
ਖੇਡਾਂ ਜੋ ਲਗਨ ਅਤੇ ਸਿਰੜ ਨਾਲ ਖੇਡੀਆਂ ਜਾਂਦੀਆਂ ਨੇ, ਇਹਨਾਂ ਨੂੰ ਬਹੁਤ ਸਾਰੇ ਖਿਡਾਰੀ ਮੈਡਲ ਹਾਸਿਲ ਕਰਨ ਦੀ ਮ੍ਰਿਗ ਤ੍ਰਿਸ਼ਨਾ ਨਾਲ ਖੇਡਦੇ ਹੋਏ ਡੋਪਿੰਗ ਦਾ ਅਯੋਗ ਢੰਗ ਵਰਤ ਕੇ ਮੈਡਲ ਹਾਸਿਲ ਕਰਨ ਬਾਰੇ ਸੋਚਦੇ ਰਹਿੰਦੇ ਨੇ | ਤਾਹੀਂ ਖੇਡ ਜਗਤ ਵਿਚੋਂ ਆਏ ਦਿਨ ਕੋਈ ਨਾ ਕੋਈ ਖ਼ਬਰ ਮਿਲਦੀ ਰਹਿੰਦੀ ਹੈ ਕਿ ਫਲਾਂ ਖਿਡਾਰੀ ਵਲੋਂ ਡੋਪਿੰਗ ਦਾ ਇਸਤੇਮਾਲ ਕਰਕੇ ਆਪਣੇ ਖੇਡ ਪ੍ਰਦਰਸ਼ਨ ਨੂੰ ਵਧਾਇਆ ਤੇ ਉਸਦਾ ਡੋਪ ਟੈਸਟ ਪਾਜ਼ਿਟਿਵ ਆਇਆ | ਜਿਸ ਕਾਰਨ ਉਸਨੂੰ ਖੇਡ ਮੁਕਾਬਲੇ ਚੋਂ ਜਿੱਤੇ ਮੈਡਲਾਂ ਤੋਂ ਹੱਥ ਧੋਣਾ ਪਿਆ ਅਤੇ ਨਮੋਸ਼ੀ ਦੇ ਨਾਲ ਨਾਲ ਉਸਨੂੰ ਖੇਡ ਪਾਬੰਦੀ ਦੀ ਸਜ਼ਾ ਵੀ ਝੱਲਣੀ ਪਈ | ਇਹੋ ਜਿਹੇ ਖਿਡਾਰੀ ਡੋਪਿੰਗ ਦੇ ਸਿਰ ਤੇ ਜੇਤੂ ਹੋ ਕੇ ,ਖੇਡ ਮੁਕਾਬਲੇ ਤੋਂ ਬਾਅਦ ਦੇ ਕੁਝ ਪਲਾਂ ਤੱਕ ਦਰਸ਼ਕਾਂ ‘ਚ ਆਪਣੀ ਬੱਲੇ ਬੱਲੇ ਤਾਂ ਕਰਵਾ ਗਏ ਪਰ ਮੁਕਾਬਲੇ ਤੋਂ ਬਾਅਦ ਜਦੋਂ ਉਹਨਾਂ ਦਾ ਡੋਪ ਟੈਸਟ ਪਾਜ਼ਿਟਿਵ ਆਇਆ ਤਾਂ ਉਹਨਾਂ ਦੀ ਖੇਡ ਜਗਤ ਵਿੱਚ ਬੜੀ ਥੁ ਥੁ ਹੋਈ ਤੇ ਉਹਨਾਂ ਨੂੰ ਆਪਣੇ ਜਿੱਤੇ ਹੋਏ ਮੈਡਲ ਵੀ ਵਾਪਿਸ ਕਰਨੇ ਪਏ | ਮੁਕਾਬਲੇ ਦੇ ਜੇਤੂ ਬਣੇ ਉਹਨਾਂ ਤੋਂ ਬਾਅਦ ਵਾਲੇ ਯੋਗ ਖਿਡਾਰੀ | ਖੇਡ ਜਗਤ ਵਿੱਚ ਅਜਿਹੇ ਅਨੇਕਾਂ ਖਿਡਾਰੀ ਹੋਏ ਨੇ ਜਿਨ੍ਹਾਂ ਨੇ ਜਿੱਤਣ ਦੀ ਮ੍ਰਿਗ ਤ੍ਰਿਸ਼ਨਾ ਵਿੱਚ ਡੋਪਿੰਗ ਦੇ ਸਹਾਰੇ ਨਾਲ ਮੁਕਾਬਲਾ ਜਿੱਤਣ ਦੀ ਕੋਸ਼ਿਸ ਕੀਤੀ ਤੇ ਫੜੇ ਗਏ | ਅਜਿਹੇ ਖਿਡਾਰੀਆਂ ਨੂੰ ਮਾਣ ਨਾਲ ਕੋਈ ਯਾਦ ਨਹੀਂ ਕਰਦਾ | ਡੋਪਿੰਗ ਕਾਰਨ ਬਦਨਾਮ ਹੋਏ ਇਹ ਖਿਡਾਰੀ ਖੇਡ ਪ੍ਰੇਮੀਆਂ ਦੇ ਮਨਾਂ ਚੋਂ ਵਿਸਰ ਚੁੱਕੇ ਨੇ | ਯਾਦ ਉਹ ਹਨ ਜਿਨਾਂ ਨੇ ਮਿਹਨਤ ਨਾਲ ਖੇਡ ਮੁਕਾਬਲਾ ਲੜਿਆ ਤੇ ਜਿੱਤਿਆ ਹੈ |
ਡੋਪਿੰਗ ਦਾ ਸਭ ਤੋਂ ਵੱਧ ਮਸ਼ਹੂਰ ਮਾਮਲਾ 1988 ਦੀਆਂ ਸਿਓੁਲ ਉਲੰਪਿਕ ਖੇਡਾਂ ਦੌਰਾਨ ਕੈਨੇਡਾ ਦੇ ਫਰਾਟਾ ਦੋੜਾਕ ਬੈਨ ਜੌਹਨਸਨ ਦਾ ਹੋਇਆ ਸੀ | ਜਿਸ ਨੇ ਆਪਣੇ ਮਾਸ ਪੱਠਿਆਂ ਦੀ ਤਾਕਤ ਵਧਾਉਣ ਲਈ ਐਨਾਬੋਲਿਕ ਸਟੀਰਾਈਡ ਦਾ ਇਸਤੇਮਾਲ ਕਰਕੇ 100 ਮੀਟਰ ਫਰਾਟਾ ਦੌੜ ਵਿਚ 9:79 ਸੈਕੰਡ ਦਾ ਸਮਾਂ ਕੱਢ ਨਵਾਂ ਰਿਕਾਰਡ ਬਣਾ ਦਿੱਤਾ | ਪਰ ਡੋਪ ਟੈਸਟ ਵਿਚ ਫੇਲ ਹੋਣ ਕਾਰਨ ਉਸ ਨੂੰ ਦਿੱਤਾ ਗੋਲ੍ਡ ਮੈਡਲ ਵਾਪਿਸ ਲੈ ਲਿਆ ਤੇ ਉਸਦੇ ਬਣਾਏ ਰਿਕਾਰਡ ਨੂੰ ਭੰਗ ਵੀ ਕਰ ਦਿੱਤਾ ਅਤੇ ਵਾਡਾ ਨੇ ਉਸ ਉਪਰ ਉਮਰ ਭਰ ਖੇਡਣ ਦੀ ਪਾਬੰਦੀ ਲਗਾ ਦਿੱਤੀ | ਜਿਸ ਨਾਲ ਬੈਨ ਜੌਹਨਸਨ ਦੀ ਕੁਲ ਲੋਕਾਈ ਵਿਚ ਬੜੀ ਬਦਨਾਮੀ ਹੋਈ ਤੇ ਉਸਦੇ ਦੇਸ਼ ਕੈਨੇਡਾ ਨੂੰ ਵੀ ਸ਼ਰਮਸਾਰ ਹੋਣਾ ਪਿਆ | ਇਸ ਮੁਕਾਬਲੇ ਦਾ ਜੇਤੂ ਬਣਿਆ ਅਮਰੀਕੀ ਦੋੜਾਕ ਕਾਰਲ ਲੁਈਸ, ਜੋ ਪਹਿਲਾਂ ਇਸ ਰੇਸ ਵਿਚ ਦੋਇਮ ਰਿਹਾ ਸੀ | ਬੈਨ ਜੌਹਨਸਨ ਨੂੰ ਕੋਈ ਯਾਦ ਨੀਂ ਕਰਦਾ ਜਦਕਿ ਕਾਰਲ ਲੁਈਸ ਨੂੰ ਖੇਡ ਪ੍ਰੇਮੀ ਕਾਲਾ ਮੋਤੀ ਕਹਿ ਕੇ ਵਡਿਆਉਂਦੇ ਨੇ |
