ਚਾਹੋਗੇਂ ਇਹ ਉਸ ਬਾਰੇ ਸਭ ਕੁੱਝ ਦੱਸਦਾ ਹੈ । ਮੈਂ ਬਲਦ ਦੇ ਮਾਲਕ ਨੁੰ ਭੀੜ ਵਿੱਚੇਂ ਕਿਸੇ ਪਟਵਾਰੀ ਦੀ ਸਨਾਖਤ ਕਰਨ ਬਾਰੇ ਕਿਹਾ ਤਾਂ ਉਸਨੇ ਆਪਣੇ ਬਲ਼ਦ ਨੂੰ ਭੀੜ ਵਿੱਚੋਂ ਪਟਵਾਰੀ ਦੀ ਸ਼ਨਾਖਤ ਕਰਨ ਦਾ ਹੁਕਮ ਦਿੱਤਾ । ਕਿਉਂਕਿ ਅਸੀਂ ਬਲ਼ਦ ਦੇ ਮਾਲਕ ਨੂੰ ਆਪਣੀ ਸ਼ਨਾਖਤ ਹੋਣ ਨਹੀਂ ਦਿੱਤੀ ਸੀ ਤੇ ਉਸਨੇ ਅੰਦਾਜ਼ੇ ਨਾਲ ਬਲ਼ਦ ਨੂੰ ਪਟਵਾਰੀ ਦੀ ਥਾਂ ਇੱਕ ਅਧਿਆਪਕ ਕੋਲ ਖੜਾ ਕਰ ਦਿੱਤਾ ।
ਅਸੀ ਉਸਨੂੰ ਇਹ ਸ਼ੱਕ ਨਹੀਂ ਹੋਣ ਦਿੱਤਾ ਕਿ ਉਸਨੇ ਗਲਤ ਸ਼ਨਾਖਤ ਕੀਤੀ ਹੈ । ਇਸ ਤੋਂ ਬਾਅਦ ਮੈਂ ਉਸਨੂੰ ਇਕੱਠ ਵਿੱਚ ਮੌਜੂਦ ਕ੍ਰਿਸ਼ਨ ਸਿੰਘ ਦੀ ਪਹਿਚਾਣ ਕਰਨ ਲਈ ਕਿਹਾ ਤਾਂ ਬਲਦ ਦੇ ਮਾਲਕ ਨੂੰ ਬਲਦ ਨੂੰ ਕ੍ਰਿਸ਼ਨ ਸਿੰਘ ਦੀ ਥਾਂ ਚਮਕੌਰ ਸਿੰਘ ਕੋਲ ਖੜ੍ਹਾ ਕਰ ਦਿੱਤਾ । ਇਸ ਦੇ ਨਾਲ ਲੋਕਾਂ ਨੇ ਤਾੜੀਆਂ ਮਾਰਨੀਆਂ ਸੁਰੂ ਕਰ ਦਿੱਤਿਆਂ । ਕਿਉਂਕਿ ਉਨ੍ਹਾ ਨੇ ਸੋਚਿਆ ਕਿ ਬਲਦ ਨੇ ਸਹੀ ਸ਼ਨਾਖਤ ਕੀਤੀ ਹੈ ।
ਬਲ਼ਦ ਦਾ ਮਾਲਕ ਬੋਲਿਆ ,” ਅਬ ਤੋਂ ਮਾਨਤੇ ਹੋ ਨਾ ਹਮੇ ਵੀ ਕੁਝ ਦੋ ।”
ਮੈਂ ਕਿਹਾ,” ਥੋੜਾ ਚਿਰ ਹੋਰ ਰੁਕੋ “। ਏਨੇ ਨੂੰ ਪੱਤਰਕਾਰ ਵੀ ਉਥੇ ਪਹੁੰਚ ਚੁੱਕੇ ਸੀ ਅਤੇ ਬਲ਼ਦ ਦਾ ਮਾਲਕ ਬਲ਼ਦ ਨੂੰ ਨਾਲ ਲੈ ਕੇ ਸ਼ਟੇਸਨ ਪਾਰ ਅਜੀਤ ਨਗਰ ਬਸਤੀ ਜਾ ਪਹੁੰਚਿਆ । ਪੱਤਰਕਾਰਾਂ ਤੇ ਸਾਡੀ ਤਰਕਸ਼ੀਲਾਂ ਦੀ ਟੀਮ ਪੱਲੇਦਾਰਾਂ ਦੇ ਦਫਤਰ ਦੇ ਸਾਹਮਣੇ ਬਲ਼ਦ ਰਾਹੀਂ ਭਵਿੱਖ ਜਾਣ ਰਹੀ ਲੋਕਾਂ ਦੀ ਭੀੜ ਵਿੱਚ ਜਾ ਸ਼ਾਮਿਲ ਹੋਈ ।
ਇੱਕ ਪੱਤਰਾਕਾਰ ਨੇ ਉਸਨੂੰ ਪੁਲਿਸ ਵਾਲੇ ਦੀ ਪਛਾਣ ਕਰਨ ਲਈ ਕਿਹਾਂ । ਬਲ਼ਦ ਦੇ ਮਾਲਕ ਨੇ ਬਲ਼ਦ ਨੂੰ ਪੁਲਿਸ ਮੈਨ ਦੀ ਪਛਾਣ ਕਰਨ ਦਾ ਹੁਕਮ ਦਿੱਤਾ । ਬਲ਼ਦ ਨੇ ਇੱਕ ਅਧਿਆਪਕ ਦੇ ਜਾ ਜੀਭ ਲਾਈ । ਉਸ ਤੋਂ ਬਾਅਦ ਮੈਂ ਇਕੱਠ ਵਿੱਚ ਸ਼ਾਮਿਲ ਇੱਕ ਪ੍ਰੈਸ ਫੋਟੋਗ੍ਰਾਫਰ ਦੀ ਸਨਾਖਤ ਕਰਨ ਲਈ ਕਿਹਾ ਤਾਂ ਬਲ਼ਦ ਨੇ ਪ੍ਰੈਸ ਫੋਟੋਗ੍ਰਾਫਰ ਦੀ ਥਾਂ ਇੱਕ ਡਾਕਟਰ ਨੂੰ ਜਾ ਛੁੂਹਿਆ ।
ਇਸ ਤੋਂ ਬਾਅਦ ਮੈਂ ਲੋਕਾ ਨੂੰ ਸੰਬੋਧਨ ਕਰਦਿਆਂ ਕਿਹਾ , ” ਬਲ਼ਦ ਆਪਣੇ ਮਾਲਕ ਦੇ ਇਸ਼ਾਰੇ ਤੇ ਕੰਮ ਕਰਦਾ ਹੈ । ਇਹ ਸਭ ਕੰਮ ਰੱਸੇ ਤੋਂ ਲੈਂਦਾ ਹੈ । ਅਸਲ ਵਿੱਚ ਬੰਦੇ ਦੀ ਸ਼ਨਾਖਤ ਬਲ਼ਦ ਨਹੀਂ , ਬਲ਼ਦ ਦਾ ਮਾਲਕ ਕਰਦਾ ਹੈ । ਸਾਡੇ ਕਿਸੇ ਬਾਰੇ ਵੀ ਇਹ ਜਾਂ ਇਸ ਦੇ ਬੰਦੇ ਜਾਣਦੇ ਨਹੀਂ ਸਨ । ਇਸ ਲਈ ਇਹ ਚਲਾਕੀ ਨਾਲ ਸਾਡੀ ਕਿਸੇ ਦੀ ਵੀ ਸ਼ਨਾਖਤ ਬਲ਼ਦ ਦੁਆਰਾ ਨਾ ਕਰਵਾ ਸਕਿਆ । ਇਸਦੀ ਸੱਚਾਈ ਲੋਕਾਂ ਦੇ ਸਾਹਮਣੇ ਲਿਆਉਣ ਲਈ ਸਾਡੀ ਤਰਕਸ਼ੀਲਾਂ ਦੀ ਟੀਮ ਨੇ ਇਸ ਦਾ ਪਰਦਾਫਾਸ਼ ਕਰਨ ਦਾ ਮਨ ਬਣਾਇਆ ਸੀ । ਸੱਚ ਤੁਹਾਡੇ ਸਾਹਮਣੇ ਹੈ, ਸਾਡੇ ਦੁਆਰਾ ਪੁੱਛੀਆਂ ਚਾਰੇ ਸ਼ਨਾਖਤਾਂ ਗਲਤ ਦੱਸੀਆਂ ਗਈਆਂ । ਪਟਵਾਰੀ ਦੀ ਥਾਂ ਮਾਸਟਰ , ਕ੍ਰਿਸ਼ਨ ਦੀ ਥਾਂ ਚਮਕੌਰ ,ਪੁਲਿਸ ਵਾਲੇ ਦੀ ਥਾਂ ਅਧਿਆਪਕ , ਪ੍ਰੈਸ ਫੋਟੋਗ੍ਰਾਫਰ ਦੀ ਥਾਂ ਡਾਕਟਰ ਨੂੰ ਛੂਹਿਆ ਹੈ । ਲੋਕਾਂ ਦਾ ਨਜ਼ਰੀਆ ਵਿਗਿਆਨਕ ਨਾ ਹੋਣ ਕਰਕੇ ਉਹ ਝੱਟ ਚਲਾਕ ਲੋਕਾਂ ਦੁਆਰਾ ਫੈਲਾਈਆਂ ਅਖੌਤੀ ਚਮਤਕਾਰੀ ਗੱਲਾਂ ਦੇ ਝਾਂਸੇ ਵਿੱਚ ਆ ਜਾਂਦੇ ਹਨ ।
ਜੇ ਲੇਕਾਂ ਨੂੰ ਕਿਹਾ ਜਾਵੇ ਕਿ ਨਿੰਮ ਵਿੱਚੋਂ ਕਰਾਮਾਤੀ ਦੁੱਧ ਨਿਕਲ ਰਿਹਾ ਹੈ ਤਾਂ ਉਹ ਉੱਧਰ ਭੱਜ ਲੈਂਦੇ ਨੇ । ਜੇ ਕਿਹਾ ਜਾਵੇ ਕਿ ਫਲਾਣਾਂ ਬਾਬਾ ਖੰਭ ਲਾ ਕੇ ਬਿਮਾਰੀਆਂ ਦੂਰ ਕਰਦਾ ਹੈ ਜਾਂ ਫਲਾਣੇ ਨਲਕੇ ਦਾ ਪਾਣੀ ਚਮਤਕਾਰੀ ਹੈ ਤਾਂ ਸਾਡੇ ਲਾਈਲੱਗ ਲੋਕ ਉਸ ਪਾਸੇ ਹੀ ਵਹੀਰਾਂ ਘੱਤ ਲੈਂਦੇ ਨੇ ,ਜੇ ਕੋਈ ਅਖੌਤੀ ਸਿਆਣਾ ਕਹਿ ਦੇਵੇ ਕਿ ਬੱਚੇ ਦੀ ਬਲੀ ਦੇਣ ਨਾਲ ਦੱਬਿਆ ਖ਼ਜ਼ਾਨਾ ਮਿਲ ਜਾਵੇਗਾ/ ਬੇਔਲਾਦ ਦੇ ਔਲਾਦ ਹੋ ਜਾਵੇਗੀ / ਕਾਰੋਬਾਰ ਵਧੇਗਾ ਤਾਂ ਹੈਰਾਨੀ ਦੀ ਗੱਲ ਹੈ ਕਿ ਸਾਡੇ ਕਈ ਲੋਕ ਅਪਣੇ , ਗੁਆਂਢੀ ਜਾਂ ਰਿਸ਼ਤੇਦਾਰ ਦੇ ਬੱਚੇ ਦੀ ਬਲੀ ਦੇਣ ਲਈ ਵੀ ਤਿਆਰ ਹੋ ਜਾਂਦੇ ਨੇ । ਜੇ ਕਿਹਾ ਜਾਵੇ ਕਿ ਬਲੀ ਦੇਣ ਨਾਲ ਰਿਧੀਆਂ –ਸਿਧੀਆਂ ਪ੍ਰਾਪਤ ਹੋ ਜਾਂਦੀਆਂ ਨੇ, ਤਾਂ ਸਾਡੇ ਅੰਧ ਵਿਸ਼ਵਾਸੀ ਤੇ ਲਾਈਲੱਗ ਲੋਕ ਅਜਿਹਾ ਕਰਨ ਲਈ ਵੀ ਤਿਆਰ ਹੋ ਜਾਂਦੇ ਨੇ ।
