ਮੁੱਖ ਮੰਤਰੀ ਭਗਵੰਤ ਮਾਨ 26 ਜਨਵਰੀ ਨੂੰ ਫਰੀਦਕੋਟ ’ਚ ਲਹਿਰਾਉਣਗੇ ਤਿਰੰਗਾ ਝੰਡਾ
ਕੋਟਕਪੂਰਾ, 22 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
26 ਜਨਵਰੀ ਨੂੰ ਗਣਤੰਤਰਤਾ ਦਿਵਸ ਤੇ ਨਹਿਰੂ ਸਟੇਡੀਅਮ ਵਿਖੇ ਮਨਾਏ ਜਾਣ ਵਾਲੇ ਰਾਜ ਪੱਧਰੀ ਸਮਾਗਮ ਜਿਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ ਅਤੇ ਜ਼ਿਲ੍ਹਾ ਵਾਸੀਆਂ ਨੂੰ ਸੰਦੇਸ਼ ਦੇਣਗੇ। ਇਸ ਸਬੰਧ ਵਿੱਚ ਸੁਰੱਖਿਆ ਸਮੇਤ ਹੋਰ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਏ.ਡੀ.ਜੀ.ਪੀ. ਅੰਦਰੂਨੀ ਸੁਰੱਖਿਆ ਪੰਜਾਬ ਸ਼ਿਵ ਕੁਮਾਰ ਵਰਮਾ ਵਲੋਂ ਅੱਜ ਅਸ਼ਵਨੀ ਕਪੂਰ ਡੀ.ਆਈ.ਜੀ. ਫਰੀਦਕੋਟ ਅਤੇ ਡਾ. ਪ੍ਰਗਿਆ ਜੈਨ ਐੱਸ.ਐੱਸ.ਪੀ. ਨਾਲ ਨਹਿਰੂ ਸਟੇਡੀਅਮ ਦਾ ਦੌਰਾ ਕਰਨ ਉਪਰੰਤ ਲਾਅ ਐਂਡ ਆਰਡਰ ਅਤੇ ਜਨਤਕ ਸੁਰੱਖਿਆ ਨੂੰ ਬਣਾਈ ਰੱਖਣ ਲਈ ਦਿਸ਼ਾ-ਨਿਰਦੇਸ਼ ਦਿੱਤੇ। ਇਸ ਮੌਕੇ ਉਹਨਾਂ ਸੀਨੀਅਰ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਮੀਟਿੰਗ ਦੌਰਾਨ ਉਹਨਾਂ ਵਲੋਂ ਆਉਣ ਵਾਲੇ ਗਣਤੰਤਰ ਦਿਵਸ ਦੇ ਮੱਦੇਨਜਰ ਖਾਸ ਅਭਿਆਨਾ ਦੀ ਤਿਆਰੀ ਦੀ ਸਮੀਖਿਆ ਵੀ ਕੀਤੀ ਗਈ। ਉਹਨਾਂ ਸੁਰੱਖਿਆ ਪ੍ਰਬੰਧਾਂ ਅਤੇ ਰੂਟ ਪਲਾਨ ਆਦਿ ਬਾਰੇ ਅਧਿਕਾਰੀਆਂ ਨਾਲ ਵਿਚਾਰ ਚਰਚਾ ਕਰਨ ਉਪਰੰਤ ਹਦਾਇਤ ਕੀਤੀ ਕਿ ਸਮਾਗਮ ਵਾਲੇ ਦਿਨ ਪੂਰੀ ਮੁਸ਼ਤੈਦੀ ਨਾਲ ਸੁਰੱਖਿਆ ਪ੍ਰਬੰਧ ਕੀਤੇ ਜਾਣ। ਇਸ ਮੀਟਿੰਗ ਵਿੱਚ ਫਰੀਦਕੋਟ ਜਿਲ੍ਹੇ ਦੇ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਨਾਲ-ਨਾਲ ਸਮੂਹ ਮੁੱਖ ਅਫਸਰ ਥਾਣਾ, ਇੰਚਾਰਜ ਚੌਂਕੀਆਂ ਤੋਂ ਇਲਾਵਾ ਵੱਖ-ਵੱਖ ਬਰਾਂਚਾਂ ਅਤੇ ਹੱਦਾਂ ’ਤੇ ਤਾਇਨਾਤ ਪੁਲਿਸ ਕਰਮਚਾਰੀ ਵੀ ਹਾਜ਼ਰ ਸਨ।

