ਵਾਸਤੂਸ਼ਾਸਤਰ ਪੁਰਾਤਨ ਭਾਰਤੀ ਗਿਆਨ ਦੀ ਉਹ ਸ਼ਾਖਾ ਹੈ ਜੋ ਇਹ ਦੱਸਦੀ ਹੈ ਕਿ ਇਮਾਰਤਾਂ ਦੀ ਉਸਾਰੀ ਕਿਹੜੇ ਨਿਯਮਾਂ ਨੂੰ ਧਿਆਨ ਵਿੱਚ ਰੱਖ ਕੇ ਕੀਤੀ ਜਾਂਦੀ ਹੈ।ਹਰ ਨਿਯਮ ਦੇ ਨਾਲ ਕੋਈ ਨਾ ਕੋਈ ਅੰਧਵਿਸ਼ਵਾਸ ਜੋੜਿਆ ਗਿਆ ਹੈ।ਘਰ ਦੇ ਦਰਵਾਜ਼ੇ,ਸੌਣ ਵਾਲੇ ਕਮਰੇ,ਰਸੋਈ,ਬਾਥਰੂਮ, ਪਖਾਨੇ ਅਲਮਾਰੀਆਂ ਆਦਿ ਕਿਹੜੀ ਦਿਸ਼ਾ ਵਿੱਚ ਹੋਣ।ਅਜਿਹੇ ਨਿਯਮਾਂ ਦੀ ਪਾਲਣਾ ਨਾ ਕਰਨ ਤੇ ਘਰ ਵਿੱਚ ਕਲੇਸ਼,ਪੈਸੇ ਧੇਲੇ ਦੀ ਕਮੀ,ਬਿਮਾਰੀ ਆਦਿ ਦੇ ਅੰਧ-ਵਿਸ਼ਵਾਸ ਜੋੜੇ ਗਏ ਹਨ।ਵਾਸਤੂ ਦਾ ਭਾਵ ਵਾਸ ਹੁੰਦਾ ਹੈ ਜਿਸ ਦਾ ਅਰਥ ਹੈ ਰਿਹਾਇਸ਼।ਵਾਸਤੂ ਪ੍ਰਚੀਨ ਭਾਰਤੀਆਂ ਦੀ ਇਮਾਰਤਸ਼ਾਜੀ ਕਲਾ ਦਾ ਨਾਂ ਹੈ।ਸਾਡੇ ਪੁਰਖਿਆਂ ਨੇ ਆਪਣੇ ਦਿਮਾਗਾਂ ਦੀ ਵਰਤੋਂ ਕਰਦਿਆਂ ਮੰਦਰ ਦੇ ਗੁਬੰਦ,ਮੀਨਾਰ,ਸ਼ਾਹੀ ਮਹਿਲ, ਕਿਲੇ, ਹਵੇਲੀਆਂ ਅਦਭੁੱਤ ਢੰਗ ਨਾਲ ਬਣਾਏ ਹਨ ਤੇ ਮੀਨਾਕਾਰੀ ਵੀ ਕਮਾਲ ਦੀ ਕੀਤੀ ਹੈ।ਅੱਜ ਨਾ ਸਿਰਫ ਅਨਪੜ੍ਹ ਲੋਕ ਸਗੋਂ ਜ਼ਿਆਦਾ ਪੜ੍ਹੇ ਲਿਖੇ ਤੇ ਅਮੀਰ ਲੋਕ ਵਾਸਤੂ ਸ਼ਾਸਤਰ ਦੇ ਅੰਧਵਿਸ਼ਵਾਸ ਦੇ ਜਾਲ ਵਿੱਚ ਫਸੇ ਹੋਏ ਹਨ।ਵਾਸਤੂ ਸ਼ਾਸਤਰ ਉਪਰ ਅਨੇਕਾਂ ਕਿਤਾਬਾਂ ਤੇ ਲੇਖ ਲਿਖੇ ਜਾ ਚੁੱਕੇ ਹਨ, ਹਜ਼ਾਰਾਂ ਹੀ ਵੈਬਸਾਈਟਾਂ ਉਪਲਬਧ ਹਨ।ਕਈ ਵਹਿਮੀ ਲੋਕ ਅਜਿਹੇ ਵੀ ਹਨ ਜਿਹੜੇ ਆਪਣੇ ਘਰ ਦਾ ਢਾਂਚਾ ਬਦਲਣ ਵਿੱਚ ਏਨਾ ਖਰਚ ਕਰ ਦਿੰਦੇ ਹਨ ਕਿ ਉਸ ਪੈਸੇ ਵਿੱਚ ਇਕ ਨਵਾਂ ਮਕਾਨ ਬਣ ਸਕਦਾ ਹੈ।ਵੇਖਿਆ ਜਾਵੇ ਦੁੱਖ, ਸੁੱਖ, ਨਫਾ, ਨੁਕਸਾਨ ਵਗੈਰਾ ਜ਼ਿੰਦਗ਼ੀ ਦਾ ਹਿੱਸਾ ਹਨ।ਮਕਾਨ ਦੇ ਕੰਧਾਂ ਕੌਲੇ਼ ਢਾਹੁਣ ਨਾਲ ਕਿਸਮਤ ਨਹੀ ਬਦਲਦੀ।ਵਾਸਤੂ ਸ਼ਾਸਤਰ ਜੇ ਹਰ ਮਰਜ਼ ਦੀ ਦਵਾਈ ਹੁੰਦਾ ਤਾਂ ਸੰਸਾਰ ਵਿੱਚ ਨਾ ਕੋਈ ਬਿਮਾਰ ਹੁੰਦਾ, ਨਾ ਕੋਈ ਮਰਦਾ।ਨਵਾਂ ਘਰ ਬਣਾਉਣ ਤੋਂ ਪਹਿਲਾਂ ਆਰਕੀਟੈਕਟ ਦੀ ਸਲਾਹ ਲੈਣੀ ਚੰਗੀ ਹੈ।ਪਰ ਘਰ ਨੂੰ ਵਾਸਤੂ ਸ਼ਾਸਤਰ ਦੇ ਹਿਸਾਬ ਨਾਲ ਤੜਵਾਉਣਾ ਅਕਲਮੰਦੀ ਨਹੀਂ ।ਵਾਸਤੂ ਸ਼ਾਸਤਰ ਵਿੱਚ ਦਰਜ਼ ਹੈ ਕਿ ਜੇ ਘਰ ਅੱਗੇ ਖੰਭਾ ਹੈ ਤਾਂ ਮਾਲਕ ਮਾੜੀ ਨੀਅਤ ਦਾ ਹੈ।ਖੰਭਾ ਰਾਹ ਵਿੱਚ ਰੁਕਾਵਟ ਤਾਂ ਹੋ ਸਕਦਾ ਪਰ ਮਾਲਕ ਨਾਲ ਕੀ ਸਬੰਧ ? ਜੇ ਘਰ ਟੀ ਪੁਆਇੰਟ ਤੇ ਹੈ ਤਾਂ ਘਰ ਦੇ ਮਾਲਕ ਦੀਆਂ ਦੋ ਪਤਨੀਆਂ ਹੋਣਗੀਆਂ।ਇਹੋ ਜਿਹੀਆਂ ਕਈ ਬੇਤੁਕੀਆਂ ਗੱਲਾਂ ਵਾਸਤੂ ਸ਼ਾਸਤਰ ਵਿੱਚ ਦਰਜ਼ ਹਨ ਜੋ ਤਰਕ ਦੀ ਕਸੌਟੀ ਤੇ ਸਹੀ ਨਹੀਂ ਉਤਰਦੀਆਂ।ਫਰਜ਼ ਕਰੋ ਜੇ ਕਿਸੇ ਦਾ ਬੱਚਾ ਪੜ੍ਹਾਈ ਵਿੱਚ ਕਮਜ਼ੋਰ ਹੋਵੇ ਤੇ ਕੀ ਵਾਸਤੂ ਸ਼ਾਸਤਰ ਅਧੀਨ ਬਣਿਆ ਕਮਰਾ ਉਸ ਨੂੰ ਪਾਸ ਕਰਾ ਦੇਵੇਗਾ। ਜੇ ਔਰਤ ਤੇ ਮਰਦ ਦੀ ਆਪਸ ਵਿਚ ਨਾ ਬਣਦੀ ਹੋਵੇ ਤਾਂ ਵਾਸਤੂ ਸ਼ਾਸਤਰ ਅਨੁਸਾਰ ਬਣਿਆ ਕਮਰਾ ਉਨਾਂ ਦੀ ਸਹਿਮਤੀ ਕਰਾ ਦੇਵੇਗਾ।ਕਈ ਥਾਂ ਆਪਾ ਵਿਰੋਧੀ ਗੱਲਾਂ ਵੀ ਹਨ।ਵਾਸਤੂ ਸ਼ਾਸਤਰ ਦੇ ਮਾਹਿਰ ਕਹਿੰਦੇ ਹਨ ਕਿ ਭਾਰਤ ਦੇ ਮੰਦੇ ਹਾਲ ਦਾ ਕਾਰਣ ਇਸ ਦੇ ਉਤਰ ਵਿੱਚ ਹਿਮਾਲਾ ਪਰਬਤ ਹੈ ਜਿਸ ਕਰਕੇ ਬੇਰੁਜ਼ਗਾਰੀ, ਗਰੀਬੀ, ਭੁਖਮਰੀ,ਕੰਗਾਲੀ, ਰਿਸ਼ਵਤ ਲਈ ਹਿਮਾਲਾ ਪਰਬਤ ਦੋਸ਼ੀ ਹੈ।ਇਨਾਂ ਨੂੰ ਪੁੱਛਿਆ ਜਾਵੇ ਜਦੋਂ ਭਾਰਤ ਸੋਨੇ ਦੀ ਚਿੜੀ ਸੀ ਉਦੋਂ ਹਿਮਾਲਾ ਪਰਬਤ ਕਿਥੇ ਸੀ।