ਟਰੈਕ ਐਂਡ ਫ਼ੀਲਡ ਦੀ ਰਾਣੀ ਅਖਵਾਉਂਦੀ ਅਮਰੀਕੀ ਦੌੜਾਕ ਫਲੌਰੈਂਸ ਗ੍ਰਿਫਿਥ ਜੋਇਨਰ ( ਫਲੋਂ ਜੋਅ’ ) ਜੋ ਖੇਡ ਜਗਤ ਵਿੱਚ ਔਰਤਾਂ ਦੇ ਵਰਗ ਦੀ ਸਭ ਤੋਂ ਤੇਜ਼ ਦੋੜਾਕ ਵਜੋਂ ਜਾਣੀ ਜਾਂਦੀ ਸੀ | ਉਸਨੇ 1988 ਦੀਆਂ ਸਿਓਲ ਓਲੰਪਿਕ ਖੇਡਾਂ ਵਿੱਚ ਤਿੰਨ ਗੋਲ੍ਡ ਮੈਡਲ ( ਸੌ ਮੀਟਰ ਦੌੜ , ਦੋ ਸੌ ਮੀਟਰ ਦੌੜ ਅਤੇ 4×100 ਮੀਟਰ ਰੀਲੇਅ ਦੌੜ ) ਵਿਚੋਂ ਅਤੇ ਇੱਕ ਸਿਲਵਰ ਮੈਡਲ 4×400 ਮੀਟਰ ਰੀਲੇਅ ਦੌੜ ਵਿੱਚੋਂ ਹਾਸਿਲ ਕੀਤਾ | ਇਨ੍ਹਾਂ ਖੇਡਾਂ ਵਿੱਚ ਉਸਨੇ 100 ਮੀਟਰ ਦੌੜ ਅਤੇ 200 ਮੀਟਰ ਦੌੜ ਵਿੱਚ ਨਵੇਂ ਵਿਸ਼ਵ ਰਿਕਾਰਡ ਵੀ ਕਾਇਮ ਕੀਤੇ | ਕੌਮਾਂਤਰੀ ਓਲੰਪਿਕ ਕਮੇਟੀ ਨੂੰ ਉਸ ਤੇ ਪੂਰਾ ਸ਼ੱਕ ਸੀ ਕਿ ਉਹ ਕਿਸੇ ਨਾ ਕਿਸੇ ਵਰਜਿਤ ਦਵਾਈ ਦਾ ਸੇਵਨ ਕਰਕੇ ਮੁਕਾਬਲੇ ਵਿੱਚ ਭਾਗ ਲੈਂਦੀ ਹੈ | ਪਰ ਉਹ ਐਂਟੀ ਡੋਪਿੰਗ ਏਜੇਂਸੀ ਵਾਡਾ ਦੀ ਪਕੜ ਵਿੱਚ ਨਾ ਆ ਸਕੀ ਕਿਉਂਕਿ ਉਹ ਚਲਾਕੀ ਨਾਲ ਡੋਪਿੰਗ ਕਰਨ ਤੋਂ ਬਾਅਦ ਉਹ ਦਵਾਈ ਲੈ ਲੈਂਦੀ ਸੀ ਜਿਸ ਨਾਲ ਡੋਪਿੰਗ ਟੈਸਟ ਨੈਗੇਟਿਵ ਆ ਜਾਂਦਾ ਸੀ | ਲੇਕਿਂਨ ਸਮਾਂ ਪਾ ਕੇ ਉਸ ਵਲੋਂ ਖਾਧੀਆਂ ਵਰਜਿਤ ਦਵਾਈਆਂ ਨੇ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਤੇ ਉਸ ਦੀ ਸਿਹਤ ਅਤੇ ਸ਼ਕਲ ਹਾਲੋਂ ਬੇਹਾਲ ਹੋ ਗਈ ਤੇ ਡੋਪਿੰਗ ਕਾਰਨ ਉਹ ਜਵਾਨੀ ਪਹਿਰੇ ਹੀ ਪਰਲੋਕ ਸਿਧਾਰ ਗਈ | ਖੁੱਲੇ ਵਾਲ , ਰੰਗ ਬਿਰੰਗੇ ਨਹੁੰ , ਬੁਲਾਂ ਤੇ ਸੂਹੀ ਲਿਪਸਟਿਕ ਲਗਾ ਕੇ ਦੌੜਨ ਵਾਲੀ ਉਸ ਉਡਣ ਪਰੀ ਨੂੰ ਅੱਜ ਕੋਈ ਵੀ ਯਾਦ ਨਹੀਂ ਕਰਦਾ | ਕਿਉਂਕਿ ਡੋਪਿੰਗ ਕਾਰਨ ਹਾਸਿਲ ਕੀਤੀ ਜਿੱਤ ਸਦੀਵੀਂ ਨਹੀਂ ਹੋ ਸਕਦੀ |
