ਲੋਕਾਂ ਦਾ ਸੋਚਣ ਢੰਗ ਵਿਗਿਆਨਕ ਬਣਾਉਣ ਲਈ ਯਤਨਸ਼ੀਲ ਤਰਕਸ਼ੀਲ ਸੁਸਾਇਟੀ ਪੰਜਾਬ ਲੋਕਾਂ ਨੂੰ ਵਾਪਰਦੇ ਕੁਦਰਤੀ ਤੇ ਸਮਾਜਿਕ ਵਰਤਾਰਿਆਂ ਦੀ ਸਚਾਈ ਬਾਰੇ ਜਾਗਰੂਕ ਕਰਦੀ ਆ ਰਹੀ ਹੈ। ਲੋਕਾਂ ਨੂੰ ਹਮੇਸ਼ਾ ਵਾਪਰਦੀਆਂ ਘਟਨਾਵਾਂ ਬਾਰੇ ਵਿਚਾਰਨਾ ਚਾਹੀਦਾ ਹੈ।ਸੱਚ -ਝੂਠ, ਸਹੀ ਗਲਤ ਪਛਾਨਣ ਦੀ ਸਮਝ ਹੋਣੀ ਚਾਹੀਦੀ ਹੈ।ਇਹ ਸਚਾਈ ਹੈ ਕਿ ਅਖੌਤੀ ਸਿਆਣਿਆਂ, ਬਾਬਿਆਂ,ਤਾਂਤਰਿਕਾਂ, ਜੋਤਸੀਆ ਦੁਆਰਾ ਸ਼ਰਧਾਲੂਆਂ ਦੀ ਆਰਥਿਕ, ਮਾਨਸਿਕ ਲੁੱਟ ਹੁੰਦੀ ਹੈ। ਇਸ ਤਰ੍ਹਾਂ ਦੇ ਅਨੇਕਾਂ ਕੇਸ ਤਰਕਸ਼ੀਲ ਸੋਸਾਇਟੀ ਕੋਲ ਆਉਂਦੇ ਹਨ ,ਜਿਨ੍ਹਾਂ ਵਿੱਚ ਉਹਨਾਂ ਦੇ ਕਸ਼ਟ ਦੂਰ ਕਰਨ ਲਈ ਵੱਡੀਆਂ ਰਕਮਾਂ ਲੈ ਲੈਣ ਦੇ ਮਾਮਲੇ ਦੱਸੇ ਜਾਂਦੇ ਹਨ। ਪਰ ਜਦ ਕਸ਼ਟ ਫਿਰ ਵੀ ਦੂਰ ਨਹੀਂ ਹੁੰਦੇ ਤਾਂ ਉਹ ਤਰਕਸ਼ੀਲ ਸੁਸਾਇਟੀ ਕੋਲ ਆਉਂਦੇ ਹਨ ਜਾਂ ਕਈ ਵਾਰ ਥਾਣਿਆਂ ਵਿੱਚ ਵੀ ਜਾਂਦੇ ਹਨ। ਇਸ ਤਰ੍ਹਾਂ ਦੀਆਂ ਖ਼ਬਰਾਂ ਸੈਂਕੜਿਆਂ ਵਿੱਚ ਹੁੰਦੀਆਂ ਹਨ ਸੋ ਉਦਾਹਰਨਾਂ ਦੇਣ ਦੀ ਲੋੜ ਨਹੀਂ।
ਇਹਨਾਂ ਸਾਰੀਆਂ ਖ਼ਬਰਾਂ ਵਿੱਚੋਂ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਸ ਤਰ੍ਹਾਂ ਦੀਆਂ ਐਨੀਆਂ ਖ਼ਬਰਾਂ ਆਉਣ ਦੇ ਬਾਵਜੂਦ, ਅਜਿਹੀਆਂ ਐਨੀਆਂ ਘਟਨਾਵਾਂ ਤੋਂ ਜਾਣੂ ਹੋਣ ਦੇ ਬਾਵਜੂਦ, ਔਰਤਾਂ ਸਰੀਰਕ ਸ਼ੋਸ਼ਣ ਦਾ ਸ਼ਿਕਾਰ ਕਿਵੇਂ ਬਣ ਜਾਂਦੀਆਂ ਹਨ? ਭਗਤੀ ਵਿੱਚ ਸ਼ਕਤੀ ਹੋਣ ਦਾ ਵਿਸ਼ਵਾਸ ਰੱਖਣ ਵਾਲੇ ਭਗਤ ਭਿਆਨਕ ਹਾਦਸਿਆਂ ਦਾ ਸ਼ਿਕਾਰ ਕਿਉਂ ਹੋ ਜਾਂਦੇ ਹਨ? ਸ਼ਰਧਾਲੂ ਧਾਰਮਿਕ ਲੋਕਾਂ ਹੱਥੋਂ ਠੱਗੀਆਂ ਦਾ ਸ਼ਿਕਾਰ ਕਿਵੇਂ ਬਣ ਜਾਂਦੇ ਹਨ?
ਕਿਹਾ ਜਾ ਸਕਦਾ ਹੈ ਕਿ ਹਾਦਸੇ ਤਾਂ ਰਾਜਨੀਤਿਕ ਰੈਲੀਆਂ ਵਿੱਚ ਜਾ ਰਹੇ ਲੋਕਾਂ ਦੇ ਵੀ ਹੋ ਜਾਂਦੇ ਹਨ, ਧਰਨੇ ਮੁਜਾਹਰੇ ਕਰਨ ਜਾ ਰਹੇ ਕਾਰਕੁੰਨਾਂ ਦੇ ਵੀ ਹੋ ਜਾਂਦੇ ਹਨ। ਔਰਤਾਂ ਦਾ ਸ਼ੋਸ਼ਣ ਕੰਮ ਵਾਲੀਆਂ ਥਾਵਾਂ ਉੱਤੇ ਵੀ ਹੋ ਜਾਂਦਾ ਹੈ।
ਠੱਗੀਆਂ ਮਾਰਨ ਵਾਲੇ ਗੈਰ ਧਾਰਮਿਕ ਲੋਕ ਵੀ ਬਹੁਤ ਹਨ।
ਅਸਲ ਵਿੱਚ ਸਾਡੀ ਸਿਖਿਆ ਸਾਨੂੰ ਵਿਗਿਆਨਕ ਸੋਚ ਦੇ ਧਾਰਨੀ ਨਹੀਂ ਬਣਾ ਰਹੀ।ਦੇਖਣ ਵਿੱਚ ਕਿ ਸਾਡੇ ਬਹੁਤੇ ਮਾਰਗ ਦਰਸ਼ਕ ਆਪ ਅੰਧਵਿਸ਼ਵਾਸਾਂ, ਵਹਿਮਾਂ ਭਰਮਾਂ ਤੇ ਰੂੜ੍ਹੀਵਾਦੀ ਵਿਚਾਰਾਂ ਦੇ ਮਾਲਕ ਹਨ ਭਾਵ ਉਹ ਆਪ ਹੀ ਹਨੇਰੇ ਵਿੱਚ ਰਹਿ ਰਹੇ ਹਨ ਦੂਜਿਆਂ ਨੂੰ ਗਿਆਨ ਦੇ ਚਾਨਣ ਵਿੱਚ ਕਿਵੇਂ ਲਿਆਉਣਗੇ, ਦੂਜਿਆਂ ਨੂੰ ਗੁੜ ਖਾਣ ਤੋਂ ਰੋਕਣ ਲਈ ਆਪ ਗੁੜ ਖਾਣਾ ਛੱਡਣਾ ਪਵੇਗਾ।ਇਸ ਲਈ ਦੂਜਿਆਂ ਨੂੰ ਅੰਧਵਿਸ਼ਵਾਸਾਂ ਦੇ ਹਨੇਰੇ ਵਿਚੋਂ ਕੱਢਣ ਲਈ ਪਹਿਲਾਂ ਆਪ ਵਿਗਿਆਨਕ ਸੋਚ ਦੇ ਉਜਾਲੇ ਵਿੱਚ ਆਉਣਾ ਪਵੇਗਾ।