ਸੰਸਦ ਭਵਨ ਵੀ ਵਾਸਤੂ ਸ਼ਾਸਤਰ ਅਨੁਸਾਰ ਬਣਾਇਆ ਗਿਆ ਹੈ।ਕੀ ਭਾਰਤ ਵਿੱਚੋਂ ਗਰੀਬੀ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ ਖ਼ਤਮ ਹੋ ਗਿਆ ਹੈ? ਮੁਸ਼ਕਿਲਾਂ ਤਾਂ ਸਾਨੂੰ ਸੰਸਦ ਵਿੱਚ ਬੈਠੇ ਮੈਬਰਾਂ ਤੋਂ ਹਨ ਜੋ ਸਾਡੀਆਂ ਮੁਸ਼ਕਿਲਾਂ ਦਾ ਹੱਲ ਨਹੀਂ ਕਰਦੇ। 1979 ਵਿੱਚ ਵਾਸਤੂ ਸ਼ਾਸਤਰ ਦੇ ਮਾਹਰ ਇਕ ਐਮ ਪੀ ਨੇ ਬਹੁ ਮੰਜ਼ਲੀ ਇਮਾਰਤ ਵਾਸਤੂ ਸ਼ਾਸਤਰਾਂ ਦੇ ਨਿਯਮਾਂ ਅਨੁਸਾਰ ਬਣਾਈ ਜਿਹੜੀ ਦੋ ਸਾਲਾਂ ਦੇ ਵਿੱਚ ਡਿੱਗ ਪਈ।ਅਸਲ ਵਿੱਚ ਦਿਸ਼ਾਵਾਂ ਮਾੜੀਆਂ ਨਹੀਂ ਹੁੰਦੀਆਂ,ਸਗੋਂ ਮਾੜੀਆਂ ਤਾਂ ਸਰਕਾਰਾਂ ਹੁੰਦੀਆਂ ਹਨ ਜਿਹੜੀਆਂ ਲੋਕਾਂ ਨੂੰ ਅੰਧਵਿਸ਼ਵਾਸ ਦੇ ਜਾਲ ਵਿੱਚ ਪਾਉਣ ਲਈ ਟੀ ਵੀ ਚੈਨਲਾਂ ਤੇ ਪ੍ਰਿੰਟ ਮੀਡੀਆ ਨੂੰ ਉਤਸ਼ਾਹਿਤ ਤੇ ਮਦਦ ਕਰਦੀਆਂ ਹਨ।ਦੇਸ਼ ਦੇ ਬਹੁਤ ਸਾਰੇ ਨੇਤਾ ਜਦੋਂ ਨਵੇਂ ਗ੍ਰਹਿ ਜਾਂ ਦਫਤਰ ਵਿੱਚ ਪ੍ਰਵੇਸ਼ ਕਰਦੇ ਹਨ ਤਾਂ ਉਸ ਵੇਲੇ ਜੋਤਸ਼ੀਆਂ ਤੇ ਵਸਤੂ ਮਾਹਿਰਾਂ ਦੀਆਂ ਸਲਾਹਾਂ ਲੈ ਕੇ ਇਮਾਰਤਾਂ ਦੀ ਤੋੜ ਭੰਨ ਕਰਵਾਉਂਦੇ ਹਨ। ਇਹ ਗਲ ਤਾਂ ਅਸੀਂ ਸਾਰੇ ਜਾਣਦੇ ਹਾਂ ਕਿ ਮਕਾਨ ਵਿੱਚ ਹਵਾ ਤੇ ਧੁੱਪ ਆਉਣੀ ਚਾਹੀਦੀ ਹੈ। ਖਾਸ ਕਰਕੇ ਰਸੋਈ ਉਥੇ ਬਣਾਈ ਜਾਂਦੀ ਹੈ, ਜਿੱਥੇ ਢੁਕਵੀਂ ਧੁੱਪ ਆ ਸਕੀ ਤਾਂ ਜੋ ਇਹ ਜਰਮ ਰਹਿਤ ਰਹੇ।ਸ਼ੁਭ ਅਸ਼ੁੱਭ ਵਾਲੀ ਕੋਈ ਗੱਲ ਨਹੀਂ। ਮੇਰੇ ਇੱਕ ਸ਼ਾਗਿਰਦ ਨੇ ਅਜਿਹਾ ਪਲਾਟ ਲਿਆ ਜੋ ਚੋਰਸ ਨਹੀਂ ਸੀ ਭਾਵ ਗੁਣੀਏ ਵਿੱਚ ਨਹੀਂ ਸੀ,ਪਲਾਟ ਬਹੁਤ ਸਸਤਾ ਮਿਲ ਗਿਆ ਕਿਉਂਕਿ ਹਰ ਕੋਈ ਉਸ ਦਾ ਖ਼ਰੀਦ ਦਾਰ ਨਹੀਂ ਸੀ।ਗੁਣੀਏ ਵਿਚ ਨਾ ਹੋਣ ਕਾਰਨ ਇਸ ਨੂੰ ਅਸ਼ੁਭ ਮੰਨਦੇ ਸਨ।ਮਕਾਨ ਬਣਾਉਣ ਤੋਂ ਬਾਅਦ ਉਸ ਨੇ ਮੇਰਾ ਧੰਨਵਾਦ ਕਰਦਿਆਂ ਦੱਸਿਆ ਕਿ ਕਿ ਮੈਂ ਅਜਿਹਾ ਪਲਾਟ ਲਿਆ ਜਿਸਨੂੰ ਲੋਕ ਅਸ਼ੁੱਭ ਮੰਨਦੇ ਸਨ ਪਰ ਮੇਰੇ ਤੇ ਤੁਹਾਡੀ ਸਿਖਿਆ ਦਾ ਡੂੰਘਾ ਪ੍ਰਭਾਵ ਸੀ ਤੇ ਮੈਂ ਉਹ ਪਲਾਟ ਸਸਤਾ ਮਿਲਣ ਕਰਕੇ ਖ਼ਰੀਦ ਲਿਆ ਤੇ ਆਰਕੀਟੈਕਟ ਨੇ ਪਲਾਟ ਦੀ ਕਾਣ ਨੂੰ ਬਹੁਤ ਸਿਆਣਪ ਨਾਲ ਵਰਤੋ ਵਿੱਚ ਲਿਆ ਕੇ ਆਮ ਬੰਦੇ ਦੀ ਨਿਗਾਹ ਤੋਂ ਦੂਰ ਕਰ ਦਿੱਤਾ। ਸਾਰੇ ਆਂਢੀ ਗੁਆਂਢੀ ਤੇ ਰਿਸ਼ਤੇਦਾਰ ਮੇਰੀ ਸ਼ਲਾਘਾ ਕਰਦੇ ਹਨ। ਭਾਵ ਸ਼ੁਭ ਅਸ਼ੁੱਭ ਕੁੱਝ ਨਹੀਂ ਹੁੰਦਾ।ਬਹੁਤ ਸਾਰੇ ਲੀਡਰ ਪਾਖੰਡੀ ਸਾਧਾਂ ਸੰਤਾਂ ਤਾਂਤਰਿਕਾਂ ਜੋਤਸ਼ੀਆਂ ਦੇ ਅੱਡਿਆਂ ਤੇ ਜਾ ਕੇ ਆਮ ਜਨਤਾ ਨੂੰ ਵੀ ਵਹਿਮਾਂ ਭਰਮਾਂ ਦੀ ਦਲਦਲ ਵਿੱਚ ਫਸਾ ਰਹੇ ਹਨ, ਪਿਆਰੇ ਤੇ ਸਤਿਕਾਰਤ ਲੋਕੋ ਸਮਝਦਾਰੀ ਤੋਂ ਕੰਮ ਲਵੋ ਵਿਗਿਆਨਕ ਸੋਚ ਅਪਣਾਉ ਤੇ ਅਜਿਹੇ ਵਾਸਤੂ ਸ਼ਾਸਤਰਾਂ ਦੇ ਚੱਕਰਾਂ ਵਿੱਚ ਨਾ ਪਵੋ ,ਸਗੋਂ ਲੋਕਾਂ ਨੂੰ ਜਾਗਰੂਕ ਕਰੋ । ਵਿਗਿਆਨਕ ਸੋਚ ਹੀ ਸਮੇਂ ਦੀ ਮੁੱਖ ਲੋੜ ਹੈ,ਇਹ ਹੀ ਸਾਨੂੰ ਕਈ ਸਮੱਸਿਆਵਾਂ ਤੇ ਬੀਮਾਰੀਆਂ ਤੋਂ ਬਚਾ ਸਕਦੀ ਹੈ ਤੇ ਸਾਨੂੰ ਕਾਫੀ ਲਾਭ ਪਹੁੰਚਾ ਸਕਦੀ ਹੈ।
ਮਾਸਟਰ ਪਰਮ ਵੇਦ
ਤਰਕਸ਼ੀਲ ਆਗੂ
9417422349