ਕਿੰਨਾ ਸੋਹਣਾ ਲਿਖਿਆ ਹੈ ਰਿਗਵੇਦ ਚ ਕਿ “ਵਾਕ ਹੀ ਬ੍ਰਹਮ ਹੈ” ਇਥੋਂ ਤੱਕ ਕਿ ਮਨੁੱਖ ਦੀ ਹੋਂਦ ਵੀ ਵਾਕ ਦੀ ਹੋਂਦ ਨਾਲ ਹੀ ਹੈ। ਸੋਚੋ ਕਿ ਇਹ ਵਾਕ ਕਿਵੇਂ ਬਣਾਇਆ ਗਿਆ ? ਅਕਸਰ ਨੂੰ ਸ਼ਬਦ ਤਾਂ ਲੱਗੇ ਹੀ ਹੋਣਗੇ ਵਾਕ ਪੂਰਾ ਕਰਨ ਲਈ । ਗੱਲ ਨੂੰ ਮੈਂ ਲਮਕੌਣਾ ਨਹੀਂ ਸਿੱਧੀ ਸ਼ੁਰੂ ਕਰਦੇ ਹਾਂ ਕਿ ਸ਼ਬਦ ਹੀ ਬ੍ਰਹਮ ਹੈ । ਸਿੱਖਾਂ ਵਜੋਂ ਸਾਡੇ ਕੋਲ ਮਿਸਾਲ ਦੇ ਤੌਰ ਉੱਤੇ “ਗੁਰੂ ਗ੍ਰੰਥ ਸਾਹਿਬ” ਮੌਜੂਦ ਹਨ । ਜਦੋਂ ਤੁਸੀਂ ਕਿਸੇ ਨੂੰ ਬੁਲਾਉਂਦੇ ਹੋ ਤਾਂ ਤੁਸੀਂ ਕਿਸੇ ਬੰਦੇ ਨੂੰ ਉਹਦੇ ਨਾਂ ਨਾਲ ਸੰਬੋਧਨ ਕਰੋਗੇ ਕਿ ਕਦੇ ਸੋਚਿਆ ਤੁਸੀਂ ਕਿ ਮਾਸ ਦੇ ਪੁਤਲੇ ਜੰਮਦੇ ਹਨ ਤੇ ਮਰਦੇ ਹਨ । ਇਹ ਮਾਸ ਦੀ ਪਛਾਣ ਇਕ ਸ਼ਬਦ ਕਰਾਉਂਦਾ ਹੈ । ਜੇ ਕਿਸੇ ਬੰਦੇ ਦਾ ਨਾਮਕਰਨ ਨਹੀਂ ਹੁੰਦਾ ਤਾਂ ਕਿਵੇਂ ਮੰਨੀਏ ਕਿ ਉਹ ਬੰਦਾ ਸੰਸਾਰ ਤੇ ਆਇਆ ਹੈ ਜਾਂ ਨਹੀਂ । ਇਹ ਤਾਂ ਕੇਵਲ ਇੱਕ ਸ਼ਬਦ ਦੀ ਖੇਡ ਹੈ ਤੇ ਜਿਹੜੇ ਨਿੱਤਨੇਮੀ ਸ਼ਬਦ ਨੇ ਓਹਨਾ ਬਾਰੇ ਚਾਨਣਾ ਪਾਉਣਾ ਓਨਾ ਹੀ ਔਖਾ ਹੈ ਜਿੰਨਾ ਸਮੁੰਦਰ ਨੂੰ ਕੁੱਜੇ ਵਿੱਚ ਬੰਦ ਕਰਨਾ । ਥੋੜ੍ਹੀ ਜਿਹੀ ਸੂਝ ਦੀ ਲੋੜ ਹੈ ਕਿ ਕਿਵੇਂ ਦੇ ਸ਼ਬਦ ਅਸੀ ਵਰਤ ਰਹੇ ਹਾਂ ? ਕੀ ਏਹੇ ਸ਼ਬਦ ਸਾਡੇ ਆਵਦੇ ਹਨ ? ਸਾਡੀ ਮਾਂ-ਬੋਲੀ ਦੇ ਹਨ ? ਕੀ ਇਹ ਸ਼ਬਦ ਮਾਸੀਆਂ-ਤਾਈਆਂ ਦੇ ਜਵਾਕ ਤਾਂ ਨਹੀਂ ? ਜੇ ਹਾਂ ਤਾਂ ਸਾਡੇ ਧੀਆਂ ਪੁੱਤਾਂ ਵਰਗੇ ਸ਼ਬਦ ਕਿੱਥੇ ਨੇ ? ਕੌਣ ਜਿੰਮੇਵਾਰ ਐ ਸਾਡੇ ਸ਼ਬਦ ਨੂੰ ਹੇਠਾਂ ਸਿੱਟਣ ਵਿੱਚ । ਅਸਲ ਵਿੱਚ ਕੋਈ ਵੀ ਕੌਮ ਓਦੋਂ ਮਰਦੀ ਹੈ ਜਦੋਂ ਉਹ ਕੌਮ ਆਵਦਾ ਅਤੀਤ ਭੁਲਾਉਂਦੀ ਹੈ । ਸਾਡੇ ਕੋਲ ਸਿੱਖਾਂ ਵਜੋਂ ਹੁਣ ਬੋਹਤ ਘੱਟ ਧਾਰਮਿਕ ਸਥਾਨ ਨੇ ਜੋ ਪੁਰਾਤਨ ਸਨ, ਸਾਡੇ ਕੋਲੋ ਸਾਡਾ ਪਹਿਰਾਵਾ ਖੁੱਸਿਆ ਅਖੀਰ ਸਾਡੇ ਕੋਲੋਂ ਸਾਡੇ ਸ਼ਬਦ ਵੀ ਵਿਸਰ ਰਹੇ ਨੇ । ਬੋਲੀ ਕੋਈ ਮਾੜੀ ਨਹੀਂ ਹੈ । ਹਰੇਕ ਬੋਲੀ ਵਿਚ ਸ਼ਬਦਾਂ ਦਾ ਲੈਣ-ਦੇਣ ਚੱਲਦਾ ਰਹਿੰਦਾ ਹੈ । ਹਰੇਕ ਬੋਲੀ ਉਧਾਰ ਕਰਦੀ ਹੈ ਅਤੇ ਉਹ ਉਧਾਰ ਸ਼ਬਦਾਂ ਦਾ ਉਧਾਰ ਹੈ । ਇੱਕ ਪੁਰਾਤਨ ਸਾਖੀ ਵਿੱਚ ਮੈਂ ਅਧਿਐਨ ਕੀਤਾ ਕਿ ਗੁਰੂ ਨਾਨਕ ਦੇਵ ਜੀ ਇੱਕ ਦਫਾ ਮਰਦਾਨੇ ਨਾਲ ਕਿਸੇ ਯਾਤਰਾ ਉੱਤੇ ਗਏ ਹੋਏ ਸਨ ਤਾਂ ਇਹ ਤਾਂ ਸੁਭਾਵਕ ਹੀ ਹੈ ਕਿ ਸਿੱਖ ਸ਼ਰਧਾਵਸ ਹੋ ਕੇ ਆਵਦੇ ਗੁਰੂ ਦੀ ਸਰਾਹਨਾ ਜਰੂਰ ਕਰੇਗਾ ਤਾਂ ਮਰਦਾਨਾ ਜੀ ਲਈ ਤਾਂ ਸਿੱਖ ਸ਼ਬਦ ਵਰਤਣਾ ਮੈਨੂੰ ਠੀਕ ਨਹੀਂ ਲੱਗਦਾ ਮੈਨੂੰ ਲੱਗਦਾ ਹੈ ਕਿ ਗੁਰਬਾਣੀ ਦੀ ਇਹ ਪੰਕਤੀ
“।।ਹਰਿ ਕਾ ਸੇਵਕੁ ਹਰਿ ਹੀ ਜੇਹਾ ।।” ਭਾਈ ਮਰਦਾਨੇ ਲਈ ਹੀ ਹੋਉਗੀ । ਪੁਰਾਤਨ ਜਨਮ ਸਾਖੀ ਦੇ ਅਨੁਸਾਰ ਭਾਈ ਮਰਦਾਨਾ ਗੁਰੂ ਨਾਨਕ ਦੇਵ ਜੀ ਬਾਬਤ ਕਹਿੰਦਾ ਹੈ ਕਿ “ਮਹਿਤੇ ਕਾਲੂ ਦਾ ਪੁੱਤਰ ਸ੍ਰਿਸ਼ਟੀ ਦਾ ਪੇੜਾ ਆਵਦੇ ਹੱਥਾਂ ਲੈ ਕੇ ਗੁੰਨ੍ਹ ਰਿਹਾ ਹੈ ਜਦਕਿ ਸ੍ਰਿਸ਼ਟੀ ਇਹਦੀ ਹੀ ਬਣਾਈ ਹੈ” ਗੁਰੂ ਸਾਹਿਬ ਭਾਈ ਮਰਦਾਨੇ ਨੂੰ ਵਰਜਦੇ ਨੇ ਕਿ ਏਦਾ ਨਾ ਕਹੇ ਮਰਦਾਨਾ ਹੋਰ ਤੇਜ ਕਹਿਣ ਲੱਗ ਜਾਂਦਾ ਹੈ ਤਾਂ ਗੁਰੂ ਸਾਹਿਬ ਫੇਰ ਵਰਜਦੇ ਨੇ ਮਰਦਾਨਾ ਫੇਰ ਕਹਿੰਦਾ ਹੈ ਤਾਂ ਗੁਰੂ ਜੀ ਕਹਿੰਦੇ ਹਨ ਕਿ “ ਬੱਸ ਭਾਈ ਬੱਸ ਏਦੂੰ ਅੱਗੇ ਨਾਹੀਂ ਚਲਾਵਣਾ ਅੱਖਰ ਹੋਰ ਕੋਈ “( ਪੁਰਾਤਨ ਜਨਮਸਾਖੀ ) ਮੈਂ ਇਹ ਸ਼ਬਦ ਪੜ੍ਹ ਕੇ ਹਰਾਨ ਹੋਇਆ ਕਿ ਤੀਰ ਚੱਲਦਾ ਸੁਣਿਆ, ਤਲਵਾਰ ਚੱਲਦੀ ਸੁਣੀ ਤੇ ਰਾਮਜੰਗਾ( ਬੰਦੂਕ) ਚੱਲਦੀ ਸੁਣੀ , ਗੱਡੀਆਂ ਕਾਰਾਂ ਚੱਲਦੀਆਂ ਦੇਖੀਆਂ ਤੇ ਸੁਣੀਆਂ ਕਦੇ ਅੱਖਰ ਚੱਲਦੇ ਸੁਣੇ ? ਇਥੋਂ ਪਤਾ ਲੱਗਦਾ ਹੈ ਕਿ ਸਾਡੇ ਬਾਬੇ ਨੇ ਸ਼ਬਦ ਨੂੰ ਮਹਾਨਤਾ ਕਿਉਂ ਦਿੱਤੀ । ਹਰ ਰੋਜ਼ ਅਸੀਂ ਸ਼ਬਦਾਂ ਦਾ ਵਪਾਰ ਕਰਦੇ ਆ । ਸੋਚੋ ਤੁਸੀਂ ਕਿਸੇ ਬੰਦੇ ਨੂੰ ਇਹ ਕਹਿੰਦੇ ਜਰੂਰ ਸੁਣਿਆ ਹੋਵੇਗਾ ਕਿ “ ਜਿਵੇ ਦਾ ਓਹ ਬਲਾਊ ਓਵੇਂ ਆਪਾਂ ਵੀ ਬੋਲ ਲਾ ਗੇ” ਕੀ ਏਹੇ ਵਪਾਰ ਨਹੀਂ? ਹਾਂ! ਏਹੇ ਦੁਕਾਨਦਾਰੀ ਹੈ ਤੁਸੀਂ ਗਾਲ ਦੇ ਬਦਲੇ ਗਾਲ ਹੀ ਦਵੋਗੇ ਉਥੇ ਤੁਸੀਂ ਪਿਆਰ ਦਾ ਇਜ਼ਹਾਰ ਨਨਹੀਂ ਕਰੋਗੇ । ਸੋ ਅੰਤ ਸ਼ਬਦ ਹਥਿਆਰਾਂ ਨਾਲੋਂ ਕਿਤੇ ਤਾਕਤਵਰ ਨੇ ਤੋਪਾਂ ਨਾਲੋਂ ਵੀ ਤੇ ਨਿਊਕਲੀਅਰ( ਪਰਮਾਣੂ )ਹਥਿਆਰਾਂ ਨਾਲੋਂ ਵੀ। ਅੱਖਰਾਂ ਬਿਨਾ ਤੁਸੀਂ ਪੜ੍ਹੇ ਲਿਖੇ ਨਹੀਂ ਸਿੱਧ ਹੋ ਸਕਦੇ , ਨੌਕਰੀ ਨਹੀਂ ਕਰ ਸਕਦੇ । ਕਿਸੇ ਬੰਦੇ ਦੀ ਮੌਤ ਦੀ ਸਜ਼ਾ ਅੱਖਰ ਬਦਲ ਸਕਦੇ ਨੇ ਤੇ ਕਿਸੇ ਨੂੰ ਸਜਾ ਦੇ ਵੀ ਸਕਦੇ ਨੇ । ਹਥਿਆਰਾਂ ਨਾਲੋਂ ਵੱਧ ਧਿਆਨ ਨਾਲ ਅੱਖਰ ਕੱਢਣੇ ਚਾਹੀਦੇ ਹਨ ਤੇ ਸੂਝ ਨਾਲ ਚਲਾਉਣੇ ਚਾਹੀਦੇ ਹਨ । ਫੇਰ ਅਖੀਰ ਤੇ ਮੈਂ ਏਹੋ ਤਸਦੀਕ ਕਰਦਾਂ ਹਾਂ ਕਿ ਅੱਖਰਾਂ ਨੂੰ ਬਚਾਓ ਖ਼ਾਸ ਕਰਕੇ ਪੰਜਾਬੀ ਦੇ , ਮਾਂ ਬੋਲੀ ਦੇ ਸ਼ਬਦ । ਤੇ ਏਹੇ ਕਹਿਣਾ ਬੰਦ ਕਰੋ ਕਿ ਬੋਲੀ ਨੂੰ ਖ਼ਤਰਾ ਹੈ । ਧੰਨਵਾਦ!
ਜੋਤ ਭੰਗੂ
7696425957