ਅੰਧਵਿਸ਼ਵਾਸ ਲੋਕਾਂ ਦੀ ਜਾਨ ਦੇ ਖੋਹ -ਮਾਸਟਰ ਪਰਮ ਵੇਦ
ਅਜ ਦਾ ਯੁੱਗ ਵਿਗਿਆਨ/ਕੰਮਪਿਊਟਰ ਦਾ ਯੁੱਗ ਹੈ ਇਸ ਤੋਂ ਅੱਗੇ ਵੀ ਮਸਨੂਈ ਬੁੱਧੀ (ਆਰਟੀਫੀਸ਼ੀਅਲ ਇੰਟੈਲੀਜੈਂਸ)ਦਾ ਯੁੱਗ ਬਣ ਗਿਆ ਹੈ ਪਰ ਦੂਜੇ ਪਾਸੇ ਭਾਰਤ ਵਿਚ ਵਿਗਿਆਨਿਕ ਸੋਚ ਦੀ ਥਾਂ ਅੰਧਵਿਸ਼ਵਾਸ ਵੀ ਆਮ ਗਲ ਹੈ। ਵਿਗਿਆਨਕ ਤਕਨੀਕਾਂ ਦੇ ਨਾਲੋਂ ਨਾਲ ਇਸ ਸਮੇਂ ਅੰਧਵਿਸ਼ਵਾਸ ਵੀ ਵਧ ਫੁੱਲ ਰਿਹਾ ਹੈ। ਭਾਵੇਂ ਵਿਗਿਆਨ ਤਰੱਕੀ ਕਰ ਰਿਹਾ ਹੈ ਤੇ ਆਏ ਦਿਨ ਨਵੀਂਆਂ ਵਿਗਿਆਨਕ ਖੋਜਾਂ ਦਾ ਪਸਾਰਾ ਵੱਧ ਰਿਹਾ ਹੈ। ਪਰ ਲੋਕਾਂ ਦਾ ਸੋਚਣ ਢੰਗ ਵਿਗਿਆਨਕ ਨਹੀਂ ਹੋ ਰਿਹਾ।ਇੱਥੇ ਤਾਂ ਜੱਜ ਤਕ ਵੀ ਕਹਿ ਸਕਦਾ ਹੈ ਕਿ ਮੋਰਨੀ ਮੋਰ ਦੇ ਹੰਝੂਆਂ ਨਾਲ ਗਰਭਵਤੀ ਹੋ ਜਾਂਦੀ ਹੈ। ਕਰੋਨਾ ਤਾਲੀ ਥਾਲੀ ਖੜਕਾਉਣਾ ਨਾਲ ਡਰ ਕੇ ਭਜ ਜਾਵੇਗਾ।
ਮੀਡੀਏ ਰਾਹੀਂ ਬਾਬਿਆਂ, ਤਾਂਤਰਿਕਾਂ, ਜੋਤਸ਼ੀਆਂ, ਪੁੱਛਾਂ ਦੇਣ ਵਾਲਿਆਂ ਰਾਹੀਂ ਰਾਤ ਦਿਨ ਅੰਧਵਿਸ਼ਵਾਸ ਫੈਲਾਇਆ ਜਾ ਰਿਹਾ ਹੈ । ਜੇ ਕਿਸੇ ਦੇ ਘਰ ਵਿਚ ਬੱਚਾ ਨਹੀਂ ਪੈਦਾ ਹੁੰਦਾ ਤੇ ਉਹ ਘਰ ਤਾਂਤਰਿਕਾਂ, ਅਖੌਤੀ ਸਿਆਣਿਆਂ ਤੇ ਪੁੱਛਾਂ ਦੇਣ ਵਾਲਿਆਂ ਤੇ ਵਿਸ਼ਵਾਸ ਕਰਦਾ ਹੋਵੇ ਅਤੇ ਕੋਈ ਤਾਂਤਰਿਕ ਉਹਨਾਂ ਨੂੰ ਸਲਾਹ ਦੇਵੇ ਕਿ ਕਿਸੇ ਬੱਚੇ ਦੀ ਬਲੀ ਦੇਣ ਨਾਲ ਉਹਨਾਂ ਦੇ ਘਰ ਬੱਚਾ ਹੋਵੇਗਾ ਤਾਂ ਉਹ ਸੱਚ ਮੰਨ ਕੇ,ਕਿਸੇ ਦਾ ਵੀ ਛੋਟਾ ਬੱਚਾ ਹਨੇਰੇ ਸਵੇਰੇ ਚੁੱਕ ਕੇ ਕਤਲ ਕਰ ਸਕਦਾ ਹੈ। ਉਹ ਬਦਕਿਸਮਤ ਬੱਚਾ ਤੁਹਾਡੇ ਨੇੜੇ ਤੇੜੇ ਦੇ ਪਰਿਵਾਰ ਦਾ, ਤੁਹਾਡਾ ਜਾਂ ਮੇਰਾ ਵੀ ਹੋ ਸਕਦਾ ਹੈ। ਬਾਅਦ ਵਿਚ ਭਾਵੇਂ ਤਾਂਤਰਿਕ ਨੂੰ ਫਾਂਸੀ ਹੋ ਜਾਵੇ , ਜੇਲ੍ਹ ਹੋ ਜਾਵੇ ਅਤੇ ਬੱਚੇ ਦੀ ਇੱਛਾ ਰੱਖਣ ਵਾਲਾ ਪਰਿਵਾਰ ਵੀ ਅੰਦਰ ਹੋ ਜਾਵੇ ਪਰ ਅਭਾਗੇ ਪਰਿਵਾਰ ਨੂੰ ਉਹ ਬੱਚਾ ਨਹੀਂ ਮਿਲਦਾ, ਕੇਵਲ ਸਾਲਾਂ ਬੱਧੀ ਸੋਗ ਹੀ ਪੱਲੇ ਪੈਂਦੇ ਰਹੇ ਹਨ। ਸੰਬੰਧਿਤ ਪਰਿਵਾਰਾਂ ਨੂੰ ਆਪਣੇ ਬੱਚਿਆਂ ਦੀ ਮੌਤ ਦਾ ਸੱਲ ਸਾਰੀ ਉਮਰ ਚੀਸ ਦਿੰਦਾ ਰਹਿੰਦਾ ਹੈ।ਅਜਿਹੇ ਕੇਸ ਆਮ ਵਾਪਰਦੇ ਹਨ।ਜਿਸ ਘਰ ਦਾ ਚਿਰਾਗ ਬੁਝ ਜਾਂਦਾ ਹੈ, ਉਸ ਦੇ ਦਿਲ ਨੂੰ ਪੁੱਛ ਕੇ ਦੇਖੋ। ਬਠਿੰਡਾ ਨੇੜਲੇ ਕੋਟਫੱਤਾ ਪਿੰਡ ਦੇ ਕਿਸੇ ਪਰਿਵਾਰ ਦੇ ਔਲਾਦ ਨਹੀਂ ਹੁੰਦੀ ਸੀ ਤਾਂ ਉਹਨਾਂ ਅਖੌਤੀ ਸਿਆਣਿਆਂ ਦੇ ਕਹਿਣ ਤੇ ਆਪਣੇ ਹੀ ਪਰਿਵਾਰ ਦੇ ਦੋ ਬੱਚਿਆਂ ਦੀ ਬਲੀ ਦੇ ਦਿੱਤੀ।ਅਖੌਤੀ ਸਿਆਣੇ ਨੇ ਕਿਹਾ ਸੀ ਬਲੀ ਦੇਣ ਉਪਰੰਤ ਬੱਚਾ ਹੋ ਜਾਵੇਗਾ ਤੇ ਮਰੇ ਬੱਚਿਆਂ ਨੂੰ ਵੀ ਜਿਉਂਦੇ ਕਰ ਦਿੱਤਾ ਜਾਵੇਗਾ।ਇਸ ਤਰ੍ਹਾਂ ਕਿਸੇ ਮੁਹੱਲੇ ਵਿਚ ਕਿਸੇ ਦੇ ਘਰ ਵਾਸੀ ਰੋਟੀਆਂ ਆਉਂਦੀਆਂ ਸਨ,ਕਦੇ ਕਦੇ ਛੋਟੇ ਰੋੜੇ ਵੀ ਆ ਜਾਂਦੇ ਸਨ, ਦੁਖੀ ਔਰਤ ਇੱਕ ਤਾਂਤਰਿਕ ਕੋਲ ਜਾ ਪਹੁੰਚੀ। ਤਾਂਤਰਿਕ ਨੇ ਆਪਣੀ ਫੀਸ ਲੈ ਕੇ ਦਸਿਆ ਕਿ ਇਹ ਤੁਹਾਡੀ ਗਲੀ ਵਿਚ ਤੁਹਾਡੇ ਸੱਜੇ ਪਾਸੇ ਦੀ ਮੋਟੀ ਗੁਆਂਢਣ ਇਹ ਕੰਮ ਕਰਦੀ ਹੈ । ਦੁਖੀ ਔਰਤ ਨੇ ਸੱਜੇ ਪਾਸੇ ਤਿੰਨ ਘਰ ਛੱਡ ਕੇ ਮੋਟੀ ਗੁਆਂਢਣ ਔਰਤ ਨੂੰ ਉਸਦੇ ਬੱਚਿਆਂ ਨੂੰ ਮਰਨ ਤਕ ਦੀਆਂ ਗਾਲ਼ਾਂ ਦੇਣੀਆਂ ਸ਼ੁਰੂ ਕਰ ਦਿਤੀਆਂ ।