ਲੋਕ ਆਪਣੇ ਦਿਮਾਗ , ਤਰਕ ਅਤੇ ਦਲੀਲ ਤੋਂ ਕੰਮ ਲੈਣ ਦੀ ਥਾਂ ਅੰਧ ਵਿਸ਼ਵਾਸ, ਲਾਈਲੱਗਤਾ ਤੋਂ ਕੰਮ ਲੈਂਦੇ ਨੇ । ਇਹੀ ਕਾਰਨ ਹੈ ਕਿ ਸਾਡੇ ਗਰੀਬ ਲੋਕਾਂ ਦੀ ਲੁੱਟ ਹੋ ਰਹੀ ਹੈ । ਸਰਕਾਰਾਂ ਜਾਂ ਪ੍ਰਸ਼ਾਸਨ ਨੂੰ ਅਜਿਹਿਆਂ ਅਫਵਾਹਾਂ ਦੀ ਪੜਤਾਲ ਕਰਕੇ ਸੱਚਾਈ ਲੋਕਾਂ ਦੇ ਸਾਹਮਣੇ ਲਿਆਉਣੀ ਚਾਹੀਦੀ ਹੈ । ਸਾਇੰਸ ਨਾਲ ਸਬੰਧਿਤ ਸੰਸਥਾਵਾਂ ,ਕਾਲਜਾਂ ,ਯੂਨੀਵਰਸਿਟੀਆਂ ਦਾ ਇਹ ਫਰਜ਼ ਹੈ ਕਿ ਉਹ ਅਜਿਹੀਆਂ ਗੱਲਾਂ ਦੀ ਪੜਤਾਲ ਕਰਕੇ ਸੱਚ ਲੋਕਾਂ ਸਾਹਮਣੇ ਲਿਅਉਣ ਤਾਂ ਕਿ ਲੋਕਾਂ ਦਾ ਨਜ਼ਰੀਆ ਵਿਗਿਆਨਕ ਬਣ ਸਕੇ ਤੇ ਲੋਕ ਅਪਣੀ ਦਸਾਂ ਨਹੁੰਆਂ ਦੀ ਕਿਰਤ ਵਿਹਲੜ ਲੋਕਾਂ ਨੂੰ ਲੁਟਾਉਣ ਦੀ ਥਾਂ ਆਪਣੇ ਪਰਿਵਾਰ ਤੇ ਖਰਚ ਕਰਨ ।ਲੋਕਾਂ ਨੂੰ ਕੀ, ਕਿਉਂ,ਕਿਵੇਂ ਆਦਿ ਵਿਗਿਆਨਕ ਗੁਣਾਂ ਨੂੰ ਅਪਨਾਉਣ ਚਾਹੀਦਾ ਹੈ ਤਾਂ ਜੋ ਉਹ ਘਟਨਾਵਾਂ ਦੀ ਤਹਿ ਤੱਕ ਜਾਣ ਸਕਣ।”
ਬਲ਼ਦ ਦੇ ਮਾਲਕ ਨੇ ਲੋਕਾਂ ਦੀ ਹਾਜ਼ਰੀ ਵਿੱਚ ਮੰਨਿਆ ਕਿ ਉਸ ਜਾਂ ਉਸਦੇ ਬਲ਼ਦ ਕੋਲ਼ ਕੋਈ ਚਮਤਕਾਰੀ ਸ਼ਕਤੀ ਨਹੀਂ ਹੈ । ਸਭ ਕੁੱਝ ਚਲਾਕੀ ਤਹਿਤ ਹੋ ਰਿਹਾ ਹੈ । ਚਮਤਕਾਰੀ ਬਲਦ ਦਾ ਪਰਦਾਫਾਸ਼ ਕਰਕੇ ਤੇ ਲੋਕਾਂ ਨੂੰ ਵਿਗਿਆਨਕ ਸੋਚ ਅਪਣਾਉਣ ਦਾ ਸੁਨੇਹਾ ਦੇ ਕੇ ਅਸੀਂ ਵਾਪਸ ਪਰਤ ਆ ਗਏ।
ਮਾਸਟਰ ਪਰਮਵੇਦ
ਜੋਨ ਜਥੇਬੰਦਕ ਮੁਖੀ
ਤਰਕਸ਼ੀਲ ਸੁਸਾਇਟੀ ਪੰਜਾਬ
ਅਫ਼ਸਰ ਕਲੋਨੀ ਸੰਗਰੂਰ
9417422349