ਸੰਨ 2000 ਦੀਆਂ ਸਿਡਨੀ ਓਲੰਪਿਕ ਖੇਡਾਂ ਵਿੱਚ ਅਮਰੀਕੀ ਅਥਲੀਟ ਮੇਰੀਅਨ ਜੋਨਜ਼ ਨੇ ਪੰਜ ਮੈਡਲ ਜਿੱਤੇ | 400 ਮੀਟਰ , 200 ਮੀਟਰ ਅਤੇ 100 ਮੀਟਰ ਦੀਆਂ ਫਰਾਟਾ ਦੌੜਾਂ ਵਿਚੋਂ ਗੋਲ੍ਡ ਮੈਡਲ, ਲੰਮੀ ਛਾਲ ਤੇ 100 ਮੀਟਰ ਰੀਲੇਅ ਦੌੜ ਵਿਚੋਂ ਕਾਂਸੀ ਦੇ ਮੈਡਲ ਜਿੱਤੇ | ਐਂਨੇ ਮੈਡਲ ਇੱਕਠੇ ਜਿੱਤਣ ਨਾਲ ਉਸਦੀ ਕੁੱਲ ਦੁਨੀਆਂ ਵਿੱਚ ਚੰਗੀ ਪੈਂਠ ਬਣ ਗਈ | ਚਾਰੇ ਪਾਸੇ ਹੋਈ ਬੱਲੇ ਬੱਲੇ ਨਾਲ ਮੇਰੀਅਨ ਜੋਨਜ਼ ਦਾ ਚਾਅ ਨਾ ਚੁੱਕਿਆ ਜਾਵੇ | ਉਹਨੇ ਮੁੜ ਚਾਰ ਸਾਲਾਂ ਬਾਅਦ ਸੰਨ 2004 ਦੀਆਂ ਓਲੰਪਿਕ ਖੇਡਾਂ ਵਿੱਚ ਭਾਗ ਲਿਆ ਤੇ ਡੋਪਿੰਗ ਦੇ ਮਾਮਲੇ ਵਿੱਚ ਫੜੀ ਗਈ | ਕਿਉਂਕਿ ਉਸਨੇ ਵਰਜਿਤ ਦਵਾਈ ਬਾਲਕੋ ਸਟੀਰਾਈਡ ਦਾ ਸੇਵਨ ਕਰਕੇ ਇਹਨਾਂ ਖੇਡਾਂ ਵਿੱਚ ਭਾਗ ਲਿਆ ਸੀ | ਪਹਿਲਾਂ ਤਾਂ ਉਹ ਮੰਨੀ ਨਾ ਜਦੋਂ ਆਈ.ਓ.ਸੀ. ਨੇ ਜਾਂਚ ਮੁਕੰਮਲ ਕੀਤੀ ਤਾਂ ਉਹ ਡੋਪਿੰਗ ਦੀ ਦੋਸ਼ੀ ਪਾਈ ਗਈ | ਉਸਨੇ ਆਪਣੇ ਤੋਂ ਪਿੱਛੇ ਰਹਿ ਗਈਆਂ ਦੌੜਾਕਾਂ ਕੋਲੋਂ ਵੀ ਮਾਫ਼ੀ ਮੰਗੀ ਤੇ ਮੌਜੂਦ ਖੇਡ ਅਧਿਕਾਰੀਆਂ ਦੇ ਵੀ ਵਾਸਤੇ ਪਾਏ | ਪਰ ਸਮਾਂ ਲੰਘ ਚੁੱਕਾ ਸੀ | ਕੌਮਾਂਤਰੀ ਓਲੰਪਿਕ ਕਮੇਟੀ ਨੇ ਉਸਦੇ ਸਾਰੇ ਰਿਕਾਰਡ ਭੰਗ ਕਰ ਦਿੱਤੇ ਤੇ ਜਿੱਤੇ ਮੈਡਲ ਵਾਪਸ ਲੈ ਲਏ | ਜੋਨਜ਼ ਅਰਸ਼ ਤੋਂ ਫਰਸ਼ ਤੇ ਆ ਗਈ ਤੇ ਡੋਪਿੰਗ ਕਾਰਨ ਵਕਤ ਦੀ ਧੂੜ ਵਿੱਚ ਗੁੰਮ ਹੋ ਗਈ |