ਅੰਦਰੋਂ ਔਰਤ ਨਿਕਲੀ ਅਤੇ ਬੜੇ ਪਿਆਰ ਨਾਲ ਸਮਝਾਇਆ ਕਿ ਸਾਡੇ ਵਲੋਂ ਕੁੱਝ ਨਹੀਂ ਸੁਟਿਆ ਜਾਂਦਾ, ਜਦ ਪੀੜਿਤ ਔਰਤ ਮੰਨਣ ਤੇ ਹੀ ਨਾ ਆਵੇ ਤਾਂ ਅਖੀਰ ਦੁਖੀ ਔਰਤ ਨੇ ਦੂਜੀ ਔਰਤ ਦੀ ਗੁੱਤ ਫੜ ਲਈ ਅਤੇ ਛੱਡ ਛੁੜਾ ਹੋਣ ਤੋਂ ਪਹਿਲਾਂ ਹੀ ਦੋਵੇਂ ਗੁੱਤਮ ਗੁੱਤੀ ਹੋ ਗਈਆਂ । ਤਾਂਤਰਿਕ ਤੇ ਕਹਿਣ ਤੇ ਦੋ ਗੁਆਂਢੀ ਘਰਾਂ ਵਿੱਚ ਵੈਰ ਪੈ ਗਿਆ। ਇਸੇ ਤਰਾਂ ਸੰਗਰੂਰ ਜ਼ਿਲ੍ਹੇ ਦੇ ਇੱਕ ਪਿੰਡ ਵਿਖੇ ਅੱਜ ਤੋਂ ਪੰਦਰਾਂ -ਵੀਹ ਸਾਲ ਪਹਿਲਾਂ ਬੱਚੇ ਦੇ ਨੌਂਹ ਵਿਚ ਚੋਰ ਦੀ ਸ਼ਕਲ ਵਿਖਾਉਣ ਵਾਲੇ ਬਾਬੇ ਨੇ ਦੋ ਘਰਾਂ ਵਿੱਚ ਲੜਾਈ ਪਵਾ ਦਿੱਤੀ। ਜਦੋਂ ਬਿਨਾ ਕਾਰਣ ਗਲ ਪਈ ਲੜਾਈ ਵਾਲੇ ਪਰਿਵਾਰ ਨੇ ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਕੋਲ ਇਸ ਸੰਬੰਧੀ ਗੱਲ ਰੱਖੀ ਤਾਂ ਪੂਰੀ ਤਹਿਕਾਤ ਕਰਕੇ ਬਾਬੇ ਕੋਲੋਂ ਮਾਫ਼ੀ ਮੰਗਵਾਈ ਤੇ ਲਏ ਪੈਸੇ ਵਾਪਸ ਕਰਵਾਏ ਤੇ ਦੋਵਾਂ ਪਰਿਵਾਰਾਂ ਦੇ ਆਪਸ ਵਿੱਚ ਵਧੇ ਸ਼ਿਕਵੇ ਨੂੰ ਦੂਰ ਕੀਤਾ।ਕਾਫੀ ਸਮਾਂ ਪਹਿਲਾਂ ਦੀ ਗਲ ਹੈ ਕਿ ਝਾਰਖੰਡ ਵਿਖੇ ਅੰਧਵਿਸ਼ਵਾਸ਼ੀ ਲੋਕ ਇੱਕ ਮਾਂ ਅਤੇ ਉਸ ਦੀ ਬੇਟੀ ਨੂੰ ਉਹਨਾਂ ਦੇ ਘਰ ਦਾ ਦਰਵਾਜ਼ਾ ਤੋੜ ਕੇ ਸ਼ਮਸ਼ਾਨ ਘਾਟ ਲੈ ਗਏ। ਉਹਨਾਂ ਤੇ ਦੋਸ਼ ਲਾਇਆ ਕਿ ਉਹ ਡੈਣਾਂ ਹਨ। ਇਸ ਤਰ੍ਹਾਂ ਦਾ ਸਿਲਸਿਲਾ ਬੰਦ ਨਹੀਂ ਹੋਇਆ ਹੁਣ ਵੀ ਅਜਿਹੀਆਂ ਮਾੜੀਆਂ ਘਟਨਾਵਾਂ ਵਾਪਰਦੀਆਂ ਹਨ।ਹੁਣੇ ਜਿਹੇ ਜੁਲਾਈ ਮਹੀਨੇ ਬਿਹਾਰ ਦੇ ਪੂਰਨੀਆਂ ਜ਼ਿਲ੍ਹੇ ਦੇ ਪਿੰਡ ਟੇਟਗਾਮਾ ਵਿਖੇ ਘਰ ਦੇ ਪੰਜ ਜੀਆਂ ਨੂੰ ਡੈਣ ਕਹਿ ਕੇ ਮਾਰ ਦਿੱਤਾ। ਵਿਗਿਆਨਕ ਸੋਚ ਤੋਂ ਹੀਣੇ ਅਖੌਤੀ ਸਿਆਣਿਆਂ ਦੇ ਭਰਮਜਾਲ ਵਿੱਚ ਫਸੇ ਲੋਕਾਂ ਵੱਲੋਂ ਅਕਸਰ ਦੋਸ਼ ਲਾਇਆ ਜਾਂਦਾ ਹੈ ਪਿੰਡ ਵਿੱਚ ਸਮੱਸਿਆਵਾਂ, ਬੀਮਾਰੀਆਂ ਪਿੰਡ ਵਿੱਚ ਇਨ੍ਹਾਂ ਡੈਣਾਂ/ ਚੂੜੇਲਾਂ ਕਾਰਨ ਹੁੰਦੀਆਂ ਹਨ। ਔਰਤਾਂ ਪ੍ਰਤੀ ਨਫ਼ਰਤ, ਨਿਰਾਦਰੀ, ਭੇਦਭਾਵ ਕਰਕੇ ਓਝਿਆਂ/ ਤਾਂਤਰਿਕਾਂ ਦੁਆਰਾ ਔਰਤਾਂ ਨੂੰ ਡੈਣ ਗ਼ਰਦਾਨ ਦਿੱਤਾ ਜਾਂਦਾ ਹੈ ਤੇ ਲੋਕਾਂ ਦਾ ਨਜ਼ਰੀਆ ਵਿਗਿਆਨਕ ਨਾ ਹੋਣ ਕਾਰਨ,ਅੰਧਵਿਸ਼ਵਾਸੀ ਲੋਕ ਤਾਂਤਰਿਕਾਂ/ ਓਝਿਆਂ ਦੀ ਕਹੀਆਂ ਗੱਲਾਂ ਸੱਚ ਮੰਨ ਲੈਂਦੇ ਹਨ।ਭਾਰਤ ਵਿਚ ਕਿੰਨੀਆਂ ਹੀ ਬਿਮਾਰ ਔਰਤਾਂ ਨੂੰ ਠੀਕ ਕਰਨ ਦੇ ਬਹਾਨੇ ਤਾਂਤਰਿਕਾਂ ਨੇ ਆਪਣੀ ਹਵਸ ਦਾ ਸ਼ਿਕਾਰ ਬਣਾਇਆ, ਕਈਆਂ ਦੇ ਘਰਾਂ ਵਿੱਚ ਦੁੱਖ ਦਲਿਦਰ ਦੂਰ ਕਰਨ ਦੇ ਬਹਾਨੇ ਸਾਰੇ ਟੱਬਰ ਨੂੰ ਬੇਹੋਸ਼ ਕਰਕੇ ਸਭ ਕੁੱਝ ਲੁੱਟ ਕੇ ਲੈ ਗਏ। ਰਿਸ਼ਤੇਦਾਰ ਤਾਂਤਰਿਕ ਵੀ ਕਿਸੇ ਨੂੰ ਮਾਫ਼ ਨਹੀਂ ਕਰਦੇ। ਵਾਸਤੂ ਸ਼ਾਸਤਰ ਵਾਲਿਆਂ ਨੇ ਕਿੰਨੀਆਂ ਦੇ ਘਰ ਦੇ ਦਰਵਾਜ਼ੇ, ਪੌੜੀਆਂ ਜਾਂ ਰਸੋਈਆਂ ਗਲਤ ਦਿਸ਼ਾ ਦਸ ਕੇ ਤੁੜਵਾਈਆਂ। ਕਿਸੇ ਵੀ ਧਰਮ ਦੇ ਪਾਖੰਡ ਜਾਂ ਪਾਖੰਡਾਂ ਰਾਹੀਂ ਕੀਤੀ ਜਾਂਦੀ ਲੁੱਟ ਦਾ ਵਿਰੋਧ ਕਰਨਾ ਧਾਰਮਿਕ ਲੋਕਾਂ ਦੀ ਆਸਥਾ ਤੇ ਸੱਟ ਵੱਜਣਾ ਮੰਨ ਲਿਆ ਜਾਂਦਾ ਹੈ ਅਤੇ ਪਾਖੰਡ ਦਾ ਪਰਦਾ ਫਾਸ਼ ਕਰਨ ਵਾਲਿਆਂ ਤੇ ਕੋਰਟਾਂ ਵਿਚ ਕੇਸ ਚਲਾਏ ਜਾਂਦੇ ਹਨ। ਮਹਾਰਾਸ਼ਟਰ ਵਿਚ ਡਾਕਟਰ ਦਾਭੋਲਕਰ ਅੰਧਵਿਸ਼ਵਾਸ ਦੇ ਵਿਰੁੱਧ ਪ੍ਰਚਾਰ ਕਰ ਰਹੇ ਸਨ ਅਤੇ ਉਹਨਾਂ ਨੇ ਅੰਧਵਿਸ਼ਵਾਸ ਵਿਰੋਧੀ ਕਾਨੂੰਨ ਪਾਸ ਕਰਵਾਉਣਾ ਚਾਹਿਆ। ਧਾਰਮਿਕ ਕੱਟੜ ਸੋਚ ਵਾਲਿਆਂ ਨੇ ਦਾਭੋਲਕਰ ਦੀਆਂ ਗਤੀਵਿਧੀਆਂ ਧਰਮ ਵਿਰੋਧੀ ਮੰਨਦੇ ਹੋਏ ਉਹਨਾਂ ਨੂੰ ਮਾਰ ਦਿੱਤਾ। ਇਸੇ ਤਰਾਂ ਕਾਮਰੇਡ ਪਨਸਾਰੇ , ਐਮ ਐਮ ਕਲਬੁਰਜੀ ਅਤੇ ਲੇਖਿਕਾ ਗੌਰੀ ਲੰਕੇਸ਼ ਨੂੰ ਮਾਰ ਦਿੱਤਾ।ਦੇਸ ਦੀ ਤਰੱਕੀ ਤੇ ਖੁਸ਼ਹਾਲੀ ਲਈ, ਰਾਜ ਸੱਤਾ ਦੇ ਮਾਲਕਾਂ ਨੂੰ ਲੋਕਾਂ ਵਿਚੋਂ ਅੰਧਵਿਸ਼ਵਾਸ ਵਹਿਮ ਭਰਮ, ਰੂੜ੍ਹੀਵਾਦੀ ਸੋਚ ਨੂੰ ਕੱਢ ਕੇ ਲੋਕਾਂ ਨੂੰ ਵਿਗਿਆਨਕ ਸੋਚ ਦੇ ਧਾਰਨੀ ਬਣਾਉਣ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ। ਤਰਕਸ਼ੀਲ ਸੁਸਾਇਟੀ ਦਾ ਸੁਨੇਹਾ ਹੈ ਕਿ ਲੋਕ ਲਾਈਲੱਗਤਾ, ਅੰਧਵਿਸ਼ਵਾਸਾਂ ਦੇ ਹਨ੍ਹੇਰੇ ਵਿਚੋਂ ਨਿਕਲ ਕੇ ਵਿਗਿਆਨਕ ਸੋਚ ਦੇ ਉਜਾਲੇ ਵਿੱਚ ਆਉਣ,ਵਿਗਿਆਨਕ ਸੋਚ ਵਕ਼ਤ ਦੀ ਮੁੱਖ ਲੋੜ ਹੈ। ਵਿਗਿਆਨਕ ਸੋਚ ਅਪਣਾਓ, ਅੰਧਵਿਸ਼ਵਾਸਾਂ ਦਾ ਹਨੇਰਾ ਭਜਾਓ।
ਮਾਸਟਰ ਪਰਮ ਵੇਦ
ਜੋਨ ਜਥੇਬੰਦਕ ਮੁਖੀ
ਤਰਕਸ਼ੀਲ ਸੁਸਾਇਟੀ ਪੰਜਾਬ
9417422349