ਇਸ ਲਈ ਇਹ ਸਮਝਣ ਵਾਲੀ ਗੱਲ ਹੈ ਕਿ ਜੇ ਸਾਰਾ ਕੁਝ ਉਵੇਂ ਹੀ ਹੋਣਾ ਹੈ, ਜਿਵੇਂ ਗੈਰ ਸ਼ਰਧਾਲੂ ਲੋਕਾਂ ਨਾਲ ਹੁੰਦਾ ਹੈ ਤਾਂ ਫਿਰ ਸ਼ਰਧਾਲੂਆਂ ਵੱਲੋਂ ਮੰਨੇ ਜਾਂਦੇ ਰੱਬ ਦੀ ਸ਼ਕਤੀ ਕੀ ਹੋਈ? ਜਿਹੜੇ ਤੁਹਾਡੀਆਂ ਬਿਮਾਰੀਆਂ ਆਪਣੀਆਂ ਕਰਾਮਾਤੀ ਸ਼ਕਤੀਆਂ ਨਾਲ ਦੂਰ ਕਰਨ ਦਾ ਦਾਅਵਾ ਕਰਦੇ ਹਨ, ਉਹ ਆਪਣੇ ਅਤੇ ਆਪਣੇ ਪਰਿਵਾਰ ਦੇ ਇਲਾਜ ਲਈ ਹਸਪਤਾਲਾਂ ਨੂੰ ਕਿਉਂ ਭੱਜਦੇ ਹਨ? ਲੋਕਾਂ ਨੂੰ ਸਿੱਖਿਆ ਦੇਣ ਵਾਲੇ ਇਹਨਾਂ ਅਖੌਤੀ ਸਾਧਾਂ ਦੇ ਆਪਣੇ ਕਿਰਦਾਰ ਐਨੇ ਮਾੜੇ ਕਿਉਂ ਹੁੰਦੇ ਹਨ?
ਇਹ ਸਵਾਲ ਤੁਹਾਡੇ ਮਨਾਂ ਵਿੱਚ ਆਉਣੇ ਚਾਹੀਦੇ ਹਨ। ਇਨ੍ਹਾਂ ਖ਼ਬਰਾਂ ਬਾਰੇ ਗੱਲ ਕਰਨ ਦਾ ਮਕਸਦ ਤੁਹਾਡੇ ਮਨਾਂ ਵਿੱਚ ਇਹ ਸਵਾਲ ਪੈਦਾ ਕਰਨਾ ਹੀ ਹੈ। ਤੁਹਾਨੂੰ ਕੀ, ਕਿਉਂ, ਕਿਵੇਂ ਆਦਿ ਵਿਚਾਰਾਂ ਨਾਲ ਜੋੜਨਾ ਹੈ। ਤਰਕਸ਼ੀਲ ਸੁਸਾਇਟੀ ਪੰਜਾਬ ਦਾ ਸੁਨੇਹਾ ਹੈ ਕਿ ਲੋਕ ਇਨ੍ਹਾਂ ਬਾਰੇ ਡੂੰਘਾਈ ਨਾਲ ਸੋਚਣ।ਸੋਚਣ,ਵਿਚਾਰਨ ਲਈ ਸਾਡਾ ਨੇੜਲਾ ਦੋਸਤ ਦਿਮਾਗ ਸਾਡੇ ਕੋਲ ਹੈ। ਇਹਨਾਂ ਸਵਾਲਾਂ ਦੀ ਸੋਚ ਵਿੱਚੋਂ ਹੀ ਤੁਹਾਡੀਆਂ ਸਮੱਸਿਆਵਾਂ ਦਾ ਸਹੀ ਹੱਲ ਨਿਕਲੇਗਾ।
ਮਾਸਟਰ ਪਰਮ ਵੇਦ
ਤਰਕਸ਼ੀਲ ਆਗੂ
ਤਰਕਸ਼ੀਲ ਸੁਸਾਇਟੀ ਪੰਜਾਬ
9417422349