ਖੇਡ ਸੰਸਾਰ ਵਿਚ ਡੋਪਿੰਗ ਦੇ ਅਨੇਕਾਂ ਮਾਮਲੇ ਸਮੇਂ ਸਮੇਂ ਤੇ ਸਾਹਮਣੇ ਆਉਂਦੇ ਰਹੇ ਨੇ ਜਿਨ੍ਹਾਂ ਨਾਲ ਡੋਪਿੰਗ ਕਰਨ ਵਾਲੇ ਖਿਡਾਰੀਆਂ ਅਤੇ ਉਹਨਾਂ ਦੇ ਮੁਲਖਾਂ ਨੂੰ ਨਮੋਸ਼ੀ ਝੱਲਣੀ ਪਈ ਤੇ ਕਈ ਖਿਡਾਰੀਆਂ ਨੂੰ ਇਸ ਦੇ ਮਾਰੂ ਪ੍ਰਭਾਵਾਂ ਕਾਰਨ ਆਪਣੀ ਜਾਨ ਤੋਂ ਵੀ ਹੱਥ ਧੋਣੇ ਪਏ | ਖੇਡਾਂ ਦੀ ਦੁਨੀਆਂ ਵਿਚ ਡੋਪਿੰਗ ਦਾ ਪਹਿਲਾ ਮਾਮਲਾ 1960 ਦੀਆਂ ਰੋਮ ਓਲੰਪਿਕ ਖੇਡਾਂ ਦੌਰਾਨ ਡੈਨਮਾਰਕ ਦੇ ਸਾਈਕਲਿਸ੍ਟ ਕੁਰਤ ਜੈਕਸ਼ਨ ਦਾ ਆਇਆ | ਜਿਸ ਨੇ ਇਹਨਾਂ ਖੇਡਾਂ ਵਿਚ ਨਸ਼ੀਲੇ ਪਦਾਰਥ ਦਾ ਸੇਵਨ ਕਰਕੇ ਸਾਈਕਲਿੰਗ ਕੀਤੀ ਤੇ ਉਹ ਸਾਈਕਲ ਟਰੈਕ ਵਿਚ ਹੀ ਦਮ ਤੋੜ ਗਿਆ |
ਬੀਤੀਆਂ ਪੈਰਿਸ ਓਲੰਪਿਕ ਖੇਡਾਂ 2024 ਵਿਚ ਡੋਪਿੰਗ ਨੂੰ ਰੋਕਣ ਲਈ ਕੌਮਾਂਤਰੀ ਓਲੰਪਿਕ ਕਮੇਟੀ ਨੇ ਵਿਸ਼ਵ ਐਂਟੀ ਡੋਪਿੰਗ ਏਜੈਂਸੀ ( ਵਾਡਾ ) ਅਤੇ ਫ਼੍ਰੇਂਚ ਐਂਟੀ ਡੋਪਿੰਗ ਏਜੈਂਸੀ ( ਏਐਫਐਲਡੀ ) ਦੀ ਮਦਦ ਨਾਲ 1160 ਮਾਹਰ ਬੰਦਿਆਂ ਦੀ ਇੱਕ ਬਰਗੇਡ ਬਣਾਈ | ਜਿਨ੍ਹਾਂ ਵਿਚੋਂ 800 ਮਾਹਰ ਬੰਦੇ ਅਥਲੀਟਾਂ ਨੂੰ ਮੁਕਾਬਲੇ ਤੋਂ ਤੁਰੰਤ ਬਾਅਦ ਡੋਪ ਟੈਸਟ ਦੇਣ ਲਈ ਸੂਚਿਤ ਕਰਦੇ ਸਨ ਅਤੇ ਜਿਨ੍ਹਾਂ ਚਿਰ ਖਿਡਾਰੀਆਂ ਦੇ ਡੋਪ ਟੈਸਟ ਦੀ ਸਾਰੀ ਪ੍ਰਕਿਰਿਆ ਮੁਕੰਮਲ ਨਹੀਂ ਸੀ ਹੋ ਜਾਂਦੀ ਉਨ੍ਹਾਂ ਚਿਰ ਉਹ ਉਹਨਾਂ ਤੇ ਨਿਗਰਾਨ ਵਜੋਂ ਬਾਜ਼ ਵਾਂਗ ਅੱਖ ਰੱਖਦੇ | ਪੈਰਿਸ ਓਲੰਪਿਕ ਖੇਡਾਂ ਵਿਚ ਹਰ ਖੇਡ ਮੈਦਾਨ ਲਈ ਡੋਪਿੰਗ ਕੰਟਰੋਲ ਲੈਬੋਰਟਰੀ ਦਾ ਪ੍ਰਬੰਧ ਵੱਖਰੇ ਤੌਰ ਤੇ ਕੀਤਾ ਗਿਆ ਸੀ | ਜਿਨ੍ਹਾਂ ਲਈ 360 ਮਾਹਰ ਲੈਬ ਟੈਕਨੀਸ਼ੀਅਨ ਖਿਡਾਰੀਆਂ ਦੇ ਡੋਪ ਟੈਸਟ ਲਈ ਉਹਨਾਂ ਦੇ ਖੂਨ ਅਤੇ ਪੇਸ਼ਾਬ ਦੇ ਨਮੂਨੇ ਲੈਂਦੇ ਸੀ | ਫਰਾਂਸ ਨੇ ਇਸ ਕੰਮ ਲਈ ‘ਲੈਬੋਰਟਰੀਜ਼ ਐਂਟੀਡੋਪੇਜ਼ ਫਰਾਂਸੇਜ਼ ( ਐਲਏਡੀਐਫ ) ਨੂੰ ਕਰੋੜਾਂ ਡਾਲਰ ਦੀ ਫੰਡਿੰਗ ਕੀਤੀ | ਕੌਮਾਂਤਰੀ ਟੈਸਟਿੰਗ ਏਜੇਂਸੀ (ਆਈ.ਟੀ ਏ.) ਨੇ ਪੈਰਿਸ ਓਲੰਪਿਕਸ 2024 ਵਿੱਚ ਡੋਪਿੰਗ ਵਿਰੋਧੀ ਮੁਹਿੰਮ ਚਲਾਉਂਦੇ ਹੋਏ ਖੇਡਾਂ ਦੇ ਸ਼ੁਰੂ ਹੋਣ ਤੋਂ ਸਮਾਪਤ ਹੋਣ ਤੱਕ ਸਾਰੇ ਖੇਡ ਮੁਕਾਬਲਿਆਂ ਵਿੱਚ ਭਾਗ ਲੈ ਰਹੇ ਖਿਡਾਰੀਆਂ ਦੇ ਡੋਪਿੰਗ ਟੈਸਟ ਲਈ ਪਿਸ਼ਾਬ ਅਤੇ ਖੂਨ ਦੇ 6130 ਨਮੂਨੇ ਲਏ | ਟੈਸਟਿੰਗ ਏਜੇਂਸੀ ਵਲੋਂ ਲਏ ਗਏ ਇਹ ਨਮੂਨੇ ਟੋਕੀਓ ਓਲੰਪਿਕਸ 2020 ਨਾਲੋਂ ਚਾਰ ਪ੍ਰਤੀਸ਼ਤ ਵੱਧ ਅਤੇ ਰੀਓ ਓਲੰਪਿਕਸ 2016 ਨਾਲੋਂ 10% ਵੱਧ ਸਨ | ਟੈਸਟ ਤੋਂ ਬਾਅਦ ਇਨ੍ਹਾਂ ਖੇਡਾਂ ਵਿੱਚ ਵੱਖ ਵੱਖ ਦੇਸ਼ਾਂ ਦੇ ਪੰਜ ਖਿਡਾਰੀ ਡੋਪਿੰਗ ਦੇ ਕੇਸ ਅਧੀਨ ਟੈਸਟਿੰਗ ਏਜੇਂਸੀ ਦੇ ਅੜਿੱਕੇ ਚੜ੍ਹੇ | ਜਿਨ੍ਹਾਂ ਉਪਰ ਨਿਯਮਾਂ ਅਨੁਸਾਰ ਕਾਰਵਾਈ ਹੋਈ ਤੇ ਉਹਨਾਂ ਤੇ ਖੇਡ ਮੁਕਾਬਲਿਆਂ ਵਿੱਚ ਭਾਗ ਲੈਣ ਤੇ ਪਾਬੰਦੀ ਲਗਾ ਦਿੱਤੀ ਗਈ |
ਕੌਮਾਂਤਰੀ ਓਲੰਪਿਕ ਕਮੇਟੀ ਅਨੁਸਾਰ ਡੋਪਿੰਗ ਨੂੰ ਰੋਕਣ ਲਈ ਵਿਸ਼ਵ ਪੱਧਰ ਦੀ ਬਣੀ ਵਰਲਡ ਐਂਟੀ ਡੋਪਿੰਗ ਏਜੰਸੀ (ਵਾਡਾ ) ਨੇ ਅਜਿਹੀਆਂ 200 ਤੋਂ ਵੱਧ ਮੈਡੀਕੇਟਿਡ ਦਵਾਈਆਂ ਦੀ ਲਿਸਟ ਬਣਾਈ ਹੋਈ ਹੈ ਜਿਨ੍ਹਾਂ ਦਾ ਸੇਵਨ ਕਰਕੇ ਖਿਡਾਰੀ ਕਿਸੇ ਵੀ ਕੌਮਾਂਤਰੀ ਖੇਡ ਮੁਕਾਬਲੇ ਵਿਚ ਭਾਗ ਨਹੀਂ ਲੈ ਸਕਦਾ | ਮੁਕਾਬਲੇ ਤੋਂ ਤੁਰੰਤ ਬਾਅਦ ਖਿਡਾਰੀ ਨੂੰ ਗ੍ਰਾਉੰਡ ਵਿਚੋਂ ਹੀ ਡੋਪ ਟੈਸਟ ਲਈ ਲੈਬ ਵਿਚ ਲਿਜਾਇਆ ਜਾਂਦੈ | ਜਿਥੇ ਉਸਦੇ ਖੂਨ ਅਤੇ ਪਿਸ਼ਾਬ ਦੇ ਨਮੂਨਿਆ ਨੂੰ ਲੈ ਕੇ ਟੈਸਟ ਕਰ ਲਿਆ ਜਾਂਦੈ | ਜਿਸ ਵੀ ਖਿਡਾਰੀ ਦਾ ਡੋਪ ਟੈਸਟ ਪਾਜ਼ਿਟਿਵ ਆ ਜਾਂਦਾ ਹੈ ਉਸਦੇ ਖਿਲਾਫ਼ ਵਾਡਾ ਏਡੀਆਰ ਦੇ ਆਰਟੀਕਲਜ਼ ਮੁਤਾਬਿਕ ਕਾਰਵਾਈ ਕੀਤੀ ਜਾਂਦੀ ਹੈ | ਲੇਂਕਿਨ ਫੇਰ ਵੀ ਆਪਣੇ ਖੇਡ ਮਿਆਰ ਨੂੰ ਉੱਚਾ ਚੁੱਕਣ ਦੀ ਲਾਲਸਾ ਵਿਚ ਖਿਡਾਰੀ ਕਈ ਤਰਾਂ ਦੀ ਡੋਪਿੰਗ ਦਾ ਇਸਤੇਮਾਲ ਕਰਦੇ ਨੇ |
ਖਿਡਾਰੀਆਂ ਅਤੇ ਪਾਠਕਾਂ ਨਾਲ ਇਥੇ ਇਹ ਚਰਚਾ ਬੇਲੋੜੀ ਨਹੀਂ ਹੋਵੇਗੀ ਜੇ ਅਸੀਂ ਇਹਨਾਂ ਖਤਰਨਾਕ ਅਤੇ ਜਾਨ ਲੇਵਾ ਦਵਾਈਆਂ ਦੇ ਭਿਆਨਕ ਸਿੱਟਿਆਂ ਨੂੰ ਉਹਨਾਂ ਦੇ ਅੰਗ ਸੰਗ ਨਾ ਕਰੀਏ | ਕਿਸੇ ਖਿਡਾਰੀ ਦੀ ਉਤੇਜਨਾ ਵਧਾਉਣ ਵਾਲੇ ਪਦਾਰਥ ਐਮਫ਼ੀਟਾਮਾਈਨਸ, ਕੈਫ਼ੀਨ, ਐਫਡਰਾਈਨ ਅਤੇ ਮੈਸੋਕਾਰਬ ਹਨ | ਜਿਹੜੇ ਕੇਂਦਰੀ ਨਾੜੀ ਪ੍ਰਣਾਲੀ ਨੂੰ ਤੇਜ਼ ਕਰਦੇ ਹੋਏ ਦਿਮਾਗ ਅਤੇ ਪੂਰੇ ਸਰੀਰ ਦੀ ਗਤੀ ਵਧਾਉਂਦੇ ਨੇ | ਇਹਨਾਂ ਪਦਾਰਥਾਂ ਦੇ ਸੇਵਨ ਨਾਲ ਖਿਡਾਰੀ ਨੂੰ ਦਿਲ ਦਾ ਦੌਰਾ ਪੈ ਸਕਦੈ ਤੇ ਉਹ ਇਹਨਾਂ ਨਸ਼ੀਲੇ ਪਦਾਰਥਾਂ ਦਾ ਆਦੀ ਬਣ ਜਾਂਦੈ | ਕਈ ਅਥਲੀਟ ਅਤੇ ਬਾਡੀ ਬਿਲਡਰ ਆਪਣੀਆ ਮਾਸਪੇਸੀਆਂ ਦੀ ਮਜ਼ਬੂਤੀ ਲਈ ਡਰੋਸਟਾਨੋਲੋਨ , ਓਕਸਾਐਨਡਰੋਲੋਨ, ਮੈਂਟਨੋਲੋਨ ਨਾਮ ਦੇ ਐਨਾਬੋਲਿਕ ਸਟੀਰਾਇਡਜ਼ ਦਾ ਇਸਤੇਮਾਲ ਕਰਦੇ ਹਨ | ਜਿਸ ਨਾਲ ਉਹਨਾਂ ਦੀਆਂ ਮਾਸਪੇਸ਼ੀਆਂ ਦਾ ਆਕਾਰ ਵੱਧ ਜਾਂਦਾ ਤੇ ਉਹ ਬਲ ਭਰਭੂਰ ਹੋ ਜਾਂਦੀਆਂ ਨੇ | ਪਰ ਇਹਨਾਂ ਪਦਾਰਥਾਂ ਦੇ ਸੇਵਨ ਨਾਲ ਖਿਡਾਰੀ ਦੇ ਗੁਰਦੇ ਫੇਲ ਹੋ ਸਕਦੇ ਨੇ ਤੇ ਜਿਗਰ ਤੇ ਮਾੜਾ ਅਸਰ ਪੈਂਦਾ ਹੈ | ਕਈ ਖਿਡਾਰੀ ਸਰੀਰ ਤੇ ਅੰਗਾਂ ਦੀ ਕਾਰਜ ਸ਼ਕਤੀ ਅਤੇ ਦਰਦ ਸਹਿਣ ਦੀ ਤਾਕਤ ਵਧਾਉਣ ਲਈ ਪੇਪਟਾਈਡ ਹਾਰਮੋਨਜ਼ ਨੂੰ ਖੇਡ ਮੁਕਾਬਲੇ ਤੋਂ ਪਹਿਲਾਂ ਆਪਣੇ ਸਰੀਰ ਵਿਚ ਦਾਖਲ ਕਰਵਾ ਲੈਂਦੇ | ਇਹ ਹਾਰਮੋਨਜ਼ ਖੂਨ ਦੇ ਲਾਲ ਰਕਤਾਣੂਆਂ ਵਿਚ ਹੁੰਦੈ | ਇਸ ਦੇ ਦੁਰਉਪਯੋਗ ਨਾਲ ਖਿਡਾਰੀ ਦਾ ਦਿਲ ਫੇਲ ਹੋ ਸਕਦੈ, ਉਸਨੂੰ ਸ਼ੁਗਰ ਅਤੇ ਹੱਡੀਆਂ ਕਮਜ਼ੋਰ ਹੋਣ ਦੀ ਬਿਮਾਰੀ ਹੋ ਜਾਂਦੀ ਹੈ | ਕਈ ਮੁੱਕੇਬਾਜ਼ ਅਤੇ ਕੁਸ਼ਤੀ ਖਿਡਾਰੀ ਆਪਣਾ ਭਾਰ ਘਟਾਉਣ ਲਈ ਮੂਤਰ ਵਰਧਕ ਦਵਾਈਆਂ ਦਾ ਇਸਤੇਮਾਲ ਕਰਦੇ ਨੇ ਜਿਸ ਦੇ ਸੇਵਨ ਨਾਲ ਸਰੀਰ ਵਿਚ ਪਾਣੀ ਦੀ ਕਮੀ ਹੋ ਜਾਂਦੀ ਹੈ ਤੇ ਖਿਡਾਰੀ ਦੀ ਮੌਤ ਵੀ ਹੋ ਸਕਦੀ ਹੈ | ਇਸ ਤੋਂ ਇਲਾਵਾ ਖਿਡਾਰੀਆਂ ਵਿਚ ਬਲੱਡ ਡੋਪਿੰਗ ਅਤੇ ਜੀਨ ਡੋਪਿੰਗ ਦਾ ਰੁਝਾਨ ਵੀ ਖਤਰਨਾਕ ਅਤੇ ਮਾਰੂ ਹੈ | ਜਿਸ ਨਾਲ ਐੱਚ ਆਈ ਵੀ ਅਤੇ ਕੈਂਸਰ ਨਾਂ ਦੇ ਮਾਰੂ ਰੋਗ ਉਤਪਨ ਹੋ ਜਾਂਦੇ ਨੇ |
ਪ੍ਰੋ . ਹਰਦੀਪ ਸਿੰਘ ਸੰਗਰੂਰ
9417665241